ਪੁਸਤਕ : ‘ਮੈਂ ਚਰਖਾ ਤੂੰ ਕੱਤਣ ਵਾਲੀ’

ਲੇਖਕ : ਪਰਮਿੰਦਰ ਸੋਢੀ

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਪੰਨੇ : 120, ਮੁੱਲ : 120/-

ਜਾਪਾਨ ਦਾ ਰਹਿਣ ਵਾਲਾ ਪਰਮਿੰਦਰ ਸੋਢੀ ਪੰਜਾਬੀ ਦਾ ਨਾਮਵਰ ਲੇਖਕ ਤੇ ਕਵੀ ਹੈ। ਉਸਦੀ ਹੱਥਲੀ ਪੁਸਤਕ ਵਿਚ 28 ਨਿੱਕੇ-ਨਿੱਕੇ ਫ਼ਲਸਫ਼ਾਨਾ ਕਥਨ ਹਨ, ਜਿਨ੍ਹਾਂ ਨੂੰ ਸ਼ਾਇਦ ਗ਼ਲਤੀ ਨਾਲ ‘ਕਵਿਤਾਵਾਂ’ ਦਾ ਦਰਜਾ ਦੇ ਦਿੱਤਾ ਹੈ। ਭਾਵੇਂ ਇਨ੍ਹਾਂ ਨੂੰ ਕਵਿਤਾਵਾਂ ਕਹਿਣਾ ਅਣਉਚਿਤ ਹੈ, ਫਿਰ ਵੀ ਇਨ੍ਹਾਂ ਵਿੱਚੋਂ ਕਾਵਿਕ ਹੁਸਨ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਪੁਸਤਕ ਕਿਸੇ ਗ੍ਰੰਥ ਵਾਂਗ ਪ੍ਰੇਮ, ਸਾਂਝੀਵਾਲਤਾ, ਅੰਤਰ ਮਨ ਦੀਆਂ ਗਹਿਰਾਈਆਂ ਦੀ ਬਾਤ ਪਾਉਂਦੀ ਹੋਈ ਮਨੁੱਖ ਨੂੰ ਖ਼ੁਦ ਦੇ ਰੂਬਰੂ ਹੋਣ ਦਾ ਚੱਜ ਸਿਖਾਉਂਦੀ ਹੈ। ਸੋਢੀ ਦਾ ਮੰਨਣਾ ਹੈ ਕਿ ਉਸ ਦੀਆਂ ਰਚਨਾਵਾਂ ਅਜੋਕੇ ਮਨੁੱਖ ਦੀ ‘ਸਤਿ-ਚਿਤ-ਆਨੰਦ’ ਦੀ ਯਾਤਰਾ ਨੂੰ ਪ੍ਰਗਟ ਕਰਦੀਆਂ ਹਨ। ਉਸ ਦਾ ਇਹ ਕਥਨ ਹੱਥਲੀ ਪੁਸਤਕ ਪੜ੍ਹ ਕੇ ਸਾਰਥਕ ਹੋ ਉੱਠਦਾ ਹੈ।

ਇਨ੍ਹਾਂ ਰਚਨਾਵਾਂ ਵਿੱਚੋਂ ਪਰਮਿੰਦਰ ਸੋਢੀ ਦਾ ਜਗਤ ’ਚ ਵਿਚਰਦਿਆਂ ਨਿਰਲੇਪਤਾ ਦਾ ਝਲਕਾਰਾ ਪੈਂਦਾ ਹੈ। ਪਾਠਕ ਫੁੱਲਾਂ ਨਾਲ ਭਰੇ ਸਰੋਵਰ ਕੰਢੇ ਭ੍ਰਮਣ ਕਰਦਾ ਮਹਿਸੂਸ ਕਰਦਾ ਹੈ। ਰੂਹਾਨੀਅਤ, ਦੁਨਿਆਵੀ ਸੱਚਾਈਆਂ, ਨਿਰਲੇਪਤਾ, ਸਮਰਪਣ, ਦਾਰਸ਼ਨਿਕਤਾ, ਜ਼ਿੰਦਗੀ ਦਾ ਮਕਸਦ ਆਦਿ ਬਹੁਤ ਸਾਰੇ ਪਹਿਲੂ ਇਹ ਪੁਸਤਕ ਆਪਣੀ ਬੁੱਕਲ ’ਚ ਸਮੋਈ ਬੈਠੀ ਹੈ। ਪੁਸਤਕ ਵਿਚਲੀਆਂ ਰਚਨਾਵਾਂ ਤੰਦ੍ਰਾ (ਅਰਧ-ਚੇਤਨ ਅਵਸਥਾ) ’ਚ ਜੀਅ ਰਹੇ ਮਨੁੱਖ ਨੂੰ ਝੂਣ ਕੇ ਜਗਾਉਣ ਦਾ ਯਤਨ ਕਰਦੀਆਂ ਹਨ। ਇਨ੍ਹਾਂ ਵਿੱਚੋਂ ਪੰਜਾਬ ਤੇ ਪੰਜਾਬੀ ਨਾਲ ਮੋਹ ਦਾ ਝਲਕਾਰਾ ਪੈਂਦਾ ਹੈ ਜੋ ਪੰਜਾਬੀਆਂ ਨੂੰ ਬੌਧਿਕਤਾ ਦੇ ਰਾਹ ਤੁਰਨ ਲਈ ਪ੍ਰੇਰਦਾ ਹੈ। ਪੁਸਤਕ ’ਚ ਬਹੁਤ ਕੁਝ ਅਣਕਿਹਾ ਹੈ, ਜੋ ਇਸ ਨੂੰ ਦਮਦਾਰ ਬਣਾਉਂਦਾ ਹੈ। ਪੁਸਤਕ ਪੜ੍ਹ ਕੇ ਪੰਜਾਬ ਦੀ ਅਮੀਰ ਪਰੰਪਰਾ ਤੇ ਬੌਧਿਕਤਾ ਦੀਆਂ ਬੁਲੰਦੀਆਂ ਛੂਹਣ ਵਾਲੀਆਂ ਪੰਜਾਬੀ ਸ਼ਖ਼ਸੀਅਤਾਂ ਮਨ ਦੇ ਪਟਲ ’ਤੇ ਆਪ-ਮੁਹਾਰੇ ਉੱਭਰਦੀਆਂ ਹਨ ਜਿਨ੍ਹਾਂ ਨੇ ਅਧਿਆਤਮਿਕਤਾ ਤੇ ਬੌਧਿਕਤਾ ਦੀਆਂ ਬੁਲੰਦੀਆਂ ਨੂੰ ਛੂਹਿਆ। ਥੋੜ੍ਹੇ ਸ਼ਬਦਾਂ ਵਾਲੀਆਂ ਇਹ ਰਚਨਾਵਾਂ ਵੱਡੇ ਅਰਥਾਂ ਵਾਲੀਆਂ ਹਨ ਤੇ ਇਹੀ ਸ਼ਿਲਪ ਕਲਾ ਸੋਢੀ ਦੀਆਂ ਲਿਖਤਾਂ ਨੂੰ ਦੂਜਿਆਂ ਨਾਲੋਂ ਨਿਖੇੜਦੀ ਹੈ।

- ਇਬਲੀਸ

Posted By: Harjinder Sodhi