ਪੁਸਤਕ : ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ (ਲੇਖ ਸੰਗ੍ਰਹਿ)

ਲੇਖਕ : ਸੰਤੋਖ ਸਿੰਘ ਜੱਸੀ

ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ, ਸਮਾਣਾ (ਪਟਿਆਲਾ)

ਪੰਨੇ : 128, ਮੁੱਲ : 150/-


ਵਿਸ਼ਵ ਦੀ ਅਜੀਮ ਸ਼ਖ਼ਸੀਅਤ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਸੰਘਰਸ਼ ਅਤੇ ਉਪਲੱਬਧੀਆਂ ਦੇ ਸਬੰਧ ਵਿਚ ਬਹੁਤ ਵੱਡੀ ਗਿਣਤੀ ਵਿਚ ਪੁਸਤਕਾਂ ਦੀ ਸਿਰਜਣਾ ਕੀਤੀ ਗਈ ਹੈ। ਨੌਜਵਾਨ ਲੇਖਕ ਸੰਤੋਖ ਸਿੰਘ ਜੱਸੀ ਵਲੋਂ ਲਿਖੀ ‘ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਯੂ ਐੱਨ ਓ ਤਕ’ ਇਸੇ ਲੜੀ ਵਿਚ ਇਕ ਸ਼ਲਾਘਾਯੋਗ ਉੱਦਮ ਹੈ। ਡਾ. ਅੰਬੇਡਕਰ ਦੇ ਜੀਵਨ ਦਰਸ਼ਨ ਅਤੇ ਸਮਾਜ ਨੂੰ ਵਡਮੁੱਲੀ ਦੇਣ ਤੋਂ ਪ੍ਰਭਾਵਿਤ ਹੋ ਕੇ ਲੇਖਕ ਨੇ ਅਲੱਗ-ਅਲੱਗ ਲੇਖਾਂ ਵਿਚ ਆਜ਼ਾਦ ਭਾਰਤ ਦੇ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦੇ ਸੰਪੂਰਨ ਜੀਵਨ, ਵਿਅਕਤੀਤਵ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਇਨ੍ਹਾਂ ਵਿਚ ਡਾ. ਅੰਬੇਡਕਰ ਦੇ ਸਧਾਰਨ ਪੱਧਰ ਤੋਂ ਉੱਠ ਕੇ ਉੱਚ ਸਿੱਖਿਆ ਪ੍ਰਾਪਤ ਕਰਨੀ, ਭਾਰਤੀ ਹੀ ਨਹੀਂ ਸਮੁੱਚੇ ਵਿਸ਼ਵ-ਸਮਾਜ ਦਾ ਅਧਿਐਨ, ਚਿੰਤਨ ਮਨਨ ਕਰਨਾ ਤੇ ਆਪਣੀ ਵਿਲੱਖਣ ਪ੍ਰਤਿਭਾ ਦੇ ਸਿਰ ’ਤੇ ਵਿਸ਼ਵ ਭਾਈਚਾਰੇ ਵਿਚ ਆਪਣੀ ਜ਼ਿਕਰਯੋਗ ਪਛਾਣ ਸਥਾਪਤ ਕਰਨੀ ਤੇ ਯੂਐੱਨਓ ਵਰਗੀ ਵਿਸ਼ਵ ਪੱਧਰੀ ਸਰਵਉੱਚ ਸੰਸਥਾ ਵਿਚ ਆਪਣੀ ਹਾਜ਼ਰੀ ਦਰਜ ਕਰਾਉਣੀ ਬਹੁਤ ਹੀ ਮਾਣਮੱਤੀ ਉਪਲੱਬਧੀ ਹੈ, ਜਿਸ ਕਾਰਨ ਡਾ. ਅੰਬੇਡਕਰ ਨਾ ਸਿਰਫ਼ ਦਲਿਤ ਸਮਾਜ, ਸਗੋਂ ਸਮੁੱਚੇ ਭਾਰਤੀ ਸਮਾਜ ਅਤੇ ਸੰਸਾਰ ਦੇ ਵੀ ਮਾਰਗ ਦਰਸ਼ਕ, ਵਿਚਾਰਧਾਰਕ ਤੌਰ ’ਤੇ ਮਹਾਨ ਚਿੰਤਕ ਬਣੇ ਹਨ। ਲੇਖਕ ਨੇ ਡਾ. ਅੰਬੇਡਕਰ ਦੇ ਜੀਵਨ ਦੇ ਲਗਪਗ ਹਰੇਕ ਪਹਿਲੂ ਨੂੰ ਚੇਤੇ ਕਰਦਿਆਂ ਉਨ੍ਹਾਂ ਦਾ ਮਨੁੱਖੀ ਵੇਦਨਾ ਵਾਲਾ ਸਰੂਪ, ਦੇਸ਼ ਦੇ ਨਿਰਮਾਤਾ, ਔਰਤਾਂ ਦੇ ਹੱਕ ਵਿਚ ਲੜਨ ਤੇ ਖੜ੍ਹਨ ਵਾਲੇ, ਦਲਿਤ ਸਮਾਜ ਦੀ ਸ਼ਕਤੀ ਬਣੇ ਡਾ. ਅੰਬੇਡਕਰ ਵਲੋਂ ਜਲੰਧਰ, ਲੁਧਿਆਣਾ, ਫਿਲੌਰ, ਪਟਿਆਲਾ, ਅੰਮਿ੍ਰਤਸਰ ਆਦਿ ਥਾਵਾਂ ’ਤੇ ਦਿੱਤੇ ਭਾਸ਼ਣਾਂ ਦੇ ਅੰਸ਼ਾਂ ਆਦਿ ਨੂੰ ਦਰਜ ਕੀਤਾ ਹੈ। ਲੇਖਕ ਵਲੋਂ ਡਾ. ਅੰਬੇਡਕਰ ਦੀ ਮਹਾਨ ਸ਼ਖ਼ਸੀਅਤ ਨੂੰ ਸਾਹਿਤ ਵਿਚ ਮਿਲੇ ਮਾਣ-ਸਨਮਾਨ ਅਤੇ ਉਚੇਚੇ ਤੌਰ ’ਤੇ ਪੰਜਾਬੀ ਦਲਿਤਾਂ ਨੂੰ ਦੇਣ ਬਾਰੇ ਵੀ ਚਾਨਣਾ ਪਾਇਆ ਹੈ। ਪੁਸਤਕ ਸਰਲ ਭਾਸ਼ਾ ’ਚ ਰੌਚਕ ਢੰਗ ਨਾਲ ਡਾ. ਅੰਬੇਡਕਰ ਦੀ ਸਮੁੱਚੀ ਸ਼ਖ਼ਸੀਅਤ ’ਤੇ ਚਾਨਣਾ ਪਾਉਂਦੀ ਹੈ।

- ਡਾ. ਧਰਮ ਪਾਲ ਸਾਹਿਲ

Posted By: Harjinder Sodhi