ਪੁਸਤਕ : ਗੁਫ਼ਤਗੂ ਪੰਜਾਬ (ਕਾਵਿ ਸੰਗ੍ਰਹਿ)

ਕਵੀ : ਡਾ. ਸਰਦੂਲ ਸਿੰਘ ਔਜਲਾ

ਪ੍ਰਕਾਸ਼ਕ : ਸੁੰਦਰ ਬੁੱਕ ਡਿਪੋ, ਜਲੰਧਰ

ਪੰਨੇ : 88, ਮੁੱਲ : 150/-

ਪੰਜਾਬੀ ਕਵਿਤਾ ਵਿਚ ਨਵਾਂ-ਨਿਵੇਕਲਾ ਉਘੜਦਾ ਹਸਤਾਖਰ ਡਾ. ਸਰਦੂਲ ਸਿੰਘ ਔਜਲਾ ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਗੁਫਤਗੂ ਪੰਜਾਬ’ ਨਾਲ ਪਾਠਕਾਂ ਦੇ ਰੂਬਰੂ ਹੋਇਆ ਹੈ। ਸੰਗ੍ਰਹਿ ਦੀਆਂ 60 ਕਵਿਤਾਵਾਂ ਦਾ ਪਸਾਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲੋਂ ਅੱਗੇ ਵੱਧ ਕੇ ਸੰਪੂਰਨ ਮਾਨਵਜਾਤੀ ਨੂੰ ਕਲਾਵੇ ’ਚ ਲੈਣ ਦੀ ਗੱਲ ਕਰਦਾ ਹੈ। ਵਧੇਰੇ ਕਵਿਤਾਵਾਂ ਵਿਚ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਦੀ ਫ਼ਿਕਰ ਕੀਤੀ ਗਈ ਹੈ। ਵੰਨਗੀ ਵਜੋਂ ‘ਟੁੱਟੀਆਂ ਤੋਂ ਤਾਰਾਂ ਦੱਸੋ ਕਿੱਥਂੋ-ਕਿੱਥੋਂ ਜੋੜਾਂਗੇ। ਬੁੱਲਿਆ ਅਤੇ ਵਾਰਿਸਾਂ ਦਾ ਮੁੱਲ ਕਿੱਥੋਂ ਮੋੜਾਂਗੇ। ਬਾਬੇ ਦੇ ਸ਼ਬਦ ਤੇ ਰਬਾਬ ਕਿੱਥੋਂ ਦੇਵਾਂਗੇ। ਆਉਣ ਵਾਲੀ ਪੀੜ੍ਹੀ ਨੂੰ ਪੰਜਾਬ ਕਿੱਥੋਂ ਦੇਵਾਂਗੇ।’

ਕਵਿਤਾਵਾਂ ਦੇ ਵਿਸ਼ੇ ਬੇਸ਼ੱਕ ਪ੍ਰੰਪਰਾਗਤ ਤੇ ਰਵਾਇਤੀ ਹੀ ਹਨ ਪਰ ਕਵੀ ਦੀ ਸੰਬੋਧਨੀ ਸ਼ੈਲੀ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਬਣਾਉਂਦੀ ਹੈ। ਇਨ੍ਹਾਂ ਕਵਿਤਾਵਾਂ ਵਿਚ ‘ਮਾਂ’ ਨੂੰ ਵਿਸ਼ਾ ਬਣਾ ਕੇ ਕਈ ਕਵਿਤਾਵਾਂ, ਧੀਆਂ, ਕੁੜੀਆਂ, ਚਿੜੀਆਂ ਦੀ ਪੀੜ ਹੈ, ਪੁਸਤਕਾਂ, ਰੱੁਤਾਂ, ਚਿੱਠੀਆਂ, ਬਿਰਖਾਂ, ਨਦੀਆਂ, ਦਰਿਆਵਾਂ ਕਲਮਾਂ, ਕਰੋਨਾ ਦੇ ਨਾਲ ਫੇਸ ਬੁੱਕ, ਵ੍ਹਟਸਐਪ ਤੇ ਮੋਬਾਈਲ ਫੋਨ ਦਾ ਜ਼ਿਕਰ ਕੀਤਾ ਗਿਆ ਹੈ। ਆਮ ਮਨੁੱਖ ਨਾਲ ਜੁੜੇ ਸਰੋਕਾਰਾਂ, ਮਨੁੱਖੀ ਵੇਦਨਾ, ਰਿਸ਼ਤਿਆਂ ਵਿਚ ਆ ਰਹੀ ਉਪਰਾਮਤਾ-ਬੇਗਾਨਾਪਨ ਅਤੇ ਅਸੰਵੇਦਨਸ਼ੀਲਤਾ ਦੇ ਭਾਵ ਵੀ ਪ੍ਰਗਟ ਕੀਤੇ ਗਏ ਹਨ। ਭੂਮਿਕਾ ’ਚ ਕੁਲਵੰਤ ਸਿੰਘ ਔਜਲਾ ਲਿਖਦੇ ਹਨ, ‘ਸਰਦੂਲ ਦੀ ਕਵਿਤਾ ਦਾ ਮੁੱਖ ਧਰਮ ਪੰਜਾਬ ਦੀ ਵੇਦਨਾ ਤੇ ਵਿਥਿਆ ਨੂੰ ਦਰਦ ਭਿੱਜੇ ਤੇ ਦਾਰਸ਼ਨਿਕ ਅੰਦਾਜ਼ ਵਿਚ ਢਾਲਣਾ ਹੈ।’’ ਕਵੀ ਨੇ ਸੁਚੇਤ ਤੌਰ ’ਤੇ ਪੰਜਾਬ ਦੇ ਇਤਿਹਾਸ, ਮਿਥਿਹਾਸ, ਕੁਦਰਤ ਤੇ ਜ਼ਿੰਦਗੀ ਨਾਲ ਜੁੜੇ ਪ੍ਰਤੀਕਾਂ, ਬਿੰਬਾਂ ਦੇ ਇਸਤੇਮਾਲ ਨਾਲ ਕਵਿਤਾਵਾਂ ਵਿਚ ਮੌਲਿਕਤਾ ਅਤੇ ਨਿਵੇਕਲੇਪਣ ਦਾ ਅਹਿਸਾਸ ਹੁੰਦਾ ਹੈ। ਵਧੇਰੇ ਕਵਿਤਾਵਾਂ ਲੈਅਬੱਧ ਹਨ। ਭਾਵ ਪ੍ਰਵਾਹ ਅਤੇ ਖ਼ਿਆਲਾਂ ਦੀ ਉਡਾਣ, ਮੌਜੂਦਾ ਨੂੰ ਨੇੜਿਓਂ ਅਤੇ ਦੂਰੋਂ ਦੋਹਾਂ ਹੀ ਪੱਖਾਂ ਤੋਂ ਵੇਖਣ ਦਾ ਅੰਦਾਜ਼ ਇਨ੍ਹਾਂ ਕਵਿਤਾਵਾਂ ਨੂੰ ਸੱਜਰੇ ਅਹਿਸਾਸਾਂ ਨਾਲ ਗੜੁੱਚ ਕਰਦਾ ਹੈ। ਆਗ਼ਾਜ਼ ਅੱਛਾ ਹੈ, ਅੰਜਾਮ ਵੀ ਬਿਹਤਰ ਹੋਵੇਗਾ।

- ਡਾ. ਧਰਮ ਪਾਲ ਸਾਹਿਲ

Posted By: Harjinder Sodhi