ਪੰਜਾਬੀ ਦੀ ਪ੍ਰਗਤੀਸ਼ੀਲ ਧਾਰਾ ਦੇ ਅਜ਼ੀਮ ਗ਼ਜ਼ਲਗੋ ਅਤੇ ਪ੍ਰਸਿੱਧ ਚਿੱਤਰਕਾਰ ਅਜਾਇਬ ਚਿੱਤਰਕਾਰ ਦਾ ਜਨਮ 18 ਫਰਵਰੀ 1924 ਈ. ਨੂੰ ਪਿਤਾ ਸ. ਬਚਨ ਸਿੰਘ ਅਤੇ ਮਾਤਾ ਨੰਦ ਕੌਰ ਦੇ ਘਰ ਪਿੰਡ ਘਵੱਦੀ ਜਲਿਾ ਲੁਧਿਆਣਾ ਵਿਖੇ ਹੋਇਆ। ਬੀਬੀ ਚੰਦ ਕੌਰ ਨਾਲ ਸ਼ਾਦੀ ਹੋਣ ਪਿੱਛੋਂ ਉਸ ਦੇ ਘਰ ਸੱਤ ਬੱਚਿਆਂ ਨੇ ਜਨਮ ਲਿਆ- ਅਮਰਜੀਤ ਕੌਰ, ਨਾਗਰ ਸਿੰਘ, ਗੁਰਪਾਲ ਸਿੰਘ, ਸਤਪਾਲ ਸਿੰਘ, ਸਿੰਘ, ਹਰਪਾਲ ਸਿੰਘ ਅਤੇ ਜਸਵੰਤ ਕੌਰ।

ਉਹ ਲੇਖਕ ਅਤੇ ਚਿੱਤਰਕਾਰ ਦੋਵੇਂ ਖੇਤਰਾਂ ਵਿੱਚ ਮੁਹਾਰਤ ਰੱਖਦਾ ਸੀ। ਇਸੇ ਲਈ ਲੁਧਿਆਣੇ ਦੀ ਖੇਤੀ ਯੂਨੀਵਰਸਿਟੀ ਵਿਚ ਬਤੌਰ ਆਰਟਿਸਟ ਉਸਨੂੰ ਪ੍ਰਸੰਸਾ ਮਿਲੀ ਅਤੇ ਪੰਜਾਬੀ ਲੇਖਕ ਵਜੋਂ ਉਸ ਨੇ ਵਿਭਿੰਨ ਸਾਹਿਤ-ਰੂਪਾਂ ਵਿਚ ਰਚਨਾ ਕੀਤੀ। ਲੇਖਕ ਵਜੋਂ ਉਸ ਨੇ ਕਵਿਤਾ, ਬਾਲ ਸਾਹਿਤ, ਜੀਵਨੀ, ਸੰਪਾਦਨ ਅਤੇ ਅਨੁਵਾਦ ਆਦਿ ਦੇ ਖੇਤਰ ਵਿਚ ਵਿਵਿਧਮੁਖੀ ਲਿਖਤਾਂ ਪੰਜਾਬੀ ਸਾਹਿਤ ਨੂੰ ਪ੍ਰਦਾਨ ਕੀਤੀਆਂ, ਜਿਨ੍ਹਾਂ ਵਿੱਚੋਂ ਕੁਝ ਇੱਕ ਦਾ ਪ੍ਰਮੁੱਖ ਵੇਰਵਾ ਇਸ ਪ੍ਰਕਾਰ ਹੈ:

ਕਾਵਿ ਸੰਗ੍ਰਹਿ : ਦੁਮੇਲ, ਭੁਲੇਖੇ, ਸੱਜਰੀ ਪੈੜ, ਸੂਰਜਮੁਖੀਆ, ਚਾਰ ਜੁੱਗ, ਮਨੁੱਖ ਬੀਤੀ, ਪੰਜਾਬ ਦੀ ਕਹਾਣੀ, ਸੱਚ ਦਾ ਸੂਰਜ, ਆਵਾਜ਼ਾਂ ਦੇ ਰੰਗ, ਜ਼ਖ਼ਮੀ ਖ਼ਿਆਲ ਦਾ ਚਿਹਰਾ, ਨਗ਼ਮੇ ਦਾ ਲਿਬਾਸ, ਚੰਨਾਂ ਤੇ ਕਲਾਵੰਤ, ਪਹਿਲੀ ਕਿਰਨ, ਸੁਪਨਿਆਂ ਦਾ ਟਾਪੂ।

