ਸੁਖਵੀਰ ਸਿੰਘ 'ਸੂਹੇ ਅੱਖਰ' ਦੇ ਕਲਮੀ ਨਾਂ ਹੇਠ ਪਾਠਕਾਂ 'ਚ ਪਛਾਣ ਬਣਾ ਚੁੱਕਾ ਹੈ। ਉਸ

ਦੀਆਂ ਕਵਿਤਾਵਾਂ ਮੁਹੱਬਤ ਨਾਲ ਲਬਰੇਜ਼ ਹਨ ਤੇ ਉਸ ਨੂੰ ਹਰ ਸ਼ੈਅ ਨਾਲ ਮੁਹੱਬਤ ਹੈ। ਦੋ ਦਹਾਕਿਆਂ ਮਗਰੋਂ ਉਸ ਦੀ ਕਿਤਾਬ 'ਉਹ ਆਖਦੀ' ਛਪੀ ਤਾਂ ਰੁਮਾਂਸਵਾਦ ਪੜ੍ਹਨ ਵਾਲਿਆਂ ਨੇ ਇਸ ਕਿਤਾਬ ਨੂੰ ਧੂਹ ਲਿਆ। ਖ਼ਾਸ ਕਰ ਕੇ ਸੋਸ਼ਲ ਮੀਡੀਆ 'ਤੇ ਨੌਜਵਾਨ ਪਾਠਕਾਂ ਤੇ ਲੇਖਕਾਂ ਨੇ ਇਸ ਨੂੰ ਬੇਹੱਦ ਸਲਾਹਿਆ। ਇਸ ਮਗਰੋਂ ਇਕ ਤੋਂ ਬਾਅਦ ਇਕ ਆਈਆਂ ਚਾਰ ਕਿਤਾਬਾਂ (ਇਕ ਨਾਵਲ) ਬਹੁਤ ਮਕਬੂਲ ਹੋਈਆਂ।

ਇੱਕਾ-ਦੁੱਕਾ ਕਵਿਤਾਵਾਂ 'ਚ ਉਹ ਕਮਾਲ ਦੇ ਦ੍ਰਿਸ਼ ਸਿਰਜਦਾ ਹੈ, ਡੂੰਘੇ ਤੇ ਕੀਲ੍ਹਣ ਵਾਲੇ ਪਰ ਜੋ ਉਸ ਦੀਆਂ ਲੰਮੀਆਂ ਕਵਿਤਾਵਾਂ ਨੇ ਉਹ ਝਰਨਿਆਂ ਤੋਂ ਸ਼ੁਰੂ ਹੋ ਨਦੀਆਂ ਬਣ ਸਮੁੰਦਰ ਤਕ ਲੈ ਜਾਣ ਵਾਲੀਆਂ ਹਨ। ਸੁਖਵੀਰ ਦਾ ਹਿਰਦਾ ਸੁਹਿਰਦ ਹੈ, ਬਹੁਤ ਸੁਹਿਰਦ। ਉਹ ਸੁਹਿਰਦਤਾ ਆਪ ਮੁਹਾਰੇ ਪਾਠਕ ਮਹਿਸੂਸ ਕਰਦਾ ਹੈ। ਬੱਚਿਆਂ ਤੇ ਔਰਤਾਂ ਬਾਰੇ ਲਿਖੀਆਂ ਕਵਿਤਾਵਾਂ ਤੇ ਪਾਤਰਾਂ 'ਚੋਂ ਭਾਵੁਕਤਾ ਡੁਲ-ਡੁਲ ਪੈਂਦੀ ਹੈ। ਉਹ ਸਾਹਿਤ ਹਲਕਿਆਂ, ਸਮਾਗਮਾਂ ਤੇ ਸਭਾਵਾਂ ਤੋਂ ਦੂਰ ਰਹਿਣ ਵਾਲਾ ਬੰਦਾ ਹੈ ਪਰ ਉਸ ਦੀ ਚਰਚਾ ਉੱਥੇ ਆਪਣੀ ਜਗ੍ਹਾ ਬਣਾ ਰਹੀ ਹੈ। ਉਸ ਦੇ ਨਾਵਲ ਮੱਖੀਆਂ ਦੀ ਸਿਰਕੱਢ ਲੇਖਕ ਤੇ ਆਲੋਚਕ ਸੋਸ਼ਲ ਮੀਡੀਆ 'ਤੇ ਉਸਤਤ ਕਰ ਰਹੇ ਹਨ।

