ਬਹੁਪੱਖੀ ਸ਼ਖ਼ਸੀਅਤ ਦੇ ਧਨੀ ਬਲਜਿੰਦਰ ਮਾਨ ਇੱਕੋ ਸਮੇਂ ਬਾਲ ਕਹਾਣੀਕਾਰ, ਸੰਪਾਦਕ, ਕਾਲਮਿਸਟ, ਪ੍ਰਕਾਸ਼ਕ, ਖੋਜਾਰਥੀ, ਦੂਰਦਰਸ਼ਨ-ਅਕਾਸ਼ਵਾਣੀ ਦਾ ਐਂਕਰ, ਸੱਭਿਆਚਾਰਕ ਮੇਲਿਆਂ ਦਾ ਸਫਲ ਮੰਚ ਸੰਚਾਲਕ, ਪ੍ਰਬੰਧਕ ਅਤੇ ਸਫਲ ਅਧਿਆਪਕ ਹੈ। ਉਸ ਦਾ ਜਨਮ ਪਿੰਡ ਮਹਿਮਦਵਾਲ ਕਲਾਂ (ਹੁਸ਼ਿਆਰਪੁਰ) ਵਿਖੇ ਮਾਤਾ ਭਜਨ ਕੌਰ ਅਤੇ ਪਿਤਾ ਭਜਨਾ ਰਾਮ ਦੇ ਘਰ 15 ਮਈ 1964 ਨੂੰ ਹੋਇਆ। ਪਤਾ ਰਿਟਾ. ਸਬ ਇੰਸਪੈਕਟਰ ਬੀ ਐੱਸ ਐੱਫ ਦੀ ਅਗਵਾਈ ਹੇਠ ਐਮ. ਏ. ਪੰਜਾਬੀ ਅਤੇ ਰਾਜਨੀਤੀ ਸਾਇੰਸ , ਬੀ ਐੱਡ ਅਤੇ ਡਿਪਲੋਮਾ ਇਨ ਜਰਨਲਿਜਮ ਉੱਚ ਯੋਗਤਾ ਪ੍ਰਾਪਤ ਕੀਤੀ।

ਫਿਰ 1992 ਤੋਂ 1997 ਤਕ ਸੁਰ ਸੰਗਮ ਹਾਈ ਸਕੂਲ, ਮਾਹਿਲਪੁਰ ਵਿਖੇ ਬਤੌਰ ਪ੍ਰਿੰਸੀਪਲ ਕੰਮ ਕੀਤਾ। ਮਗਰੋਂ ਸਰਕਾਰੀ ਐੱਸ.ਐੱਸ. ਅਧਿਆਪਕ ਵਜੋਂ ਆਪਣੀ ਡਿਊਟੀ ਨੂੰ ਬਾਖੂਬੀ ਅੰਜਾਮ ਦੇ ਰਹੇ ਹਨ। 15 ਮੌਲਿਕ ਪੁਸਤਕਾਂ , 05 ਪੁਸਤਕਾਂ ਦੇ ਅਨੁਵਾਦ ਅਤੇ 21 ਦੇ ਕਰੀਬ ਬਾਲ ਪੁਸਤਕਾਂ ਦੀ ਪ੍ਰਕਾਸ਼ਨਾ ਅਤੇ ਬੀਤੇ 22 ਸਾਲ ਤੋਂ ਨਿਰੰਤਰ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਦੀ ਸੰਪਾਦਨਾ ਕਰਦੇ ਆ ਰਹੇ ਹਨ। ਦੁਆਬੇ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਬਾਲ ਸਾਹਿਤ ਦੀ ਅਲਖ ਨਿਰੰਤਰ ਜਗਾਈ ਰੱਖਣ ਵਾਲੇ ਸਿਰੜੀ ਕਰਮਯੋਗੀ ਬਲਜਿੰਦਰ ਮਾਨ ਨਾਲ ਮੁਲਾਕਾਤ ਦੇ ਕੁਝ ਅੰਸ਼-

