ਸੁਰਿੰਦਰ ਪ੍ਰੀਤ ਘਣੀਆ ਉਨ੍ਹਾਂ ਮਨੁੱਖਾਂ ’ਚ ਸ਼ਾਮਲ ਹੈ ਜਿਨਾਂ੍ਹ ਨੂੰ ਮਿਲਕੇ ਰੂਹ ਨੂੰ ਰੱਜ ਮਿਲਦਾ ਹੈ। ਉਸ ਕੋਲ ਬੈਠ ਕੇ ਤੁਸੀਂ ਊਰਜਾ ਨਾਲ ਭਰ ਜਾਂਦੇ ਹੋ। ਤੁਹਾਡੇ ਅੰਦਰ ਕੁੱਝ ਨਵਾਂ ਕਰਨ ਲਈ ਚਾਅ ਤੇ ਉਤਸ਼ਾਹ ਹੁਲਾਰੇ ਮਾਰਨ ਲੱਗਦਾ ਹੈ। ਉਹ ਜਦੋਂ ਵੀ ਮਿਲਿਆ ਹੈ-ਰੂਹ ਦਾ ਹਾਣੀ ਬਣਕੇ ਮਿਲਿਆ ਹੈ। ਉਹ ਨਾ ਤੁਹਾਡੇ ਤੋਂ ਵੱਡਾ ਹੁੰਦਾ ਹੈ ਨਾ ਛੋਟਾ। ਉਹ ਨਾ ਵਿਦਵਾਨ ਹੁੰਦਾ ਹੈ ਤੇ ਨਾ ਹੀ ਉਜੱਡ। ਉਹ ਨਾ ਗਿਣਤੀਆਂ ਮਿਣਤੀਆਂ ’ਚ ਉਲਝਿਆ ਵਪਾਰੀ ਮਾਨਸਿਕਤਾ ਵਾਲਾ ਮਨੁੱਖ ਹੈ ਤੇ ਨਾ ਹੀ ਹਵਾ ਨੂੰ ਗੰਢਾਂ ਦੇਈ ਜਾਣ ਵਾਲਾ ਸ਼ੌਕੀਆ ਕਲਮਕਾਰ। ਉਹ ਜ਼ਾਬਤੇ ’ਚ ਬੱਝਾ ਇਕ ਪ੍ਰਤੀਬੱਧ ਲੇਖਕ ਹੈ ਜਿਸਦੀ ਕਲਮ ਹਰ ਵੇਲੇ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਭਰੀ ਰਹਿੰਦੀ ਹੈ। ਸੁਰਿੰਦਰਪ੍ਰੀਤ ਘਣੀਆ ਅਜਿਹਾ ਕਰਮਸ਼ੀਲ ਲੇਖਕ ਹੈ ਜਿਹੜਾ ਸਾਹਿਤ ਦੇ ਮੁਹਾਜ਼ ’ਤੇ ਲਗਾਤਾਰ ਡਟਿਆ ਰਹਿੰਦਾ ਹੈ। ਉਹ ਸਾਹਿਤ ਦਾ ਮਨੋਰਥ ਸਮਝਣ ਵਾਲਾ ਸਾਹਿਤਕਾਰ ਹੈ। ਉਸਨੂੰ ਪਤਾ ਹੈ ਕਿ ਕੀ ਲਿਖਣਾ ਹੈ-ਕਿਨ੍ਹਾਂ ਲਈ ਲਿਖਣਾ ਹੈ-ਕਦੋਂ ਲਿਖਣਾ ਹੈ ਤੇ ਕਿਉਂ ਲਿਖਣਾ ਹੈ। ‘‘ਹਰਫ਼ਾਂ ਦੇ ਪੁਲ਼’’ ਵਰਗਾ ਸ਼ਾਨਦਾਰ ਗ਼ਜ਼ਲ਼ ਸੰਗ੍ਰਹਿ ਪੰਜਾਬੀ ਸਾਹਿਤ ਦੀ ਪ੍ਰਾਪਤੀ ਹੈ।

