ਬਹਾਰ ਦਾ ਆਪਣਾ ਨਜ਼ਾਰਾ ਹੁੰਦੈ ਤੇ ਪੱਤਝੜ ਦਾ ਆਪਣਾ। ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਬੜੇ ਹੁਸੀਨ ਹੁੰਦੇ ਹਨ। ਛਹਿਬਰ ਲੱਗ ਜਾਂਦੀ ਹੈ ਰੰਗਾਂ ਦੀ। ਕੁਦਰਤ ਦੀ ਰੰਗਲੀ ਲੀਲ੍ਹਾ ਰਚੀ ਜਾਂਦੀ ਹੈ। ਪੱਤਝੜ ਦੇ ਰੰਗ ਬਹਾਰ ਦੇ ਰੰਗਾਂ ਨੂੰ ਵੀ ਮਾਤ ਪਾ ਦਿੰਦੇ ਹਨ। ਰੰਗਾਂ ਦਾ ਜਲੌਅ ਵੀ ਚੜ੍ਹਦੇ ਤੋਂ ਚੜ੍ਹਦਾ, ਸ਼ੋਖ ਤੋਂ ਸ਼ੋਖ ਤੇ ਸੋਹਣੇ ਤੋਂ ਸੋਹਣਾ। ਮੈਂ ਅਕਤੂਬਰ ਦੀਆਂ ਰੰਗੀਨ ਸ਼ਾਮਾਂ ਨੂੰ ਛਿਪਦੇ ਸੂਰਜ ਦੀ ਲਾਲੀ ਵਿਚ ਰੁੱਖਾਂ ਦੀਆਂ ਪਹੀਆਂ ਉੱਤੇ ਸੈਰ ਕਰਦਾ ਹਾਂ ਤਾਂ ਰੁੱਖਾਂ/ਝਾੜੀਆਂ ਦੀਆਂ ਟਾਹਣੀਆਂ ਉੱਤੇ ਅਤੇ ਹੇਠਾਂ ਧਰਤੀ 'ਤੇ ਰੰਗਾਂ ਦੀ ਰਚੀ ਅਪਾਰ ਲੀਲ੍ਹਾ ਪਸਰੀ ਦਿਸਦੀ ਹੈ। ਅਨੇਕਾਂ ਰੰਗ ਹੁੰਦੇ ਹਨ ਪੱਤਿਆਂ, ਝਾੜੀਆਂ, ਫਲਾਂ-ਫੁੱਲਾਂ, ਘਾਹ-ਫੂਸ, ਰੁੱਖਾਂ-ਬੂਟਿਆਂ ਤੇ ਆਲੇ-ਦੁਆਲੇ ਰੰਗ ਵਟਾ ਰਹੀ ਬਨਸਪਤੀ ਦੇ। ਹੈਰਾਨੀ ਹੁੰਦੀ ਹੈ ਏਨੇ ਰੰਗ! ਖੜ੍ਹ-ਖੜ੍ਹ ਵੇਖੀਦੈ ਤੇ ਵੇਖ-ਵੇਖ ਤੁਰੀਦੈ। ਕੁਦਰਤ ਦੇ ਬਲਿਹਾਰ ਜਾਈਦੈ। ਖਿੜਣ ਵੇਲੇ ਤਾਂ ਰੰਗਾਂ ਨੇ ਟਹਿਕਣਾ ਹੀ ਹੋਇਆ, ਇਹ ਤਾਂ ਮੁਰਝਾਉਣ ਲੱਗੇ ਵੀ ਟਹਿਕਦੇ ਨੇ!

