ਪੁਸਤਕ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ

ਅਨੁਵਾਦ : ਸੰਦੀਪ ਕੌਰ ਸੇਖੋਂ (ਡਾ.)

ਪੰਨੇ : 168 ਮੁੱਲ : 200/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਸ. ਭਗਤ ਸਿੰਘ ਭਾਰਤੀ ਆਜ਼ਾਦੀ ਦੇ ਸੰਘਰਸ਼ ’ਚ ਮਹੱਤਵਪੂਰਨ ਅਤੇ ਵਿਲੱਖਣ ਸਥਾਨ ਰੱਖਣ ਵਾਲਾ ਇਨਕਲਾਬੀ ਯੋਧਾ ਸੀ ਜਿਸ ਨੇ ਆਪਣੀ ਸੋਚ ਸਦਕਾ ਭਾਰਤੀ ਨੌਜਵਾਨਾਂ ਦੇ ਦਿਲ ’ਚ ਇਕ ਕ੍ਰਾਂਤੀਕਾਰੀ ਚਿੰਗਾਰੀ ਮਘਾਈ ਜਿਹੜੀ ਆਪਣੀ ਮਿਸਾਲ ਆਪ ਹੈ। ਆਮ ਤੌਰ ’ਤੇ ਆਮ ਵਿਅਕਤੀ ਭਗਤ ਸਿੰਘ ਨੂੰ ਹਥਿਆਰ ਹੱਥ ’ਚ ਫੜ ਕੇ ਅੰਗਰੇਜ਼ੀ ਸ਼ਾਸਨ ਨੂੰ ਵੰਗਾਰਦਾ ਹੀ ਖਿਆਲ ਕਰਦਾ ਹੈ ਪਰ ਅਜਿਹਾ ਨਹੀਂ ਸੀ ਉਹ ਇਕ ਪੜ੍ਹਨ ਲਿਖਣ ਵਾਲਾ ਸੋਚਵਾਨ ਵਿਅਕਤੀ ਸੀ ਜਿਸ ਦੇ ਵਿਚਾਰ ਅੱਜ ਵੀ ਸਾਰਥਕ ਹਨ।

ਉਸ ਦੇ ਪੜ੍ਹਨ ਲਿਖਣ ਅਤੇ ਵਿਚਾਰਧਾਰਕ ਤੌਰ ’ਤੇ ਪਕਿਆਈ ਨੂੰ ਪੇਸ਼ ਕਰਦੀਆਂ ਉਸ ਦੀਆਂ ਲਿਖਤਾਂ ਵੀ ਉਪਲਬਧ ਹਨ ਜਿਨ੍ਹਾਂ ਦੀ ਆਪਣੀ ਹੀ ਇਤਿਹਾਸਕ ਮਹੱਤਤਾ ਹੈ। ਸੰਦੀਪ ਕੌਰ ਸੇਖੋਂ ਦੁਆਰਾ ਅਨੁਵਾਦ ਕੀਤੀ ‘ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ’ ਇਸੇ ਸੰਦਰਭ ’ਚ ਅਹਿਮ ਪੁਸਤਕ ਹੈ। ਪੁਸਤਕ ’ਚ ਜਿੱਥੇ ਭਗਤ ਸਿੰਘ ਦੁਆਰਾ ਸੰਸਾਰ ਪ੍ਰਸਿੱਧ ਚਿੰਤਕਾਂ ਦੀਆਂ ਕੁਟੇਸ਼ਨਾਂ ਦਰਜ ਕੀਤੀਆਂ ਗਈਆਂ ਹਨ ਉੱਥੇ ਬੜੀ ਤਰਤੀਬ ਨਾਲ ਭਗਤ ਸਿੰਘ ਦੇ ਮੌਲਿਕ ਵਿਚਾਰ ਵੀ ਦਰਜ ਕੀਤੇ ਗਏ ਹਨ। ਆਮ ਤੌਰ ’ਤੇ ਪਾਠਕ ਇਸ ਪੁਸਤਕ ਨੂੰ ਪੜ੍ਹਦਿਆਂ ਇਹ ਮਹਿਸੂਸ ਕਰਦਾ ਹੈ ਕਿ ਭਗਤ ਸਿੰਘ ਕਿੰਨਾ ਗਿਆਨਵਾਨ ਸੀ ਜਦ ਕਿ ਪੁਸਤਕ ਨੂੰ ਪੜ੍ਹਨ ਤੋਂ ਪਹਿਲਾਂ ਇਹੀ ਜਾਪਦਾ ਹੈ ਕਿ ਸ਼ਾਇਦ ਪੁਸਤਕ ’ਚ ਕੇਵਲ ਜੇਲ੍ਹ ਦੇ ਅਨੁਭਵ ਹੀ ਦਰਜ ਕੀਤੇ ਹੋਣਗੇ। ਪੁਸਤਕ ’ਚ ਅਨੁਵਾਦਕਾ ਨੇ ਸਭ ਤੋਂ ਪਹਿਲਾਂ ਭਗਤ ਸਿੰਘ ਦੇ ਭਾਣਜੇ ਜਗਮੋਹਨ ਸਿੰਘ ਦੇ ਵਿਚਾਰ ਦਰਜ ਕੀਤੇ ਹਨ। ਉਸ ਤੋਂ ਬਾਅਦ ਪੁਸਤਕ ਦੀ ਸਫ਼ਾ ਵੰਡ ਕਰ ਕੇ ‘ਆਜ਼ਾਦੀ ਦੀ ਸਪਿਰਟ’, ‘ਸਮਾਜਿਕ ਵਿਗਿਆਨ’, ‘ਰਾਜ ਵਿਗਿਆਨ ਅਤੇ ਭਾਰਤ ਦੇਸ਼ ਬਾਰੇ ਵਿਚਾਰਾਂ’ ਨੂੰ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਬਾਕਾਇਦਾ ਰੂਪ ਚ ਤੱਥਾਤਮਕ ਜਾਣਕਾਰੀ ਦਿੱਤੀ ਗਈ ਹੈ। ਚਿੰਤਕਾਂ ਦੇ ਵਿਚਾਰਾਂ ਦੀ ਰੋਸ਼ਨੀ ’ਚ ਵੀ ਭਗਤ ਸਿੰਘ ਨੇ ਆਪਣੀ ਵਿਚਾਰਧਰਾਈ ਪਹੁੰਚ ਸਪੱਸ਼ਟ ਕੀਤੀ ਹੈ।

- ਸਰਦੂਲ ਸਿੰਘ ਔਜਲਾ

Posted By: Harjinder Sodhi