ਡਾ. ਸਤੀਸ਼ ਕੁਮਾਰ ਵਰਮਾ ਬਾਰੇ ਆਪਣੀ ਇਸ ਲਿਖਤ ਦਾ ਸਿਰਲੇਖ ਅਤੇ ਆਰੰਭਕ ਸ਼ਬਦ ਲਿਖਣ ਸਮੇਂ ਇਹ ਖ਼ਿਆਲ ਮੇਰੇ ਮਨ ’ਤੇ ਭਾਰੂ ਰਿਹਾ ਹੈ ਕਿ ਜਿਸ ਵਿਅਕਤੀ ਨੇ ਸਮਾਜਕ ਮਨੁੱਖੀ ਜ਼ਿੰਦਗੀ ਦੇ ਕਿਸੇ ਅਹਿਮ ਪਹਿਲੂ ਦੇ ਵਿਭਿੰਨ ਪਾਸਾਰਾਂ ਉੱਤੇ ਕੰਮ ਕਰਦਿਆਂ ਵਿਸ਼ੇਸ਼ ਨਿਪੁੰਨਤਾ, ਯੋਗਤਾ ਅਤੇ ਸਮਰਿੱਧੀ ਦਾ ਪ੍ਰਮਾਣ ਦਿੰਦਿਆਂ ਵਡੇਰਾ ਯੋਗਦਾਨ ਪਾਇਆ ਹੋਵੇ ਉਸਦੀ ਸ਼ਖ਼ਸੀਅਤ ਨੂੰ ਭਾਵੇਂ ਬਹੁਪੱਖੀ ਹੈ ਕਹਿਣਾ ਅਨ-ਉਚਿਤ ਨਹੀਂ ਹੁੰਦਾ ਪ੍ਰੰਤੂ ਇਹ ਸਿਰਲੇਖ ਡਾ. ਵਰਮਾ ਦੀ ਸ਼ਖ਼ਸੀਅਤ ਦੀ ਵਚਿੱਤਰਤਾ ਅਤੇ ਵਿਲੱਖਣਤਾ ਦੇ ਮੇਚ ਦਾ ਨਹੀਂ ਹੋਵੇਗਾ। ਡਾ. ਵਰਮਾ ਦੇ ਬਹੁਤ ਸਾਰੇ ਪ੍ਰਸ਼ੰਸਕ, ਮਿੱਤਰ, ਵਿਦਿਆਰਥੀ ਅਤੇ ਸਨੇਹੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਅਨੇਕ ਪੱਖਾਂ ਬਾਰੇ ਬੜਾ ਕੁਝ ਲਿਖ ਰਹੇ ਹਨ ਅਤੇ ਨਿਰਸੰਦੇਹ ਉਹ ਬਹੁਤ ਜਾਣਕਾਰੀ ਭਰਪੂਰ ਅਤੇ ਮੁੱਲਵਾਨ ਵੀ ਹੋਵੇਗਾ ਪਰ ਮੈਂ ਆਪਣੇ ਗਿਆਨ ਅਤੇ ਜਾਣਕਾਰੀ ਮੁਤਾਬਕ ਉਨ੍ਹਾਂ ਦੇ ਸੁਭਾਅ ਵਿੱਚੋਂ ਜਿੰਨਾ ਕੁਝ ਸ਼ਲਾਘਾਯੋਗ ਵਚਿੱਤਰਤਾਵਾਂ ਅਤੇ ਵਿਲੱਖਣਤਾਵਾਂ ਤੋਂ ਪ੍ਰਭਾਵਿਤ ਹੋਇਆ ਹਾਂ, ਮੈਂ ਆਪਣੀ ਗੱਲ ਨੂੰ ਉਸ ’ਤੇ ਹੀ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਾਂਗਾ।

‘ਮੈਂ ਤਾਂ ਰਾਤ ਨੂੰ ਵੀ ਸਿਰਫ਼ ਚਾਰ ਘੰਟੇ ਹੀ ਸੌਂਦਾ ਹਾਂ, ਦਿਨੇ ਸੌਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।’ ਡਾ. ਸਤੀਸ਼ ਕੁਮਾਰ ਵਰਮਾ ਆਪਣੇ ਹਮਜਮਾਤੀ ਅਤੇ ਗਹਿਰੇ ਮਿੱਤਰ ਪ੍ਰੋ. ਕੁਲਵੰਤ ਸਿੰਘ ਔਜਲਾ ਨੂੰ ਦੱਸ ਰਹੇ ਸਨ ਤੇ ਮੈਂ ਹੈਰਾਨੀ ’ਚ ਅਵਾਕ ਖੜ੍ਹਾ ਸੁਣਦਾ ਜਾ ਰਿਹਾ ਸਾਂ। ‘ਕੁਲਵੰਤ ਇਕ ਦਿਨ ਮਰਨਾ ਵੀ ਐ ਉਸ ਤੋਂ ਪਹਿਲਾਂ ਆਪਣੇ ਹਿੱਸੇ ਦੇ ਕੰਮ ਤਾਂ ਥੋੜ੍ਹੇ ਨੇੜੇ ਕਰ ਲਵਾਂ।’ ਆਪਣੀਆਂ ਤਿੱਖੀਆਂ ਨਜ਼ਰਾਂ ਪ੍ਰੋਫੈਸਰ ਸਾਹਿਬ ਦੇ ਚਿਹਰੇ ’ਤੇ ਗੱਡ ਕੇ ਡਾ. ਵਰਮਾ ਰਹੱਸ-ਉਦਘਾਟਨ ਕਰਨ ਦੇ ਅੰਦਾਜ਼ ਵਿਚ ਬੋਲਦੇ ਹਨ। ਇਹ ਵਾਕਿਆ ਉਸ ਵਕਤ ਦਾ ਹੈ ਜਦ 1999-2000 ਵਿਚ ਮੈਂ ਤੇ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ‘ਇੱਕੀਵੀਂ ਸਦੀ ਵਿਚ ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਨਵੀਂਆਂ ਚੁਣੌਤੀਆਂ’ ਵਿਸ਼ੇ ਨੂੰ ਸਮਰਪਿਤ ਇਕ ਤਿੰਨ ਰੋਜ਼ਾ ਕਾਨਫਰੰਸ ਵਿਚ ਹਿੱਸਾ ਲੈਣ ਲਈ ਡਾ. ਜਸਵਿੰਦਰ ਸਿੰਘ ਦੇ ਸੱਦੇ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚ ਕੇ ਡਾ.