ਧਰਤੀ ਦੇ ਰੰਗ ਵੇਖਦਿਆਂ ਕਦੇ-ਕਦੇ ਨਿਗ੍ਹਾ ਉੱਪਰ ਅੰਬਰ ਵੱਲ ਵੀ ਉੱਠ ਜਾਂਦੀ ਹੈ। ਅਸਮਾਨ 'ਚ ਤੈਰਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੇ ਬੱਗੀਆਂ, ਕਦੇ ਕਾਲੀਆਂ ਤੇ ਕਦੇ ਸਾਂਵਲੀਆਂ ਹੋ ਜਾਂਦੀਆਂ ਹਨ। ਕਦੇ ਸੂਰਜ ਦੀ ਲਿਸ਼ਕੋਰ ਵਿਚ ਸੰਤਰੀ ਭਾਅ ਮਾਰਦੀਆਂ ਹਨ। ਲੱਗਦੈ ਜਿਵੇਂ ਬੱਦਲੀਆਂ ਦੀਆਂ ਕੰਨੀਆਂ ਨੂੰ ਗੁਲਾਨਾਰੀ ਗੋਟਾ-ਕਿਨਾਰੀ ਲੱਗੀ ਹੋਵੇ। ਜਿਵੇਂ ਸੁਹੱਪਣ ਦੀਆਂ ਮਤਾਬੀਆਂ ਜਗ ਰਹੀਆਂ ਹੋਣ। ਉਡਦੇ ਪੰਖੇਰੂਆਂ ਦੇ ਖੰਭ ਪਲ-ਪਲ ਰੰਗ ਵਟਾਉਂਦੇ ਲਗਦੇ ਹਨ। ਕਦੇ ਕਾਲੇ, ਕਦੇ ਚਿੱਟੇ, ਕਦੇ ਕੇਸਰੀ ਤੇ ਕਦੇ ਕਪਾਹੀ ਦਿਸਦੇ ਹਨ। ਕਦੇ ਉੱਘੜਵੇਂ, ਕਦੇ ਮੱਧਮ, ਕਦੇ ਨਿੱਖਰੇ ਤੇ ਕਦੇ ਘਸਮੈਲੇ। ਹੇਠਾਂ ਰੁੱਖਾਂ ਅਤੇ ਵੇਲਾਂ-ਬੂਟਿਆਂ ਉਤੇ ਰੰਗ ਖੇਡਦੇ ਹਨ, ਉੱਤੇ ਬੱਦਲਾਂ ਅਤੇ ਪੰਛੀਆਂ ਦੇ ਖੰਭਾਂ 'ਤੇ ਰੰਗ ਕਲੋਲਾਂ ਕਰਦੇ ਹਨ। ਦਿਲ ਕੂਕ ਉਠਦੈ, ਸੁਭਾਨ ਤੇਰੀ ਕੁਦਰਤ!

ਕਦੇ-ਕਦੇ ਮੈਨੂੰ ਪੰਜਾਬ ਦੇ ਧਰਤ-ਦ੍ਰਿਸ਼ ਯਾਦ ਆਉਣ ਲਗਦੇ ਹਨ। ਮੈਂ ਪੰਜਾਬ ਦੀਆਂ ਰੁੱਤਾਂ ਵੇਖਦਾ ਹੀ ਵੱਡਾ ਹੋਇਆ ਹਾਂ। ਰੰਗ ਵਟਾਉਂਦੀ ਪ੍ਰਕਿਰਤੀ ਮੈਨੂੰ ਹਮੇਸ਼ਾ ਸਰਸ਼ਾਰ ਕਰਦੀ ਰਹੀ ਹੈ। ਪੰਜਾਬ ਦੀਆਂ ਹਰੀਆਂ ਭਰੀਆਂ ਪੈਲੀਆਂ ਦੇ ਰੰਗ ਵੀ ਕਮਾਲ ਦੇ ਨੇ। ਦੂਰ-ਦਿਸਹੱਦਿਆਂ ਤਕ ਝੋਨਿਆਂ ਦੀ ਹਰਿਆਵਲ ਦਾ ਲਹਿਲਹਾਉਣਾ, ਬੰਬੀਆਂ ਦੀਆਂ ਚਾਂਦੀ-ਰੰਗੀਆਂ ਧਾਰਾਂ ਦਾ ਵਹਿਣਾ, ਚਰ੍ਹੀਆਂ ਦੀ ਮਿੱਠੀ ਮਹਿਕ, ਬਾਜਰੇ ਦੇ ਗੁੰਦਵੇਂ ਸਿੱਟੇ, ਮੱਕੀ ਦੇ ਬੁੰਬਲਦਾਰ ਬਾਵੂ, ਹਰੇ ਭਰੇ ਲੂਸਣ, ਬਰਸੀਮ, ਵਗਦੀਆਂ ਆਡਾਂ ਦੀ ਲਿਸ਼ਕ ਤੇ ਗਿੱਲੀ ਮਿੱਟੀ ਦੀ ਖ਼ੁਸ਼ਬੋ, ਸੁਨਹਿਰੀ ਕਣਕਾਂ ਦਾ ਝੂਮਣਾ ਤੇ ਸੂਰਜਮੁਖੀ ਦੇ ਫੁੱਲਾਂ ਦਾ ਦਗਦੇ ਸੁਨਹਿਰੇ ਰੰਗਾਂ ਨਾਲ ਮੂੰਹ ਵਿਖਾਉਣਾ ਕਦੇ ਨਹੀਂ ਭੁੱਲਿਆ। ਸਰ੍ਹਵਾਂ ਦੇ ਪੀਲੇ ਫੁੱਲਾਂ ਦੀ ਬਹਾਰ ਦਾ ਆਪਣਾ ਰੰਗ ਹੈ ਤੇ ਤਿਲਾਂ ਦੇ ਚਿੱਟੇ ਅਤੇ ਅਲਸੀ ਦੇ ਅਲਸਾਏ ਫੁੱਲਾਂ ਦਾ ਆਪਣਾ। ਤਦੇ ਤਾਂ ਲੋਕ ਗੀਤ ਜੁੜਿਆ : ਨਣਦ ਚੱਲੀ ਮੁਕਲਾਵੇ ਅਲਸੀ ਦੇ ਫੁੱਲ ਵਰਗੀ। ਮੈਂ ਵੀ ਕਦੇ ਸਿਰੇ ਦੇ ਸ਼ੌਂਕੀ ਅਥਲੀਟ ਮਹਿੰਦਰ ਸਿੰਘ ਗਿੱਲ ਦੇ ਰੇਖਾ ਚਿੱਤਰ ਦਾ ਨਾਂ 'ਅਲਸੀ ਦਾ ਫੁੱਲ’ ਹੀ ਰੱਖਿਆ ਸੀ।

ਮੈਨੂੰ ਉਹ ਦ੍ਰਿਸ਼ ਮੁੜ-ਮੁੜ ਦਿਖਾਈ ਦਿੰਦੇ ਨੇ ਜਦੋਂ ਟਿੱਬਿਆਂ ਉੱਤੋਂ ਦੀ ਛਿਪਦਾ ਸੰਧੂਰੀ ਸੂਰਜ ਕਿਸੇ ਕਾਲੀ ਕਿੱਕਰ ਦੇ ਦੁਸਾਂਗ ਉੱਤੇ ਠੋਡੀ ਰੱਖ ਕੇ ਝਾਤ ਕਰਦਾ ਤੇ ਸਵੇਰਸਾਰ ਸੁਨਹਿਰੀ ਕਿਰਨਾਂ ਦਾ ਛੱਟਾ ਦਿੰਦਾ ਫਿਰ ਹਾਜ਼ਰ ਹੋ ਜਾਂਦਾ। ਉਹਦੀਆਂ ਲਿਸ਼ਕਦੀਆਂ ਕਿਰਨਾਂ ਵਿਚ ਕਣਕਾਂ ਦੇ ਹਰੇ ਕਚੂਰ ਪੱਤਿਆਂ ਨਾਲ ਲਟਕਦੇ ਤ੍ਰੇਲ ਤੁਪਕੇ ਅਨੇਕਾਂ ਰੰਗਾਂ 'ਚ ਚਮਕਦੇ। ਕਦੇ ਉਹ ਹੀਰੇ ਮੋਤੀ ਬਣ ਜਾਂਦੇ ਤੇ ਉਨ੍ਹਾਂ 'ਚ ਪਈਆਂ ਸੱਤਰੰਗੀਆਂ ਪੀਂਘਾਂ ਦੇ ਹੁਲ੍ਹਾਰੇ ਨੱਚਦੇ ਦਿਸਦੇ। ਨ੍ਹਾਤੇ ਧੋਤੇ ਪੱਤਿਆਂ 'ਤੇ ਮੋਰ ਦੀ ਧੌਣ 'ਤੇ ਕਲਗੀ ਵਰਗੀ ਸਾਵੀ-ਸੁਨਹਿਰੀ ਭਾਅ ਲਿਸ਼ਕਦੀ। ਲਵੀਆਂ ਕਣਕਾਂ ਤੋਤੇਰੰਗੀ ਸ਼ਨੀਲ ਦੀ ਭਾਅ ਮਾਰਦੀਆਂ। ਸੂਰਜ ਦੀ ਲਿਸ਼ਕੋਰ ਵਿਚ ਇਹ ਭਾਅ ਮੇਰੇ ਨਾਲ-ਨਾਲ ਤੁਰੀ ਜਾਂਦੀ।

