ਪੁਸਤਕ : ਅੰਦਰੇਟੇ ਦੀਆਂ ਯਾਦਾਂ (ਸਫ਼ਰਨਾਮਾ)

ਲੇਖਕ : ਨਵਨੀਤ

ਪੰਨੇ : 64 ਮੁੱਲ : 150/-

ਪ੍ਰਕਾਸ਼ਕ : ਪ੍ਰੀਤ ਪਬਲੀਕੇਸ਼ਨ, ਨਾਭਾ।

ਵਿਚਾਰ ਅਧੀਨ ਸੰਗ੍ਰਹਿ ਗਿਆਰ੍ਹਵੀਂ ਜਮਾਤ ਦੀ ਵਿਦਿਆਰਥਣ ਤੇ ਪੰਜਾਬੀ ਦੀ ਉੱਭਰਦੀ ਲੇਖਿਕਾ ਦਾ ਸਫ਼ਰਨਾਮਾ ਹੈ। ਇਹ ਸਫ਼ਰਨਾਮਾ ਛੇ ਅਧਿਆਇਆਂ ’ਚ ਵੰਡਿਆ ਹੋਇਆ ਹੈ। ਲੇਖਿਕਾ ਨੇ ਬੜੀ ਹੀ ਵਿਸਥਾਰ ਨਾਲ ਆਪਣੇ ਘਰ ਤੋਂ ਅੰਦਰੇਟੇ (ਹਿਮਾਚਲ ਪ੍ਰਦੇਸ਼) ਤਕ ਦੇ ਜਾਣ-ਆਉਣ, ਉੱਥੇ ਦੋ ਦਿਨ ਰਹਿਣ ਦੇ ਸਫ਼ਰ ਨੂੰ ਬੜੇ ਹੀ ਸਰਲ ਪਰ ਰੌਚਿਕ ਢੰਗ ਨਾਲ ਅਭਿਵਿਅਕਤ ਕੀਤਾ ਹੈ। ਅੰਦਰੇਟੇ ਲੇਖਿਕਾ ਨੂੰ ਪੰਜਾਬ ਦੇ ਵੱਖ-ਵੱਖ ਸਕੂਲ ਵਿਦਿਆਰਥੀ ਲੇਖਕ ਸਾਥੀਆਂ ਨਾਲ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੁਆਰਾ ਲਾਈ ਬਾਲ ਲੇਖਕ ਵਰਕਸ਼ਾਪ ਤਹਿਤ ਜਾਣ ਦਾ ਮੌਕਾ ਪ੍ਰਾਪਤ ਹੋਇਆ।

ਅਕਾਦਮੀ ਦੇ ਪ੍ਰਬੰਧਕਾਂ ਵੱਲੋਂ ਅਜਿਹੇ ਸਾਹਿਤਕ ਕਾਰਜ ਕਰਵਾਉਣ ਦਾ ਮੁੱਖ ਮੰਤਵ ਸਕੂਲ-ਕਾਲਜਾਂ ਦੇ ਨਵ ਲੇਖਕਾਂ ਦੀਆਂ ਸਾਹਿਤਕ ਰੁਚੀਆਂ ਨੂੰ ਉਤਸ਼ਾਹਤ ਕਰਨਾ ਹੈ ਤੇ ਨਵਨੀਤ ਦਾ ਸਫ਼ਰਨਾਮਾ ਪੜ੍ਹਨ ਉਪਰੰਤ ਇਹ ਗੱਲ ਸਾਬਤ ਹੁੰਦੀ ਹੈ ਕਿ ਅਕਾਦਮੀ ਆਪਣੇ ਇਸ ਉੱਦਮ ਵਿਚ ਸਫ਼ਲ ਵੀ ਹੋਈ ਹੈ। ਅੰਦਰੇਟਾ ਪੰਜਾਬੀ ਨਾਟਕ ਨੂੰ ਪ੍ਰਫ਼ੁੱਲਤ ਕਰਨ ਵਾਲੀ ਪੰਜਾਬੀ ਨਾਟਕ ਦੀ ਨੁੱਕੜਦਾਦੀ ਨੌਰ੍ਹਾ ਰਿਚਰਡਜ਼ ਦਾ ਘਰ ਅਤੇ ਸੰਸਾਰ ਪ੍ਰਸਿੱਧ ਚਿੱਤਰਕਾਰ ਸੋਭਾ ਸਿੰਘ ਦਾ ਟਿਕਾਣਾ ਰਿਹਾ ਹੈ। ਇਨ੍ਹਾਂ ਸਖ਼ਸ਼ੀਅਤਾਂ ਦੇ ਦੁਨੀਆ ਤੋਂ ਰੁਖ਼ਸਤ ਹੋਣ ਬਾਅਦ ਇਨ੍ਹਾਂ ਦੀ ਯਾਦ ’ਚ ਸਥਾਪਿਤ ਅਜਾਇਬਘਰ ਨਾਟਕਕਾਰਾਂ ਤੇ ਚਿੱਤਰਕਾਰਾਂ ਲਈ ਅੱਜ ਵੀ ਪ੍ਰੇਰਨਾ ਦਾ ਸਰੋਤ ਹਨ। ਲੇਖਿਕਾ ਨੇ ਬੜੇ ਹੀ ਭਾਵਪੂਰਤ ਢੰਗ ਨਾਲ ਉੱਥੇ ਦੇ ਕਲਾਮਈ ਅਤੇ ਕੁਦਰਤੀ ਵਾਤਾਵਰਨ ਦਾ ਜ਼ਿਕਰ ਅਕਾਦਮੀ ਵੱਲੋਂ ਨਾਲ ਗਏ ਅਧਿਆਪਕ ਲੇਖਕਾਂ ਦੇ ਸਹਿਯੋਗ ਨਾਲ ਨਾਟਕ ਅਤੇ ਹੋਰ ਸਾਹਿਤਕ ਵਿਧਾਵਾਂ ਲਿਖਣ ਦੇ ਢੰਗ, ਨਾਟਕ ਦੀ ਪੇਸ਼ਕਾਰੀ ਅਤੇ ਉੱਥੋਂ ਦੇ ਲੋਕਲ ਬੱਚਿਆਂ ਨਾਲ ਮਿਲ ਕੇ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਬਾਰੇ ਜਾਣਕਾਰੀ ਦਿੱਤੀ ਹੈ।

ਲੇਖਿਕਾ ਦੇ ਇਸ ਸਫ਼ਰਨਾਮੇ ਨੂੰ ਪੜ੍ਹਕੇ ਪਾਠਕਾਂ ਦਾ ਵੀ ਬਦੋਬਦੀ ਅੰਦਰਟੇ ਜਾਣ ਦਾ ਮਨ ਕਰੇਗਾ । ਲੇਖਿਕਾ ਨੇ ਸਵੈ ਜੀਵਨ ਮੂਲਕ ਢੰਗ ਨਾਲ ਉੱਤਮ ਪੁਰਖ ਅਤੇ ਬਿਰਤਾਂਤਕ ਸ਼ੈਲੀ ਵਿੱਚ ਬੜੀ ਹੀ ਮਾਰਮਿਕਤਾ ਨਾਲ ਸਫ਼ਰਨਾਮਾ ਰਚਿਆ ਹੈ।

- ਡਾ. ਹਰਪ੍ਰੀਤ ਸਿੰਘ ਰਾਣਾ

Posted By: Harjinder Sodhi