ਵਰਮਾ ਦੇ ਹੋਸਟਲ ਵਾਰਡਨ ਵਾਲੇ ਮਕਾਨ ਵਿਚ ਉਨ੍ਹਾਂ ਨੂੰ ਮਿਲਣ ਗਏ ਸਾਂ। ਇਸ ਕਾਨਫ਼ਰੰਸ ਵਿਚ ਮੇਰੀ ਸ਼ਿਰਕਤ ਦਾ ਲੁਕਵਾਂ ਤੇ ਅਸਲੀ ਕਾਰਨ ਤਾਂ ਡਾ. ਜਸਵਿੰਦਰ ਸਿੰਘ ਹੁਰਾਂ ਨਾਲ ਮੇਰੀ ਪੀਐੱਚ.ਡੀ. ਦੇ ਕਾਰਜ ਬਾਰੇ ਗੱਲਬਾਤ ਕਰਨੀ ਸੀ। ਅਸਲ ਵਿਚ ਮੈਂ ਆਪਣੇ ਵਿਦਿਆਰਥੀ ਜੀਵਨ ਵਿਚ ਹੀ ਆਪਣੇ ਵੱਡੇ ਭਰਾਵਾਂ ਵਰਗੇ ਮਾਣਯੋਗ ਅਧਿਆਪਕ ਪ੍ਰੋ. ਕੁਲਵੰਤ ਸਿੰਘ ਔਜਲਾ ਨਾਲ ਉੁਨ੍ਹਾਂ ਦੇ ਹਮ ਜਮਾਤੀ ਅਤੇ ਭਰਾਵਾਂ ਵਰਗੇ ਦੋਸਤਾਂ ਡਾ. ਜਸਵਿੰਦਰ ਸਿੰਘ, ਡਾ. ਸਤੀਸ਼ ਕੁਮਾਰ ਵਰਮਾ ਤੇ ਡਾ. ਮੱਖਣ ਸਿੰਘ ਗੁੱਜਰਾਂਵਾਲੀਆ ਹੁਰਾਂ ਨੂੰ ਅਕਸਰ ਮਿਲਦਾ ਗਿਲਦਾ ਰਹਿੰਦਾ ਸਾਂ ਅਤੇ ਇਨ੍ਹਾਂ ਹਸਤੀਆਂ ਦੇ ਘਰ ਦੇ ਜੀਆਂ ਵਾਂਗੂੰ ਹੀ ਵਿਚਰਦਾ ਸਾਂ। ਇਹ ਵਿਦਵਾਨ ਚਾਹੁੰਦੇ ਸਨ ਕਿ ਮੈਂ ਪੀਐੱਚ.ਡੀ. ਦਾ ਕੰਮ ਜਲਦੀ ਸ਼ੁਰੂ ਕਰਾਂ ਅਤੇ ਵੇਲੇ ਸਿਰ ਨਿਬੇੜ ਲਵਾਂ। ਪਰ ਪਹਿਲਾਂ ਡੀ.ਐਮ. ਕਾਲਜ ਮੋਗਾ ਦੀ ਸੇਵਾ ਵੇਲੇ ਜਲੰਧਰ ਤੋਂ ਮੋਗਾ ਦੇ ਆਵਾਗਮਨ ਨੇ ਉਲਝਾਈ ਰੱਖਿਆ ਫਿਰ ਲਾਇਲਪੁਰ ਖਾਲਸਾ ਕਾਲਜ ਜਲੰਧਰ ਆਉਣ ’ਤੇ ਖੋਜ ਕਰਨ ਬਾਰੇ ਮੁੜ ਸੋਚਿਆ। ਪਰ ਹੁਣ ਸਮੱਸਿਆ ਇਹ ਬਣ ਗਈ ਕਿ ਖੋਜ-ਨਿਗਰਾਨ ਅਧਿਆਪਕਾਂ ਕੋਲ ਖੋਜਾਰਥੀ ਵਿਦਿਆਰਥੀਆਂ ਦੀਆਂ ਸੀਟਾਂ ਸੀਮਤ ਹੋਣ ਕਾਰਨ ਡਾ. ਜਸਵਿੰਦਰ ਸਿੰਘ ਕੋਲ ਕੋਈ ਸੀਟ ਖ਼ਾਲੀ ਨਹੀਂ ਸੀ ਅਤੇ ਡਾ.ਵਰਮਾ ਕੋਲ ਛੇ ਕੁ ਮਹੀਨਿਆਂ ਤਕ ਖ਼ਾਲੀ ਹੋਣ ਦੀ ਸੰਭਾਵਨਾ ਸੀ। ਡਾ. ਸਾਹਿਬ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਟੌਪਿਕ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਕਿਹਾ ਕਿ ‘ਬੱਲਿਆ ਪੜ੍ਹਨਾ ਸ਼ੁਰੂ ਕਰ ਤੇ ਬਾਕੀ ਦਫਤਰੀ ਕੰਮ ਮੇਰਾ।’ ਸਾਡੇ ਲਾਗੇ ਬੈਠੇ ਪੰਜਾਬੀ ਦੇ ਸਿਰਮੌਰ ਕਹਾਣੀਕਾਰ ਕਿਰਪਾਲ ਕਜ਼ਾਕ ਨੇ ਮੈਨੂੰ ਕਿਹਾ ਬੁੱਟਰ ਸਾਹਿਬ ਤੁਹਾਨੂੰ ਕਿਸੇ ਹੋਰ ਨਿਗਰਾਨ ਨੇ ਏਨੇ ਕੰਮ ਵਿਚ ਹੀ ਥਕਾ ਦੇਣਾ ਸੀ, ਸਾਡਾ ਡਾ. ਵਰਮਾ ਇਸੇ ਕਰਕੇ ਹੀ ਤਾਂ ਹੋਰਾਂ ਤੋਂ ਵਚਿੱਤਰ ਅਤੇ ਵਿਲੱਖਣ ਹੈ।