ਪੰਜਾਬ ਤੋਂ ਕੈਨੇਡਾ ਆ ਕੇ ਜਦੋਂ ਮੈਂ ਕੈਨੇਡਾ ਦੀ ਪੱਤਝੜ ਦੇ ਅਨੰਤ ਰੰਗ ਵੇਖਣ ਲੱਗਾ ਹਾਂ ਤਾਂ ਕੁਦਰਤ ਦੇ ਹੋਰ ਵੀ ਬਲਿਹਾਰੇ ਜਾਣ ਨੂੰ ਜੀਅ ਕਰਦੈ। ਬਾਬੇ ਦੀ ਬਾਣੀ ਵੀ ਕਹਿੰਦੀ ਹੈ : ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤ ਨਾ ਜਾਈ ਲੱਖਿਆ। ਏਥੇ ਕਿਸੇ ਉੱਚੇ ਥਾਂ ਖੜ੍ਹ ਕੇ ਹੇਠਾਂ ਪਸਰੀਆਂ ਰੱਖਾਂ ਤੇ ਢਲਵਾਣਾਂ 'ਤੇ ਝਾਤ ਮਾਰਦਾ ਹਾਂ ਤਾਂ ਰੰਗਾਂ ਦੀ ਦੀਵਾਲੀ ਜਗਦੀ ਜਾਪਦੀ ਹੈ। ਅਨੇਕਾਂ ਰੰਗਾਂ ਦੀਆਂ ਫੁੱਲਝੜੀਆਂ ਚੱਲਦੀਆਂ ਮਲੂਮ ਹੁੰਦੀਆਂ ਹਨ। ਰੰਗਾਂ ਦੀ ਆਤਸ਼ਬਾਜ਼ੀ, ਉੱਪਰ ਆਕਾਸ਼ ਵਿਚ ਨਹੀਂ ਧਰਤੀ 'ਤੇ ਹੋ ਰਹੀ ਲਗਦੀ ਹੈ। ਕਦੇ-ਕਦੇ ਮੈਂ ਰੁੱਖਾਂ ਬੂਟਿਆਂ ਤੇ ਫੁੱਲਾਂ ਝਾੜੀਆਂ ਕੋਲ ਖੜ੍ਹ ਕੇ ਉਨ੍ਹਾਂ ਦੇ ਰੰਗ ਨਿਹਾਰਦਾ ਹੈਰਾਨ ਹੁੰਨਾਂ ਕਿ ਕੁਦਰਤ ਨੇ ਏਨੇ ਰੰਗ ਬਖ਼ਸ਼ੇ ਕਿੱਥੋਂ ਨੇ? ਕਿਹਾ ਜਾਂਦਾ ਹੈ ਕਿ ਕਾਲਾ, ਚਿੱਟਾ, ਹਰਾ, ਲਾਲ ਤੇ ਨੀਲਾ ਮੁੱਖ ਰੰਗ ਹਨ। ਓਲੰਪਿਕ ਖੇਡਾਂ ਦੇ ਝੰਡੇ 'ਤੇ ਵੀ ਇਨ੍ਹਾਂ ਰੰਗਾਂ ਦੇ ਹੀ ਚੱਕਰ ਪਰੋਏ ਹਨ। ਇਹ ਵੀ ਕਿਹਾ ਜਾਂਦੈ ਕਿ ਸਾਰੇ ਰੰਗ ਇਨ੍ਹਾਂ ਦੇ ਘੁਲਣ ਮਿਲਣ 'ਚੋਂ ਹੀ ਨਿਕਲੇ ਹਨ। ਤੇ ਉਹ ਏਨੇ ਰੰਗ ਬਣ ਗਏ ਹਨ ਕਿ ਗਿਣਤੀ ਹੀ ਕੋਈ ਨਹੀਂ। ਹਰ ਬੋਲੀ 'ਚ ਇਨ੍ਹਾਂ ਰੰਗਾਂ ਦੇ ਵੱਖ-ਵੱਖ ਨਾਂ ਰੱਖੇ ਹੋਏ ਹਨ। ਰੰਗਾਂ ਦੀ ਸ਼ਨਾਖ਼ਤ ਕਰਨ ਵਿਚ ਪੰਜਾਬੀ ਭਾਸ਼ਾ ਵੀ ਕਿਸੇ ਤੋਂ ਘੱਟ ਨਹੀਂ।

ਸੈਰ ਕਰਦਾ ਮੈਂ ਵੇਖਦਾ ਹਾਂ ਕਿਸੇ ਪੱਤੇ/ਪੱਤੀ, ਫਲ/ਫੁੱਲ ਤੇ ਝਾੜ/ਝਾੜੀ ਦਾ ਰੰਗ ਸੁਰਮਈ ਹੈ, ਕਿਸੇ ਦਾ ਅੰਗੂਰੀ, ਕਿਸੇ ਦਾ ਦਾਖੀ, ਕਿਸੇ ਦਾ ਅੰਬਰੀ ਤੇ ਕਿਸੇ ਦਾ ਕਥਈ। ਕੋਈ ਬਲੰਭਰੀ ਹੈ, ਕੋਈ ਦਾਲਚੀਨੀ, ਕੋਈ ਮੂੰਗੀਆ, ਕੋਈ ਫਿਰੋਜ਼ੀ ਤੇ ਕੋਈ ਅੰਡਰਈ। ਕਿਸੇ ਦਾ ਗੁਲਾਬਾਸੀ, ਕਿਸੇ ਦਾ ਦੂਧੀਆ, ਕਿਸੇ ਦਾ ਰਾਣੀ ਕਲਰ, ਕਿਸੇ ਦਾ ਕਰੀਮ ਕਲਰ, ਕੋਈ ਕੱਚਾ ਪੀਲਾ, ਕੋਈ ਪੱਕਾ ਪੀਲਾ, ਕੋਈ ਸ਼ਬਨਮੀ, ਕੋਈ ਸੰਦਲੀ, ਕੋਈ ਲੂਸਣੀ, ਕੋਈ ਲਾਖਾ, ਕੋਈ ਸਾਵਾ, ਕੋਈ ਬੱਗਾ, ਕੋਈ ਬੂਰਾ, ਕੋਈ ਚਿਤਕਬਰਾ, ਕੋਈ ਮਟਮੈਲਾ, ਘਸਮੈਲਾ ਤੇ ਕੋਈ ਅਰਬੀ ਹੈ। ਕਿਸੇ ਦਾ ਰੰਗ ਮੋਰਪੰਖੀਆ, ਕਿਸੇ ਦਾ ਗੁਲਮੋਹਰੀ, ਕਿਸੇ ਦਾ ਯਾਕੂਤੀ ਤੇ ਕਿਸੇ ਦਾ ਸ਼ਰਬਤੀ!

ਖਿਲਰੇ ਹੋਏ ਪੱਤਿਆਂ ਤੇ ਖਿੜੇ ਹੋਏ ਫੁੱਲਾਂ ਦੀਆਂ ਪੱਤੀਆਂ ਦੇ ਰੰਗ, ਫਲਾਂ ਦੇ ਰੰਗ, ਰਾਹ ਜਾਂਦਿਆਂ ਨੂੰ ਰੋਕਦੇ ਹਨ। ਕਿਤੇ ਗੂੜ੍ਹੇ ਰੰਗਾਂ ਦੇ ਪੱਕੇ ਫਲ ਦਿਸਦੇ ਹਨ ਤੇ ਕਿਤੇ ਹਲਕੇ ਰੰਗਾਂ ਦੇ ਕੱਚੇ ਫਲ। ਕਿਸੇ ਫਲ ਦਾ ਰੰਗ ਅਨਾਰੀ ਹੈ, ਕਿਸੇ ਦਾ ਬਦਾਮੀ, ਕਿਸੇ ਦਾ ਬਿਸਕੁਟੀ, ਕਿਸੇ ਦਾ ਗਾਜਰੀ ਤੇ ਕਿਸੇ ਦਾ ਸੰਤਰੀ। ਝਾੜੀਆਂ ਨੂੰ ਲੱਗੇ ਮਲ੍ਹਿਆਂ ਦੇ ਬੇਰਾਂ ਵਰਗੇ ਨਿੱਕੇ ਸੁਰਖ਼ ਫਲ ਖਾਣ ਨੂੰ ਜੀਅ ਕਰਦਾ ਹੈ। ਸੰਧੂਰੀ ਅੰਬੀਆਂ ਵਰਗੇ ਰੱਤੇ ਸੇਬ ਲੱਗੇ ਹੁੰਦੇ ਨੇ ਕਈ ਥਾਈਂ। ਕਦੇ-ਕਦੇ ਤੋੜ ਵੀ ਬਹੀਦੈ। ਝਾੜੀਆਂ ਦੇ ਪੱਤੇ ਭਾਵੇਂ ਨਿੱਕੇ ਹੁੰਦੇ ਹਨ ਪਰ ਉਨ੍ਹਾਂ ਦੇ ਰੰਗਾਂ ਦਾ ਵੀ ਅੰਤ ਨਹੀਂ। ਟਾਹਣੀਓਂ ਟੁੱਟ ਕੇ ਤਾਂ ਉਹ ਹੋਰ ਹੀ ਰੰਗ ਵਟਾ ਲੈਂਦੇ ਹਨ। ਕਿਸੇ ਦਾ ਪੱਤੀ ਦਾ ਰੰਗ ਮੋਤੀਆ, ਕਿਸੇ ਦਾ ਬਡਮੋਤੀਆ, ਕਿਸੇ ਦਾ ਕੱਦੂਮੋਤੀਆ, ਕਿਸੇ ਦਾ ਕਪੂਰੀ, ਕਿਸੇ ਦਾ ਘਿਉਕਪੂਰੀ, ਕਿਸੇ ਦਾ ਪਿਆਜ਼ੀ ਤੇ ਕਿਸੇ ਦਾ ਹਵਾਪਿਆਜ਼ੀ। ਸ਼ਾਮ ਨੂੰ ਕਈ ਸੱਜਣ ਉਂਜ ਹੀ ਹਵਾਪਿਆਜ਼ੀ ਹੋਏ ਮਿਲਦੇ ਹਨ!