ਜੀਵਨੀ/ ਸਵੈਜੀਵਨੀ: ਪੰਜਾਬੀ ਚਿੱਤਰਕਾਰ, ਸਾਹਿਤਕ ਸਵੈਜੀਵਨੀ।

ਬਾਲ ਸਾਹਿਤ: ਜੰਗਲ ਦੀ ਕਹਾਣੀ, ਕੂੰਜਾਂ ਦੀ ਡਾਰ, ਤਿਤਲੀ, ਕੁਕੜੂੰ ਘੜੂੰ, ਸੁਣੋ ਸੁਣਾਵਾਂ।

ਸੰਪਾਦਨ/ ਸੰਕਲਨ: ਫਸਲਾਂ ਦੇ ਗੀਤ (ਕਾਵਿ ਸੰਗ੍ਰਹਿ), ਉਘ ਪਤਾਲ (ਲੇਖ ਸੰਗ੍ਰਹਿ)

ਅਨੁਵਾਦ: ਗੀਤਾਂਜਲੀ (ਟੈਗੋਰ ਦੀ ਪੁਸਤਕ ‘ਗੀਤਾਂਜਲੀ‘ ਦਾ ਕਾਵਿ ਅਨੁਵਾਦ), ਮੇਘਦੂਤ (ਕਾਲੀਦਾਸ ਰਚਿਤ ‘ਮੇਘਦੂਤ‘ ਦਾ ਪੰਜਾਬੀ ਕਾਵਿ ਅਨੁਵਾਦ), ਜੀਵਨ ਕਥਾ ਗੁਰੂ ਨਾਨਕ ਦੇਵ (ਮੈਕਾਲਿਫ ਦੀ ਅੰਗਰੇਜ਼ੀ ਪੁਸਤਕ ‘ਸਿੱਖ ਰਿਲੀਜਨ‘ ਭਾਗ ਪੰਜ ਵਿਚੋਂ ਅਨੁਵਾਦ), ਸਾਹਿਰ- ਖ਼ਾਬਾਂ ਦਾ ਸ਼ਹਿਜ਼ਾਦਾ (ਕਿ੍ਰਸ਼ਨ ਅਦੀਬ ਦੀ ਉਰਦੂ ਪੁਸਤਕ ‘ਸਾਹਿਰ- ਯਾਦੋਂ ਕੇ ਆਈਨੇ ਮੇਂ‘ ਦਾ ਅਨੁਵਾਦ)।

ਉਰਦੂ ਵਿਚ: ਆਬਸ਼ਾਰ (ਗ਼ਜ਼ਲਾਂ)

ਅਜਾਇਬ ਚਿੱਤਰਕਾਰ ਪੰਜਾਬ ਖੇਤੀ ਯੂਨੀਵਰਸਿਟੀ ਸਾਹਿਤ ਸਭਾ ਲੁਧਿਆਣਾ ਦਾ ਸਾਬਕਾ ਪ੍ਰਧਾਨ ਸੀ ਅਤੇ ਉਸ ਨੇ ਵੱਖ -ਵੱਖ ਸਮੇਂ ਜੀਵਨ ਸੰਦੇਸ਼ (ਮਾਸਿਕ ਪੱਤਿ੍ਰਕਾ), ਸਾਹਿਤ ਸਮਾਚਾਰ (ਮਾਸਿਕ ਪੱਤਿ੍ਰਕਾ) ਅਤੇ ਬਾਲ ਦਰਬਾਰ (ਮਾਸਿਕ ਪੱਤਿ੍ਰਕਾ) ਦਾ ਸੁਯੋਗ ਸੰਪਾਦਨ ਵੀ ਕੀਤਾ।

ਲੇਖਕ ਅਤੇ ਚਿੱਤਰਕਾਰ ਵਜੋਂ ਕਿਰਿਆਸ਼ੀਲ ਇਸ ਲੇਖਕ ਨੂੰ ਸਮੇਂ-ਸਮੇਂ ਉਸ ਦੀਆਂ ਸਾਹਿਤਕ ਕਿਰਤਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਚੋਂ ਕੁਝ ਪ੍ਰਮੁੱਖ ਇਸ ਪ੍ਰਕਾਰ ਹਨ : ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਸਨਮਾਨ, ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਆਵਾਜ਼ਾਂ ਦੇ ਰੰਗ’ ਉੱਤੇ ਸਰਵੋਤਮ ਕਾਵਿ ਪੁਸਤਕ ਪੁਰਸਕਾਰ, ਪੰਜਾਬੀ ਸਾਹਿਤ ਸਮੀਖਿਆ ਬੋਰਡ ਜਲੰਧਰ ਵੱਲੋਂ ਉਕਤ ਪੁਸਤਕ ਉੱਤੇ ਸਰਵੋਤਮ ਕਾਵਿ ਪੁਸਤਕ ਪੁਰਸਕਾਰ, ਪੰਜਾਬੀ ਸਾਹਿਤ ਸਭਾ ਪੱਟੀ ਵਲੋਂ ਸਨਮਾਨ, ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਐਵਾਰਡ‘, ਸਾਹਿਤ ਸਭਾ ਮਾਲੇਰਕੋਟਲਾ ਵੱਲੋਂ ਸਨਮਾਨ, ਪ੍ਰੋ ਮੋਹਨ ਸਿੰਘ ਫਾਊਂਡੇਸ਼ਨ ਵੱਲੋਂ ‘ਸਾਹਿਰ ਲੁਧਿਆਣਵੀ ਪੁਰਸਕਾਰ‘, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ ਫੈਲੋਸ਼ਿਪ, ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ਆਦਿ।