ਬੇਸ਼ੱਕ ਉਸ ਨੂੰ ਪੁੱਠੇ ਪੈਰਾਂ ਵਾਲਾ ਕਹਿ ਕੇ ਮੁੜ ਰੋਮਾਂਸਵਾਦ ਵੱਲ ਜਾਣ ਵਾਲਾ ਕਵੀ ਕਿਹਾ ਜਾ ਰਿਹਾ ਹੈ, ਪਰ ਉਸ ਦੀ ਸਿਰਜਣਾ 'ਚ ਜੋ ਅਨੁਭਵ ਦੀ ਛੋਹ ਹੈ ਉਹ ਉਸ ਦੇ ਮਕਬੂਲ ਹੋਣ ਦੀ ਗਵਾਹੀ ਭਰਦੀ ਹੈ। 'ਹੈਲੋ…...! ਮੈਂ ਬੋਲ ਰਹੀ ਹਾਂ।' ਉਸ ਦੀ ਆਉਣ ਵਾਲੀ ਕਿਤਾਬ ਹੈ।

- ਸੁਖਵੀਰ ਸਿੰਘ ਉਰਫ਼ ਸੂਹੇ ਅੱਖਰ ਦਾ ਮੁੱਢਲੇ ਜੀਵਨ ਦਾ ਅਨੁਭਵ ਕਿਹੋ ਜਿਹਾ ਰਿਹਾ ਤੇ ਸਾਹਿਤ ਦੀ ਚੇਟਕ ਕਿਵੇਂ ਲੱਗੀ?

ਮੁੱਢਲਾ ਜੀਵਨ ਹਰ ਆਮ ਮਨੁੱਖ ਵਰਗਾ ਸੀ । ਜੋ ਮੱਧ ਵਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਇਹ ਕੁਦਰਤੀ ਹੀ ਸੀ ਕਿ ਸਾਹਿਤ ਵੱਲ ਝੁਕਾਅ ਹੋ ਗਿਆ।

- ਅੰਗਰੇਜ਼ੀ ਵਿਚ ਸੋਚਦੇ, ਹਿੰਦੀ ਵਿਚ ਬੋਲਦੇ ਤੇ ਪੰਜਾਬੀ ਵਿਚ ਲਿਖਦੇ ਹੋ, ਇਸ ਦੀਆਂ ਪਰਤਾਂ ਖੋਲ੍ਹੋਗੇ?

