ਪੁਸਤਕ : ਬਾਣੀ ਗੁਰੂ ਨਾਨਕ ਦੇਵ ਜੀ (ਵਿਚਾਰਧਾਰਕ ਸੰਦਰਭ)

ਸੰਪਾਦਕ : ਡਾ. ਰਣਜੀਤ ਕੌਰ ਅਤੇ ਪ੍ਰੋ. ਨਵਜੋਤ ਕੌਰ

ਪ੍ਰਕਾਸ਼ਕ : ਤਰਲੋਚਨ ਪਬਲੀਸ਼ਰਜ਼,ਚੰਡੀਗੜ੍ਹ।

ਪੰਨੇ : 135, ਮੁੱਲ : 300/-

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਦਰਸ਼ਨ ਬਾਬਤ 26 ਵਿਦਵਾਨ ਲੇਖਕਾਂ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਲੇਖਕਾਂ ਵੱਲੋਂ ਬੜੇ ਹੀ ਖੋਜ ਭਰਪੂਰ ਤਰੀਕੇ ਨਾਲ ਗੁਰੂ ਨਾਨਕ ਦੇਵ ਜੀ ਦੇ ਬਚਪਨ ਤੋਂ ਲੈ ਕੇ ਉਨ੍ਹਾਂ ਦੀ ਦੁਨਿਆਵੀ ਕਾਰੋਬਾਰਾਂ ਪ੍ਰਤੀ ਉਦਾਸੀਨਤਾ,ਇਸ ਉਦਾਸੀਨਤਾ ਦੇ ਬਾਵਜੂਦ ਗ੍ਰਹਿਸਥੀ ਜੀਵਨ ਅਪਣਾਉਣ ਦਾ ਉਪਦੇਸ਼,ਬਚਪਨ ਵਿਚ ਹੀ ਅਥਾਹ ਗਿਆਨ,ਜਬਰ ਜ਼ੁਲਮ ਦੇ ਵਿਰੁੱਧ ਦਲੇਰਾਨਾ ਆਵਾਜ਼ ਬੁਲੰਦੀ,ਔਰਤ ਜਾਤੀ ਦੇ ਹੱਕ ’ਚ ਆਵਾਜ਼ ਬੁਲੰਦੀ,ਧਾਰਮਿਕ ਆਡੰਬਰਾਂ ਅਤੇ ਆਡੰਬਰਾਂ ਦੇ ਠੇਕੇਦਾਰ ਧਾਰਮਿਕ ਆਗੂਆਂ ਖ਼ਿਲਾਫ਼ ਰੋਹ, ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਦਾਸੀਆਂ ਅਤੇ ਅਖੀਰਲੇ ਦਿਨਾਂ ਦੌਰਾਨ ਖੁਦ ਹੱਥੀਂ ਖੇਤੀ ਕਰਨ ਦੀਆਂ ਸਾਰੀਆਂ ਘਟਨਾਵਾਂ ਨੂੰ ਇੰਨੀ ਸਰਲ ਸ਼ੈਲੀ, ਵਿਸਥਾਰ ਵਿਚ ਅਤੇ ਲੜੀਬੱਧ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਕਿ ਪਾਠਕ ਨੂੰ ਗੁਰੂ ਜੀ ਬਾਬਤ ਹੋਰ ਪੁਸਤਕ ਪੜ੍ਹਨ ਦੀ ਜ਼ਰੂਰਤ ਨਹੀਂ ਰਹਿੰਦੀ। ਗੁਰੂ ਨਾਨਕ ਦੇਵ ਜੀ ਦੇ ਬਾਣੀ ਦੇ ਵਿਚਾਰਧਾਰਕ, ਰੂਪਕ,,ਸਿੱਖਿਆਦਾਇਕ,ਵਾਤਾਵਰਨ ਪੱਖੀ,ਸਦਾਚਾਰੀ ਜੀਵਨ,ਇਤਿਹਾਸਕ ਪ੍ਰਸੰਗਿਕਤਾ,ਜਾਤ ਪਾਤ ਦਾ ਖੰਡਨ ਅਤੇ ਨਾਰੀ ਜਾਤੀ ਦੀ ਵਡਿਆਈ ਵਾਲੇ ਸਾਰੇ ਪੱਖਾਂ ਨੂੰ ਆਮ ਭਾਸ਼ਾ ਵਿਚ ਪਾਠਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇੱਕੋ ਪੁਸਤਕ ਵਿੱਚ ਪੰਜਾਬੀ ਦੇ ਨਾਲ ਨਾਲ ਅੰਗਰੇਜੀ ਭਾਸ਼ਾ ਦੇ ਪਾਠਕਾਂ ਲਈ ਲੇਖ ਸ਼ੁਮਾਰ ਕਰਨ ਦਾ ਤਜਰਬਾ ਵੀ ਆਪਣੇ ਆਪ ’ਚ ਵਿਲੱਖਣ ਤੇ ਪ੍ਰਸ਼ੰਸਾਯੋਗ ਹੈ। ਗੁਰੂ ਜੀ ਦੀ ਬਾਣੀ ਦੇ ਅਮਲਾਂ ਤੋਂ ਦੂਰ ਜਾ ਰਹੇ ਸਮਾਜ ਲਈ ਇਹ ਪੁਸਤਕ ਬਹੁਮੱਲਾ ਤੋਹਫਾ ਹੈ। ਪੁਸਤਕ ਪੜ੍ਹਦਿਆਂ ਪਾਠਕ ਸਵੈ ਪੜਚੋਲ ਕਰਦਾ ਪ੍ਰਤੀਤ ਹੁੰਦਾ ਹੈ ਕਿ ਆਖਿਰ ਉਹ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਕਿੰਨ੍ਹਾ ਕੁ ਅਮਲ ਕਰ ਸਕਿਆ ਹੈ?

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi