ਇੱਕ ਤੋਂ ਬਾਅਦ ਦੂਜਾ ਅਤੇ ਦੂਜੇ ਤੋਂ ਬਾਅਦ ਤੀਜਾ ਸਪੀਡ ਬਰੇਕਰ ਆਉਂਦਾ ਤਾਂ ਪ੍ਰੋ. ਗੁਰਨਾਮ ਸਿੰਘ ਕਾਰ ਦੀ ਸਪੀਡ ਹੌਲੀ ਕਰਦਾ ਸਪੀਡ ਬਰੇਕਰ ਪਾਰ ਕਰਦਿਆਂ ਹੀ ਸਪੀਡ ’ਤੇ ਪੈਰ ਰੱਖਣ ਸਾਰ ਕਾਰ ਫਿਰ ਤੇਜ਼ੀ ਫੜਦਿਆਂ ਆਪਣੀ ਮੰਜ਼ਿਲ ਵੱਲ ਵਧਦੀ।

ਪ੍ਰੋ. ਗੁਰਨਾਮ ਸਿੰਘ ਬੇਸ਼ੱਕ ਹੁਣ ਸ਼ਹਿਰ ’ਚ ਵਧੀਆ ਕੋਠੀਨੁਮਾ ਘਰ ’ਚ ਰਹਿੰਦਿਆਂ ਆਰਾਮ ਭਰਪੂਰ ਜ਼ਿੰਦਗੀ ਬਤੀਤ ਕਰ ਰਿਹਾ ਸੀ ਪਰ ਪਿਛੋਕੜ ਉਸਦਾ ਪੇਂਡੂ ਹੀ ਸੀ। ਮਾਂ ਬਾਪ ਬਿਲਕੁੱਲ ਅਨਪੜ੍ਹ ਅਤੇ ਖੇਤੀਬਾੜੀ ਕਰਨ ਵਾਲੇ। ਯਾਨਿ ਪ੍ਰੋ. ਗੁਰਨਾਮ ਪਹਿਲੀ ਪੀੜ੍ਹੀ ਦਾ ਸਿੱਖਿਅਕ ਸੀ। ਉਸ ਤੋਂ ਪਹਿਲਾਂ ਪਰਿਵਾਰ ਵਿੱਚ ਕਿਸੇ ਨੇ ਉੱਚ ਵਿੱਦਿਆ ਤਾਂ ਕੀ ਹਾਸਿਲ ਕਰਨੀ ਹੋਈ ਬਲਕਿ ਪਰਿਵਾਰ ਨੂੰ ਪੜ੍ਹਾਈ ਦੀ ਅਹਿਮੀਅਤ ਦਾ ਵੀ ਇਲਮ ਨਹੀਂ ਸੀ।