ਬਹੁਤੀ ਵਾਰ ਕੁਝ ਵੀ ਸ਼ੁਰੂ 'ਚ ਇਕ ਵਿਚਾਰ ਜਾਂ ਨਾਂ ਦੇ ਰੂਪ ਵਿਚ ਮੇਰੇ ਮਨ ਜੋ ਆਉਂਦਾ ਹੈ, ਉਹ ਕੁਝ ਅੰਗਰੇਜ਼ੀ ਦੇ ਸ਼ਬਦ ਹੁੰਦੇ ਹਨ । ਭਾਵੇਂ ਮੇਰੀ ਅੰਗਰੇਜ਼ੀ ਬਹੁਤੀ ਅੱਛੀ ਨਹੀਂ। ਨਾ ਹੀ ਮੇਰਾ ਮੀਡੀਅਮ ਅੰਗਰੇਜ਼ੀ ਰਿਹਾ। ਜਿਵੇਂ 'ਮੱਖੀਆਂ' ਲਿਖਣ ਤੋਂ ਪਹਿਲਾਂ ਮੈਂ ਬਠਿੰਡਾ ਦੇ ਓਪਨ ਏਅਰ ਥੀਏਟਰ ਵਿਚ ਇਕ ਨਾਟਕ ਵੇਖ ਰਿਹਾ ਸੀ। ਨਾਟਕ ਖ਼ਤਮ ਹੋਣ ਬਾਅਦ ਲੋਕ ਉੱਠੇ । ਉਨ੍ਹਾਂ ਨੇ ਆਪਣੇ ਕੱਪੜੇ ਝਾੜੇ । ਜਦੋਂ ਇਹ ਹੋ ਰਿਹਾ ਸੀ ਤਾਂ ਮੈਨੂੰ ਜਾਣ ਦੀ ਕਾਹਲ ਨਹੀਂ ਸੀ। ਮੈਂ ਖੜ੍ਹਾ ਲੋਕਾਂ ਨੂੰ ਆਪਣੇ ਕੱਪੜੇ ਝਾੜਦੇ ਵੇਖ ਰਿਹਾ ਸੀ, ਜੋ ਉੱਥੇ ਬਣੀਆਂ ਪੱਥਰ ਦੀਆਂ ਪੌੜੀਆਂ 'ਤੇ ਬੈਠੇ ਸਨ। ਮੇਰੇ ਮਨ 'ਚ ਆਇਆ 'ਡਸਟ ਯੂਅਰ ਬੱਟਕਸ' ਇਸ ਤੋਂ ਇਹ ਨਾਵਲ ਬਣਨਾ ਸ਼ੁਰੂ ਹੋਇਆ। ਇਸ ਤੋਂ ਬਾਅਦ ਕਿਸੇ ਵੀ ਰਚਨਾ ਨਾਲ ਸਬੰਧਤ ਕਾਫ਼ੀ ਕੁਝ ਹਿੰਦੀ ਭਾਸ਼ਾ ਦੇ ਫਿਕਰੇ ਮੇਰੇ ਮਨ 'ਚ ਆਪਣੇ ਆਪ ਚੱਲਣ ਲੱਗਦੇ ਹਨ ਤੇ ਲਿਖਣ ਵੇਲੇ ਮੈਂ ਪੰਜਾਬੀ ਵਿਚ ਲਿਖ ਲੈਂਦਾ ਹਾਂ।

- ਸੁਖਵੀਰ ਸਿੰਘ ਨੂੰ ਸੂਹੇ ਅੱਖਰ ਦੇ ਕਲਮੀ ਨਾਂ ਦੀ ਬੁੱਕਲ ਕਿਉਂ ਮਾਰਨੀ ਪਈ?

ਕਿਉਂਕਿ ਮੈਂ ਸ਼ਰਮਾਕਲ ਕਿਸਮ ਦਾ ਆਦਮੀ ਹਾਂ। ਮੈਨੂੰ ਕਿਸੇ ਸਾਹਮਣੇ ਆਪਣਾ ਨਾਂ ਲੈਣ 'ਚ ਝਿਜਕ ਮਹਿਸੂਸ ਹੁੰਦੀ ਹੈ। ਇਹ ਠੀਕ ਹੈ ਜਾਂ ਗ਼ਲਤ ਮੈਨੂੰ ਇਸ ਬਾਰੇ ਪਤਾ ਨਹੀਂ। ਮੈਨੂੰ ਕੁਦਰਤ ਨੇ ਇਸੇ ਤਰ੍ਹਾਂ ਦਾ ਬਣਾਇਆ ਹੈ। ਮੈਂ ਇਸੇ ਤਰ੍ਹਾਂ ਦਾ ਹਾਂ।

- 'ਉਸ ਤੋਂ ਬਾਅਦ' ਤੋਂ 'ਉਹ ਆਖਦੀ ਹੈ' ਵਿਚਕਾਰ ਇੰਨਾ ਲੰਮਾ ਅੰਤਰਾਲ ਵਕਤ ਕਿਉਂ ਆਇਆ?