ਪੰਜਾਬੀ ਭਾਸ਼ਾ, ਸਾਹਿਤ, ਨਾਟ-ਮੰਚ ਤੇ ਸਿਨਮੇ ਨਾਲ ਸਬੰਧਤ ਲੋਕ ਜਾਣਦੇ ਹਨ ਕਿ ਡਾ. ਵਰਮਾ ਪੰਜਾਬੀ ਦੇ ਨਾਮਵਰ ਨਾਟਕਕਾਰ ਹਨ। ਉਨ੍ਹਾਂ ਨੇ ‘ਟਕੋਰਾਂ’, ‘ਮਸਲਾ ਪੰਜਾਬ ਦਾ’, ‘ਪਰਤ ਆਉਣ ਤਕ’, ‘ਘੁਟਦੇ ਸਾਹਾਂ ਦੀ ਕਹਾਣੀ’, ‘ਦਾਇਰੇ’, ‘ਅਸੀਂ ਸਾਰੇ ਭਗਤ ਸਿੰਘ ਤੇ ਉਧਮ ਸਿੰਘ ਜ਼ਿੰਦਾ ਹਾਂ’ ਤੇ ‘ਲੋਕ ਮਨਾਂ ਦਾ ਰਾਜਾ’ ਵਰਗੇ ਮਿਆਰੀ ਨਾਟਕਾਂ ਦੀ ਰਚਨਾ ਕੀਤੀ ਹੈ। ਡਾ. ਸਤੀਸ਼ ਕੁਮਾਰ ਵਰਮਾ ਪੰਜਾਬੀ ਨਾਟ-ਮੰਚ ਦੇ ਪ੍ਰਬੁੱਧ ਚਿੰਤਕ ਹਨ ਅਤੇ ਉਨ੍ਹਾਂ ਨਾਟ-ਮੰਚ ਦੀ ਸਮੀਖਿਆ ਦੀਆਂ ਅਨੇਕ ਪੁਸਤਕਾਂ ਪੰਜਾਬੀ ਮਾਂ ਬੋਲੀ ਨੂੰ ਦੇ ਕੇ ਪੰਜਾਬੀ ਨਾਟ-ਮੰਚ ਦੀ ਆਲੋਚਨਾ ਦੀ ਘਾਟ ਨੂੰ ਪੂਰਨ ਵਿਚ ਭਰਪੂਰ ਯੋਗਦਾਨ ਪਾਇਆ ਹੈ। ਉਹ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਰਹੇ ਹੋਣ ਨਾਤੇ ਸੈਂਕੜੇ ਵਿਦਿਆਰਥੀਆਂ ਨੂੰ ਨਾਟ-ਮੰਚ ਬਾਰੇ ਅਧਿਐਨ ਕਰਵਾ ਰਹੇ ਹਨ ਤੇ ਉਚੇਰੀ ਖੋਜ ਲਈ ਬਤੌਰ ਨਿਗਰਾਨ ਜ਼ਿੰਮੇਵਾਰੀ ਨਿਭਾ ਰਹੇ ਹਨ। ਉਹ ਸਫ਼ਲ ਮੰਚ ਸੰਚਾਲਕ ਹਨ ਅਤੇ ਇਹ ਕਾਰਜ ਉਹ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿਚ ਪੂਰਨ ਕੁਸ਼ਲਤਾ ਨਾਲ ਨਿਭਾਉਣ ਦੇ ਸਮਰਥ ਹਨ। ਉਹ ਮੰਚ ਨਿਰਦੇਸ਼ਕ ਹਨ, ਅਭਿਨੇਤਾ ਹਨ, ਪਟਕਥਾ ਲੇਖਕ ਹਨ, ਟੀ.ਵੀ. ਤੇ ਰੇਡੀਉ ਲਈ ਵਿਸ਼ਾ ਮਾਹਿਰ ਹਨ, ਅਖ਼ਬਾਰਾਂ ਰਸਾਲਿਆਂ ਲਈ ਕਾਲਮ ਨਵੀਸ ਹਨ। ਉਹ ਵਧੀਆ ਵਾਰਤਕਕਾਰ ਅਤੇ ਕਵੀ ਹਨ। ਆਪਣੇ ਵਿਦਿਆਰਥੀਆਂ ਲਈ ਉਨ੍ਹਾਂ ਦੇ ਮਨ ਵਿਚ ਉਨ੍ਹਾਂ ਦੀ ਐਮ.ਏ. ਤੋਂ ਲੈ ਕੇ ਉਚੇਰੀ ਖੋਜ, ਨੌਕਰੀ, ਵਿਆਹ ਅਤੇ ਘਰ ਬਣਾਉਣ ਤਕ ਦਾ ਫ਼ਿਕਰ ਹੈ। ਉਨ੍ਹਾਂ ਦੀ ਫੋਨ ਬੁਕ ਵਿਚ ਆਪਣੇ ਸਕੂਲ ਦੇ ਜਮਾਤੀ ਰੱਦੀ ਫਰੋਸ਼ ਗੁਰਚਰਨ ਦਾਸ ਤੇ ਪੰਜਾਬੀ ਦੇ ਸਟਾਰ ਗਾਇਕ ਗੁਰਦਾਸ ਮਾਨ ਦੋਨਾਂ ਦੇ ਨਾਮ ਇਕਠੇ ਦੇਖੇ ਜਾ ਸਕਦੇ ਹਨ। ਉਨ੍ਹਾਂ ਨੂੰ ਆਪਣੇ ਦੋਸਤ ਅਤੇ ਫਿਲਮ ਐਕਟਰ ਧਰਮਿੰਦਰ ਦੇ ਭਰਾ ਅਜੀਤ ਸਿੰਘ ਦਿਓਲ ਅਤੇ ਦੁਰਾਹੇ ਸ਼ੇਰਗਿੱਲ ਢਾਬੇ ਵਾਲੇ ਭੋਲੇ ਦੀ ਬਿਮਾਰ ਪਤਨੀ ਦਾ ਇਕੋ ਜਿੰਨਾ ਫ਼ਿਕਰ ਹੈ। ਰਾਤ ਦੋ ਵਜੇ ਤੋਂ ਸਵੇਰ ਛੇ ਵਜੇ ਤਕ ਆਪਣੇ ਆਰਾਮ ਲਈ ਚਾਰ ਘੰਟਿਆਂ ਤੋਂ ਇਲਾਵਾ ਉਨ੍ਹਾਂ ਕੋਲ ਕੰਮ ਹੀ ਕੰਮ ਹੈ। ਇਨ੍ਹਾਂ ਬੇਸ਼ੁਮਾਰ ਰੁਝੇਵਿਆਂ ਦੇ ਬਾਵਜੂਦ ਉਹ ਆਪਣੇ ਲੋਕਾਂ ਦੀ ਸਹਾਇਤਾ ਲਈ ਆਪਣਾ ਫੋਨ 24 ਘੰਟੇ ਚਾਲੂ ਰੱਖਦੇ ਹਨ। ਟੈਲੀਫੋਨ ਤੇ ਦੋਸਤਾਂ ਦੇ ਬੱਚਿਆਂ ਨੂੰ ਭਾਸ਼ਣ ਪ੍ਰਤਿਯੋਗਿਤਾ ਲਈ ਸਕਿ੍ਰਪਟ ਲਿਖਵਾ ਦੇਣੀ ਅਤੇ ਕਿਸੇ ਪੁਸਤਕ ਦਾ ਸੰਪੂਰਨ ਵੇਰਵਾ ਜਿਵੇਂ - ਪੁਸਤਕ ਦਾ ਨਾਮ, ਲੇਖਕ, ਪ੍ਰਕਾਸ਼ਕ, ਪ੍ਰਕਾਸ਼ਨ ਮਿਤੀ, ਪੰਨੇ, ਕੀਮਤ ਆਦਿ ਫੋਨ ’ਤੇ ਹੀ ਦਸ ਦੇਣਾ ਉਨ੍ਹਾਂ ਲਈ ਸਾਧਾਰਨ ਜਿਹੀ ਗੱਲ ਹੈ। ਉਨ੍ਹਾਂ ਦੇ ਬਹੁ-ਦਿਸ਼ਾਵੀ ਗਿਆਨ ਅਤੇ ਤੇਜ਼ ਯਾਦਾਸ਼ਤ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਡਾ. ਸਤੀਸ਼ ਕੁਮਾਰ ਵਰਮਾ ਨੂੰ ਚਲਦਾ-ਫਿਰਦਾ ‘ਇਨਸਾਈਕਲੋਪੀਡੀਆ’ ਆਖਦੇ ਹਨ। ਡਾ. ਗੁਰਸੇਵਕ ਲੰਬੀ ਉਨ੍ਹਾਂ ਦੇ ਇਕ ਤੋਂ ਵਧੀਕ ਖੇਤਰਾਂ ਨਾਲ ਸਬੰਧਤ ਰੁਝੇਵਿਆਂ ਬਾਰੇ ਲਿਖਦਾ ਹੈ ਕਿ ‘‘ਡਾ. ਸਤੀਸ਼ ਕੁਮਾਰ ਵਰਮਾ ਪੰਜਾਬੀ ਸਾਹਿਤਕ ਸੱਭਿਆਚਾਰਕ ਤੇ ਅਕਾਦਮਿਕ ਜਗਤ ਵਿਚ ਇਸ ਵੇਲੇ ਸਭ ਤੋਂ ਰੁਝੀ ਹੋਈ ਸ਼ਖ਼ਸੀਅਤ ਹਨ। ਇਕੋ ਸਮੇਂ ਉਹ ਯੂਨੀਵਰਸਿਟੀ ਦੇ ਕਿਸੇ ਪ੍ਰਸ਼ਾਸਨਿਕ ਕੰਮ ਵਿਚ ਰੁਝੇ ਹੋਏ ਹੁੰਦੇ ਹਨ, ਦਿਮਾਗ਼ ਕਿਸੇ ਫਿਲਮ ਜਾਂ ਨਾਟਕ ਦੀ ਕਥਾ ਘੜ ਰਿਹਾ ਹੁੰਦਾ ਹੈ, ਹੱਥ ਕਿਸੇ ਵਿਦਿਆਰਥੀ ਨੂੰ ਹਲਾਸ਼ੇਰੀ ਦੇ ਰਹੇ ਹੁੰਦੇ ਹਨ, ਪੈਰ ਕਿਸੇ ਸਮਾਗਮ ਦੀ ਪ੍ਰਧਾਨਗੀ ਲਈ ਵਧ ਰਹੇ ਹੁੰਦੇ ਹਨ, ਜ਼ੁਬਾਨ ਮਾਂ ਬੋਲੀ ਪੰਜਾਬੀ ਦਾ ਕੋਈ ਵੱਡਾ ਕਾਰਜ ਉਲੀਕ ਰਹੀ ਹੁੰਦੀ ਹੈ। ਉਹ ਐਨੇ ਕੰਮ ਕਿਵੇਂ ਕਰ ਲੈਂਦੇ ਹਨ। ਇਹ ਸਭ ਅਚੰਭੇ ਦੀ ਗਲ ਹੈ। ਪਰ ਉਨ੍ਹਾਂ ਲਈ ਇਹ ਸਭ ਰੁਟੀਨ ਦਾ ਕੰਮ ਹੈ।’’ ਡਾ. ਲੰਬੀ ਦੇ ਅਚੰਭੇ ਦਾ ਜੁਆਬ ਤਾਂ ਡਾ. ਵਰਮਾ ਦੇ ਅਖ਼ਬਾਰ ਵਿਚ ਸਾਢੇ ਅੱਠ ਸਾਲ ਨਿਰੰਤਰ ਚੱਲੇ ਕਾਲਮ ਵਿਚਲੇ ਇਸ ਕਥਨ ਵਿਚ ਨਿਹਿਤ ਹੈ ਕਿ ‘ਮੈਂ ਹਮੇਸ਼ਾ ਇਨ-ਟਿਊਨ ਰਹਿੰਦਾ ਹਾਂ।’ ਮੈਂ ਡਾ. ਸਤੀਸ਼ ਕੁਮਾਰ ਵਰਮਾ ਨੂੰ ਵਚਿੱਤਰ ਤੇ ਵਿਲੱਖਣ ਸ਼ਖਸੀਅਤ ਇਸੇ ਕਰਕੇ ਕਹਿੰਦਾ ਹਾਂ। ਆਮ ਦੇਖਿਆ ਜਾ ਸਕਦਾ ਹੈ ਕਿ ਉਨ੍ਹਾਂ ਦੇ ਦੋਸਤਾਂ ਦੇ ਬੱਚੇ ਕਿਸੇ ਪ੍ਰੀਖਿਆ ਲਈ ਉਨ੍ਹਾਂ ਕੋਲ ਰੁਕੇ ਹਨ ਜਿਨ੍ਹਾਂ ਨੂੰ ਸੈਂਟਰ ਵਿਚ ਲੈ ਕੇ ਜਾਣ ਤੇ ਲੈ ਕੇ ਆਉਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਦੀ ਹੈ। ਵਿਚੇ ਦੋ-ਤਿੰਨ ਖੋਜ ਵਿਦਿਆਰਥੀ ਆਪਣਾ ਖੋਜ ਕਾਰਜ ਚੈੱਕ ਕਰਵਾਉਣ ਵੀ ਆ ਰਹੇ ਹਨ। ਪਟਿਆਲੇ ਦੇ ਸੌ ਕਿਲੋਮੀਟਰ ਦੇ ਘੇਰੇ ਵਿਚ ਇਕ ਦੋ ਸਮਾਗਮ ਵੀ ਹਨ। ਪੰਜਾਬੀ ਵਿਭਾਗ ਦੀਆਂ ਜਮਾਤਾਂ ਵੀ ਪੜ੍ਹਾਉਣੀਆਂ ਹਨ। ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਹੋਣ ਵੇਲੇ ਇਨ੍ਹਾਂ ਸਾਰੇ ਕੰਮਾਂ ਦੇ ਨਾਲ-ਨਾਲ ਦੋ-ਤਿੰਨ ਮੀਟਿੰਗਾਂ ਵੀ ਕਰਦੇ ਰਹੇ ਹਨ। ਸਾਰੇ ਥਾਵਾਂ ’ਤੇ ਜਦੋਂ ਡਾ. ਵਰਮਾ ਦੀ ਲੋੜ ਹੁੰਦੀ ਹੈ ਤਾਂ ਉਹ ਉਥੇ ਹਾਜ਼ਰ ਦੇਖੇ ਜਾ ਸਕਦੇ ਹਨ।

ਮੈਂ ਆਪਣੀ ਖੋਜ ਸਬੰਧੀ ਕੁਝ ਕੰਮ ਡਾ. ਸਤੀਸ਼ ਕੁਮਾਰ ਵਰਮਾ ਨੂੰ ਦਿਖਾਉਣਾ ਸੀ ਤੇ ਇਸ ਕੰਮ ਲਈ ਮੈਨੂੰ ਘਟੋ-ਘਟ ਜਲੰਧਰ ਤੋਂ ਪਟਿਆਲੇ ਦੇ ਪੰਜ-ਸੱਤ ਚੱਕਰ ਲਗ ਸਕਦੇ ਸਨ ਕਿਉਂਕਿ ਡਾ. ਵਰਮਾ ਸਾਹਮਣੇ ਬੈਠਾ ਕੇ ਪੜ੍ਹਦੇ ਹਨ ਅਤੇ ਖੋਜ ਦੀ ਭਾਸ਼ਾ ਦੀ ਵਿਵੇਕਸ਼ੀਲਤਾ, ਕਥਨ ਦੀ ਸਪਸ਼ਟਤਾ ਦੇ ਨਾਲ-ਨਾਲ ਸ਼ਬਦ ਜੋੜਾਂ ਤੇ ਵਾਕ ਬਣਤਰਾਂ ਤਕ ਦੀ ਸ਼ੁਧਤਾ ਨੂੰ ਬਹੁਤ ਬਾਰੀਕੀ ਨਾਲ ਦੇਖਣ ਵਿਚ ਯਕੀਨ ਰੱਖਦੇ ਹਨ। ਪਰ ਉਸ ਸਮੇਂ ਆਪਣੇ ਕਾਲਜ ਵਿੱਚੋਂ ਇੰਨਾ ਸਮਾਂ ਕੱਢ ਸਕਣਾ ਮੈਨੂੰ ਮੁਸ਼ਕਿਲ ਲਗਦਾ ਸੀ। ਜਦ ਡਾ. ਵਰਮਾ ਨੂੰ ਮੇਰੀ ਪਰੇਸ਼ਾਨੀ ਦਾ ਪਤਾ ਲਗਾ ਤਾਂ ਉਨ੍ਹਾਂ ਨੇ ਤੁਰੰਤ ਸੌਖਾ ਹੱਲ ਕੱਢ ਲਿਆ। ਉਨ੍ਹਾਂ ਨੇ ਕਿਹਾ ਕਿ ‘ਤੂੰ ਸਾਰਾ ਲਿਖਿਆ ਟਾਈਪ ਕਰਵਾ ਕੇ ਰੱਖ ਲੈ, ਮੈਂ ਅਗਲੇ ਹਫ਼ਤੇ ਨੂਰਮਹਿਲ ਆਉਣਾ ਹੈ, ਉਥੇ ਤੇਰਾ ਕੰਮ ਦੇਖਾਂਗੇ।’ ਦਰਅਸਲ ਡਾ. ਵਰਮਾ ਨੂਰਮਹਿਲ ਪ੍ਰਸਿੱਧ ਗਾਇਕ ਤੇ ਅਦਾਕਾਰ ਸਰਬਜੀਤ ਚੀਮਾ ਦੀ ਫਿਲਮ ‘ਪੰਜਾਬ ਬੋਲਦਾ ਹੈ’ ਜਿਸ ਫਿਲਮ ਦੇ ਡਾ. ਸਾਹਿਬ ਲੇਖਕ ਸਨ, ਉਸਦੀ ਸ਼ੂਟਿੰਗ ’ਤੇ ਆ ਰਹੇ ਸਨ। ਵਰਣਨਯੋਗ ਹੈ ਕਿ ਪਟਕਥਾ ਲੇਖਕ ਹੋਣ ਦੇ ਨਾਲ-ਨਾਲ ਇਸ ਫਿਲਮ ਵਿਚ ਡਾ. ਵਰਮਾ ਤੇ ਉਨ੍ਹਾਂ ਦਾ ਵੱਡਾ ਸਪੁੱਤਰ ਪਰਮੀਸ਼ ਵਰਮਾ ਬਤੌਰ ਅਦਾਕਾਰ ਭਾਵਪੂਰਤ ਭੂਮਿਕਾ ਵੀ ਨਿਭਾ ਰਹੇ ਸਨ। ਮੇਰੇ ਲਈ ਡਾ. ਸਾਹਿਬ ਦੁਆਰਾ ਸੁਝਾਇਆ ਇਹ ਹਲ ਬੜੀ ਅਪਣਤ ਤੇ ਸੁਹਿਰਦਤਾ ਭਰਿਆ ਸੀ। ਡਾ. ਵਰਮਾ ਨੇ ਆਪਣੀ ਵੈਨਿਟੀ ਵੈਨ ਦੇ ਸੁਵਿਧਾਜਨਕ ਕਮਰੇ ਵਿਚ ਮੇਰਾ ਕੰਮ ਦੋ-ਤਿੰਨ ਦਿਨਾਂ ਵਿਚ ਹੀ ਚੈੱਕ ਕਰ ਕੇ ਫਾਈਨਲ ਕਰ ਦਿੱਤਾ, ਵਿੱਚੋਂ ਜਦ ਕਦੇ ਡਾ. ਸਾਹਿਬ ਦੀ ਸੈੱਟ ’ਤੇ ਜ਼ਰੂਰਤ ਪੈਂਦੀ ਤਾਂ ਮੈਂ ਦੇਖਦਾ ਕਿ ਨਿਰਦੇਸ਼ਕ ਦੀ ਲੋੜ ਮੁਤਾਬਿਕ ਡਾ. ਸਾਹਿਬ ਮਿੰਟਾਂ ਵਿਚ ਹੀ ਨਵਾਂ ਦਿ੍ਰਸ਼ ਸਿਰਜ ਲੈਂਦੇ ਤੇ ਫਿਲਮ ਦੀ ਸੁਹਜਾਤਮਕਤਾ ਨੂੰ ਕਰਤਾਰੀ ਛੁਹ ਦੇ ਕੇ ਹੋਰ ਸਮਰੱਥ ਬਣਾ ਦਿੰਦੇ।

ਮੈਂ ਨਿੱਜੀ ਤੌਰ ’ਤੇ ਕਈ ਵਾਰ ਮਹਿਸੂਸ ਕੀਤਾ ਕਿ ਉਹ ਆਪਣੇ ਨਾਲ ਕਿਸੇ ਵੀ ਰੂਪ ਵਿਚ ਜੁੜੇ ਵਿਅਕਤੀ ਦੇ ਕੰਮ ਪ੍ਰਤੀ ਕਿੰਨੀ ਫ਼ਿਕਰਮੰਦੀ, ਜ਼ਿੰਮੇਵਾਰੀ, ਸੁਹਿਰਦਤਾ ਅਤੇ ਪ੍ਰਤੀਬੱਧਤਾ ਨਾਲ ਪਹਿਰਾ ਦਿੰਦੇ ਹਨ। ਮੇਰੇ ਖੋਜ ਕਾਰਜ ਦੌਰਾਨ ਤਿੰਨ ਚਾਰ ਬਹੁਤ ਵੱਡੀਆਂ ਰੁਕਾਵਟਾਂ ਅਜਿਹੇ ਰੂਪ ਵਿਚ ਉੱਭਰੀਆਂ ਕਿ ਮੈਨੂੰ ਮਹਿਸੂਸ ਹੋਣ ਲੱਗ ਪਿਆ ਕਿ ਇਸ ਖੋਜ ਕਾਰਜ ਦਾ ਸਿਰੇ ਚੜ੍ਹ ਸਕਣਾ ਲਗਪਗ ਅਸੰਭਵ ਹੈ। ਪਹਿਲਾਂ ਚਿਕਨਗੁਣੀਆ ਬਿਮਾਰੀ ਦੇ ਅਸਰ ਨੇ ਮੈਨੂੰ ਲਗਾਤਾਰ ਨੌਂ ਮਹੀਨੇ ਬੁਖਾਰ ਅਤੇ ਜੋੜਾਂ ਦੇ ਦਰਦਾਂ ਦੇ ਚੱਕਰ ਵਿਚ ਉਲਝਾਈ ਰੱਖਿਆ। ਉਸ ਉਪਰੰਤ ਮੇਰੀ ਮਾਤਾ ਦੀ ਗੰਭੀਰ ਬਿਮਾਰੀ ਦੌਰਾਨ ਉਨ੍ਹਾਂ ਦੇ ਇਲਾਜ ਨੇ ਮਹੀਨਿਆਂ ਬੱਧੀ ਸਾਨੂੰ ਦੀਨ ਦੁਨੀਆ ਹੀ ਭੁਲਾਈ ਰੱਖੀ। ਫਿਰ ਮੇਰੇ ਪੈਰ ਦਾ ਛੋਟਾ ਜਿਹਾ ਆਪ੍ਰੇਸ਼ਨ ਅਜਿਹਾ ਖ਼ਰਾਬ ਹੋਇਆ ਕਿ ਲਗਪਗ ਇਕ ਸਾਲ ਪਟਿਆਲੇ ਵੱਲ ਜਾਇਆ ਨਾ ਗਿਆ। ਇਸ ਦੌਰਾਨ ਮੈਂ ਕਈ ਵਾਰ ਢੇਰੀ ਢਾਅ ਕੇ ਬੈਠ ਗਿਆ ਪਰ ਡਾਕਟਰ ਸਾਹਿਬ ਨੇ ਹਮੇਸ਼ਾ ਹੌਸਲਾ ਦੇ ਕੇ ਮੈਨੂੰ ਖੜ੍ਹਾ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ। ਵਾਰ-ਵਾਰ ਲੋੜ ਪੈਣ ’ਤੇ ਖੂਹ ਪਿਆਸੇ ਕੋਲ ਆਉਂਦਾ ਰਿਹਾ। ਕਦੀ ਡਾ. ਸਾਹਿਬ ਟੀ.ਵੀ. ਰੇਡੀਓ ’ਤੇ ਆਉਦੇ ਤਾਂ ਮੇਰਾ ਕੰਮ ਚੈੱਕ ਕਰਦੇ ਤੇ ਲੋੜੀਂਦੇ ਸੁਝਾਅ ਦਿੰਦੇ ਰਹੇ। ਪ੍ਰੋਫ਼ੈਸਰ ਔਜਲਾ ਸਾਹਿਬ ਦੇ ਬੇਟੇ ਗਗਨ ਗੀਤ ਦੇ ਵਿਆਹ ਦੀ ਰਿਸੈਪਸ਼ਨ ਸਮੇਂ ਡਾ.ਸਾਹਿਬ ਜਲੰਧਰ ਦੇ ਇਕ ਮੈਰਿਜ ਪੈਲੇਸ ਵਿਚ ਮੇਰਾ ਕੰਮ ਚੈੱਕ ਕਰ ਰਹੇ ਸਨ ਕਿ ਪਾਰਟੀ ਵਿਚ ਪਹੁੰਚੇ ਕਾਮਰੇਡ ਜਤਿੰਦਰ ਪਨੂੰ ਨੇ ਇਹ ਸਭ ਦੇਖ ਕੇ ਕਿਹਾ ‘ਬੜੇ ਵਚਿੱਤਰ ਆਦਮੀ ਹੋ ਤੁਸੀਂ, ਆਪਣੇ ਘਰ ਦੇ ਵਿਆਹ ਦਾ ਰੌਣਕ ਮੇਲਾ ਛੱਡਕੇ ਇੱਥੇ ਕਲਾਸ ਲਗਾਈ ਬੈਠੇ ਹੋ?’