- ਆਪਣੇ ਬਚਪਨ ਦੀਆਂ ਯਾਦਾਂ ਸਾਂਝੀਆਂ ਕਰੋ।

ਮੈਂ ਪਰਿਵਾਰ ਵਿਚ ਇਕਲੌਤਾ ਲੜਕਾ ਸੀ ਇਸ ਲਈ ਮੇਰੀ ਸੁਰੱਖਿਆ ਵਿਚ ਬਹੁਤ ਧਿਆਨ ਦਿੱਤਾ ਜਾਂਦਾ ਸੀ। ਮੇਰੇ 'ਤੇ ਲੜਕੀਆਂ ਵਾਂਗ ਹੀ ਪੂਰੀ ਨਜ਼ਰ ਰੱਖੀ ਜਾਂਦੀ ਸੀ। ਬਾਹਰ ਆਉਣ ਜਾਣ 'ਤੇ ਬੜੀ ਪਾਬੰਦੀ ਰਹਿੰਦੀ ਸੀ। ਇਸ ਬੰਦਿਸ਼ ਨੇ ਹੀ ਮੇਰੇ ਅੰਦਰ ਸਾਹਿਤ ਪੜ੍ਹਣ ਅਤੇ ਸਿਰਜਣ ਦੀ ਚੇਟਕ ਪੈਦਾ ਕੀਤੀ। ਘਰ ਵਿਚ ਹੀ ਰਹਿਣ ਕਾਰਨ ਜਿਹੜੀ ਵੀ ਕਿਤਾਬ ਜਾਂ ਅਖ਼ਬਾਰ ਦਾ ਟੁਕੜਾ ਮਿਲਦਾ ਮੈਂ ਪੜ੍ਹਨ ਬੈਠ ਜਾਂਦਾ। ਘਰ ਦਾ ਮਾਹੌਲ ਧਾਰਮਿਕ ਹੋਣ ਕਾਰਨ ਮੈਂ ਵਧੇਰੇ ਕਰ ਕੇ ਧਾਰਮਿਕ ਕਿਤਾਬਾਂ ਹੀ ਪੜੀ੍ਹਆਂ।

- ਬਚਪਨ ਵਿਚ ਤੁਹਾਡੀਆਂ ਸਾਹਿਤਕ ਰੁਚੀਆਂ ਨੂੰ ਖੰਭ ਲਾਉਣ ਵਾਲੇ ਰਾਹ ਦਸੇਰੇ ਕੌਣ ਸਨ?

ਡਾ. ਮਨਮੋਹਨ ਸਿੰਘ ਤੀਰ ਅਤੇ ਪ੍ਰਿੰਸੀਪਲ ਸਰਵਨ ਰਾਮ ਭਾਟੀਆ ਵਰਗੇ ਸਾਹਿਤਕਾਰ ਅਧਿਆਪਕਾਂ ਨੇ ਮੇਰੀ ਅਗਵਾਈ ਕੀਤੀ। ਮਗਰੋਂ ਜਸਵੰਤ ਸਿੰਘ ਜੱਸੋਵਾਲ, ਹਰਕੇਵਲ ਸਿੰਘ ਸੈਲਾਨੀ ਅਤੇ ਆਰਟਿਸਟ ਬੱਗਾ ਸਿੰਘ ਆਦਿ ਸ਼ਖ਼ਸੀਅਤਾਂ ਨੇ ਮੈਨੂੰ ਅਗਲੀਆਂ ਸਫਾਂ 'ਤੇ ਖੜ੍ਹਾ ਕੀਤਾ।

- ਤੁਹਾਡੇ ਇਕ ਸਫਲ ਬੁਲਾਰੇ ਅਤੇ ਮੰਚ ਸੰਚਾਲਕ ਬਣਨ ਪਿੱਛੇ ਕੀ ਰਾਜ਼ ਹੈ?

ਉਦੋਂ ਮੈਂ ਛੇਵੀਂ ਜਮਾਤ ਵਿਚ ਪੜ੍ਹਦਾ ਸੀ। ਪਿੰਡ ਵਿਚ ਵੋਟਾਂ ਦਾ ਪ੍ਰਚਾਰ ਕਰਨ ਆਏ ਪ੍ਰਚਾਰਕਾਂ ਨਾਲ ਮੈਂ ਵੀ ਮਾਈਕ 'ਤੇ ਬੋਲਣ ਲੱਗ ਪਿਆ। ਮੇਰਾ ਝਾਕਾ ਖੁੱਲ੍ਹ ਗਿਆ ਤੇ ਉਨ੍ਹਾਂ ਨੇ ਭਵਿੱਖਬਾਣੀ ਕਰ ਦਿੱਤੀ ਕਿ ਇਕ ਦਿਨ ਇਹ ਮੁੰਡਾ ਬੁਲਾਰਾ ਬਣੇਗਾ। ਸਮਝ ਲਵੋ ਉਨ੍ਹਾਂ ਦੀ ਭਵਿੱਖਬਾਣੀ ਸੱਚ ਹੋ ਗਈ। ਫਿਰ ਤਾਂ ਚਲ ਸੋ ਚਲ, ਸੱਭਿਆਚਾਰਕ ਮੇਲਿਆਂ ਅਤੇ ਦੂਰਦਰਸ਼ਨ-ਅਕਾਸ਼ਵਾਣੀ ਤੇ ਵੀ ਐਂਕਰ ਦੀ ਭੂਮਿਕਾ ਨਿਭਾਈ। ਸਕੂਲ ਵਿਚ ਪੜ੍ਹਦਿਆਂ ਵੀ ਮੈਂ ਆਪ ਹੀ ਨਿਰਦੇਸ਼ਕ ਅਤੇ ਅਦਾਕਾਰੀ ਦੀ ਭੂਮਿਕਾ ਨਿਭਾਉਣ ਲੱਗ ਪਿਆਂ ਸੀ।

- ਤੁਸੀਂ ਪੱਤਰਕਾਰੀ ਨਾਲ ਵੀ ਜੁੜੇ ਰਹੇ ਹੋ। ਇਸ ਪਾਸੇ ਰੁਝਾਨ ਕਿਵੇਂ ਪੈਦਾ ਹੋਇਆ?

