ਪੁਸਤਕ : ਸਿ੍ਰਸ਼ਟੀ ਦੀ ਚਾਦਰ-ਗੁਰੂ ਤੇਗ ਬਹਾਦਰ ( ਕਾਵਿ-ਸੰਗ੍ਰਹਿ)

ਲੇਖਕ : ਡਾ. ਬਲਦੇਵ ਸਿੰਘ ਬੱਦਨ

ਮੋਬਾਈਲ : 99588-31357

ਪੰਨੇ : 224 ਮੁੱਲ : 350/-

ਪ੍ਰਕਾਸ਼ਕ : ਲਕਸ਼ਯ ਪ੍ਰਕਾਸ਼ਨ, ਦਿੱਲੀ।

ਵਿਚਾਰ ਅਧੀਨ ਕਾਵਿ-ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 400 ਸਾਲਾ ਸ਼ਤਾਬਦੀ ਨੂੰ ਅਰਪਿਤ ਕੀਤੀ ਗਈ ਹੈ। ਇਸ ਕਾਵਿ-ਸੰਗ੍ਰਹਿ ਵਿਚ ਪੰਜਾਬੀ ਦੇ ਸਿਰਮੌਰ ਕਵੀਆਂ ਦੀਆਂ ਕਵਿਤਾਵਾਂ ਸੰਗ੍ਰਹਿਤ ਕਰ ਕੇ ਪਾਠਕਾਂ ਦੇ ਰੂਬਰੂ ਕਰ ਕੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਖ਼ਸੀਅਤ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਹੈ। ਕਵਿਤਾਵਾਂ ਤੋਂ ਪਹਿਲਾਂ ਡਾ. ਬਲਦੇਵ ਸਿੰਘ ਬੱਦਨ ਦੁਆਰਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਫਲਸਫ਼ੇ ਅਤੇ ਸ਼ਹਾਦਤ ਬਾਰੇ ਧਾਰਮਿਕ ਅਤੇ ਇਤਿਹਾਸਕ ਸਰੋਤਾਂ ਦੀ ਰੋਸ਼ਨੀ ਵਿਚ ਬਹੁਤ ਹੀ ਖੋਜ ਭਰਪੂਰ ਜਾਣਕਾਰੀ ਪ੍ਰਸਤੁਤ ਕੀਤੀ ਹੈ ਜੋ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਵਿਚਾਰਧਾਰਕ ਅਤੇ ਬਾਣੀ ਦੇ ਨਾਲ-ਨਾਲ ਤਤਕਾਲੀ ਰਾਜਨੀਤਕ, ਸਮਾਜਕ ਅਤੇ ਧਾਰਮਿਕ ਹਾਲਾਤ ਬਾਰੇ ਭਰੂਪਰ ਜਾਣਕਾਰੀ ਵਿਸ਼ੇਸ਼ ਕਰ ਕੇ ਤੱਥ ਭਰਪੂਰ ਵੇਰਵਾ ਪ੍ਰਸਤੁਤ ਕਰਦੀ ਹੈ। ਪੁਸਤਕ ਵਿਚ ਲਗਪਗ ਸਾਰੀ ਹੀ ਕਵਿਤਾ ਪੰਜਾਬੀ ਦੇ ਮੰਨੇ ਪ੍ਰਮੰਨੇ ਨਵੇਂ ਅਤੇ ਪੁਰਾਣੇ ਕਵੀਆਂ ਦੁਆਰਾ ਲਿਖੀ ਗਈ ਹੈ ਜਿਨ੍ਹਾਂ ਵਿਚ ਸਿੱਖ ਕੌਮ ਦੇ ਢਾਡੀ ਅਤੇ ਪ੍ਰਚਾਰਕ ਵੀ ਸ਼ਾਮਿਲ ਹਨ। ਇਨ੍ਹਾਂ ਪ੍ਰਮੁੱਖ ਕਵੀਆਂ ਵਿਚ ਵਿਧਾਤਾ ਸਿੰਘ ਤੀਰ, ਸੋਹਣ ਸਿੰਘ ਸੀਤਲ, ਸਰਦਾਰ ਪੰਛੀ, ਸ. ਸ. ਮੀਸ਼ਾ, ਚਰਨ ਸਿੰਘ ਸ਼ਹੀਦ, ਇੰਦਰਜੀਤ ਸਿੰਘ ਤੁਲਸੀ, ਸਵਰਨ ਸਿੰਘ ਭੌਰ ਕਵੀਸ਼ਰ, ਧਨੀ ਰਾਤ ਚਾਤਿ੍ਰਕ, ਹਰਭਜਨ ਸਿੰਘ ਹੁੰਦਲ, ਚਰਨ ਸਿੰਘ ਸਫ਼ਰੀ, ਦਾਨ ਸਿੰਘ ਕੋਮਲ, ਢਾਡੀ ਦਇਆ ਸਿੰਘ ਦਿਲਬਰ, ਬਿਸ਼ਨ ਸਿੰਘ ਉਪਾਸ਼ਕ, ਕਰਤਾਰ ਸਿੰਘ ਬਲੱਗਣ, ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਨਾਜਰ ਸਿੰਘ ਤਰਸ, ਹਜ਼ਾਰਾ ਸਿੰਘ ਗੁਰਦਾਸਪੁਰੀ, ਗੁਰਭਜਨ ਗਿੱਲ, ਗੁਰਦੇਵ ਸਿੰਘ ਮਾਨ ਆਦਿ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਕਵੀਆਂ ਦੀਆਂ ਰਚਨਾਵਾਂ ਇਸ ਧਾਰਮਿਕ ਕਾਵਿ-ਸੰਗ੍ਰਹਿ ਦਾ ਸ਼ਿੰਗਾਰ ਹਨ। ਪੁਸਤਕ ਵਿਚ ਸ਼ਾਮਿਲ ਤਕਰੀਬਨ ਸਾਰੀ ਹੀ ਕਠਿਨ ਛੰਦਾਬੰਦੀ ਵਾਲੀ ਹੈ। ਵੱਖ-ਵੱਖ ਛੰਦਾਂ ਵਿਚ ਲਿਖੀ ਕਵਿਤਾ ਪਾਠਕ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ।

Posted By: Harjinder Sodhi