ਆਪਣੇ ਖੋਜਾਰਥੀਆਂ ਦੀ ਹੱਦੋਂ ਬਾਹਰੀ ਸਹਾਇਤਾ ਕਰਨ ਦਾ ਮਤਲਬ ਇਹ ਨਹੀਂ ਕਿ ਉਹ ਖੋਜ ਦੇ ਪੱਖੋਂ ਕੋਈ ਕਚਿਆਈ ਬਰਦਾਸ਼ਤ ਕਰਦੇ ਹਨ, ਜਦ ਸਾਰਾ ਕੰਮ ਮੁਕੰਮਲ ਹੋ ਗਿਆ ਮਹਿਸੂਸ ਹੁੰਦਾ ਹੈ ਤਾਂ ਅੰਤਮ ਛੋਹਾਂ ਦੀਆਂ ਤਿੰਨ ਦਰੁਸਤੀਆਂ ਵਾਲੀਆਂ ਘੋਖਵੀਆਂ ਪੜ੍ਹਤਾਂ ਵਿਚ ਉਹ ਖੋਜਾਰਥੀ ਦਾ ਚੰਗਾ ਤੇਲ ਕੱਢ ਦਿੰਦੇ ਹਨ, ਇਸ ਮੁਕਾਮ ’ਤੇ ਕੋਈ ਸਮਝੌਤਾ ਨਹੀਂ।

ਆਮ ਤੌਰ ’ਤੇ ਪ੍ਰਤਿਭਾਵਾਨ ਲੇਖਕਾਂ ਅਤੇ ਚਿੰਤਕਾਂ ਨੂੰ ਇਹ ਮਲਾਲ ਰਹਿੰਦਾ ਹੈ ਕਿ ਉਨ੍ਹਾਂ ਦੇ ਕੰਮ ਦੀ ਬਣਦੀ ਕਦਰ ਨਹੀਂ ਪਈ ਪਰ ਇਸ ਮਾਮਲੇ ਵਿਚ ਦੇਰ ਸਵੇਰ ਸਾਰੇ ਵੱਡੇ ਇਨਾਮ ਡਾ. ਵਰਮਾ ਨੂੰ ਮਿਲਦੇ ਆ ਰਹੇ ਹਨ। ਡਾ. ਸਾਹਿਬ ਨੂੰ ਖ਼ੁਦ ਸੈਂਕੜੇ ਸਰਕਾਰੀ ਤੇ ਗ਼ੈਰ ਸਰਕਾਰੀ ਇਨਾਮਾਂ ਸਮੇਤ ਸਾਹਿਤ ਅਕਾਦਮੀ ਦਾ ਅਨੁਵਾਦ ਦਾ ਪੁਰਸਕਾਰ ਅਤੇ ਪੰਜਾਬ ਸਰਕਾਰ ਦਾ ਸ਼੍ਰੋਮਣੀ ਨਾਟਕਕਾਰ ਪੁਰਸਕਾਰ ਵਰਗੇ ਵਡੇਰੇ ਇਨਾਮ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਡਾ. ਵਰਮਾ ਤੋਂ ਪਹਿਲਾਂ ਸਾਹਿਤ ਅਕਾਦਮੀ ਦਾ ਅਨੁਵਾਦ ਨਾਲ ਸਬੰਧਤ ਪੁਰਸਕਾਰ ਡਾ. ਗੁਰਬਖ਼ਸ਼ ਸਿੰਘ ਫਰੈਂਕ ਨੂੰ ਮਿਲਿਆ ਤਾਂ ਮੈਂ ਆਪਣੇ ਵਿਦਵਾਨ ਅਧਿਆਪਕ ਡਾ. ਫਰੈਂਕ ਸਾਹਿਬ ਨੂੰ ਕਿਹਾ ਕਿ ਜਦੋਂ ਸੜਦੀਆਂ-ਬਲਦੀਆਂ ਗਰਮੀਆਂ ’ਚੋਂ ਅਤੇ ਸਾਹ ਘੁਟਵੇਂ ਚੌਮਾਸਿਆਂ ਵਿਚ ਠੰਢੀ ਹਵਾ ਦਾ ਬੁੱਲਾ ਆਉਂਦਾ ਹੈ ਤਾਂ ਬਜ਼ੁਰਗ ਆਖਦੇ ਹਨ, ‘ਹੁਣ ਕਿਸੇ ਧਰਮੀ ਬੰਦੇ ਦਾ ਪਹਿਰਾ ਆ ਗਿਆ ਲਗਦੈ’ ਬਿਲਕੁਲ ਇਸੇ ਤਰ੍ਹਾਂ ਦਾ ਅਹਿਸਾਸ ਇਸ ਇਨਾਮ ਦੀ ਖ਼ਬਰ ਪੜ੍ਹ ਕੇ ਹੋਇਆ ਹੈ।’ ਉਸ ਤੋਂ ਬਾਅਦ ਇਹ ਪੁਰਸਕਾਰ ਪੰਜਾਬੀ ਦੇ ਬਹੁਪਖੀ ਲੇਖਕ ਡਾ. ਸਤੀਸ਼ ਕੁਮਾਰ ਵਰਮਾ ਨੂੰ ਉਨ੍ਹਾਂ ਦੁਆਰਾ ਰਚਨਾਤਮਕ ਛੁਹ ਨਾਲ ਅਨੁਵਾਦਤ ਪੁਸਤਕ ‘ਰੰਗ ਮੰਚ ਦਾ ਕੋਹਿਨੂਰ: ਪਿ੍ਰਥਵੀ ਰਾਜ ਕਪੂਰ’ ਨੂੰ ਮਿਲਣ ’ਤੇ ਲੱਗਾ ਕਿ ਲੋਕ ਕਹਿੰਦੇ ਹਨ ਇਕ ਦਿਨ ਸਾਧ ਦਾ ਹੁੰਦਾ ਹੈ ਪਰ ਇਸ ਵਾਰੀ ਤਾਂ ਸਾਧਾਂ ਦੇ ਦੋ ਦਿਨ ਇਕੱਠੇ ਹੀ ਆ ਗਏ ਹਨ।