ਇਉਂ ਅਜਾਇਬ ਚਿੱਤਰਕਾਰ ਬਾਲ ਸਾਹਿਤ ਲੇਖਕ ਦੇ ਨਾਲ ਨਾਲ ਉੱਚ ਕੋਟੀ ਦਾ ਪੰਜਾਬੀ ਕਵੀ ਅਤੇ ਸਾਹਿਤਕਾਰ ਵੀ ਸੀ। ਉਹ ਆਪਣੀ ਪੀੜ੍ਹੀ ਦੇ ਨਾਲ-ਨਾਲ ਅਜੋਕੀ ਪੀੜ੍ਹੀ ਦੇ ਲੇਖਕਾਂ, ਕਵੀਆਂ ਅਤੇ ਚਿੱਤਰਕਾਰਾਂ ਲਈ ਇਕ ਪ੍ਰੇਰਨਾ-ਸਰੋਤ ਵੀ ਸੀ। ਪੰਜਾਬੀ ਸਾਹਿਤ ਅਤੇ ਕਲਾ ਨਾਲ ਲਗਾਓ ਰੱਖਣ ਵਾਲੇ ਵਿਅਕਤੀ ਹਮੇਸ਼ਾ ਇਸ ਕਵੀ-ਚਿੱਤਰਕਾਰ ਨੂੰ ਯਾਦ ਰੱਖਣਗੇ!

ਅਜਾਇਬ ਚਿੱਤਰਕਾਰ ਦੀ ਯਾਦ ਵਿਚ ਪੰਜਾਬ ਦੀ ਕਿਸੇ ਸੰਸਥਾ/ ਯੂਨੀਵਰਸਿਟੀ ਨੂੰ ਕੋਈ ਚੇਅਰ/ ਇਨਾਮ ਜ਼ਰੂਰ ਸਥਾਪਤ ਕਰਨਾ ਚਾਹੀਦਾ ਹੈ ਅਤੇ ਉਸ ਦੀਆਂ ਲਿਖਤਾਂ ਨੂੰ ਬਾਲ-ਪਾਠਕਾਂ/ ਵਿਦਿਆਰਥੀਆਂ ਦੇ ਸਿਲੇਬਸ ਦੀਆਂ ਪੁਸਤਕਾਂ ਵਿਚ ਸ਼ਾਮਲ ਕਰਨਾ ਚਾਹੀਦਾ ਹੈ!

ਸ਼ਾਇਰ-ਚਿੱਤਰਕਾਰਾਂ ’ਚ ਨਿਵੇਕਲੀ ਥਾਂ

ਰੁਜ਼ਗਾਰ ਵਜੋਂ ਅਜਾਇਬ ਚਿੱਤਰਕਾਰ ਨੇ ਬਤੌਰ ਡਰਾਇੰਗ ਮਾਸਟਰ, ਸੰਪਾਦਕ, ਚਿੱਤਰਕਾਰ, ਆਰਟਿਸਟ ਵਜੋਂ ਕਾਰਜ ਕੀਤਾ। ਉਹ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ ਸੀਨੀਅਰ ਆਰਟਿਸਟ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਇਸ ਲੇਖਕ ਨੇ ਲੁਧਿਆਣੇ ਦੇ ਦਸਮੇਸ਼ ਨਗਰ ਵਿਚਲੀ ਰਿਹਾਇਸ਼ ਵਿਖੇ 2 ਜੁਲਾਈ 2012 ਨੂੰ ਆਖਰੀ ਸਾਹ ਲਿਆ। ਪੰਜਾਬੀ ਦੇ ਉਂਗਲਾਂ ਤੇ ਗਿਣੇ ਜਾ ਸਕਣ ਵਾਲੇ ਚੋਣਵੇਂ ਲੇਖਕ-ਚਿੱਤਰਕਾਰਾਂ-- ਈਸ਼ਵਰ ਚਿੱਤਰਕਾਰ, ਦੇਵ, ਕਰਤਾਰ ਸਿੰਘ ਸੁਮੇਰ ਆਦਿ ਵਿੱਚ ਅਜਾਇਬ ਚਿੱਤਰਕਾਰ ਦਾ ਨਾਂ ਵਿਸ਼ੇਸ਼ ਥਾਂ ਰੱਖਦਾ ਹੈ।

- ਪ੍ਰੋ. ਨਵ ਸੰਗੀਤ ਸਿੰਘ

Posted By: Harjinder Sodhi