ਮਹਾਨ ਕੋਸ਼ ਦੇ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ ਪਿਤਾ ਭਾਈ ਨਰਾਇਣ ਸਿੰਘ ਤੇ ਮਾਤਾ ਹਰਿ ਕੌਰ ਦੇ ਘਰ ਸ਼ੁੱਕਰਵਾਰ ਭਾਦੋਂ ਵਦੀ 10 ਸੰਮਤ 1918 ਬਿ: (ਅਗਸਤ 1861 ਈ.) ਨੂੰ ਨਾਨਕੇ ਪਿੰਡ (ਨਾਭਾ) ਪਿੰਡ ਸਬਜ਼ ਬਨੇਰਾ (ਬਨੇਰਾ ਖੁਰਦ) ਰਿਆਸਤ ਪਟਿਆਲਾ ਵਿਚ ਹੋਇਆ। ਆਪ ਦੇ ਭਾਈ ਮੀਹਾਂ ਸਿੰਘ ਤੇ ਬਾਈ ਬਿਸ਼ਨ ਸਿੰਘ ਦੋ ਭਰਾ ਸਨ। ਆਪ ਦੀ ਇਕ ਭੈਣ ਜਿਸ ਦਾ ਨਾਂ ਕਾਨ੍ਹ ਕੌਰ ਸੀ, ਜੋ ਛੋਟੀ ਉਮਰੇ ਹੀ ਅਕਾਲ ਚਲਾਣਾ ਕਰ ਗਈ ਸੀ। ਆਪ ਬਚਪਨ ਸਮੇਂ ਕਾਫੀ ਸੁੰਦਰ, ਸਿਆਣੇ ਤੇ ਚੁਸਤ ਚਲਾਕ ਸਨ।

ਆਪ ਦੀ ਮੁੱਢਲੀ ਪੜ੍ਹਾਈ ਆਪ ਦੇ ਪਿਤਾ ਕੋਲ ਗੁਰਦੁਆਰੇ ਵਿਚ ਹੀ ਸ਼ੁਰੂ ਹੋਈ। ਭਾਈ ਕਾਨ੍ਹ ਸਿੰਘ ਨਾਭਾ ਜੀ ਦੇ ਪਿਤਾ ਨਰਾਇਣ ਸਿੰਘ ਨਾਮ ਰਸੀਏ ਸਨ। ਉਨ੍ਹਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਜ਼ੁਬਾਨੀ ਯਾਦ ਸੀ, ਜਿਸ ਦੇ ਚਾਰ ਪਾਠ ਉਹ ਹਰੇਕ ਮਹੀਨੇ ਨੇਮ ਨਾਲ ਕਰਦੇ ਸਨ। ਸਾਰੀ ਉਮਰ ਵਿਚ ਉਨ੍ਹਾਂ ਨੇ ਤਿੰਨ ‘ਅਤਿ ਅਖੰਡ ਪਾਠ’ ਇਕੋ ਆਸਨ ਪਰ ਬੈਠ ਕੇ ਕੀਤੇ ਸਨ ਤੇ ਇਕ ਵਾਰ ਉਨ੍ਹਾਂ ਤੋਂ ਸਾਰਾ ਪਾਠ ਮਹਾਰਾਜ ਹੀਰਾ ਸਿੰਘ ਨਾਭਾ ਨੇ ਕੋਲ ਬੈਠ ਕੇ ਸੁਣਿਆ ਸੀ, ਜਦ ਪਾਠ ਦਾ ਭੋਗ ਪਿਆ ਤਾਂ ਮਹਾਰਾਜੇ ਨੇ ਬਾਬਾ ਜੀ ਨੂੰ ਜਗੀਰ ਦੇਣੀ ਚਾਹੀ, ਪਰ ਉਨ੍ਹਾਂ ਨੇ ਪਾਠ ਭੇਟਾ ਲੈਣ ਤੋਂ ਇਨਕਾਰ ਕਰ ਦਿੱਤਾ। ਮਹਾਰਾਜਾ ਇਸ ਗੱਲੋਂ ਹੋਰ ਵੀ ਖ਼ੁਸ਼ ਹੋਇਆ। ਜਦ ਬਾਬਾ ਜੀ ਡੇਰੇ ਨੂੰ ਆਉਣ ਲੱਗੇ ਤਾਂ ਕਹਾਰ ਹਟਾ ਕੇ ਉਨ੍ਹਾਂ ਦੀ ਜਗ੍ਹਾ ਪਾਲਕੀ ਖ਼ੁਦ ਮੋਢਾ ਲਾ ਕੇ ਚੁੱਕੀ ਤੇ ਸ਼ਰਧਾ ਪ੍ਰਗਟ ਕੀਤੀ।

ਜਦ ਆਪ ਛੇ ਸਾਲ ਦੇ ਹੋਏ ਤਾਂ ਬਾਬਾ ਨਰਾਇਣ ਸਿੰਘ ਨੇ ਆਪ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਉਣਾ ਸ਼ੁਰੂ ਕੀਤਾ ਜੋ ਤਿੰਨ ਸਾਲਾਂ ਵਿਚ ਪੂਰਾ ਹੋਇਆ। ਦਸਵਾਂ ਸਾਲ ਸ਼ੁਰੂ ਹੰੁਦਿਆਂ ਹੀ ਆਪ ਨੂੰ ਬਾਬਾ ਕਲਿਆਣ ਦਾਸ ਕੋਲ ਸੰਸਕਿ੍ਰਤ ਪੜ੍ਹਨ ਲਈ ਭੇਜਿਆ। ਇਸ ਤੋਂ ਬਾਅਦ ਆਪ ਨੇ ਹੋਰ ਵੀ ਕਈ ਉਸਤਾਦਾਂ ਕੋਲੋਂ ਸਿੱਖਿਆ ਲਈ, ਜਿਸ ਵਿਚ ਪੰਡਿਤ ਸ੍ਰੀ ਧਰ, ਪੰਡਿਤ ਬੰਸੀ ਧਰ, ਭਾਈ ਵੀਰ ਸਿੰਘ ਜਲਾਲਕੇ, ਭਾਈ ਰਾਮ ਸਿੰਘ, ਬਾਵਾ ਪਰਮਾਨੰਦ, ਭਾਈ ਭਗਵਾਨ ਸਿੰਘ ਦੁੱਗ, ਭਾਈ ਸੰਤ ਸਿੰਘ, ਪ੍ਰੋ. ਗੁਰਮੁੱਖ ਸਿੰਘ ਓਰੀਐਂਟਲ ਕਾਲਜ ਵਾਲੇ ਜਿਨ੍ਹਾਂ ਕੋਲੋਂ ਆਪ ਨੇ ਕਈ ਭਾਸ਼ਾਵਾਂ ਜਿਵੇਂ ਅੰਗਰੇਜ਼ੀ, ਫ਼ਾਰਸੀ, ਹਿੰਦੀ, ਸੰਸਕਿ੍ਰਤ ਤੇ ਸੰਗੀਤ ਦੀ ਸਿੱਖਿਆ ਲਈ।

ਚੌਵੀਂ ਸਾਲ ਦੀ ਉਮਰ ਵਿਚ ਆਪ ਦੀ ਸ਼ਾਦੀ ਹੋ ਗਈ, ਪਰ ਥੋੜੇ੍ਹ ਹੀ ਚਿਰ ਬਾਅਦ ਆਪ ਦੀ ਪਤਨੀ ਤਪਦਿਕ ਦੇ ਰੋਗ ਕਾਰਨ ਸਵਰਗਵਾਸ ਹੋ ਗਈ। ਫਿਰ ਆਪ ਦੀ ਦੂਜੀ ਸ਼ਾਦੀ ਹੋਈ ਤਾਂ ਥੋੜੇ੍ਹ ਕੁ ਚਿਰ ਬਾਅਦ ਹੀ ਦੂਸਰੀ ਪਤਨੀ ਵੀ ਸਵਰਗਵਾਸ ਹੋ ਗਈ। ਆਪ ਦੀ ਤੀਸਰੀ ਸ਼ਾਦੀ ਹਰਦਮ ਸਿੰਘ ਦੀ ਲੜਕੀ ਬਸੰਤ ਕੌਰ ਰਾਮਗੜ੍ਹ ਨਾਲ ਹੋਈ। ਵਿਆਹ ਤੋਂ ਤੁਰੰਤ ਬਾਅਦ ਹੀ ਆਪ ਨੂੰ ਮਹਾਰਾਜਾ ਹੀਰਾ ਸਿੰਘ ਦੇ ਮੁਸਾਹਿਬ ਨਿਯੁਕਤ ਕੀਤਾ ਗਿਆ। ਫਿਰ 1887 ਈ: ਨੂੰ ਟਿੱਕਾ ਰਿਪਦੁਮਨ ਸਿੰਘ ਦੇ ਗੁਰੂ ਬਣੇ। ਫਿਰ ਆਪ ਨੂੰ ਮਹਾਰਾਜਾ ਹੀਰਾ ਸਿੰਘ ਦਾ ਸੈਕਟਰੀ ਨਿਯੁਕਤ ਕੀਤਾ ਗਿਆ।