ਸੁਰਿੰਦਰਪ੍ਰੀਤ ਨੂੰ ਕੁੱਝ ਵੀ ਥਾਲੀ ’ਚ ਪਰੋਸ ਕੇ ਨਹੀਂ ਮਿਲਿਆ। ਉਸਨੇ ਜੋ ਵੀ ਹਾਸਲ ਕੀਤਾ ਹੈ ਆਪਣੀ ਮਿਹਨਤ, ਲਗਨ ਅਤੇ ਸਿਰੜ ਨਾਲ ਕੀਤਾ ਹੈ। ਪਛੜੇਵੇਂ ਵਾਲੇ ਆਲੇ ਦੁਆਲੇ ’ਚ ਰਹਿੰਦੇ ਇਕ ਸਾਧਾਰਨ ਪਰਿਵਾਰ ’ਚ ਪੈਦਾ ਹੋ ਕੇ ਸੁਰਿੰਦਰਪ੍ਰੀਤ ਨੇ ਹਿੰਦੀ, ਪੰਜਾਬੀ, ਰਾਜਨੀਤੀ ਤੇ ਫਿਜ਼ੀਕਲ ਐਜੂਕੇਸ਼ਨ ’ਚ ਐੱਮ. ਏ ਕਰ ਕੇ ਕੇਵਲ ਕਿਤਾਬੀ ਗਿਆਨ ਹੀ ਹਾਸਲ ਨਹੀਂ ਕੀਤਾ, ਉਸਨੇ ਜ਼ਿੰਦਗੀ ਦੀ ਕਿਤਾਬ ਨੂੰ ਵੀ ਗਹੁ ਨਾਲ ਪੜ੍ਹਿਆ ਤੇ ਵਾਚਿਆ ਹੈ। ਸਮਾਜ ਦੀ ਜਾਤੀਵਾਦੀ ਤੇ ਵਿਤਕਰਿਆਂ ਵੰਡਾਂ ’ਤੇ ਆਧਾਰਿਤ ਬਣਤਰ ਨੂੰ ਸਮਝਿਆ ਤੇ ਇਸ ਪਿਛਲੇ ਇਤਿਹਾਸ ਦੀ ਖੋਜ ਕੀਤੀ ਹੈ। ਉਸਨੇ ਸਾਡੀ ਰਾਜਨੀਤਕ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਵਿਵਸਥਾ ਨੂੰ ਬੜੀ ਬਾਰੀਕੀ ਨਾਲ ਸਮਝਿਆ ਹੈ। ਉਹ ਜਾਣਦਾ ਹੈ ਕਿ ਸਮਾਜ ’ਚ ਪਾਈਆਂ ਜਾਂਦੀਆਂ ਹਰ ਤਰ੍ਹਾਂ ਦੀਆਂ ਵੰਡਾਂ ਤੇ ਵਿਤਕਰਿਆਂ ਨੂੰ ਵਿੱਦਿਆ ਪ੍ਰਾਪਤੀ ਰਾਹੀਂ ਹੀ ਸੱਟ ਮਾਰੀ ਜਾ ਸਕਦੀ ਹੈ। ਉਸਨੇ ਗਿਆਨ ਹਾਸਲ ਵੀ ਕੀਤਾ ਹੈ ਤੇ ਆਪਣੇ ਹਜ਼ਾਰਾਂ ਵਿਦਿਆਰਥੀਆਂ ’ਚ ਦਿਲ ਖੋਲ੍ਹ ਕੇ ਇਮਾਨਦਾਰੀ ਨਾਲ ਵੰਡਿਆ ਵੀ ਹੈ।