ਰੁਝੇਵਿਆਂ ਭਰੇ ਜੀਵਨ ਵਿੱਚੋਂ ਲੋਕਾਂ ਲਈ ਸਮਾਂ ਬਚਾਉਣ ਦਾ ਡਾ. ਸਤੀਸ਼ ਕੁਮਾਰ ਵਰਮਾ ਕੋਲ ਕਮਾਲ ਦਾ ਹੁਨਰ ਹੈ। ਦੂਰ-ਦੁਰਾਡੇ ਥਾਵਾਂ ’ਤੇ ਲੈਕਚਰ ਦੇਣ ਜਾਂਦੇ ਸਮੇਂ ਉਹ ਆਪਣੀ ਗੱਡੀ ਵਿਚ ਆਪਣੇ ਇਕ ਦੋ ਖੋਜਾਰਥੀ ਆਪਣੇ ਨਾਲ ਹੀ ਬੈਠਾ ਲੈਂਦੇ ਅਤੇ ਰਸਤੇ ਵਿਚ ਉਨ੍ਹਾਂ ਦਾ ਕੰਮ ਦੇਖਦੇ ਜਾਂਦੇ ਤੇ ਉਨ੍ਹਾਂ ਨੂੰ ਜ਼ਰੂਰੀ ਸੁਝਾਅ ਨੋਟ ਕਰਵਾਉਂਦੇ ਜਾਂਦੇ। ਡਾ. ਸਤੀਸ਼ ਕੁਮਾਰ ਵਰਮਾ ਵੱਡੇ-ਵੱਡੇ ਸਰਕਾਰੀ ਮੀਡੀਆ ਅਧਿਕਾਰੀਆਂ ਤੇ ਸਮਾਗਮਾਂ ਦੇ ਆਯੋਜਕਾਂ ਨਾਲ ਆਪਣੇ ਸੇਵਾਫਲ ਦੀ ਨਿਰਧਾਰਤ ਰਾਸ਼ੀ ਪੂਰੀ ਕਰਵਾਉਣ ਲਈ ਆਪਣੀ ਨਰਾਜ਼ਗੀ ਜ਼ਾਹਿਰ ਕਰਨ ਤੋਂ ਵੀ ਨਹੀਂ ਝਿਜਕਦੇ ਪਰ ਸੈਂਕੜੇ ਖਰਚੋਂ ਟੁੱਟੇ ਲੋਕ ਕਲਾਕਾਰਾਂ, ਸਨੇਹੀਆਂ ਅਤੇ ਵਿਦਿਆਰਥੀਆਂ ਦੀਆਂ ਲੋੜਾਂ ਦੀ ਪੂਰਤੀ ਲਈ ਦਰਿਆ ਦਿਲ ਹਨ। ਕਿਸੇ ਦੇ ਕੰਮ ਆਉਣ ਅਤੇ ਉਸ ਦੀ ਹਰ ਲਿਹਾਜ਼ ਨਾਲ ਮਦਦ ਕਰਨ ਦੇ ਚਾਅ ਅਤੇ ਉਤਸ਼ਾਹ ਨਾਲ ਭਰੇ ਇਸ ਵਚਿੱਤਰ ਤੇ ਵਿਲੱਖਣ ਵਿਅਕਤੀ ਨੂੰ ਸਲਾਮ।

ਸ਼ਰਧਾ ਤੇ ਸਤਿਕਾਰ ਦਾ ਸਬੰਧ

ਡਾ. ਸਾਹਿਬ ਦੀ ਬਾਬਾ ਨਾਨਕ ਵਿਚ ਬੜੀ ਡੂੰਘੀ ਸ਼ਰਧਾ ਹੈ। ਉਹ ਆਖਦੇ ਹਨ ਕਿ ਸਖ਼ਤ ਮਿਹਨਤ ਮੁਸ਼ੱਕਤ ਕਰਨ ਦੀ ਸੋਝੀ ਮੈਨੂੰ ਬਾਬਾ ਜੀ ਦੇ ਕਿਰਤ ਕਰਨ ਵਾਲੇ ਸੰਦੇਸ਼ ਤੋਂ ਮਿਲੀ ਹੈ। ਇਕ ਵਾਰ ਸ਼ੁਗਲ ਕਰਦਿਆਂ ਮੈਂ ਉਨ੍ਹਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਲੋਕ ਗ਼ਦਰੀ ਬਾਬਾ ਭਗਤ ਸਿੰਘ ਬਿਲਗਾ ਜੀ ਪ੍ਰਤੀ ਮੇਰੇ ਲਗਾਓ ਤੇ ਸਤਿਕਾਰ ਦਾ ਕਾਰਨ ਮੇਰਾ ਬਿਲਗਾ ਪਰਿਵਾਰ ਵਿਚ ਵਿਆਹੇ ਹੋਣਾ ਸਮਝਦੇ ਨੇ ਤੁਹਾਡੀ ਬਾਬਾ ਨਾਨਕ ਜੀ ਪ੍ਰਤੀ ਏਨੀ ਸ਼ਰਧਾ ਤੁਹਾਡਾ ਬੇਦੀ ਪਰਿਵਾਰ ਨਾਲ ਏਦਾਂ ਦੇ ਸਬੰਧ ਕਰਕੇ ਹੈ? ਡਾ. ਸਾਹਿਬ ਨੇ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਪਰ ਤੂੰ ਇਹ ਦੱਸ ਕਿ ਸਮੱਸਤ ਕਰਤਾਰੀ ਸ਼ਕਤੀਆਂ ਦੇ ਮਾਲਕ ਬਾਬਾ ਨਾਨਕ ਜੀ ਦੀ ਅਜ਼ਮਤ ਤੋਂ ਕੌਣ ਕਾਫ਼ਿਰ ਮੁਨਕਿਰ ਹੋ ਸਕਦਾ ਹੈ?

- ਗੋਪਾਲ ਸਿੰਘ ਬੁੱਟਰ

Posted By: Harjinder Sodhi