ਉਸ ਤੋਂ ਬਾਅਦ ਦੀ ਜਿਲਦ 'ਤੇ ਮੇਰਾ ਨਾਂ ਗ਼ਲਤ ਪ੍ਰਿੰਟ ਹੋ ਗਿਆ ਸੀ। ਪਬਲਿਸ਼ਰ ਨੇ ਇਸ ਬਾਰੇ ਕੋਈ ਸੌਰੀ ਫੀਲ ਨਹੀਂ ਕੀਤੀ। ਮੇਰੀ ਉਮਰ ਉਦੋਂ ਛੋਟੀ ਸੀ। ਮੈਂ ਪੜ੍ਹ ਰਿਹਾ ਸੀ। ਮੇਰਾ ਮਨ ਬਹੁਤ ਖ਼ਰਾਬ ਹੋਇਆ। ਇਸ ਬਾਅਦ ਇਕ ਸਿਹਤ ਦੀ ਪ੍ਰਾਬਲਮ ਆ ਗਈ। ਜਿਸ ਨੂੰ ਠੀਕ ਹੋਣ 'ਚ ਏਨਾ ਸਮਾਂ ਲੱਗ ਗਿਆ। ਇਹ ਦੋਵੇਂ ਗੱਲਾਂ ਰਲ ਕੇ ਏਨਾ ਵੱਡਾ ਵਕਫਾ ਬਣ ਗਈਆਂ।

- ਤੁਹਾਡੀ ਸਿਰਜਣਾ 'ਚ ਔਰਤ, ਬੱਚਾ ਤੇ ਮੁਹੱਬਤ ਕਿੱਥੇ ਕੁ ਖੜ੍ਹੇ ਨੇ?

ਤਿੰਨੋਂ ਖੜ੍ਹੇ ਬਰਾਬਰ ਥਾਂ 'ਤੇ ਹੀ ਨੇ। ਕਿਸੇ ਦੀ ਵੀ ਅਹਿਮੀਅਤ ਘੱਟ ਨਹੀਂ ਹੈ ਪਰ ਮੁਹੱਬਤ ਪਰਮਾਤਮਾ ਹੈ। ਔਰਤ ਤੇ ਬੱਚਾ ਕਈ ਵਾਰ ਪਰਮਾਤਮਾ ਤਕ ਜਾਣ ਦਾ ਜ਼ਰੀਆ ਬਣ ਜਾਂਦੇ ਹਨ।

- ਕਵਿਤਾਵਾਂ ਤੁਹਾਡੇ ਸੁਭਾਅ ਜਿਹੀਆਂ ਹਨ ਜਾਂ ਤੁਹਾਡਾ ਸੁਭਾਅ ਹੀ ਕਵਿਤਾ ਜਿਹਾ ਹੈ?

ਸੁਭਾਅ ਹੀ ਕਵਿਤਾ ਜਿਹਾ ਹੈ। ਇਸ ਲਈ ਮੇਰੇ ਕੋਲ ਆ ਕੇ ਸਭ ਕਵਿਤਾ ਹੋਣ ਲੱਗਦਾ ਹੈ।

- ਬਹੁਤੀ ਥਾਈਂ ਤੁਹਾਡੀ ਕਵਿਤਾ ਨਿੱਜੀ ਰਿਸ਼ਤਿਆਂ ਦੀ ਆਬਜ਼ਰਵੇਸ਼ਨ 'ਚੋਂ ਪੁੰਗਰਦੀ ਲਗਦੀ ਹੈ, ਇਸ ਬਾਰੇ ਕੀ ਕਹੋਗੇ?

ਇਹ ਨਿੱਜੀ ਰਿਸ਼ਤਿਆਂ ਦੀ ਆਬਜ਼ਰਵੇਸ਼ਨ ਹੀ ਹੈ। ਮਨੁੱਖ ਕੋਲ ਰਿਸ਼ਤਿਆਂ ਬਿਨਾਂ ਹੋਰ ਹੈ ਵੀ ਕੀ। ਸਭ ਇਸੇ ਲਈ ਹੀ ਕੀਤਾ ਤੇ ਹੰਢਾਇਆ ਜਾਂਦਾ ਹੈ।

- ਮੁਹੱਬਤ ਤਾਂ ਠੀਕ ਹੈ ਪਰ ਸਿਰਫ਼ ਮੁਹੱਬਤ ਹੀ ਇਸ ਅਵਸਥਾ ਦੇ ਇੰਨੇ ਡੂੰਘੇ ਹੋਣ ਦਾ ਕਿਹੋ ਜਿਹਾ ਅਨੁਭਵ ਹੈ?