ਪ੍ਰੋ. ਗੁਰਨਾਮ ਸਿੰਘ ਨੇ ਬੀ.ਐੱਸ.ਸੀ, ਬੀ.ਐੱਡ ਕਰ ਕੇ ਅਧਿਆਪਕ ਦੀ ਨੌਕਰੀ ਪ੍ਰਾਪਤ ਕਰਨ ਉਪਰੰਤ ਵੀ ਉੱਚ ਪੜ੍ਹਾਈ ਜਾਰੀ ਰੱਖੀ ਤਾਂ ਮਾਂ ਅਕਸਰ ਕਹਿ ਦਿੰਦੀ,“ਬਸ ਕਰ ਹੁਣ ਸਾਰਾ ਦਿਨ ਕੀੜੀਆਂ ਮਾਰਨੋਂ ਨੀ ਹਟਦਾ। ਨੌਕਰੀ ਦੇ ਤੀ ਰੱਬ ਨੇ ਹੋਰ ਦੱਸ ਪੜ੍ਹ ਕੇ ਕੀ ਕਰਨੈ’’। ਪਰ ਪ੍ਰੋ. ਗੁਰਨਾਮ ਨੂੰ ਤਾਂ ਜਿਵੇਂ ਸੀਨੇ ਵਿੱਚ ਕੋਈ ਤੀਰ ਵੱਜਿਆ ਹੋਇਆ ਸੀ। ਉਹ ਤਾਂ ਉਨ੍ਹਾਂ ਲੋਕਾਂ ਦੇ ਨਾਂਹ-ਪੱਖੀ ਸਵਾਲਾਂ ਦਾ ਜਵਾਬ ਆਪਣੀਆਂ ਪ੍ਰਾਪਤੀਆਂ ਨਾਲ ਦੇਣਾ ਚਾਹੁੰਦਾ ਸੀ। ਪ੍ਰੋ. ਗੁਰਨਾਮ ਸਿੰਘ ਨੇ ਅਧਿਆਪਕ ਦੀ ਨੌਕਰੀ ਦੇ ਨਾਲ-ਨਾਲ ਉੱਚ ਪੜ੍ਹਾਈ ਦਾ ਸਫ਼ਰ ਜਾਰੀ ਰੱਖਿਆ। ਪਹਿਲਾਂ ਵਧੀਆ ਅੰਕਾਂ ਨਾਲ ਪੋਸਟ ਗਰੈਜੂਏਸ਼ਨ ਕੀਤੀ ਅਤੇ ਫਿਰ ਪ੍ਰੋਫੈਸਰ ਬਣਨ ਦੀ ਯੋਗਤਾ ਹਾਸਿਲ ਕਰਨ ਲਈ ਯੂ.ਜੀ.ਸੀ ਦਾ ਨੈੱਟ ਟੈਸਟ ਪਾਸ ਕੀਤਾ।

ਪਿੰਡ ’ਚ ਰਹਿੰਦਿਆਂ ਬੀ.ਐੱਡ ਦੀ ਤਿਆਰੀ ਦੀ ਕੋਈ ਸਹੂਲਤ ਨਹੀਂ ਸੀ ਨੈੱਟ ਦੇ ਟੈਸਟ ਦੀ ਤਿਆਰੀ ਦੀ ਸਹੂਲਤ ਤਾਂ ਕੀ ਹੋਣੀ ਸੀ। ਪਰ ਮਨ ’ਚ ਉਨ੍ਹਾਂ ਲੋਕਾਂ ਦੇ ਨਾਂਹ-ਪੱਖੀ ਸਵਾਲਾਂ ਦਾ ਜਵਾਬ ਪ੍ਰਾਪਤੀਆਂ ਨਾਲ ਦੇਣ ਦੀ ਸੀਨੇ ’ਚ ਬਲਦੀ ਅੱਗ ਟਿਕਣ ਨਹੀਂ ਸੀ ਦੇ ਰਹੀ। ਨੈੱਟ ਟੈਸਟ ਪਾਸ ਕਰ ਕੇ ਯੂਨੀਵਰਸਿਟੀ ’ਚ ਨੌਕਰੀ ਕਰਦੇ ਗੁਆਂਢੀ ਪਿੰਡ ਦੇ ਮੁੰਡੇ ਤੋਂ ਨੈੱਟ ਦੀ ਤਿਆਰੀ ਬਾਰੇ ਰਾਇ ਲਈ ਤਾਂ ਉਸ ਨੇ ਇੱਕ ਕਿਤਾਬ ਦੇ ਦਿੱਤੀ।