ਦਰਅਸਲ ਸਕੂਲ ਕਾਲਜ ਸਮੇਂ ਮੈਂ ਐੱਨ ਐੱਸ. ਐੱਸ ਦਾ ਮੈਂਬਰ ਰਿਹਾ। ਇਸ ਨਾਲ ਮੇਰੇ ਅੰਦਰ ਸਮਾਜ ਭਲਾਈ ਦਾ ਜਜ਼ਬਾ ਪੈਦਾ ਹੋ ਗਿਆ। ਮੈਂ ਡਿਪਲੋਮਾ ਇਨ ਜਰਨਿਲਜਮ ਵੀ ਕੀਤਾ ਅਤੇ ਕੁਝ ਅਖ਼ਬਾਰਾਂ ਲਈ ਮਾਹਿਲਪੁਰ ਤੋਂ ਪੱਤਰਪ੍ਰੇਰਕ ਵਜੋਂ ਕੰਮ ਕਰਦਿਆਂ ਇਲਾਕੇ ਦੇ ਵਨ ਸੁਵੰਨੇ ਪਹਿਲੂਆਂ ਅਤੇ ਸਮੱਸਿਆਵਾਂ ਨੂੰ ਉਭਾਰਨ ਦਾ ਜਤਨ ਕੀਤਾ।

- ਤੁਸੀਂ ਬਾਲ ਸਾਹਿਤ ਸਿਰਜਣਾ ਤੇ ਉਸ ਦੇ ਪ੍ਰਚਾਰ ਪ੍ਰਸਾਰ ਵੱਲ ਕਿਵੇਂ ਰੁਚਿਤ ਹੋਏ?

15 ਅਗਸਤ 1987 ਨੂੰ ਸ਼ਾਇਰ ਅੰਮ੍ਰਿਤ ਦੀਵਾਨਾ ਅਤੇ ਡਾ. ਜਸਵੰਤ ਸਿੰਘ ਥਿੰਦ ਨਾਲ ਮਿਲ ਕੇ ਪੰਜਾਬੀ ਸਾਹਿਤ ਸਭਾ, ਮਾਹਿਲਪੁਰ ਸਥਾਪਤ ਕੀਤੀ। ਫਿਰ 1990 ਵਿਚ ਬਾਲ ਮੇਲੇ ਕਰਾਉਣੇ ਸ਼ੂਰੂ ਕੀਤੇ। ਡਾ. ਰਮਾ ਰਤਨ ਤੋਂ ਪ੍ਰੇਰਿਤ ਹੋ ਕੇ ਬੱਚਿਆਂ ਦੇ ਕਲਾਕਾਰ ਕਮਲਜੀਤ ਨੀਲੋਂ ਨੂੰ ਨਾਲ ਲੈ ਕੇ ਦੇਸ਼ ਅਤੇ ਸੂਬੇ ਦੇ ਵੱਖੋ ਵੱਖਰੇ ਸ਼ਹਿਰਾਂ-ਪਿੰਡਾਂ ਵਿਚ ਬਾਲ ਮੇਲੇ ਆਯੋਜਿਤ ਕੀਤੇ। ਫਿਰ 22 ਸਾਲ ਪਹਿਲਾਂ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ। ਇਹ ਬਾਲ ਰਸਾਲਾ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਨਿਰੰਤਰ ਜਾਰੀ ਹੈ।

- ਨਿੱਕੀਆਂ ਕਰੂੰਬਲਾਂ ਨਾਲ ਜੁੜੇ ਕੁਝ ਮਿੱਠੇ ਕੌੜੇ ਤਜਰਬੇ ਪਾਠਕਾਂ ਨਾਲ ਸਾਂਝੇ ਕਰੋ।

ਮਿੱਠਾ ਤਜਰਬਾ ਤਾਂ ਇਹ ਹੈ ਕਿ ਕ੍ਰਿਸ਼ਨ ਕੁਮਾਰ ਸਿੱਖਿਆ ਸਕੱਤਰ ( ਉਦੋਂ ਡੀ. ਜੀ. ਐੱਸ. ਈ. ਪੰਜਾਬ) ਨੇ ਇਸ ਰਸਾਲੇ ਨੂੰ ਲਾਗਤ ਕੀਮਤ 'ਤੇ ਪੰਜਾਬ ਦੇ ਸਾਰੇ ਸਕੂਲਾਂ ਨੂੰ ਭੇਜਣਾ ਸ਼ੂਰੂ ਕਰ ਦਿੱਤਾ ਤੇ ਕੌੜਾ ਤਜਰਬਾ ਇਹ ਸੀ ਕਿ ਜਦੋਂ ਇਕ ਸਕੂਲ ਦੇ ਪ੍ਰਿੰਸੀਪਲ ਨੇ ਇਹ ਕਿਹਾ ਕਿ 'ਬਾਲ ਰਸਾਲਿਆਂ ਦੀ ਕੀ ਲੋੜ ਹੈ' ਪਰ ਇਸ ਸਫ਼ਰ ਵਿਚ ਮੇਰੀ ਮਾਤਾ (ਸਵਰਗੀ) ਭਜਨ ਕੌਰ ਅਤੇ ਜੀਵਨ ਸਾਥਣ ਮਨਜੀਤ ਕੌਰ ਤੇ ਹੋਰ ਸਾਰੇ ਬੱਚਿਆਂ-ਬਜ਼ੁਰਗਾਂ ਤੇ ਅਧਿਆਪਕਾਂ ਮੁਖੀਆਂ ਤੋਂ ਮੈਨੂੰ ਭਰਪੂਰ ਯੋਗਦਾਨ ਮਿਲਿਆ ਹੈ।

- ਤੁਸੀਂ ਢਾਡੀ ਅਮਰ ਸਿੰਘ ਸ਼ੌਂਕੀ ਸੱਭਿਆਚਾਰਕ ਮੇਲੇ ਦਾ ਦਸ ਵਰ੍ਹੇ ਤਕ ਸਫਲ ਪ੍ਰਬੰਧ ਕੀਤਾ, ਫਿਰ ਅਚਾਨਕ ਬੰਦ ਕਿਉਂ ਕਰ ਦਿੱਤਾ?

ਮੈਂ ਅਤੇ ਮੇਰੇ ਸੀਨੀਅਰ ਸਾਥੀ ਐੱਸ ਅਸ਼ੋਕ ਭੌਰਾ ਵਿਚ ਸਾਹਿਤ ਅਤੇ ਸੱਭਿਆਚਾਰ ਲਈ ਕੁਝ ਨਵਾਂ ਨਰੋਆ ਕਰਨ ਦਾ ਬੜਾ ਜਜ਼ਬਾ ਸੀ। ਇਸ ਉਦੇਸ਼ ਨੂੰ ਲੈ ਕੇ ਅਸੀਂ 1984 ਵਿਚ ਸੱਭਿਆਚਾਰਕ ਮੇਲੇ ਰਾਹੀਂ ਢਾਡੀ ਕਲਾ ਨੂੰ ਪ੍ਰਫੁੱਲਤ ਕਰਨ ਦੀ ਸੋਚੀ ਪਰ ਮੁਫ਼ਤ ਵਿਚ ਮਿਲੀ ਇਹ ਚੀਜ਼ ਵਾਰਿਸਾਂ ਤੋਂ ਸਾਂਭ ਨਾ ਹੋਈ। ਅਸੀਂ ਇਹ ਮੇਲਾ ਬੰਦ ਕਰ ਦਿੱਤਾ।

- ਨਿਰੰਤਰ ਮਾਸਿਕ ਰਸਾਲੇ ਦੀ ਸੰਪਾਦਨਾ ਕਰਨਾ ਬਹੁਤ ਹੀ ਸਿਰੜ ਅਤੇ ਰੁਝੇਵੇਂ ਭਰਿਆ ਕਾਰਜ ਹੈ। ਇਸ ਨਾਲ ਤੁਹਾਡੀ ਰਚਨਾਤਮਕਤਾ 'ਤੇ ਕੋਈ ਅਸਰ ਨਹੀਂ ਪਿਆ?

ਹਾਂ ਇਹ ਗੱਲ ਸਹੀ ਹੈ। ਫਿਰ ਵੀ ਮੈਂ ਨਿੱਕੀਆਂ ਕਰੂੰਬਲਾਂ ਦੀ ਸੰਪਾਦਨਾ ਦੀ ਮਸਰੂਫ਼ੀਅਤ ਤੋਂ ਸਮਾਂ ਕੱਢ ਕੇ 15 ਮੌਲਿਕ, 5 ਅਨੁਵਾਦ ਅਤੇ 21 ਪੁਸਤਕਾਂ ਦੀ ਸੰਪਾਦਨਾ ਵੀ ਕੀਤੀ ਹੈ। ਇਸ ਦੇ ਨਾਲ ਨਵੇਂ ਲਿਖਾਰੀਆਂ ਨੂੰ ਬਾਲ ਸਾਹਿਤ ਦੀ ਸਿਰਜਣਾ ਦੇ ਰਾਹੇ ਪਾਉਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।