ਮੈਂ ਸੁਰਿੰਦਰਪ੍ਰੀਤ ਘਣੀਏ ਨੂੰ ਉਦੋਂ ਦਾ ਜਾਣਦਾ ਹਾਂ ਜਦੋਂ ਅਜੇ ਲਿਖਣ ਵੀ ਨਹੀਂ ਸੀ ਲੱਗਾ। ਸਾਹਿਤ ਸਭਾਵਾਂ ਦੀਆਂ ਅਖ਼ਬਾਰਾਂ ’ਚ ਛਪਦੀਆਂ ਸਰਗਰਮੀਆਂ ’ਚ ਉਸਦਾ ਤੇ ਹਰਦਮ ਮਾਨ ਦਾ ਨਾਂ ਪੜ੍ਹਦਾ ਤਾਂ ਚੰਗਾ ਚੰਗਾ ਲੱਗਦਾ। ਫਿਰ ਆਪ ਲਿਖਣ ਲੱਗਾ ਤਾਂ ਸਮਾਗਮਾਂ ’ਚ ਉਸ ਨਾਲ ਮੇਲ ਮਿਲਾਪ ਹੋਣ ਲੱਗਾ। ਉਸਨੂੰ ਸ਼ੇਅਰਾਂ ’ਤੇ ਭਰਵੀਂ ਦਾਦ ਮਿਲਦੀ। ਉਸਦੇ ਸ਼ੇਅਰਾਂ ਦੇ ਨਾਲ ਨਾਲ ਉਸਦੀ ਹਲੀਮੀ, ਮੋਹਖੋਰਾ ਸੁਭਾਅ ਤੇ ਸਪਸ਼ਟਤਾ ਚੰਗੀ ਲੱਗਦੀ। ਉਹ ਲੇਖਕ ਦੇ ਨਾਲ ਨਾਲ ਸਾਹਿਤਕ ਸੰਸਥਾਵਾਂ ’ਚ ਵੀ ਸਰਗਰਮ ਰਹਿੰਦਾ। ਲੇਖਕਾਂ ਦੀ ਸੰਸਦ ਵਜੋਂ ਜਾਣੀ ਜਾਂਦੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਲਈ ਵਾਰ ਵਾਰ ਚੁਣਿਆ ਜਾਂਦਾ। ਉਹ ਅਹੁਦਾ ਹਾਸਲ ਕਰਕੇ ਘਰੇ ਬੈਠ ਜਾਣਾ ਵਾਲਾ ਨਹੀਂ ਹੈ। ਮੈਂ ਉਸਨੂੰ ਸਾਹਿਤਕ ਕਾਰਜਾਂ ’ਚ ਖੜੇ ਪੈਰ ਹੀ ਵੇਖਿਆ ਹੈ। ਮੈਨੂੰ ਉਸਦੀ ਇਹ ਕਰਮਸ਼ੀਲਤਾ ਚੰਗੀ ਵੀ ਲੱਗਦੀ ਤੇ ਉਸ ਵਰਗਾ ਕਰਮਸ਼ੀਲ ਨਾ ਬਣ ਸਕਣ ਦਾ ਝੋਰਾ ਵੀ ਹੁੰਦਾ। ਉਹ ਸਾਹਿਤਕ ਕਾਰਜਾਂ ਖਾਤਰ ਬਠਿੰਡੇ ਤੋਂ ਗੁਰਦਾਸਪੁਰ ਹੁੰਦਿਆਂ ਚੰਡੀਗੜ੍ਹ ਜਾ ਪੁੱਜਦਾ। ਮੈਂ ਉਸਨੂੰ ਕਦੇ ਅੱਕਦਾ ਜਾਂ ਥੱਕਦਾ ਨਹੀਂ ਵੇਖਿਆ।

ਫਿਰ ਇਕ ਉਸਦੀ ਸਿਹਤ ਦੇ ਨਾਸਾਜ਼ ਹੋਣ ਬਾਰੇ ਪਤਾ ਚੱਲਿਆ। ਕੋਈ ਹੋਰ ਹੁੰਦਾ ਉਹ ਅੰਦਰੇ ਦੜ ਵੱਟ ਕੇ ਪਿਆ ਰਹਿੰਦਾ। ਉਹ ਅੰਮਿ੍ਰਤਸਰੋਂ ਕਿਸੇ ਸਮਾਗਮ ਤੋਂ ਪਰਤਦਿਆਂ ਸਾਡੇ ਕੋਲ ਜ਼ੀਰੇ ਕਿਸੇ ਸਮਾਗਮ ’ਤੇ ਰੁਕਿਆ। ਮੈਂ ਉਸ ਵੱਲ ਵੇਖ ਵੇਖ ਹੈਰਾਨ ਹੋਈ ਜਾਵਾਂ-ਇਹ ਬੰਦਾ ਬਣਿਆ ਕਾਹਦਾ ਐ ? ਅਜੇ ਤਾਂ ਪੂਰੀ ਤਰ੍ਹਾਂ ਠੀਕ ਵੀ ਨਹੀਂ ਹੋਇਆ ਤੇ ਫੇਰ ਵੀ ਪੰਜਾਬ ਗਾਹੁਣ ਨਿਕਲਿਆ ਹੋਇਆ।

‘‘ਬਾਈ, ਯਾਰ ਤੁਸੀਂ ਆਰਾਮ ਕਰ ਲੈਣਾ ਸੀ ਹਜੇ ?’’