“ਆਹ ਪੜ੍ਹ ਲੈ ਧਿਆਨ ਨਾਲ। ਜੇ ਪੂਰੀ ਤਿਆਰੀ ਕਰਨੀ ਆ ਤਾਂ ਫਿਰ ਪਟਿਆਲੇ ਜਾਂ ਚੰਡੀਗੜ੍ਹ ਲਾ ਲੈ ਮਹੀਨਾ ਵੀਹ ਦਿਨ’’। ਤਿਆਰੀ ਲਈ ਪਟਿਆਲੇ ਜਾਂ ਚੰਡੀਗੜ੍ਹ ਜਾਣਾ ਕਿੱਥੇ ਸੰਭਵ ਸੀ। ਨੈੱਟ ਦਾ ਟੈਸਟ ਦੇਣ ਚੰਡੀਗੜ੍ਹ ਗਿਆ ਤਾਂ ਪਹਿਲਾ ਟੈਸਟ ਦੇਣ ਉਪਰੰਤ ਹੋਈ ਚਾਹ ਬਰੇਕ ਦੌਰਾਨ ਮਹਿੰਗੀਆਂ ਕੋਚਿੰਗਾਂ ਲੈ ਕੇ ਤਿਆਰੀਆਂ ਕਰਨ ਵਾਲਿਆਂ ਨੇ ਗੱਲਾਂ ਬਾਤਾਂ ’ਚ ਗੁਰਨਾਮ ਨੂੰ ਮਾਨਸਿਕ ਤੌਰ ’ਤੇ ਕਮਜ਼ੋਰ ਕਰਦਿਆਂ ਜਿਵੇਂ ਉਸ ਦੀ ਨੈੱਟ ਦੀ ਮੰਜ਼ਿਲ ਦੇ ਰਸਤੇ ’ਚ ਸਪੀਡ ਬਰੇਕਰ ਹੀ ਲਗਾ ਦਿੱਤਾ।

“ਮਨਾਂ ਇਹ ਨੈੱਟ ਦਾ ਟੈਸਟ ਆਪਣੇ ਪੇਂਡੂ ਨੌਜਵਾਨਾਂ ਦੇ ਵੱਸ ਦਾ ਰੋਗ ਕਿੱਥੇ ਆ? ਇਹ ਤਾਂ ਮਹਿੰਗੀਆਂ ਕੋਚਿੰਗਾਂ ਲੈ ਕੇ ਤਿਆਰੀ ਕਰਨ ਵਾਲੇ ਸ਼ਹਿਰੀ ਨੌਜਵਾਨ ਹੀ ਪਾਸ ਕਰਦੇ ਹੋਣਗੇ’’। ਕਸਮਕਸ਼ ਕਰਦੇ ਗੁਰਨਾਮ ਨੇ ਮਨ ਹੀ ਮਨ ਦੂਜਾ ਟੈਸਟ ਨਾ ਦੇਣ ਦਾ ਫ਼ੈਸਲਾ ਕਰ ਸ਼ਹਿਰ ਵਾਲੀ ਬੱਸ ਚੜ੍ਹਨ ਦੀ ਸੋਚੀ। ਸ਼ਹਿਰ ਤੋਂ ਤਕਰੀਬਨ ਚਾਰ ਕਿਲੋਮੀਟਰ ਦੂਰ ਪਿੰਡ ਵਿੱਚ ਬੱਸ ਕਿਹੜਾ ਆਉਂਦੀ ਸੀ। ਪਿੰਡੋਂ ਪੈਦਲ ਜਾਂ ਕਿਸੇ ਨਾਲ ਬਹਿ ਬਹਾ ਕੇ ਸ਼ਹਿਰੋਂ ਆ ਕੇ ਬੱਸ ਲੈਣੀ ਪੈਂਦੀ ਸੀ। ਚੰਡੀਗੜ੍ਹੋਂ ਵਾਪਸੀ ’ਤੇ ਰਾਤ ਹੋ ਜਾਣ ਦਾ ਅਤੇ ਫਿਰ ਰਾਤ ਨੂੰ ਤੁਰ ਕੇ ਘਰ ਜਾਣ ਦਾ ਫ਼ਿਕਰ ਗੁਰਨਾਮ ਨੂੰ ਸਤਾ ਰਿਹਾ ਸੀ। ਪਰ ਇਹ ਤਾਂ ਭਲਾ ਹੋਵੇ ਉਸ ਸਾਥੀ ਦਾ ਜਿਸ ਨੇ ਪਹਿਲੀ ਵਾਰ ਮਿਲਣ ’ਤੇ ਵੀ ਕਿਹਾ ਸੀ “ਨਹੀਂ ਯਾਰ ਗੁਰਨਾਮ ਤੂੰ ਇਨ੍ਹਾਂ ਸ਼ਹਿਰੀਆਂ ਦੀਆਂ ਫੁਕਰੀਆਂ ਤੋਂ ਨਾ ਘਬਰਾ।