ਕੈਨੇਡਾ ਦਾ ਰਾਜ ਰੁੱਖ ਮੇਪਲ ਟ੍ਰੀ ਹੈ। ਮੇਪਲ ਦਾ ਪੱਤਾ ਕੈਨੇਡਾ ਦੇ ਰਾਸ਼ਟਰੀ ਝੰਡੇ 'ਤੇ ਅੰਕਿਤ ਹੈ। ਕੈਨੇਡਾ ਵਿਚ ਉਂਜ ਵੀ ਮੇਪਲ ਰੁੱਖਾਂ ਦੀ ਭਰਮਾਰ ਹੈ। ਰੁੱਖ ਭਾਵੇਂ ਕੋਈ ਵੀ ਹੈ ਪੱਤੇ ਉਹਦੇ ਮੇਪਲ ਵਰਗੇ ਹੀ ਲੱਗਦੇ ਹਨ। ਪੱਤਝੜ ਵਿਚ ਮੇਪਲ ਦੇ ਪੱਤੇ ਵੀ ਅਨੇਕਾਂ ਰੰਗ ਵਟਾਉਂਦੇ ਹਨ। ਮੇਪਲ ਜਦੋਂ ਹਰਿਆ ਭਰਿਆ ਹੋਵੇ ਤਾਂ ਤੋਤੇਰੰਗਾ ਹੁੰਦੈ ਜਿਨ੍ਹਾਂ 'ਚ ਤੋਤੇ ਲੁਕ ਵੀ ਸਕਦੇ ਨੇ। ਫਿਰ ਇਸ ਦੇ ਪੱਤੇ ਕਦੇ ਤਰਬੂਜ਼ੀਆ, ਕਦੇ ਬੈਂਗਣੀ, ਕਦੇ ਜਾਮਣੀ ਕਦੇ ਮਹਿੰਦੀਰੰਗੇ, ਕਦੇ ਨਸਵਾਰੀ ਤੇ ਕਦੇ ਲਾਜਵਰੀ ਰੰਗਾਂ 'ਚ ਰੰਗੇ ਜਾਂਦੇ ਨੇ। ਪੱਤਝੜ ਦੀ ਰੁੱਤ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਪੱਤੇ ਅਤੇ ਫੁੱਲ, ਰੁੱਖਾਂ ਅਤੇ ਬੂਟਿਆਂ ਉੱਤੇ ਹੀ ਰੰਗ ਵਟਾਉਂਦੇ ਰਹਿੰਦੇ ਹਨ। ਰੁੱਖ ਇੰਜ ਲਗਦੇ ਹਨ ਜਿਵੇਂ ਰੰਗ ਬਰੰਗੀਆਂ ਚੀਨੀ/ਜਪਾਨੀ ਛਤਰੀਆਂ ਤਾਣੀਆਂ ਹੋਈਆਂ ਹੋਣ। ਜਦੋਂ ਪੱਤਝੜ ਪੱਤੇ ਝਾੜਨ 'ਤੇ ਆਉਂਦੀ ਹੈ ਤਾਂ ਪੱਤੇ ਧਰਤੀ 'ਤੇ ਡਿੱਗ ਕੇ ਹੋਰ ਵੀ ਰੰਗ ਵਟਾਉਂਦੇ ਹਨ। ਧਰਤੀ 'ਤੇ ਡਿੱਗੇ ਪਏ ਪੱਤਿਆਂ ਤੇ ਫੁੱਲ-ਪੱਤੀਆਂ 'ਤੇ ਝਾਤ ਮਾਰੀਏ ਤਾਂ ਇਉਂ ਲੱਗਦੈ ਜਿਵੇਂ ਰੰਗੀਨ ਫੁਲਕਾਰੀਆਂ ਵਿਛਾ ਰੱਖੀਆਂ ਹੋਣ। ਉਨ੍ਹਾਂ ਵਿਚ ਅਸਮਾਨੀ ਰੰਗ ਵੀ ਹੁੰਦੇ ਹਨ, ਸਰ੍ਹੋਂਫੁੱਲੇ ਵੀ, ਊਦੇ ਵੀ, ਮੋਰਪੰਖੀਏ ਵੀ, ਗਿੱਦੜਰੰਗੇ ਵੀ ਤੇ ਘੁੱਗੀਰੰਗੇ ਵੀ। ਕਿਸੇ ਪੱਤੇ ਦਾ ਰੰਗ ਕਾਸ਼ਨੀ ਹੁੰਦੈ, ਕਿਸੇ ਦਾ ਭਗਵਾਂ, ਕਿਸੇ ਦਾ ਗੇਰੂਆ, ਕਿਸੇ ਦਾ ਗੁਲਾਨਾਰੀ, ਕਿਸੇ ਦਾ ਉਨਾਭੀ, ਕਿਸੇ ਦਾ ਜਾਮਣੀ, ਕਿਸੇ ਦਾ ਗੁਲਾਬੀ, ਕਿਸੇ ਦਾ ਕਬੂਤਰੀ ਤੇ ਕਿਸੇ ਦਾ ਕਿਰਮਚੀ।

ਇਕ ਦਿਨ ਬੱਦਲ ਛਾਏ ਹੋਏ ਸਨ। ਮੈਂ ਬਾਰੀ 'ਚੋਂ ਬਾਹਰ ਵੇਖਿਆ, ਅੰਬਰ ਸੁਰਮਈ/ਸਲੇਟੀ ਹੋਇਆ ਪਿਆ ਸੀ। ਗੂੜ੍ਹੇ ਬੱਦਲਾਂ 'ਤੇ ਕਾਲੋਂ ਫਿਰੀ ਹੋਈ ਸੀ। ਬੱਦਲ ਖਿੰਡੇ ਤਾਂ ਚੁਫੇਰੇ ਚਿੱਟਾ/ਸਫ਼ੈਦ ਚਾਨਣ ਹੋ ਗਿਆ। ਸੂਰਜ ਦੀਆਂ ਧੁਪੀਲੀਆਂ ਕਿਰਨਾਂ ਨਾਲ ਬਨਸਪਤੀ ਦੇ ਰੰਗ ਫਿਰ ਜਗ ਪਏ। ਪੌਣਾਂ ਵਿਚ ਵੀ ਜਿਵੇਂ ਮਹਿਕਾਂ ਘੁਲ ਗਈਆਂ ਹੋਣ। ਹਵਾ ਦੀ ਸਰਸਰਾਹਟ ਟੂਣੇਹਾਰੀ ਲੱਗਣ ਲੱਗੀ। ਲੱਗਾ ਜਿਵੇਂ ਪੌਣ ਬਾਰੀਆਂ 'ਚੋਂ ਬਣ ਠਣ ਕੇ ਲੰਘਦੀ ਹੋਵੇ। ਮੈਨੂੰ ਬਾਰੀ 'ਚੋਂ ਅੰਬਰ ਦੇ ਅਸਮਾਨੀ ਰੰਗਾਂ ਹੇਠਾਂ ਬਨਸਪਤੀ ਦੇ ਕਿਧਰੇ ਜੋਗੀਆ, ਕਿਧਰੇ ਅੰਬਰਸੀਆ, ਕਿਧਰੇ ਗਾਜਰੀ, ਕਿਧਰੇ ਲਸੂੜੀਆ, ਕਿਧਰੇ ਨਾਸ਼ਪਾਤੀ ਤੇ ਕਿਧਰੇ ਕਾਸ਼ਨੀ ਰੰਗਾਂ ਦੇ ਦਰਸ਼ਨ ਹੋਏ। ਸੁੱਕੀ ਭੋਇੰ ਦਾਖੀ ਤੇ ਖਾਕੀ ਜਿਹੀ ਦਿਸ ਰਹੀ ਸੀ। ਛੰਭ ਦਾ ਪਾਣੀ ਭਾਵੇਂ ਮਟਮੈਲਾ ਸੀ ਪਰ ਝੀਲ ਦਾ ਪਾਣੀ ਨੀਲਾ ਤੇ ਨਿਰਮਲ ਸੀ। ਫੁਹਾਰਿਆਂ ਵਿੱਚੋਂ ਚਾਂਦੀਰੰਗੇ, ਤਾਂਬੇਰੰਗੇ ਤੇ ਸੋਨਰੰਗੇ ਪਾਣੀ ਦੀਆਂ ਬੁਛਾੜਾਂ ਪੈ ਰਹੀਆਂ ਸਨ। ਧੁੱਪ ਗੋਰੀ-ਗੋਰੀ ਸੀ ਤੇ ਛਾਂ ਸਾਂਵਲੀ-ਸਾਂਵਲੀ। ਮਧਰੀਆਂ ਝਾੜੀਆਂ ਹਰੀਆਂ ਚੁੰਨੀਆਂ ਓੜੀ ਘੁੰਡ ਕੱਢੀ ਖੜ੍ਹੀਆਂ ਸਨ। ਪੱਤਿਆਂ 'ਚ ਟਹਿਕ ਸੀ ਤੇ ਫੁੱਲਾਂ 'ਚ ਮਹਿਕ। ਅਗਸਤ ਸਤੰਬਰ ਦੀ ਹੁੰਮਸ ਅਕਤੂਬਰ ਦੀ ਮੱਠੀ-ਮੱਠੀ ਠਾਰੀ ਵਿਚ ਬਦਲ ਗਈ ਸੀ।