‘‘ਗੁਰਮੀਤ, ਆਹ ਕਾਰਜ ਕੀਹਨੇ ਕਰਨੇ ਆ ? ਜਿਨ੍ਹਾਂ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਅਹੁਦੇਦਾਰੀ ਲੈ ਕੇ ਦਿੱਤੀ ਹੈ ਉਨ੍ਹਾਂ ਨੂੰ ਵੀ ਤਾਂ ਜਵਾਬ ਦੇਣਾ ਹੈ ਕਿ ਨਹੀਂ ?’’ ਉਸਨੇ ਮੇਰੀ ਗੱਲ ਵੀ ਪੂਰੀ ਨਹੀਂ ਸੀ ਹੋਣ ਦਿੱਤੀ। ਮੈਂ ਸੋਚਣ ਲੱਗਾ-ਕਾਸ਼ ! ਸਾਡੇ ਚੁਣੇ ਹੋਏ ਲੀਡਰ ਵੀ ਬਾਈ ਸੁਰਿੰਦਰਪ੍ਰੀਤ ਵਾਂਗ ਸੋਚਣ ਲੱਗ ਜਾਣ।

ਬਾਈ ਘਣੀਆ ਇਕ ਹੋਰ ਗੁਣ ਕਰਕੇ ਵੀ ਮੈਨੂੰ ਬਹੁਤ ਚੰਗਾ ਲੱਗਦਾ ਹੈ। ਉਹ ਯਾਰਾਂ ਦਾ ਯਾਰ ਹੈ। ਲੱਗਦੀ ਵਾਹ ਯਾਰਾਂ ਤੋਂ ਪਿੱਠ ਨਹੀਂ ਭੁਆਉਂਦਾ। ਵੇਖਣ ’ਚ ਆਇਆ ਹੈ ਬਹੁਤ ਸਾਰੇ ਲੇਖਕ ਸਾਥੀ ਕਿਸੇ ਸਮਾਗਮ ਤੋਂ ਬਾਅਦ ਚੁੱਪ ਚੁਪੀਤੇ ਖਿਸਕ ਜਾਂਦੇ ਹਨ ਕਿ ਕਿਤੇ ਬਾਹਰੋਂ ਆਏ ਕਿਸੇ ਲੇਖਕ ਨੂੰ ਚਾਹ ਪਾਣੀ ਹੀ ਨਾ ਪੁੱਛਣਾ ਪੈ ਜਾਵੇ। ਸੁਰਿੰਦਰਪ੍ਰੀਤ ਉਨ੍ਹਾਂ ਲੇਖਕਾਂ ’ਚ ਸ਼ਾਮਲ ਹੈ ਜਿਹੜੇ ਯਾਰਾਂ ਨੂੰ ਵੇਖ ਕੇ ਚਾਅ ਨਾਲ ਧਰਤੀ ਤੋਂ ਗਿੱਠ ਉੱਚੇ ਹੋ ਜਾਂਦੇ ਹਨ। ਇਕ ਵਾਰ ਮੈਂ ਤੇ ਬੇਟੀ ਨੋਬਲ ਬਠਿੰਡੇ ਕੀਰਤੀ ਭਾਅ ਹੁਰਾਂ ਵਲੋਂ ਕਰਵਾਏ ਜਾਂਦੇ ਨਾਟਕ ਮੇਲੇ ’ਚ ਆਏ ਸਾਂ। ਨਾਟਕ ਸ਼ਾਮ ਸੱਤ ਵਜੇ ਤੋਂ ਵੀ ਬਾਅਦ ਸ਼ੁਰੂ ਹੋਇਆ ਸੀ ਤੇ ਖ਼ਤਮ ਹੁੰਦਿਆਂ ਰਾਤ ਦੇ ਦਸ ਵੱਜ ਗਏ ਸਨ। ਅਸੀਂ ਨਾਟਕ ਵੇਖਣ ਆਏ ਹੋਰ ਲੋਕਾਂ ਨਾਲ ਮਿਲਣ ਗਿਲਣ ਲੱਗੇ ਸਾਂ। ਬਾਈ ਸੁਰਿੰਦਰਪ੍ਰੀਤ ਅਤੇ ਉਨ੍ਹਾਂ ਦੀ ਜੀਵਨ ਸਾਥੀ ਸਾਡੀ ਭੈਣ ਜਸਵਿੰਦਰ ਸਾਨੂੰ ਨਾਲ ਲਿਜਾਣ ਲਈ ਉਡੀਕ ’ਚ ਖੜੇ੍ਹ ਰਹੇ। ਉਨ੍ਹਾਂ ਦੇ ਮੋਹ ਦੀਆਂ ਤੰਦਾਂ ਏਨੀਆਂ ਪੀਡੀਆਂ ਸਨ ਕਿ ਅਸੀਂ ਉਨ੍ਹਾਂ ਨਾਲ ਤੁਰ ਪਏ ਸਾਂ। ਉਹ ਮਿਲਣੀ ਅੱਜ ਵੀ ਮਿੱਠੀ ਯਾਦ ਬਣੀ ਮੇਰੇ ਚੇਤਿਆਂ ’ਚ ਟਿੱਕੀ ਹੋਈ ਹੈ।

ਸੁਰਿੰਦਰਪ੍ਰੀਤ ਮੇਰੇ ਤੋਂ ਉਮਰ ’ਚ ਵੀ ਵੱਡਾ ਹੈ ਤੇ ਲੇਖਣੀ ’ਚ ਵੀ ਪਰ ਮੈਨੂੰ ਕਦੇ ਛੋਟੇ ਹੋਣ ਦਾ ਅਹਿਸਾਸ ਨਹੀਂ ਹੋਣ ਦਿੰਦਾ। ਉਹ ਗਾਹੇ ਬਗਾਹੇ ਆਪ ਫੋਨ ਕਰ ਲੈਂਦਾ ਹੈ।

‘‘ਕੜਿਆਲਵੀ ਕੀ ਕਰ ਰਿਹਾਂ ? ਯਾਰ ਤੂੰ ਬੜਾ ਸਰਗਰਮ ਰਹਿੰਨਾ। ਤੂੰ ਹੁਣ ਕੋਈ ਨਾਵਲ ਲਿਖ। ਤੂੰ ਲਿਖ ਸਕਦਾਂ। ਤੇਰੇ ਤੋਂ ਵੱਡੀ ਰਚਨਾ ਦੀ ਉਡੀਕ ਹੈ।’’ ਉਹ ਪਿਆਰ ਤੋਂ ਸ਼ੁਰੂ ਕਰ ਕੇ ਪ੍ਰੇਰਨਾ ’ਤੇ ਆ ਪੁੱਜਦਾ ਹੈ।

‘‘ਕੜਿਆਲਵੀ, ਤੇਰੀ ਕਵਿਤਾ ਵੀ ਵਧੀਆ ਹੈ। ਮੈਂ ਸੁਣੀ ਸੀ ਤੇਰੀ ਆਨਲਾਈਨ ਇੰਟਰਵਿਊ ’ਚ। ਬਾਕੀ ਸਭ ਠੀਕ ਹੈ ਪਰ ਤੈਨੂੰ ਪੇਸ਼ਕਾਰੀ ਸੁਧਾਰਨ ਦੀ ਲੋੜ ਹੈ। ਬੋਲਣ ’ਚ ਥੋੜਾ ਠਹਿਰਾਅ ਰੱਖਿਆ ਕਰ। ਨਾਲੇ ਸ਼ਬਦਾਂ ਦੇ ਉਚਾਰਨ ਵੱਲ ਧਿਆਨ ਦਿਆ ਕਰ। ਤੇਰਾ ਉਚਾਰਨ ਕਈ ਥਾਵਾਂ ’ਤੇ ਗ਼ਲ਼ਤ ਸੀ। ਇਹਦੇ ਨਾਲ ਚੰਗਾ ਪ੍ਰਭਾਵ ਨਹੀਂ ਜਾਂਦਾ।’’ ਪ੍ਰੇਰਨਾ ਤੋਂ ਬਾਅਦ ਉਹ ਵੱਡੇ ਭਰਾ ਵਾਂਗ ਮੱਤਾਂ ਦੇਣ ਲੱਗਦਾ ਹੈ। ਮੈਨੂੰ ਹੋਰ ਮੋਹ ਹੋਣ ਲੱਗਦਾ ਹੈ। ਮੈਨੂੰ ਸੰਗ ਵੀ ਆਉਣ ਲੱਗਦੀ ਹੈ ਕਿ ‘‘ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ’’ ਵਰਗੀਆਂ ਸ਼ਾਹਕਾਰ ਗ਼ਜ਼ਲਾਂ ਲਿਖਣ ਵਾਲਾ ਲੇਖਕ ਮੇਰੀ ਰਚਨਾ ਦੀ ਤਾਰੀਫ਼ ਕਰਦਾ ਹੈ।