ਆਪਾਂ ਦੂਜਾ ਟੈਸਟ ਵੀ ਦੇਵਾਂਗੇ। ਵੇਖੀ ਜਾਊ ਵੱਧ ਤੋਂ ਵੱਧ ਟੈਸਟ ਨਹੀਂ ਪਾਸ ਹੋਊ। ਇਹ ਤਾਂ ਪਤਾ ਲੱਗੂ ਪ੍ਰਸ਼ਨ ਪੱਤਰ ਕਿਹੋ ਜਿਹਾ ਆਉਂਦਾ। ਦੂਜੀ ਵਾਰ ਦੀ ਤਿਆਰੀ ਕਰਨੀ ਆਸਾਨ ਰਹੂ।’’ ਦੋਸਤ ਦੀਆਂ ਗੱਲਾਂ ਮੰਨ ਗੁਰਨਾਮ ਦੂਜੇ ਟੈਸਟ ਵਿੱਚ ਬੈਠ ਗਿਆ ਪਰ ਡਰਦੇ ਮਾਰੇ ਨੇ ਨਤੀਜਾ ਵੇਖਣ ਦੀ ਹਿੰੰਮਤ ਨਾ ਕੀਤੀ। ਤਕਰੀਬਨ ਛੇ ਮਹੀਨਿਆਂ ਬਾਅਦ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦਾ ਖਾਕੀ ਲਿਫ਼ਾਫ਼ਾ ਡਾਕ ਰਾਹੀਂ ਘਰ ਆਇਆ ਤਾਂ ਵਿੱਚੋਂ ਮਿਲਿਆ ਸਰਟੀਫਿਕੇਟ ਨਾ ਪਤਾ ਲੱਗੇ ਕਿ ਇਹ ਹੈ ਕੀ? ਲਿਫ਼ਾਫ਼ਾ ਚੁੱਕ ਨੈੱਟ ਦੀ ਪ੍ਰੀਖਿਆ ਦੇ ਫਾਰਮ ਭਰਨ ਵਾਲੇ ਸ਼ਹਿਰੀ ਮਿੱਤਰ ਕੋਲ ਗਿਆ ਤਾਂ ਉਹ ਗੁਰਨਾਮ ਦੇ ਹੱਥ ਵਿੱਚ ਲਿਫ਼ਾਫ਼ਾ ਵੇਖਦਿਆਂ ਹੀ ਬੋਲਿਆ,“ਪਤੰਦਰਾਂ ਕਰਕੇ ਨੈੱਟ ਕਲੀਅਰ ਖ਼ਾਲੀ ਹੱਥ ਈ ਆ ਗਿਆ । ਇਉਂ ਨਹੀਂ ਸਰਨਾ।’’

“ਉਏ ਭਰਾਵਾ ਦੱਸ ਤਾਂ ਦੇ ਇਹ ਹੈ ਕੀ? ਸਾਰਨ ਸੂਰਨ ਵਾਲੀ ਕੋਈ ਗੱਲ ਨਹੀਂ। ਜੋ ਤੂੰ ਕਹੇਗਾ ਖਾਣ ਪੀਣ ਕਰ ਲਵਾਂਗੇ।’’

“ਗੁਰਨਾਮ ਸਿੰਹਾਂ ਹੁਣ ਪ੍ਰੋ. ਦੀ ਯੋਗਤਾ ਆ ਗਈ ਤੇਰੇ ਕੋਲ। ਜਿਹੜਾ ਤੂੰ ਨੈੱਟ ਦਾ ਟੈਸਟ ਦਿੱਤਾ ਸੀ ਉਸ ਦਾ ਨਤੀਜਾ ਸਰਟੀਫਿਕੇਟ ਹੈ ਇਹ। ਮੈਨੂੰ ਲਗਦਾ ਤੂੰ ਨਤੀਜਾ ਈ ਨੀ ਵੇਖਿਆ। ਇਸਦਾ ਨਤੀਜਾ ਤਾਂ ਟੈਸਟ ਤੋਂ ਮਹੀਨਾ ਡੇਢ ਮਹੀਨਾ ਬਾਅਦ ਆ ਜਾਂਦੈ।’’