ਕੈਨੇਡਾ ਦੀਆਂ ਚਾਰ ਰੁੱਤਾਂ ਵਿਚ ਸਭ ਤੋਂ ਦੁਸ਼ਵਾਰ ਰੁੱਤ ਸਰਦੀ ਦੀ ਗਿਣੀ ਜਾਂਦੀ ਹੈ। ਉਦੋਂ ਟੋਰਾਂਟੋ ਵੱਲ ਬਰਫ਼ਾਂ ਪੈ ਜਾਂਦੀਆਂ ਹਨ। ਬਾਹਰ ਨਿਕਲਦਿਆਂ ਹੱਡ ਪੈਰ ਠਰਦੇ ਹਨ। ਉਦੋਂ ਬਾਰੀ ਤੋਂ ਬਾਹਰ ਬਰਫ਼ਾਂ ਦਾ ਚਿੱਟਾ ਸਫ਼ੈਦ ਰੰਗ ਦਿਸਦਾ ਹੈ ਜਾਂ ਸੁੱਕੇ ਰੱਖਾਂ ਤੇ ਨੰਗੀਆਂ ਟਾਹਣੀਆਂ ਦਾ ਭੂਰਾ ਭੂਸਲਾ। ਉਦੋਂ ਰੰਗਾਂ ਵਿਚ ਵਿਲੱਖਣਤਾ ਨਹੀਂ ਹੁੰਦੀ। ਰੰਗਾਂ ਦਾ ਜਲੌਅ ਨਹੀਂ ਦਿਸਦਾ, ਰੰਗਾਂ ਦੀ ਹੋਲੀ ਨਹੀਂ ਹੁੰਦੀ। ਰੰਗ ਬਹਾਰ ਦੀ ਰੁੱਤ ਵਿਚ ਉਗਮਦੇ ਹਨ ਤੇ ਗਰਮੀਆਂ ਦੇ ਦਿਨਾਂ 'ਚ ਪੱਕਦੇ ਹਨ। ਬਹਾਰ ਸੋਹਣੀ ਹੈ ਤੇ ਗਰਮੀ ਸੁਖਾਵੀਂ। ਪਰ ਪੱਤਝੜ ਦਾ ਜਲਵਾ ਵੀ ਕਿਸੇ ਤੋਂ ਘੱਟ ਨਹੀਂ। ਤਦੇ ਤਾਂ ਸ਼ੁਰੂ 'ਚ ਕਿਹਾ ਸੀ ਕਿ ਕੈਨੇਡਾ ਦੀ ਪੱਤਝੜ ਦੇ ਨਜ਼ਾਰੇ ਵੀ ਹੁਸੀਨ ਹੁੰਦੇ ਹਨ। ਕਹਿਣ ਵਾਲਾ ਤਾਂ ਇਹ ਵੀ ਹੈ ਕਿ 'ਗ਼ਰੀਬਣੀ’ ਕਹੀ ਜਾਂਦੀ ਸਾਡੀ ਮਾਂ ਬੋਲੀ ਪੰਜਾਬੀ 'ਚ ਰੰਗਾਂ ਦੇ ਨਾਂ ਰੱਖਣ ਵਾਲਿਆਂ ਦੇ ਵੀ ਕਿਆ ਕਹਿਣੇ! ਰੰਗਾਂ ਦੇ ਸੌ ਕੁ ਨਾਂ ਤਾਂ ਰੱਖੇ ਹੀ ਗਏ ਹਨ। ਮੈਂ ਕੈਨੇਡਾ ਦੀ ਪੱਤਝੜ ਨੂੰ ਸਿਰ ਨਿਵਾਉਂਦਾ ਹਾਂ ਜਿਸ ਨੇ ਮੈਨੂੰ ਸਾਡੀ ਮਾਂ-ਬੋਲੀ ਦੇ ਭੁੱਲ ਰਹੇ ਰੰਗਾਂ ਦੇ ਨਾਂ ਮੁੜ ਚੇਤੇ ਕਰਾ ਦਿੱਤੇ ਹਨ।

- ਪ੍ਰਿੰ. ਸਰਵਣ ਸਿੰਘ

Posted By: Harjinder Sodhi