ਇਹ ਕੋਈ ਕੁਦਰਤੀ ਵਰਤਾਰਾ ਹੀ ਹੈ। ਇਹ ਮੇਰੀ ਮਰਜ਼ੀ ਨਹੀਂ ਹੈ। ਇਸ ਭਾਵ ਨੂੰ ਮੈਂ ਇੰਨੀ ਤਿੱਖੀ ਤੇ ਡੂੰਘੀ ਤਰ੍ਹਾਂ ਮਹਿਸੂਸ ਕਰ ਸਕਦਾ ਹਾਂ ਕਿ ਦੱਸਣ ਤੋਂ ਬਾਹਰ ਦੀ ਗੱਲ ਹੈ।

- ਕੀ ਬਾਹਰੀ ਘਟਨਾਵਾਂ ਤੇ ਆਬੋ-ਹਵਾ ਸੂਹੇ ਅੱਖਰ ਨੂੰ ਧੁਖਣ ਨਹੀਂ ਲਾਉਂਦੀਆਂ?

ਲਾਉਂਦੀਆਂ ਹਨ। ਅਸਰ ਏਨਾ ਗਹਿਰਾ ਹੁੰਦਾ ਹੈ ਕਿ ਨਿਸ਼ਬਦ ਹੋ ਜਾਂਦਾ ਹਾਂ, ਹਰ ਵਾਰ ਪਰ ਸਿਰਫ਼ ਮੁਹੱਬਤ ਨਾਂ ਦੀ ਤਕਲੀਫ ਹੀ ਸ਼ਬਦਾਂ ਵਿਚ ਬਦਲਦੀ ਹੈ। ਹੋਰ ਕੁਝ ਨਹੀਂ।

- ਰੋਮਾਂਟਿਕ ਲਿਖਣ ਕਰਕੇ 'ਸੂਹੇ ਅੱਖਰ' ਨੂੰ ਆਲੋਚਨਾ ਦੇ ਕਟਿਹਰੇ 'ਚ ਵੀ ਖੜ੍ਹਾ ਕੀਤਾ ਜਾਂਦਾ ਹੈ, ਇਸ ਦਾ ਕੋਈ ਸਾਰਥਕ ਜਵਾਬ?

ਜੇ ਅਸੀਂ ਸੋਚਦੇ ਹਾਂ ਕਿ ਆਪਣੇ ਖਾਣ ਪੀਣ ਅਤੇ ਰਹਿਣ ਸਹਿਣ ਨੂੰ ਖ਼ੁਦ ਤੈਅ ਕਰੀਏ ਤਾਂ ਮੇਰਾ ਖ਼ਿਆਲ ਇਹ ਵੀ ਹੈ ਕਿ ਸਾਡਾ ਆਪਣਾ ਫ਼ੈਸਲਾ ਹੋਣਾ ਚਾਹੀਦਾ ਹੈ ਕਿ ਅਸੀਂ ਰੋਮਾਂਸ ਨੂੰ ਕਿਸ ਪੱਧਰ 'ਤੇ ਜਿਊਣਾ ਹੈ। ਮੈਨੂੰ ਕਦੇ ਵੀ ਕਿਸੇ 'ਤੇ ਏਦਾਂ ਦਾ ਇਤਰਾਜ਼ ਨਹੀਂ ਹੁੰਦਾ ਕਿ ਕੋਈ ਕਿਸ ਤਰ੍ਹਾਂ ਦਾ ਕਿਉਂ ਲਿਖਦਾ ਹੈ। ਦੁਨੀਆ ਜੰਗਲ ਹੈ। ਮਨੁੱਖਾਂ ਦਾ ਜੰਗਲ। ਜੰਗਲ ਵਿਚ ਹਰ ਬੂਟੇ ਦਾ ਆਪਣਾ ਹੀ ਅਲੱਗ ਤਰ੍ਹਾਂ ਦਾ ਸਭ ਕੁਝ ਹੁੰਦਾ ਹੈ। ਅੰਬਾਂ ਦੇ ਦਰੱਖ਼ਤ ਕਿੱਕਰਾਂ ਵਰਗੇ ਨਹੀਂ ਹੋ ਸਕਦੇ।

- ਨਿੱਕੀਆਂ-ਮੋਟੀਆਂ ਨਜ਼ਮਾਂ ਤੁਸੀਂ ਜ਼ਿਆਦਾ ਲਿਖਦੇ ਹੋ, ਕੀ ਯਕਦਮ ਜੰਮਦੀਆਂ ਨੇ ਜਾਂ ਲੰਮੇ ਚਿੰਤਨ ਦੇ ਸਿੱਟੇ ਵਜੋਂ।