“ਸੱਚ ਕਹਿੰਨੈ ਯਾਰ? ਕੁੱਟ ਤਾਂ ਤੇਰੇ ਵੀਰ ਨੇ ਨੈੱਟ ਦਾ ਟੈਸਟ। ਸੱਚੀ ਗੱਲ ਐ ਤੇਰੀ ਮਿੱਤਰਾ ਮੈਂ ਤਾਂ ਡਰਦੇ ਨੇ ਨਤੀਜਾ ਈ ਨੀ ਵੇਖਿਆ।’’

“ਗੁਰਨਾਮ ਯਾਰ ਇੱਕ ਹੋਰ ਵਧੀਆ ਹੋ ਗਿਆ। ਹੁਣ ਇਸ ਟੈਸਟ ਦੀ ਵੈਲੀਡਿਟੀ ਵੀ ਪਰਮਾਨੈਂਟ ਹੋ ਗਈ ਆ। ਪਹਿਲਾਂ ਸੱਤ ਜਾਂ ਅੱਠ ਸਾਲ ਬਾਅਦ ਦੁਬਾਰਾ ਟੈਸਟ ਦੇਣਾ ਪੈਂਦਾ ਸੀ। ਦੋਸਤ ਨੇ ਸਰਟੀਫਿਕੇਟ ’ਤੇ ਲਿਖੇ ਨੋਟ “ਇਟਸ ਵੈਲੀਡਿਟੀ ਇਜ਼ ਪਰਮਾਨੈਂਟ ਵੱਲ ਗੁਰਨਾਮ ਦਾ ਧਿਆਨ ਦਿਵਾਇਆ।’’

“ਯਾਰ ਇਹਦੇ ’ਤੇ ਨੰਬਰ ਨੁੰਬਰ ਤਾਂ ਲਿਖੇ ਨੀ ਵੀ ਕਿੰਨ੍ਹੇ ਆਏ ਨੇ?’’

“ਗੁਰਨਾਮ ਬਾਈ ਇਹਦੇ ’ਤੇ ਨੰਬਰ ਨੀ ਲਿਖੇ ਜਾਂਦੇ। ਇਹ ਤਾਂ ਯੋਗਤਾ ਸਰਟੀਫਿਕੇਟ ਹੁੰਦਾ। ਤੇ ਹੁਣ ਸਾਡਾ ਗੁਰਨਾਮ ਬਾਈ ਪ੍ਰੋ.ਬਣਨ ਦੇ ਯੋਗ ਬਣ ਗਿਆ।’’

ਕਾਲਜ ਲੈਕਚਰਾਰਾਂ ਦੀਆਂ ਆਸਾਮੀਆਂ ਨਿਕਲੀਆਂ ਤਾਂ ਗੁਰਨਾਮ ਨੇ ਵੀ ਅਪਲਾਈ ਕੀਤਾ। ਸਿਫਾਰਸ਼ ਅਤੇ ਪੈਸੇ ਦੇ ਬਲਬੂਤੇ ਨਿਯੁਕਤੀਆਂ ਹੋਣ ਦੀ ਚਰਚਾ ਦੌਰਾਨ ਗੁਰਨਾਮ ਨੇ ਟੈਸਟ ਦੀ ਤਿਆਰੀ ਕੀਤੀ ਅਤੇ ਗੁਰਨਾਮ ਦਾ ਨਾਮ ਵੀ ਬਿਨਾਂ ਕਿਸੇ ਸਿਫਾਰਸ਼ ਜਾਂ ਪੈਸੇ ਦੇ ਲੈਣ ਦੇਣ ਦੇ ਚੁਣੇ ਉਮੀਦਵਾਰਾਂ ਦੀ ਸੂਚੀ ਵਿੱਚ ਆ ਗਿਆ। ਗੁਰਨਾਮ ਨੇ ਅਧਿਆਪਕ ਦੀ ਨੌਕਰੀ ਛੱਡ ਕਾਲਜ ਲੈਕਚਰਾਰ ਦੀ ਨੌਕਰੀ ਜੁਆਇਨ ਕਰ ਲਈ।

