ਪੁਸਤਕ : ਭਾਈ ਘਨੱਈਆ ਜੀ (ਮਹਾਂ ਕਾਵਿ)

ਲੇਖਕ : ਗੁਰਦਿਆਲ ਸਿੰਘ ਨਿਮਰ

ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।

ਪੰਨੇ : 224, ਮੁੱਲ : ਭੇਟਾ ਰਹਿਤ

ਯਮਨਾ ਨਗਰ (ਹਰਿਆਣਾ) ਨਿਵਾਸੀ ਸ਼ਾਇਰ ਦੀ ਇਹ ਪੁਸਤਕ ਭਾਈ ਘਨਈਆ ਜੀ ਦੀ ਅਲੌਕਿਕ ਜ਼ਿੰਦਗੀ ਦੇ ਕਈ ਪਹਿਲੂਆਂ ਬਾਰੇ ਮਹਾਂ ਕਾਵਿ ਹੈ। ਸੋਧਿਆ ਐਡੀਸ਼ਨ ਹੈ ਤੇ ਸੰਗਤਾਂ ਦੀ ਸੇਵਾ ਵਿਚ ਮੁਫ਼ਤ ਵੰਡਿਆ ਜਾ ਰਿਹਾ ਹੈ। ਮਹਾਂਕਾਵਿ ਨੂੰ ਭਾਈ ਨੰਦ ਲਾਲ ਜੀ ਗੋਯਾ ਯਾਦਗਾਰੀ ਕੌਮਾਂਤਰੀ ਐਵਾਰਡ ਮਿਲ ਚੁੱਕਾ ਹੈ। ਪੁਸਤਕ ਬਾਰੇ ਭਾਵਪੂਰਤ ਵਿਚਾਰ ਉੱਘੇ ਸੇਵਾਪੰਥੀ ਮਹੰਤ ਕਰਮਜੀਤ ਸਿੰਘ ਨੇ ਲਿਖੇ ਹਨ। ਸ਼ਾਇਰ ਧਾਰਮਿਕ ਸਟੇਜਾਂ ਦਾ ਉੱਘਾ ਕਵੀ ਤੇ ਪ੍ਰਭਾਵਸ਼ਾਲੀ ਬੁਲਾਰਾ ਹੈ। ਪੁਸਤਕ ਰਚੇਤਾ ਭਾਈ ਘਨਈਆ ਜੀ ਦੀ ਵਰੋਸਾਈ ਧਾਰਮਿਕ ਸੰਸਥਾ ਸੇਵਾ ਪੰਥੀ ਸੰਪਰਦਾ ਨਾਲ ਜੁੜਿਆ ਹੋਇਆ ਹੈ।

ਡਾ ਹਰੀ ਸਿੰਘ ਜਾਚਕ ਨੇ ਪਹਿਲੇ ਦਸ ਪੰਨਿਆਂ ’ਤੇ ਮਹਾਂਕਾਵਿ ਬਾਰੇ ਵਿਸਤਿ੍ਰਤ ਭੂਮਿਕਾ ਲਿਖੀ ਹੈ। ਪੁਸਤਕ ’ਚ ਸ਼ਾਇਰ ਨੇ ਭਾਈ ਘਨੱਈਆ ਜੀ ਤੋਂ ਪਹਿਲਾਂ ਦੇਸ਼ ਦੇ ਹਾਲਾਤ ਦਾ ਕਾਵਿਕ ਜ਼ਿਕਰ ਕੀਤਾ ਹੈ। ਭਾਈ ਘਨੱਈਆ ਜੀ ਦਾ ਜਨਮ ਭਾਈ ਨੱਥੂ ਰਾਮ ਤੇ ਮਾਤਾ ਸੁੰਦਰੀ ਦੇ ਗ੍ਰਹਿ ਵਿਖੇ 1648 ਵਿਚ ਹੋਇਆ ਸੀ। ਬਚਪਨ ਤੋਂ ਭਾਈ ਘਨਈਆ ਜੀ ਸੇਵਾ ਸਿਮਰਨ ਕਰਨ ਲੱਗ ਪਏ। ਪਿਤਾ ਜੀ ਦੇ ਚਲਾਣੇ ਪਿੱਛੋਂ ਪਿਤਾਪੁਰਖੀ ਵਪਾਰਕ ਕੰਮ ਕੀਤਾ। ਭਗਤ ਨੰਨੂਆਂ ਜੀ ਨਾਲ ਮੇਲ ਹੋਇਆ। ਸੰਤ ਬੰਸ ਦੀ ਸੰਗਤ ਕੀਤੀ। ਨੌਵੇਂ ਗੁਰੂ ਜੀ ਪਾਸ ਆਨੰਦਪੁਰ ਸਾਹਿਬ ਆਏ। ਗੁਰੂ ਘਰ ਦੇ ਤਬੇਲਿਆਂ ਦੀ ਸੇਵਾ ਕੀਤੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਪਿੱਛੋਂ ਭਾਈ ਘਨੱਈਆ ਜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕੋਲ ਸੇਵਾ ਕਰਨ ਲੱਗੇ। ਆਨੰਦਪੁਰ ਦੀ ਜੰਗ ਵਿਚ ਬਿਨਾਂ ਕਿਸੇ ਭਿੰਨ ਭੇਦ ਤੋਂ ਉਨ੍ਹਾਂ ਨੇ ਜ਼ਖ਼ਮੀ ਸਿੰਘਾਂ ਤੇ ਮੁਗ਼ਲ ਸਿਪਾਹੀਆਂ ਨੂੰ ਪਾਣੀ ਪਿਲਾ ਕੇ ਸੇਵਾ ਕੀਤੀ। ਗੁਰੂ ਜੀ ਨੇ ਉਨ੍ਹਾਂ ਨੂੰ ਮਲ੍ਹਮ ਪੱਟੀ ਦਿੱਤੀ ਤੇ ਸੇਵਾ ਲਈ ਉਤਸ਼ਾਹਤ ਕੀਤਾ। ਇਹ ਸਾਰੇ ਪ੍ਰਸੰਗ ਤੇ ਹੋਰ ਵੀ ਬਹੁਤ ਕੁਝ ਇਸ ਮਹਾਂਕਾਵਿ ਵਿਚ ਹਨ। ਦਰਜਨ ਕੁ ਰੰਗਦਾਰ ਤਸਵੀਰਾਂ ਪੁਸਤਕ ਦੀ ਸ਼ਾਨ ਹਨ। ਕੁਝ ਪੰਨਿਆਂ ’ਤੇ ਸੇਵਾਪੰਥੀ ਸ਼ਖ਼ਸੀਅਤਾਂ ਦਾ ਧਾਰਮਿਕ ਜੀਵਨ ਹੈ। ਟਾਈਟਲ ਦਿਲਕਸ਼ ਹੈ। ਪੰਜਾਬੀ ਮਹਾਂਕਾਵਿ ਵਿਚ ਸਿੱਖ ਇਤਿਹਾਸਕ ਪੁਸਤਕ ਮਹੱਤਵਪੂਰਨ ਵਾਧਾ ਹੈ।

- ਗੁਰਮੀਤ ਸਿੰਘ ਫਾਜ਼ਿਲਕਾ

Posted By: Harjinder Sodhi