ਪੁਸਤਕ : ਕੀ ਜਾਣਾ ਮੈਂ ਕੌਣ?

ਲੇਖਕ : ਮਨਜੀਤ ਰਾਏ

ਪ੍ਰਕਾਸ਼ਕ : ਲੇਖਕ ਖ਼ੁਦ

ਪੰਨੇ :136, ਮੁੱਲ :300/-

ਸਵੈ-ਜੀਵਨੀ ਲਿਖਣਾ ਬੜਾ ਔਖਾ ਕੰਮ ਮੰਨਿਆ ਜਾਂਦਾ ਹੈ। ਪੁਰਸ਼ਾਂ ਨਾਲੋਂ ਜ਼ਿਆਦਾ ਔਰਤ ਦੀ ਸਵੈ-ਜੀਵਨੀ ਪੜ੍ਹਨ ਦੀ ਉਤਸੁਕਤਾ ਲੋਕਾਂ ਵਿਚ ਹੁੰਦੀ ਹੈ। ਮਨਜੀਤ ਰਾਏ ਦੀ ਸਵੈ-ਜੀਵਨੀ ਕੀ ਜਾਣਾ ਮੈਂ ਕੌਣ ਵੀ ਕਈ ਕਾਰਨਾਂ ਕਰਕੇ ਖ਼ਾਸ ਹੈ। ਇਸ ਦੀ ਲੇਖਿਕਾ ਨੇ ਪਹਿਲੀ ਵਾਰ ਕਲਮ 'ਤੇ ਹੱਥ ਅਜ਼ਮਾਇਆ ਹੈ ਪਰ ਲਿਖਣ ਸ਼ੈਲੀ ਤੋਂ ਅਜਿਹਾ ਲੱਗਦਾ ਨਹੀਂ। ਉੁਹ ਲਿਖਣ ਵੇਲੇ ਜਜ਼ਬਾਤੀ ਜ਼ਰੂਰ ਹੋਈ ਪਰ ਉਲਾਰ ਨਹੀਂ। ਇਸ ਸਵੈ-ਜੀਵਨੀ ਵਿਚ ਸਫ਼ਰਨਾਮੇ ਦੇ ਅੰਸ਼ ਵੀ ਹਨ ਤੇ ਸ਼ਾਇਰੀ ਦੇ ਵੀ। ਅਪਣੱਤ ਭਰੇ ਰਿਸ਼ਤਿਆਂ ਵਿਚ ਜਿਸ ਦਾ ਅਤੀਤ ਗੁਜ਼ਰਿਆ ਹੋਵੇ, ਉੁਸ ਨੂੰ ਅਜੋਕੇ ਦੌਰ ਦੀਆਂ ਅਖ਼ਬਾਰੀ ਸੁਰਖ਼ੀਆਂ ਬੇਚੈਨ ਕਰਦੀਆਂ ਹਨ। ਲੇਖਿਕਾ ਦੱਸਦੀ ਹੈ ਕਿ ਪਹਿਲੇ ਸਮਿਆਂ ਵਿਚ ਛੋਟੀ ਉਮਰੇ ਵਿਆਹ ਕਰ ਦਿੱਤੇ ਜਾਂਦੇ ਸਨ ਤੇ ਲਵ ਮੈਰਿਜ ਨਾਂ ਦਾ ਮਸਲਾ ਹੀ ਨਹੀਂ ਸੀ। ਬਚਪਨ ਦਾ ਭਾਵੁਕ ਜ਼ਿਕਰ ਪਾਠਕ ਨੂੰ ਮਾਸੂਮੀਅਤ ਦੇ ਉਸ ਦੌਰ ਵਿਚ ਲੈ ਜਾਂਦਾ ਹੈ, ਜਦੋਂ ਕੋਈ ਫ਼ਿਕਰ ਨਹੀਂ ਹੁੰਦਾ। ਲੇਖਿਕਾ ਦਾ ਜਨਮ ਪਾਕਿਸਤਾਨ ਵਿਚ ਹੋਇਆ ਪਰ ਵੰਡ ਕਾਰਨ ਉਸ ਨੂੰ ਪਰਿਵਾਰ ਸਮੇਤ ਜਨਮ ਭੂਮੀ ਨੂੰ ਛੱਡਣਾ ਪਿਆ। ਕਾਲੇ ਦੌਰ ਦੀ ਤਫ਼ਸੀਲ ਲੂ ਕੰਡੇ ਖੜ੍ਹੇ ਕਰ ਦਿੰਦੀ ਹੈ। ਕਈ ਗਵੱਈਆਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਦਰਦਨਾਕ ਹਾਦਸੇ ਵਿਚ ਪੁੱਤਰ ਦੀ ਮੌਤ ਤੇ ਬਾਅਦ ਵਿਚ ਪਤੀ ਦੀ ਬੇਵਕਤੀ ਮੌਤ ਉਸ ਨੂੰ ਹਿਲਾ ਕੇ ਰੱਖ ਦਿੰਦੀ ਹੈ। ਔਰਤ ਕਿੰਨਾ ਤਿਆਗ ਕਰਦੀ ਹੈ ਤੇ ਸਹਿਣਸ਼ੀਲਤਾ ਦਾ ਮੁਜੱਸਮਾ ਹੁੰਦੀ ਹੈ, ਲੇਖਿਕਾ ਦੀ ਜ਼ਿੰਦਗੀ ਇਸ ਦੀ ਮਿਸਾਲ ਹੈ। ਵਿਦੇਸ਼ ਯਾਤਰਾ ਦੇ ਤਜਰਬੇ ਦਿਲਚਸਪ ਹੋਣ ਦੇ ਨਾਲ ਨਾਲ ਜਾਣਕਾਰੀ ਵਿਚ ਵਾਧਾ ਕਰਨ ਵਾਲੇ ਹਨ। ਵਿਦੇਸ਼ ਯਾਤਰਾ ਦੀਆਂ ਤਸਵੀਰਾਂ ਪੁਸਤਕ ਦੀ ਸ਼ੋਭਾ ਵਧਾਉਣ ਵਾਲੀਆਂ ਹਨ। ਔਰਤ ਦੇ ਸੰਘਰਸ਼ ਦੀ ਕਹਾਣੀ ਸਭ ਔਰਤਾਂ ਲਈ ਨਜ਼ੀਰ ਹੈ। ਬ੍ਰਹਮ ਕੁਮਾਰੀਆਂ ਨੂੰ ਮਿਲ ਕੇ ਲੇਖਿਕਾ ਨੂੰ ਅਧਿਆਤਮਕਤਾ ਦੀ ਚਿਣਗ ਲੱਗਦੀ ਹੈ। ਪੁਸਤਕ ਦਾ ਅੰਤ ਲੇਖਿਕਾ ਨੇ ਕੋਰੋਨਾ ਦੌਰ ਵਿਚ ਉਪਜੇ ਸੰਤਾਪ ਨਾਲ ਕੀਤਾ ਹੈ। ਲੇਖਿਕਾ ਨੇ ਵਾਰਤਕ ਵਿਚ ਵੀ ਕਵਿਤਾਕਾਰੀ ਦੇ ਰੰਗ ਭਰੇ ਹਨ।

- ਗੁਰਪ੍ਰੀਤ ਖੋਖਰ

Posted By: Harjinder Sodhi