- ਤੁਸੀਂ ਬਾਲ ਸਾਹਿਤ ਨੂੰ ਸਮਰਪਿਤ ਕਿਹੜੀਆਂ ਸ਼ਖ਼ਸੀਅਤਾਂ ਤੋਂ ਪ੍ਰਭਾਵਿਤ ਹੋਏ।

ਇਸ ਖੇਤਰ ਵਿਚ ਨਾਮਣਾ ਖੱਟ ਚੁੱਕੇ ਕਮਲਜੀਤ ਨੀਲੋਂ, ਡਾ. ਰਮਾ ਰਤਨ, ਗੁਲਜ਼ਾਰ ਸਿੰਘ ਸੰਧੂ, ਸਵਰਗੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਆਦਿ ਤੋਂ ਹਮੇਸ਼ਾ ਪ੍ਰੇਰਣਾ ਅਤੇ ਹੌਸਲਾ ਹਾਸਲ ਕੀਤਾ ਹੈ।

- ਪੰਜਾਬ ਵਿਚ ਬਾਲ ਸਾਹਿਤ ਦੀ ਮੌਜੂਦਾ ਸਥਿਤੀ ਬਾਰੇ ਕਿਵੇਂ ਮਹਿਸੂਸਦੇ ਹੋ?

ਅੱਜ ਕੱਲ੍ਹ ਬਾਲ ਸਾਹਿਤ ਦੀ ਮਹੱਤਤਾ ਨੂੰ ਮਾਪੇ, ਅਧਿਆਪਕ ਤੇ ਬੱਚੇ ਸਾਰੇ ਸਮਝਣ ਲੱਗ ਪਏ ਹਨ। ਸਰਕਾਰੀ ਅਦਾਰੇ ਜਿਵੇਂ ਡੀ.ਪੀ.ਆਈ ( ਸਕੂਲਜ਼) ਬਾਲ ਰਸਾਲਿਆਂ ਨੂੰ ਮਨਜ਼ੂਰੀ ਤਾਂ ਦੇ ਦਿੰਦੇ ਹਨ ਪਰ ਇਨ੍ਹਾਂ ਦੀ ਸਕੂਲ ਲਾਇਬ੍ਰੇਰੀਆਂ ਵਿਚ ਪਹੁੰਚ ਯਕੀਨੀ ਬਣਾਉਣ ਲਈ ਕੁਝ ਨਹੀਂ ਕੀਤਾ ਜਾਂਦਾ। ਕਈ ਸਕੂਲ ਮੁਖੀ ਵੀ ਬਾਲ ਰਸਾਲਿਆਂ ਪ੍ਰਤੀ ਉਦਾਸੀਨਤਾ ਵਿਖਾਉਂਦੇ ਹਨ। ਸਰਕਾਰੀ ਅਤੇ ਗ਼ੈਰਸਰਕਾਰੀ ਅਦਾਰਿਆਂ ਵਲੋਂ ਬਾਲ ਸਾਹਿਤ ਲੇਖਕਾਂ ਨੂੰ ਮਾਣ ਸਨਮਾਨ ਵੀ ਦਿੱਤੇ ਜਾ ਰਹੇ ਹਨ। ਇੰਜ ਪੰਜਾਬ ਦੇ ਬਾਲ ਸਾਹਿਤ ਅਤੇ ਲੇਖਕਾਂ ਨੂੰ ਹੁੰਗਾਰਾ ਮਿਲ ਰਿਹਾ ਹੈ। ਫਿਰ ਵੀ ਇਸ ਸਭ ਨੂੰ ਤਸੱਲੀਬਖ਼ਸ ਨਹੀਂ ਕਿਹਾ ਜਾ ਸਕਦਾ।

- ਬਾਲ ਰਸਾਲੇ ਤੋਂ ਇਲਾਵਾ ਬਾਲ ਸਾਹਿਤ ਦੀ ਪ੍ਰਫੁਲਤਾ ਲਈ ਹੋਰ ਕਿਹੜੀਆਂ ਸਰਗਰਮੀਆਂ ਕਰਦੇ ਹੋ?

ਬਾਲ ਦਿਵਸ ਦੇ ਮੌਕੇ 'ਤੇ ਬੱਚਿਆਂ ਦੇ ਸਾਹਿਤ ਸਿਰਜਣਾ ਮੁਕਾਬਲੇ ਕਰਾਏ ਜਾਂਦੇ ਹਨ। ਜੇਤੂ ਬਾਲ ਲੇਖਕਾਂ ਨੂੰ ਸਨਮਾਨਤ ਕੀਤਾ ਜਾਂਦਾ ਹੈ। ਬਾਲ ਪੁਸਤਕਾਂ ਨੂੰ ਪ੍ਰਕਾਸ਼ਤ ਕਰਨਾ, ਸੰਪਾਦਨਾ ਕਰਨੀ, ਲੋਕ ਅਰਪਣ ਸਮਾਗਮ ਕਰਾਉਣੇ ਨਵੇਂ ਬਾਲ ਸਾਹਿਤਕਾਰਾਂ ਨੂੰ ਪੁਰਸਕਾਰ ਦੇ ਕੇ ਹੌਸਲਾ ਅਫਜਾਈ ਕੀਤੀ ਜਾਂਦੀ ਹੈ।

- ਬਾਲ ਸਾਹਿਤ ਨੂੰ ਲੈ ਕੇ ਤੁਹਾਡੀਆਂ ਭਵਿੱਖ ਦੀਆਂ ਕੀ ਯੋਜਨਾਵਾਂ ਹਨ?

ਵੱਧ ਤੋਂ ਵੱਧ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜ ਕੇ ਉਨ੍ਹਾਂ ਵਿਚ ਨੈਤਿਕ ਕਦਰਾਂ ਕੀਮਤਾਂ ਦਾ ਵਿਕਾਸ ਕਰਨਾ, ਉਨ੍ਹਾਂ ਨੂੰ ਹੋਰ ਸਮਾਜਿਕ ਅਲਾਮਤਾਂ ਤੋਂ ਬਚਾਉਣਾ। ਇਸ ਪਰਿਵਰਤਨ ਲਈ ਬਾਲ ਸਾਹਿਤ ਤੋਂ ਹੋਰ ਕਾਰਗਰ ਹਥਿਆਰ ਨਹੀਂ ਹੋ ਸਕਦਾ।

- ਤੁਹਾਡੀ ਨਜ਼ਰ ਵਿਚ ਮਿਆਰੀ ਬਾਲ ਸਾਹਿਤ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ?

ਬਾਲ ਰਚਨਾ ਰੋਚਕਤਾ ਭਰਪੂਰ ਹੋਵੇ। ਉਸ ਵਿਚ ਨਵਾਂ ਗਿਆਨ ਅਤੇ ਸੂਚਨਾਵਾਂ ਹੋਣ। ਕੋਈ ਜੀਵਨ ਸੰਦੇਸ਼ ਹੋਵੇ। ਇਸ ਮੰਤਵ ਲਈ ਢੁੱਕਵੀਆਂ ਮਿਸਾਲਾਂ ਦਿੱਤੀਆਂ ਹੋਣ। ਰਚਨਾ ਯਥਾਰਥ ਅਤੇ ਕਲਪਨਾ ਦਾ ਸੁਮੇਲ ਹੋਵੇ ਨਾਲੇ ਬਾਲਾਂ ਦੇ ਜੀਵਨ ਤੇ ਆਲੇ ਦੁਆਲੇ ਨਾਲ ਜੁੜੀ ਹੋਵੇ। ਰਚਨਾ ਸਰਲ ਭਾਸ਼ਾ ਵਿਚ ਹੋਵੇ।

- ਮੌਜੂਦਾ ਹਾਲਾਤ ਵਿਚ ਬਾਲ ਸਾਹਿਤ ਨੂੰ ਕਿਹੜੀਆਂ-ਕਿਹੜੀਆਂ ਚੁਣੌਤੀਆਂ ਦਰਪੇਸ਼ ਹਨ।

ਬਹੁਤ ਸਾਰੀਆਂ ਚੁਣੌਤੀਆਂ ਹਨ। ਮਾਤ ਭਾਸ਼ਾ ਦਾ ਪ੍ਰਚਾਰ ਅਤੇ ਪ੍ਰਸਾਰ ਬੱਚਿਆਂ ਤੋਂ ਹੀ ਆਰੰਭ ਹੁੰਦਾ ਹੈ। ਅਜੋਕੇ ਡਿਜੀਟਲ ਯੁੱਗ ਵਿਚ ਉਨ੍ਹਾਂ ਦੇ ਹੱਥਾਂ ਵਿਚ, ਉਨ੍ਹਾਂ ਦੀ ਬਾਲ ਮਾਨਸਿਕਤਾ ਨੂੰ ਤ੍ਰਿਪਤ ਕਰਨ ਵਾਲੀਆਂ ਪੁਸਤਕਾਂ ਤੇ ਰਸਾਲੇ ਪੁਜਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਬਾਲ ਰਸਾਲੇ ਸਰਕਾਰੀ ਅਤੇ ਗ਼ੈਰਸਰਕਾਰੀ ਸਕੂਲਾਂ ਵਿਚ ਲਾਜ਼ਮੀ ਹੋਣੇ ਚਾਹੀਦੇ ਹਨ। ਵਿਦੇਸ਼ਾਂ ਅਤੇ ਭਾਰਤ ਵਿਚ ਹੀ ਬੰਗਾਲ ਦੇ ਮੁਕਾਬਲੇ ਅਸੀਂ ਪੰਜਾਬੀ ਬਹੁਤ ਪਿੱਛੜੇ ਹੋਏ ਹਾਂ। ਪੰਜਾਬ ਵਿਚ ਕੋਈ ਬਾਲ ਸਾਹਿਤ ਅਕਾਦਮੀ ਨਹੀਂ ਹੈ।

- ਅਜੋਕੇ ਡਿਜੀਟਲ ਮਾਧਿਅਮ ਦਾ ਉਪਯੋਗ ਬਾਲ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਿਵੇਂ ਕਰ ਸਕਦੇ ਹਾਂ?

ਸਮੇਂ ਦੇ ਹਾਣ ਦਾ ਹੋਣ ਲਈ ਮਿਆਰੀ ਬਾਲ ਕਹਾਣੀਆਂ, ਨਾਟਕਾਂ ਅਤੇ ਨਾਵਲਾਂ ਦਾ ਫਿਲਮਾਂਕਣ ਅਤੇ ਮੰਚਨ ਕੀਤਾ ਜਾ ਸਕਦਾ ਹੈ। ਐਨੀਮੇਸ਼ਨ ਇਸ ਵਿਚ ਬਹੁਤ ਮਦਦਗਾਰ ਹੋ ਸਕਦਾ ਹੈ। ਇਹ ਸ਼ੁਰੂਆਤ ਸਰਕਾਰੀ ਅਤੇ ਗ਼ੈਰਸਰਕਾਰੀ ਦੋਹਾਂ ਮੀਡੀਆ ਵਿਚ ਹੋ ਸਕਦੀ ਹੈ। ਹੈਰੀ ਪੋਰਟਰ ਅਤੇ ਜੰਗਲ ਬੁੱਕ ਵਰਗੇ ਸੀਰੀਅਲ ਸੰਸਾਰ ਪੱਧਰ 'ਤੇ ਪ੍ਰਸਿੱਧ ਹੋਏ ਹਨ। ਅਜਿਹੀਆਂ ਕਿਰਤਾਂ ਹੱਥੋ ਹੱਥ ਬੱਚਿਆਂ ਦੇ ਹੱਥਾਂ ਤੀਕ ਪੁੱਜ ਸਕਦੀਆਂ ਹਨ ਅਤੇ ਉਨ੍ਹਾਂ ਦੇ ਮਨਾਂ 'ਤੇ ਲੋੜੀਂਦਾ ਪ੍ਰਭਾਵ ਪਾ ਸਕਦੀਆਂ ਹਨ।

- ਤੁਹਾਡੀ ਇਸ ਅਣਥੱਕ ਘਾਲਣਾ ਨੂੰ ਕਿਹੜੀਆਂ ਸੰਸਥਾਵਾਂ ਵਲੋਂ ਨਿਵਾਜਿਆ ਗਿਆ ਹੈ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ 15 ਅਗਸਤ ਅਤੇ 26 ਜਨਵਰੀ ਨੂੰ ਸਨਮਾਨ, 2003 ਵਿਚ ਪੰਜਾਬੀ ਸੱਥ, ਲਾਂਬੜਾ ਵਲੋਂ, 2013 ਵਿਚ ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਵਲੋਂ, 2014 ਵਿਚ ਪੰਜਾਬ ਦੇ ਰਾਜਪਾਲ ਵਲੋਂ ਅਤੇ ਪੰਜਾਬ ਰਾਜ ਭਾਸ਼ਾ ਐਕਟ ਸਮੀਖਿਆ ਕਮੇਟੀ ਦੇ ਮੈਂਬਰ ਵਜੋਂ ਨਾਮਜ਼ਦ ਕਰ ਕੇ ਮੇਰੇ ਵਲੋਂ ਕੀਤੇ ਕਾਰਜਾਂ ਨੂੰ ਮਾਨਤਾ ਪ੍ਰਦਾਨ ਕੀਤੀ ਗਈ ਹੈ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਮਾਤਾ ਜਸਵੰਤ ਕੌਰ ਉੱਤਮ ਬਾਲ ਸਾਹਿਤ ਪੁਰਸਕਾਰ 2012 ਵਿਚ ਦਿੱਤਾ ਗਿਆ।

- ਤੁਹਾਡੀ ਸੋਚ ਮੁਤਾਬਕ ਇਕ ਬਾਲ ਸਾਹਿਤ ਲੇਖਕ ਵਿਚ ਕਿਹੜੀਆਂ ਖ਼ੂਬੀਆਂ ਹੋਣੀਆਂ ਚਾਹੀਦੀਆਂ ਹਨ।

ਇਕ ਬਾਲ ਸਾਹਿਤ ਲੇਖਕ ਨੂੰ ਬਾਲ ਮਨੋਵਿਗਿਆਨ ਦੀ ਪੂਰੀ ਤਰ੍ਹਾਂ ਸਮਝ ਹੋਣੀ ਚਾਹੀਦੀ ਹੈ। ਉਸ ਪਾਸ ਬਚਪਨ ਦੀਆਂ ਮਾਸੂਮੀਅਤ ਭਰੀਆਂ ਘਟਨਾਵਾਂ ਅਤੇ ਯਾਦਾਂ ਦਾ ਜਖੀਰਾ ਹੋਣਾ ਚਾਹੀਦਾ ਹੈ। ਆਪਣੇ ਇਤਿਹਾਸ, ਸੱਭਿਆਚਾਰ ਤੇ ਕੁਦਰਤ ਦੀ ਡੂੰਘੀ ਸਮਝ ਹੋਣੀ ਚਾਹੀਦੀ ਹੈ। ਵਰਤਮਾਨ ਗਿਆਨ ਵੀ ਅਪਡੇਟ ਹੋਣਾ ਚਾਹੀਦਾ ਹੈ। ਆਪਣੀ ਗੱਲ ਕਹਿਣ ਲਈ ਸਰਲ ਤੇ ਰੌਚਕ ਸ਼ੈਲੀ ਹੋਣੀ ਚਾਹੀਦੀ ਹੈ। ਬੱਚਿਆਂ ਦੇ ਮਾਨਸਿਕ ਪੱਧਰ 'ਤੇ ਆ ਕੇ ਹੀ ਲਿਖੀ ਜਾਂ ਕਹੀ ਗੱਲ ਬੱਚੇ ਸਮਝ ਸਕਦੇ ਹਨ।

- ਤੁਹਾਡੀਆਂ ਮਨ ਪਸੰਦ ਪੁਸਤਕਾਂ, ਜਿਨ੍ਹਾਂ ਨੂੰ ਤੁਸੀਂ ਵਾਰ-ਵਾਰ ਪੜ੍ਹਨਾ ਚਾਹੋਗੇ ਅਤੇ ਦੂਸਰਿਆਂ ਨੂੰ ਵੀ ਪੜ੍ਹਨ ਲਈ ਪ੍ਰੇਰਿਤ ਕਰੋਗੇ।

ਮੈਨੂੰ ਰਸੂਲ ਹਮਜਾਤੋਵ ਦੀ ਮੇਰਾ ਦਾਗਿਸਤਾਨ, ਡਾ. ਨਰਿੰਦਰ ਸਿੰਘ ਕਪੂਰ ਦੀ ਮਾਲਾ ਮਣਕੇ, ਵਾਰਿਸ ਸ਼ਾਹ ਦੀ ਹੀਰ ਵਾਰਿਸ ਅਤੇ ਐੱਸ ਅਸ਼ੋਕ ਭੌਰਾ ਦੀ ਗੱਲੀਂ ਬਾਤੀਂ ਪੁਸਤਕਾਂ ਬਹੁਤ ਪਸੰਦ ਹਨ। ਮੈਂ ਦੋਸਤਾਂ-ਮਿੱਤਰਾਂ ਨੂੰ ਵੀ ਇਨ੍ਹਾਂ ਪੁਸਤਕਾਂ ਨੂੰ ਪੜ੍ਹਨ ਲਈ ਪ੍ਰੇਰਦਾ ਰਹਿੰਦਾ ਹਾਂ।

- ਨਵੇਂ ਬਾਲ ਸਾਹਿਤਕਾਰਾਂ ਅਤੇ ਸਮਾਜ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ।

ਬਾਲ ਸਾਹਿਤਕਾਰਾਂ ਨੂੰ ਅਤੇ ਮਾਪਿਆਂ ਨੂੰ ਵੀ ਆਪਣੀ ਕਥਨੀ ਤੇ ਕਰਨੀ ਵਿਚ ਅੰਤਰ ਨਹੀਂ ਰੱਖਣਾ ਚਾਹੀਦਾ। ਉਸ ਦੇ ਬੋਲੇ ਅਤੇ ਲਿਖੇ ਨਾਲੋਂ Àਸ ਦੀ ਸ਼ਖ਼ਸੀਅਤ ਬਾਲ ਮਨਾਂ 'ਤੇ ਵਧੇਰੇ ਪ੍ਰਭਾਵ ਪਾਉਂਦੀ ਹੈ। ਬੱਚਿਆਂ ਵਿਚ ਏਕ ਪਿਤਾ ਏਕਸ ਕੇ ਹਮ ਬਾਰਿਕ ਵਾਲੇ ਮਾਰਗ 'ਤੇ ਚਲਾਉਣ ਲਈ ਅਤੇ ਵਿਸ਼ਵ ਭਾਈਚਾਰੇ ਦਾ ਅੰਗ ਬਣਾਉਣ ਲਈ ਪ੍ਰੇਰਤ ਕਰਦਾ ਸਾਹਿਤ ਸਿਰਜਣਾ ਚਾਹੀਦਾ ਹੈ।

- ਡਾ. ਧਰਮਪਾਲ ਸਾਹਿਲ

98761-56964

Posted By: Harjinder Sodhi