ਕੋਈ ਵੀ ਛੋਟੀ ਕਵਿਤਾ ਜੇ ਸੱਚਮਚ ਇਕ ਖ਼ੂਬਸੂਰਤ, ਸਟੀਕ, ਆਦਰਸ਼ਕ ਕਵਿਤਾ ਹੈ ਤਾਂ ਇਹ ਕਈ ਸੈਂਕੜੇ ਲਾਈਨਾਂ ਦਾ ਨਿਚੋੜ ਹੁੰਦੀ ਹੈ। ਦਿਮਾਗ਼ 'ਚ ਜਦੋਂ ਪੰਜਾਹ-ਸੱਠ ਲਾਈਨਾਂ ਘੁੰਮਦੀਆਂ ਹਨ ਤਾਂ ਬਹੁਤ ਦਿਨ ਇਸ ਨੂੰ ਚੱਲਣ ਦਿੰਦਾ ਹਾਂ ਕਿਸੇ ਦਿਨ ਇਹ ਦੋ ਤਿੰਨ ਲਾਈਨਾਂ ਰਹਿ ਜਾਂਦੀਆਂ। ਫਿਰ ਲਿਖ ਲੈਂਦਾ ਹਾਂ ।

- ਲੰਮੀਆਂ ਕਵਿਤਾਵਾਂ ਕਦੋਂ ਲਿਖਦੇ ਹੋ? ਕੀ ਇਸ ਮਗਰ ਕੋਈ ਅੱਚੋਆਈ ਰਹਿੰਦੀ ਹੈ?

ਨਹੀਂ ਕੋਈ ਅੱਚੋਆਈ ਨਹੀਂ ਹੁੰਦੀ। ਆਸਪਾਸ ਸਭ ਚਲਦਾ ਰਹਿੰਦਾ ਹੈ। ਮਨ ਇਕੱਠਾ ਕਰਦਾ ਰਹਿੰਦਾ ਆਪਣੇ ਆਪ । ਕਿਸੇ ਦਿਨ ਜਦੋਂ ਸੁਰਤ ਬਹੁਤ ਇਕਾਗਰ ਹੁੰਦੀ ਹੈ। ਇਸ ਸਭ ਵੇਖੇ ਤੇ ਮਹਿਸੂਸ ਕੀਤੇ ਵਿੱਚੋਂ ਜੋ ਕਵਿਤਾ ਹੈ ਨਿੱਤਰ ਕੇ ਉੱਪਰ ਆ ਜਾਂਦਾ ਹੈ ।

- ਮਾਇਰਾ ਨੇ ਬਹੁਤਿਆਂ ਦੇ ਔਰਤਾਂ ਪ੍ਰਤੀ ਖ਼ਿਆਲਾਤ ਬਦਲੇ ਨੇ। ਤੁਸੀਂ ਮਾਇਰਾ ਦੀ ਹੋਣੀ ਨੂੰ ਕਿੰਨਾ ਸਮਾਂ ਤੇ ਕਿਵੇਂ ਜਰਿਆ?

ਇਹ ਚੁੱਪ-ਚਾਪ ਅੰਦਰ ਟਿਕਿਆ ਰਿਹਾ। ਕਦੇ-ਕਦੇ ਮਹਿਸੂਸ ਹੁੰਦਾ। ਨਹੀਂ ਇਹ ਇੱਥੇ ਨਹੀਂ ਰਹਿਣਾ ਚਾਹੀਦਾ। ਇਸ ਦਾ ਪਤਾ ਸਭ ਨੂੰ ਹੋਣਾ ਚਾਹੀਦਾ ਹੈ। ਇਸ ਰੁਕ-ਰੁਕ ਕੇ ਆਉਂਦੀ ਆਵਾਜ਼ ਨੇ ਹੀ ਇਹ ਲਿਖਤ ਪੈਦਾ ਕਰ ਦਿੱਤੀ।

- ਅਕਾਸ਼ਦੀਪ

76964-70344

Posted By: Harjinder Sodhi