ਮਾਪਿਆਂ ਦਾ ਇਕੱਲਾ ਪੁੱਤ ਹੋਣ ਕਾਰਨ ਗੁਰਨਾਮ ਦਾ ਤਾਂ ਵਿਆਹ ਵੀ ਛੋਟੀ ਉਮਰ ਵਿੱਚ ਹੀ ਹੋ ਗਿਆ ਸੀ। ਜ਼ਮੀਨ ਵਧੀਆ ਆਉਂਦੀ ਸੀ। ਗੁਰਨਾਮ ਨੇ ਦਸਵੀਂ ਪਾਸ ਕੀਤੀ ਤਾਂ ਰਿਸ਼ੇਤਦਾਰ ਅਤੇ ਪਿੰਡ ਦੇ ਲੋਕ ਮਾਪਿਆਂ ਨੂੰ ਕਹਿਣ ਲੱਗੇ,“ਹੁਣ ਤਾਂ ਗੁਰਨਾਮ ਨੂੰ ਟਰੈਕਟਰ ਲੈ ਦਿਓ ਨਾਲੇ ਵਿਆਹ ਕਰ ਦਿਓ।’’

ਗੁਰਨਾਮ ਨੂੰ ਬੜਾ ਗੁੱਸਾ ਚੜ੍ਹਦਾ ਵੀ ਇਹ ਲੋਕ ਉਸ ਨੂੰ ਸਿਰਫ਼ ਖੇਤੀ ਅਤੇ ਵਿਆਹ ਦੇ ਯੋਗ ਹੀ ਕਿਉਂ ਸਮਝਦੇ ਨੇ? ਕੋਈ ਇਉਂ ਕਿੳੇੁਂ ਨੀ ਕਹਿੰਦਾ ਵੀ ਇਹਨੂੰ ਵਧੀਆ ਜਿਹੇ ਕਾਲਜ ’ਚ ਪੜ੍ਹਨ ਲਾਓ ਤੇ ਅਫਸਰ ਬਣਾਓ।