ਮੈਨੂੰ ਸੁਰਿੰਦਰਪ੍ਰੀਤ ਘਣੀਏ ਦੀ ਸ਼ਾਇਰੀ ਨਾਲ ਮੁਹੱਬਤ ਹੈ। ਉਸਦੇ ਸ਼ੇਅਰਾਂ ਵਿਚਲੀ ਸੂਖ਼ਮਤਾ ਤੇ ਸਾਦਗੀ ਅੰਦਰ ਇਉਂ ਜੀਰ ਜਾਂਦੀ ਹੈ ਜਿਵੇਂ ਰੇਤਲੇ ਟਿੱਬਿਆਂ ’ਚ ਮੀਂਹ ਦਾ ਪਾਣੀ। ਉਹ ਕਿਰਤੀਆਂ ਦਾ ਲੇਖਕ ਹੈ। ਉਸ ਕੋਲ ਕਿਰਤੀਆਂ ਦੇ ਦਰਦ ਨੂੰ ਵੀ ਗ਼ਜ਼ਲ਼ ਦੇ ਕਿਸੇ ਸ਼ੇਅਰ ’ਚ ਬੜੀ ਸਹਿਜਤਾ ਨਾਲ ਆਖ ਦੇਣ ਦਾ ਬਾਕਮਾਲ ਹੁਨਰ ਹੈ।

ਸਾਡੇ ਪੱਲੇ ਰਹਿ ਜਾਵਣ ਬਸ ਛਿਟੀਆਂ ਸਿੱਕਰੀਆਂ

ਹੋਰ ਕਿਤੇ ਹੀ ਜਾ ਬਣਦਾ ਪਸ਼ਮੀਨਾ, ਮਲਮਲ ਹੈ।

ਸੁਰਿੰਦਰਪ੍ਰੀਤ ਮੇਰਾ ਯਾਰ ਵੀ ਹੈ ਤੇ ਬਾਈ ਵੀ। ਉਹ ਪਿਆਰ ਵੀ ਕਰਦਾ ਹੈ ਤੇ ਸਨੇਹ ਵੀ। ਉਹ ਮੇਰਾ ਭਲਾ ਵੀ ਮੰਗਦਾ ਹੈ ਤੇ ਮੈਨੂੰ ਉੱਚਾ ਉੱਡਦਾ ਵੇਖਣ ਦਾ ਚਾਹਵਾਨ ਵੀ ਹੈ। ਉਹ ਮੇਰੀ ਰਚਨਾ ਨੂੰ ਪੜ੍ਹਦਾ ਵੀ ਹੈ ਤੇ ਉਸਦੀ ਗਾਹੇ ਬਗਾਹੇ ਚਰਚਾ ਵੀ ਕਰਦਾ ਹੈ। ਉਹ ਉਂਗਲੀ ਫੜਕੇ ਤੋਰਦਾ ਵੀ ਹੈ ਤੇ ਆਪਣੇ ਤੋਂ ਅੱਗੇ ਨਿਕਲ ਜਾਣ ਲਈ ਹੱਲਾਸ਼ੇਰੀ ਵੀ ਦਿੰਦਾ ਹੈ। ਉਹ ਮੇਰੀ ਕਿਸੇ ਵੀ ਪ੍ਰਾਪਤੀ ’ਤੇ ਫੋਨ ਕਰਦਾ ਹੈ, ਵਧਾਈਆਂ ਦਿੰਦਾ ਹੈ-ਖ਼ੁਸ਼ ਹੁੰਦਾ ਹੈ-ਚਾਅ ਕਰਦਾ ਹੈ।

