ਪੁਸਤਕ : ਲੋਹ ਪੁਰਖ ਮਰਜੀਵੜਾ : ਕਾਮਰੇਡ ਤੇਜਾ ਸਿੰਘ ਸੁਤੰਤਰ

ਲੇਖਕ : ਧਰਮ ਸਿੰਘ ਗੁਰਾਇਆ, ਸੁਲੱਖਣ ਸਰਹੱਦੀ

ਪ੍ਰਕਾਸ਼ਕ : ਯੂਨੀਸਟਾਰ ਬੁਕਸ, ਚੰਡੀਗੜ੍ਹ।

ਪੰਨੇ : 259, ਮੁੱਲ : 400/-

ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਜ਼ਿੰਦਗੀ, ਉਨ੍ਹਾਂ ਦੇ ਘੋਲ, ਚੁਣੌਤੀਆਂ ਤੇ ਹਾਸਲਾਂ ਦਾ ਜੇ ਜ਼ਿਕਰ ਨਾ ਹੋਵੇ ਤਾਂ ਦੇਸ਼ ਆਜ਼ਾਦੀ ਲਈ ਬਗ਼ਾਵਤਾਂ ਤੇ ਵਿਦਰੋਹਾਂ ਦਾ ਇਤਿਹਾਸ ਅਧੂਰਾ ਹੋਵੇਗਾ। ਉਹ ਇਹੋ-ਜਿਹੇ ਦੇਸ਼ ਸੇਵਕ ਇਨਕਲਾਬੀ ਸਨ, ਜਿਨ੍ਹਾਂ ਦੀ ਘਾਲਣਾ ਨਾਲ 'ਬੇਗਾਨਿਆਂ' ਨੇ ਤਾਂ ਕੀ ਇਨਸਾਫ ਕਰਨਾ ਸੀ, 'ਆਪਣਿਆਂ' ਨੇ ਵੀ ਉਨ੍ਹਾਂ ਦੀ ਘਾਲਣਾ ਨੂੰ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ। ਹੱਥਲੀ ਕਿਤਾਬ ਅਜਿਹੇ ਪੱਖ ਨੂੰ ਹੀ ਉਜਾਗਰ ਕਰਦੀ ਹੈ। ਲੇਖਕ ਧਰਮ ਸਿੰਘ ਗੁਰਾਇਆ ਤੇ ਸੁਲੱਖਣ ਸਰਹੱਦੀ ਨੇ ਇਸ ਕਿਤਾਬ ਵਿਚ ਅਜਿਹੇ ਬਹੁਤ ਸਾਰੇ ਤੱਥਾਂ ਨੂੰ ਰੋਸ਼ਨੀ ਵਿਚ ਲਿਆਂਦਾ ਹੈ, ਜਿਹੜੇ ਸਮੇਂ ਦੀ ਗਰਦ ਵਿਚ ਲੁਕੇ ਹੋਏ ਸਨ। ਕਾਮਰੇਡ ਸੁਤੰਤਰ ਬਾਰੇ ਸੰਖੇਪ ਜਾਣ-ਪਛਾਣ ਕਰਵਾਉਂਦੇ ਕਾਂਡ ਦਾ ਆਧਾਰ ਸਰੋਤ ਖੁਸ਼ਵੰਤ ਸਿੰਘ ਵੱਲੋਂ ਲਿਖੀ ਕਿਤਾਬ 'ਸਿੱਖ ਹਿਸਟਰੀ', ਕਾਮਰੇਡ ਵਾਸਦੇਵ ਸਿੰਘ ਦੀ 'ਸੰਗਰਾਮੀ ਗਾਥਾ-ਜੀਵਨ ਯਾਦਾਂ', ਭਗਤ ਸਿੰਘ ਬਿਲਗਾ ਵੱਲੋਂ ਲਿਖੀ 'ਗ਼ਦਰ ਲਹਿਰ ਦੇ ਅਣਫੋਲੇ ਵਰਕੇ' ਅਤੇ ਕਾਮਰੇਡ ਚੈਨ ਸਿੰਘ ਚੈਨ ਵੱਲੋਂ ਲਿਖੀ ਕਿਤਾਬ 'ਹਰਫਨਮੌਲਾ ਕਾਮਰੇਡ ਤੇਜਾ ਸਿੰਘ ਸੁਤੰਤਰ' ਹਨ। 'ਅਕਾਲੀ ਲਹਿਰ ਦਾ ਪ੍ਰਭਾਵ' ਕਾਂਡ 'ਚ ਅਜੋਕੇ ਦੌਰ ਦੀਆਂ ਵੋਟ-ਕੇਂਦਰਤ ਅਕਾਲੀ ਪਾਰਟੀਆਂ ਤੋਂ ਉਲਟ ਆਰੰਭਕ ਦੌਰ ਦੀ 'ਅਕਾਲੀ ਲਹਿਰ' ਮਨੁੱਖ ਦੇ ਬੌਧਿਕ ਪੱਖ ਤੇ ਸਮੁੱਚੀ ਸ਼ਖਸੀਅਤ ਦੇ ਨਿਖਾਰ ਲਈ ਫ਼ਿਕਰਮੰਦ ਸੀ, ਬਾਰੇ ਜ਼ਿਕਰ ਹੈ। ਇਸ ਤੋਂ ਅਗਲੇ ਕਾਂਡ 'ਸਮੁੰਦ ਸਿੰਘ ਤੋਂ ਤੇਜਾ ਸਿੰਘ ਸੁਤੰਤਰ ਦਾ ਸਫ਼ਰ' ਦਰਜ ਹੈ। ਇਸ ਵਿਚ ਮਹੰਤਾਂ ਤੋਂ ਗੁਰਧਾਮ ਖ਼ਾਲੀ ਕਰਵਾਉਣ ਲਈ ਕੀਤੇ ਗਏ ਸੰਘਰਸ਼ਾਂ ਦਾ ਵੇਰਵਾ ਪੜ੍ਹਨ ਨੂੰ ਮਿਲਦਾ ਹੈ।

ਇਸ ਤੋਂ ਇਲਾਵਾ ਕਿਤਾਬ ਵਿਚ ਉਨ੍ਹਾਂ ਆਜ਼ਾਦੀ ਸੰਗਰਾਮੀਆਂ ਦੀਆਂ ਤਸਵੀਰਾਂ ਪ੍ਰਕਾਸ਼ਤ ਹਨ, ਜਿਨ੍ਹਾਂ ਬਾਰੇ ਸੁਣਿਆ ਤਾਂ ਬਹੁਤ ਹੁੰਦਾ ਹੈ ਪਰ ਕਦੇ ਚਿਹਰੇ ਨਹੀਂ ਵੇਖੇ ਹੁੰਦੇ। ਅਗਲੇ ਕਾਂਡਾਂ ਵਿਚ ਕਾਮਰੇਡ ਤੇਜਾ ਸਿੰਘ ਸੁਤੰਤਰ ਦਾ ਸੰਸਦ ਮੈਂਬਰ ਬਣਨਾ ਤੇ ਖੱਬੇਪੱਖੀ ਢੰਗ ਦੀ ਸਿਆਸਤ ਨੂੰ ਅੱਗੇ ਲੈ ਕੇ ਜਾਣ ਬਾਰੇ ਵੇਰਵੇ ਪੜ੍ਹਨ ਨੂੰ ਮਿਲਦੇ ਹਨ। ਇਹ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ।

- ਰਮੇਸ਼ ਲਾਲ

Posted By: Harjinder Sodhi