ਗੁਰਨਾਮ ਨੇ ਕਾਲਜ ਪੜ੍ਹਨ ਦੀ ਇੱਛਾ ਜ਼ਾਹਿਰ ਕੀਤੀ ਤਾਂ ਮਾਪਿਆਂ ਨੇ ਇੱਕ ਰਿਸ਼ੇਤਦਾਰ ਦੇ ਕਹਿਣ ’ਤੇ ਅੱਗੇ ਪੜ੍ਹਨ ਦੀ ਸਹਿਮਤੀ ਦੇ ਦਿੱਤੀ। ਅਧਿਆਪਕਾਂ ਨੇ ਵੀ ਗੁਰਨਾਮ ਨੂੰ ਅੱਗੇ ਪੜ੍ਹਨ ਦੀ ਸਲਾਹ ਦਿੱਤੀ, “ਵੇਖ ਗੁਰਨਾਮ ਬੇਟਾ ਤੂੰ ਪੜ੍ਹਨ ਵਾਲਾ ਮੁੰਡਾ ਹੈਂ। ਪਲੱਸ ਵਨ ਵਿੱਚ ਮੈਡੀਕਲ ਜਾਂ ਨਾਨ ਮੈਡੀਕਲ ਦੀ ਪੜ੍ਹਾਈ ਕਰ। ਲਾਜ਼ਮੀ ਵਧੀਆ ਪੁਜ਼ੀਸ਼ਨ ’ਤੇ ਪਹੁੰਚੇਂਗਾ ਤੁੂੰ। ਨੇੜਲੇ ਸ਼ਹਿਰ ਦੇ ਕਾਲਜ ’ਚ ਨਾਨ ਮੈਡੀਕਲ ’ਚ ਦਾਖ਼ਲਾ ਲੈਣ ’ਤੇ ਗੁਆਂਢੀ ਵੱਲੋਂ ਕਹੇ ਸ਼ਬਦ, “ਤੈਨੂੰ ਕੀ ਲਗਦਾ ਵੀ ਤੈਨੂੰ ਨੌਕਰੀ ਮਿਲ ਜੂ? ਨੌਕਰੀ ਨੂਕਰੀ ਨੀ ਮਿਲਦੀ ਅੱਜ ਕੱਲ੍ਹ ਕਿਸੇ ਨੂੰ। ਹਾਂ ਕਾਲਜ ਦੇ ਨਜ਼ਾਰੇ ਨੇ ਜਿਹੜੇ ਦੋ ਚਾਰ ਸਾਲ ਲੈ ਲਵੇਂਗਾ। ਮੈਂ ਵੀ ਲੱਗਿਆ ਸੀ ਕਾਲਜ ਪੜ੍ਹਨ ਆਹ ਵੇਖ ਲੈ ਨਜ਼ਾਰਿਆਂ ਤੋਂ ਵੱਧ ਕੁੱਝ ਨਹੀਂ ਪਿਆ ਪੱਲੇ। ਗੁਰਨਾਮ ਨੂੰ ਸਦਾ ਕੰਡੇ ਵਾਂਗ ਚੁਭਦੇ ਰਹਿੰਦੇ। ਗੁਰਨਾਮ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਦੀ ਵੀ ਇਹੋ ਜਿਹੀ ਹੀ ਸੋਚ ਸੀ, “ਗੁਰਨਾਮ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ ਤੇਰੇ ਵਰਗਿਆਂ ਲਈ। ਐਵੇਂ ਟੈਮ ਈ ਖਰਾਬ ਕਰੇਂਗਾ ਕਾਲਜ ’ਚ।’’

ਗੁਆਂਢੀ ਅਤੇ ਰਿਸ਼ਤੇਦਾਰ ਵੱਲੋਂ ਕਹੇ ਸ਼ਬਦ ਗੁਰਨਾਮ ਨੂੰ ਉਸਦੀ ਜ਼ਿੰਦਗੀ ਦੀ ਗੱਡੀ ਦੇ ਰਸਤੇ ਦੇ ਸਪੀਡ ਬਰੇਕਰ ਜਾਪਦੇ। ਗੁਰਨਾਮ ਨੇ ਉਨ੍ਹਾਂ ਦੀਆਂ ਕਹੀਆਂ ਦਾ ਜਵਾਬ ਗੱਲਾਂ ਨਾਲ ਦੇਣ ਦੀ ਬਜਾਏ ਸਫਲਤਾ ਦੇ ਮੁਕਾਮ ਦੀ ਪ੍ਰਾਪਤੀ ਨਾਲ ਦੇਣ ਦੀ ਠਾਣੀ। ਪਿੰਡ ਵਿੱਚ ਰਹਿੰਦਿਆਂ ਬੀ.ਐੱਸ.ਸੀ, ਬੀ.ਐੱਡ ਪਾਸ ਕਰ ਅਧਿਆਪਕ ਦੀ ਨੌਕਰੀ ਲਈ ਅਤੇ ਫਿਰ ਨੈੱਟ ਪਾਸ ਕਰ ਕੇ ਕਾਲਜ ਲੈਕਚਰਾਰ ਦੀ ਨੌਕਰੀ ਲਈ।