ਸਾਲ 1963 ਦੇ ਮਾਰਚ ਮਹੀਨੇ ਦੀ ਪਹਿਲੀ ਤਾਰੀਕ ਨੂੰ ਜੀਤ ਸਿੰਘ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਪਿੰਡ ਘਣੀਏ ’ਚ ਪੈਦਾ ਹੋਇਆ ਕਰਮਸ਼ੀਲ ਇਨਸਾਨ, ਸਮਰਪਿਤ ਅਧਿਆਪਕ, ਪ੍ਰਤੀਬੱਧ ਲੇਖਕ ਅਤੇ ਲੋਕ ਘੋਲਾਂ ’ਚ ਸਰਗਰਮ ਭੂਮਿਕਾ ਨਿਭਾਉਣ ਵਾਲਾ ਮਾਂ ਬੋਲੀ ਦਾ ਪਿਆਰਾ ਪੁੱਤ ਸੁਰਿੰਦਰਪੀਤ ਸਿੱਖਿਆ ਵਿਭਾਗ ’ਚ 28 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਤੋਂ ਬਾਅਦ ਲੰਘੀ 31 ਮਾਰਚ ਨੂੰ ਸੇਵਾ ਮੁਕਤ ਹੋ ਗਿਆ ਹੈ। ਅੱਜ ਵਿਭਾਗ ਦੇ ਸਾਥੀ, ਪੰਜਾਬ ਦੀ ਕੇਂਦਰੀ ਪੰਜਾਬੀ ਲੇਖਕ ਸਭਾ, ਬਠਿੰਡੇ ਦੀ ਸਾਹਿਤਕ ਸਭਿਆਚਾਰਕ ਸੰਸਥਾਵਾਂ, ਟਰੇਡ ਯੂਨੀਅਨਾਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਤੇ ਹੋਰ ਅਗਾਂਹਵਧੂ ਸੰਸਥਾਵਾਂ ਵਲੋਂ ਉਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਅੱਜ ਤੋਂ ਬਾਅਦ ਸੁਰਿੰਦਰਪੀਤ ਕੁਲਵਕਤੀ ਸਾਹਿਤਕ ਤੇ ਲੋਕ ਆਗੂ ਵਜੋਂ ਹੋਰ ਵਧੇਰੇ ਸਰਗਰਮ ਹੋ ਜਾਵੇਗਾ।

ਕਿਰਤੀਆਂ ਦਾ ਲੇਖਕ

ਸੁਰਿੰਦਰਪ੍ਰੀਤ ਘਣੀਆ ਦੇ ਸ਼ੇਅਰਾਂ ’ਚ ਜਿੱਥੇ ਪਿਆਰ, ਮੁਹੱਬਤ, ਵਫ਼ਾ, ਸਮਰਪਣ, ਬੰਦਗੀ, ਖਿੱਚ, ਤਰਸੇਵਾਂ, ਹੇਰਵਾ, ਵਿਛੋੜੇ ਦੀ ਟੀਸ ਹੈ ਉੱਥੇ ਸਮਾਜਿਕ ਵਿਵਸਥਾ ’ਤੇ ਵੀ ਤਿੱਖਾ ਵਾਰ ਹੈ। ਆਪਣੀ ਰਚਨਾ ’ਚ ਉਹ ਨਾ ਧਾਰਮਿਕ ਪਾਖੰਡੀਆਂ ਨੂੰ ਬਖ਼ਸ਼ਦਾ ਹੈ ਨਾ ਦੰਭੀ ਰਾਜਨੀਤਕ ਆਗੂਆਂ ਨੂੰ। ਉਸਦੇ ਸ਼ੇਅਰਾਂ ਵਿਚਲੀ ਸੂਖ਼ਮਤਾ ਤੇ ਸਾਦਗੀ ਅੰਦਰ ਇਉਂ ਜੀਰ ਜਾਂਦੀ ਹੈ ਜਿਵੇਂ ਰੇਤਲੇ ਟਿੱਬਿਆਂ ’ਚ ਮੀਂਹ ਦਾ ਪਾਣੀ। ਉਹ ਕਿਰਤੀ-ਕਾਮਿਆਂ ਦਾ ਲੇਖਕ ਹੈ।

- ਗੁਰਮੀਤ ਕੜਿਆਲਵੀ

Posted By: Harjinder Sodhi