15 ਫਰਵਰੀ 1892 ਨੂੰ ਹੀ ਆਪ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਂ ਭਗਵੰਤ ਸਿੰਘ ਹਰੀ ਰੱਖਿਆ ਗਿਆ। ਉਸ ਤੋਂ ਬਾਅਦ ਆਪ ਸਿਟੀ ਮੈਜਿਸਟਰੇਟ, ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਵੀ ਰਹੇ। ਆਪ ਨੇ ਆਪਣੀ ਪੂਰੀ ਜ਼ਿੰਦਗੀ ਦਰਮਿਆਨ 33 ਪੁਸਤਕਾਂ ਲਿਖੀਆਂ। ਜਿਸ ਵਿੱਚੋਂ ‘ਮਹਾਨ ਕੋਸ਼’ ਆਪ ਦੀ ਪ੍ਰਮੁੱਖ ਰਚਨਾ ਹੈ। ਜੋ ਆਪ ਨੇ 20 ਮਈ 1912 ਨੂੰ ਕਸ਼ਮੀਰ ਵਿਖੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਲਿਖਣਾ ਆਰੰਭ ਕੀਤਾ। ਇਹ ਕੰਮ 6 ਫਰਵਰੀ 1926 ਨੂੰ ਪੂਰਾ ਹੋਇਆ ਪਰ ਛਪਣ ਵਿਚ ਕਾਫ਼ੀ ਦੇਰੀ ਹੁੰਦੀ ਗਈ। ਕਾਫ਼ੀ ਜੱਦੋ ਜਹਿਦ ਤੋਂ ਬਾਅਦ 26 ਅਕਤੂਬਰ 1927 ਨੂੰ ਇਸ ਦੀ ਛਪਾਈ ਸ਼ੁਰੂ ਹੋਈ ਤੇ 13 ਅਪ੍ਰੈਲ 1930 ਨੂੰ ਪੂਰੀ ਹੋਈ। ਇਹ ਮਹਾਨ ਗ੍ਰੰਥ 3338 ਸਫਿਆਂ ਵਿਚ ਵੱਡੀਆਂ ਚਾਰ ਜਿਲਦਾਂ ਵਿਚ ਛਪ ਕੇ ਤਿਆਰ ਹੋਇਆ। ਇਸ ’ਤੇ ਉਸ ਵੇਲੇ 51000 ਰੁਪਏ ਖ਼ਰਚ ਆਇਆ। ਇਸ ਗ੍ਰੰਥ ਦੀ ਉਸ ਵੇਲੇ ਕੀਮਤ 110 ਰੁਪਏ ਰੱਖੀ ਗਈ, ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ।

27 ਨਵੰਬਰ 1936 ਨੂੰ ਆਪ ਦੇ ਭਰਾ ਬਿਸ਼ਨ ਸਿੰਘ ਦਾ ਦੇਹਾਂਤ ਹੋ ਗਿਆ। ਉਸ ਤੋਂ ਥੋੜੇ੍ਹ ਚਿਰ ਬਾਅਦ ਹੀ 17 ਜੂਨ 1937 ਨੂੰ ਆਪ ਦੇ ਦੂਜੇ ਭਾਈ ਮੀਹਾਂ ਸਿੰਘ ਦਾ ਵੀ ਦੇਹਾਂਤ ਹੋ ਗਿਆ। ਇਨ੍ਹਾਂ ਦੋਵਾਂ ਭਰਾਵਾਂ ਦੀ ਮੌਤ ਦਾ ਸਦਮਾ ਆਪ ਲਈ ਅਸਿਹ ਸੀ। ਇਹ ਸਦਮਾ ਨਾ ਸਹਾਰਦੇ ਹੋਏ ਆਪ ਬਿਨਾਂ ਕਿਸੇ ਬਿਮਾਰੀ ਦੇ 23 ਨਵੰਬਰ 1938 ਨੂੰ 77 ਸਾਲ ਦੀ ਉਮਰ ਵਿਚ ਹੀ ਗੁਰੂ ਚਰਨਾਂ ਵਿਚ ਜਾ ਬਿਰਾਜੇ। ਆਪ ਆਪਣੀ ਮਹਾਨ ਰਚਨਾ ‘ਮਹਾਨ ਕੋਸ਼’ ਕਰਕੇ ਹਮੇਸ਼ਾ ਯਾਦ ਕੀਤੇ ਜਾਣਗੇ।

- ਧਰਮਿੰਦਰ ਸਿੰਘ ਚੱਬਾ

Posted By: Harjinder Sodhi