ਸਮਾਂ ਪਾ ਕੇ ਤਰੱਕੀਆਂ ਜ਼ਰੀਏ ਗੁਰਨਾਮ ਕਾਲਜ ਦਾ ਪ੍ਰੋਫੈਸਰ ਬਣ ਗਿਆ। ਬੱਚਿਆਂ ਦੀ ਪੜ੍ਹਾਈ ਅਤੇ ਹੋਰ ਜ਼ਰੂਰਤਾਂ ਦੇ ਮੱਦੇਨਜ਼ਰ ਨਜ਼ਦੀਕੀ ਸ਼ਹਿਰ ਵਿੱਚ ਰਿਹਾਇਸ਼ ਕਰ ਲਈ। ਵਧੀਆ ਕੋਠੀਨੁਮਾ ਘਰ ’ਚ ਰਹਿੰਦਾ ਗੁਰਨਾਮ ਜਿਵੇਂ ਜ਼ਿੰਦਗੀ ਦੀ ਗੱਡੀ ਨੂੰ ਸਪੀਡ ਬਰੇਕਰਾਂ ਤੋਂ ਬਾਖੂਬੀ ਲੰਘਾ ਲਿਆਇਆ ਹੋਵੇ।

“ਆਹ ਸਪੀਡ ਬਰੇਕਰ ਜੇ ਵੀ ਨਾ ਜੱਭ ਈ ਨੇ।’’ ਸਪੀਡ ਬਰੇਕਰ ਤੋਂ ਲੰਘਦੀ ਕਾਰ ’ਚ ਉੱਪਰ ਥੱਲੇ ਹੁੰਦੀ ਗੁਰਨਾਮ ਦੀ ਪਤਨੀ ਦੇ ਸ਼ਬਦਾਂ ਨੇ ਗੁਰਨਾਮ ਨੂੰ ਸੋਚਾਂ ਦੇ ਸਮੁੰਦਰ ਵਿੱਚੋਂ ਬਾਹਰ ਕੱਢਿਆ। ਗੁਰਨਾਮ ਨੂੰ ਤਾਂ ਇਉਂ ਲੱਗ ਰਿਹਾ ਸੀ ਜਿਵੇਂ ਉਹ ਕਾਰ ਨਹੀਂ ਜ਼ਿੰਦਗੀ ਦੀ ਗੱਡੀ ਚਲਾਉਂਦਾ ਰਸਤੇ ਦੇ ਸਪੀਡ ਬਰੇਕਰਾਂ ਨੂੰ ਮਿਹਨਤ ਦੇ ਬਲਬੂਤੇ ਬਾਖ਼ੂਬੀ ਪਾਰ ਕਰਦਾ ਜਾ ਰਿਹਾ ਹੋਵੇ। “ਭਲੀਏਮਾਣਸੇ ਇਹ ਸਪੀਡ ਬਰੇਕਰ ਜੱਭ ਨਹੀਂ ਹਨ। ਇਹ ਤਾਂ ਗੱਡੀਆਂ ਨੂੰ ਹਾਦਸਿਆਂ ਤੋਂ ਬਚਾਉਂਦੇ ਨੇ।

ਹਾਂ ਇਹ ਗੱਲ ਜ਼ਰੂਰ ਆ ਵੀ ਇਨ੍ਹਾਂ ਵਿੱਚ ਗੱਡੀ ਨੂੰ ਇੱਕ ਵਾਰ ਹੌਲੀ ਕਰਨ ਦੀ ਸਮਰੱਥਾ ਜ਼ਰੂਰ ਹੈ। ਜੇਕਰ ਸਪੀਡ ਬਰੇਕਰ ’ਤੇ ਆ ਕੇ ਰੇਸ ’ਤੇ ਪੈਰ ਨਾ ਰੱਖਿਆ ਤਾਂ ਸਮਝੋ ਗੱਡੀ ਬੰਦ ਅਤੇ ਕਿਸੇ ਦੂਜੇ ਵਾਹਨ ਨਾਲ ਹਾਦਸਾ ਵੀ ਸੰਭਵ ਆ।’’ ਕਹਿੰਦਿਆਂ ਗੁਰਨਾਮ ਦਾ ਹੱਥ ਕਾਰ ਦੇ ਮਿਊਜ਼ਿਕ ਸਿਸਟਮ ਵੱਲ ਵਧਿਆ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi