ਮਹਾਨ ਸ਼ਾਇਰ, ਗ਼ਜ਼ਲਗੋ, ਚਿੰਤਕ, ਜੀਵਨੀ ਲੇਖਕ, ਇਤਿਹਾਸਕਾਰ, ਰਹੱਸਵਾਦੀ ਅਤੇ ਵਿਆਕਰਣਦਾਤਾ ਅਮੀਰ ਖੁਸਰੋ ( ਪੂਰਾ ਨਾਮ ਅਬੁਲ ਹਸਨ ਯਾਮਿਨੁਦੀਨ ਖੁਸਰੋ) ਭਾਰਤ ਦਾ ਪਹਿਲਾ ਉਰਦੂ ਸ਼ਾਇਰ ਹੈ। ਹੋਰ ਕਈ ਮਹਾਨ ਸਾਹਿਤਕ ਕਾਰਨਾਮਿਆਂ ਤੋਂ ਇਲਾਵਾ ਮਧੁਰ ਸੰਗੀਤ ਵਾਦ ਸਿਤਾਰ ਦੇ ਨਿਰਮਾਣ ਦਾ ਸਿਹਰਾ ਵੀ ਉਸ ਦੇ ਸਿਰ ਬੱਝਦਾ ਹੈ। ਉਸ ਤੋਂ ਪਹਿਲਾਂ ਭਾਰਤ ਵਿਚ ਕਈ ਪ੍ਰਕਾਰ ਦੀ ਵੀਣਾ ਪ੍ਰਚੱਲਿਤ ਸੀ ਪਰ ਅਮੀਰ ਖੁਸਰੋ ਨੇ ਤਿੰਨ ਤਾਰ ਵਾਲਾ ਵਾਦ ਯੰਤਰ ਬਣਾ ਕੇ ਉਸ ਦਾ ਨਾਮ ਸਹਿਤਾਰ (ਫਾਰਸੀ ਵਿਚ ਅਰਥ ਤਿੰਨ ਤਾਰ ਵਾਲਾ) ਰੱਖਿਆ ਜੋ ਹੌਲੀ-ਹੌਲੀ ਵਿਗੜ ਕੇ ਸਿਤਾਰ ਬਣ ਗਿਆ। ਅਮੀਰ ਖੁਸਰੋ ਦਾ ਨਾਂ ਭਾਰਤ ਦੇ ਚੋਟੀ ਦੇ ਸਾਹਿਤਕਾਰਾਂ ਵਿਚ ਆਉਂਦਾ ਹੈ। ਉਸ ਨੇ ਆਪਣੀ ਜ਼ਿਆਦਾਤਰ ਰਚਨਾ ਫਾਰਸੀ ਵਿਚ ਕੀਤੀ। ਪਰ ਕਿਉਂਕਿ ਫਾਰਸੀ ਸੰਸਕਿ੍ਰਤ ਵਾਂਗ ਸਿਰਫ਼ ਚੰਦ ਪੜ੍ਹੇ ਲਿਖੇ ਲੋਕਾਂ ਨੂੰ ਹੀ ਆਉਂਦੀ ਸੀ, ਇਸ ਲਈ ਆਪਣੀ ਗੱਲ ਜਨ ਸਧਾਰਨ ਤਕ ਪਹੁੰਚਾਉਣ ਲਈ ਉਸ ਨੇ ਉਰਦੂ ਭਾਸ਼ਾ ਵਿਚ ਸ਼ਾਇਰੀ ਕਰਨੀ ਸ਼ੁਰੂ ਕੀਤੀ ਜੋ ਹਿੰਦੀ, ਫਾਰਸੀ ਅਤੇ ਉਰਦੂ ਦੇ ਲਫਜ਼ਾਂ ਦੇ ਮਿਲਾਪ ਕਾਰਨ ਹੋਂਦ ਵਿਚ ਆਈ ਸੀ। ਇਸ ਕਾਰਨ ਉਸ ਦੀਆਂ ਰਚਨਾਵਾਂ ਆਮ ਲੋਕਾਂ ਦੇ ਮਨ ਮਸਤਕ ’ਤੇ ਉਕਰੀਆਂ ਗਈਆਂ। ਉਸ ਨੇ ਸਭ ਤੋਂ ਪਹਿਲਾਂ ਮੱਧ ਏਸ਼ੀਆਈ ਗਾਇਨ ਵੰਨਗੀ ਕੱਵਾਲੀ ਨੂੰ ਭਾਰਤ ਵਿਚ ਪਛਾਣ ਦਿਵਾਈ ਤੇ ਗ਼ਜ਼ਲਾਂ ਨੂੰ ਕੱਵਾਲੀ ਦੇ ਰੂਪ ਵਿਚ ਗਾਉਣ ਦੀ ਪਿਰਤ ਸ਼ੁਰੂ ਕੀਤੀ। ਅੱਜ ਵੀ ਕੱਵਾਲੀ ਭਾਰਤ ਅਤੇ ਪਾਕਿਸਤਾਨ ਵਿਚ ਬੇਹੱਦ ਮਕਬੂਲ ਹੈ ਤੇ ਸੂਫੀ ਸੰਤਾਂ ਦੇ ਮਜ਼ਾਰਾਂ ’ਤੇ ਕੱਵਾਲੀ ਤੋਂ ਬਿਨਾਂ ਹੋਰ ਕਿਸੇ ਵੀ ਰੂਪ ਵਿਚ ਸੰਗੀਤ ਗਾਇਨ ਦੀ ਸਖ਼ਤ ਮਨਾਹੀ ਹੈ। ਆਪਣੀਆਂ ਮਹਾਨ ਰਚਨਾਵਾਂ ਕਾਰਨ ਉਸ ਨੂੰ ਭਾਰਤ ਦੀ ਆਵਾਜ਼ (ਤੂਤੀ ਏ ਹਿੰਦ) ਵੀ ਪੁਕਾਰਿਆ ਜਾਂਦਾ ਹੈ।

ਇਸ ਮਹਾਨ ਵਿਅਕਤੀ ਦਾ ਜਨਮ 1253 ਈਸਵੀ ਨੂੰ ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਪਿੰਡ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਅਮੀਰ ਸੈਫਉਦੀਨ ਮਹਿਮੂਦ ਅਤੇ ਮਾਤਾ ਦਾ ਨਾਮ ਬੀਬੀ ਦੌਲਤ ਨਾਜ਼ ਸੀ। ਅਮੀਰ ਖੁਸਰੋ ਦਾ ਪਿਤਾ ਸਮਰਕੰਦ (ਉਜ਼ਬੇਕਿਸਤਾਨ) ਦਾ ਰਹਿਣ ਵਾਲਾ ਤੁਰਕ ਸੀ ਤੇ ਮੱਧ ਏਸ਼ੀਆ ’ਤੇ ਮੰਗੋਲਾਂ ਦੇ ਲਗਾਤਾਰ ਹੋਣ ਵਾਲੇ ਹਮਲਿਆਂ ਤੋਂ ਬਚਣ ਖ਼ਾਤਰ 1260 ਈਸਵੀ ਦੇ ਨੇੜੇ-ਤੇੜੇ ਦਿੱਲੀ ਦੇ ਸੁਲਤਾਨ ਬਲਬਨ ਦੀ ਸ਼ਰਨ ਵਿਚ ਆ ਗਿਆ ਸੀ। ਬਲਬਨ ਨੇ ਉਸ ਦੀ ਕਾਬਲੀਅਤ ਵੇਖ ਕੇ ਉਸ ਦਾ ਚੰਗਾ ਮਾਣ ਸਨਮਾਨ ਕੀਤਾ ਤੇ ਪਟਿਆਲੇ ਦੀ ਜਾਗੀਰ ਬਖ਼ਸ਼ ਦਿੱਤੀ ਜਿੱਥੇ ਅਮੀਰ ਖੁਸਰੋ ਦਾ ਜਨਮ ਹੋਇਆ। ਉਹ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸੀ ਤੇ ਜਲਦੀ ਹੀ ਤੁਰਕੀ, ਫਾਰਸੀ, ਅਰਬੀ, ਹਿੰਦੀ ਤੇ ਸੰਸਕਿ੍ਰਤ ਵਿਚ ਪ੍ਰਵੀਣ ਹੋ ਗਿਆ। ਉਹ 9 ਸਾਲ ਦੀ ਉਮਰ ਵਿਚ ਹੀ ਸ਼ਾਇਰੀ ਕਰਨ ਲੱਗ ਪਿਆ ਸੀ ਤੇ ਉਸ ਨੇ ਆਪਣਾ ਪਹਿਲਾ ਦੀਵਾਨ, ਤੁਹਫਤ ਅਸ ਸਿਗਰ (ਬਚਪਨ ਦੇ ਤੋਹਫੇ) ਸਿਰਫ਼ 16 ਸਾਲ ਦੀ ਉਮਰ ਵਿਚ ਸਾਹਿਤ ਦੀ ਝੋਲੀ ਪਾਇਆ। ਹੌਲੀ-ਹੌਲੀ ਉਸ ਦੀ ਪ੍ਰਸਿੱਧੀ ਫੈਲਦੀ ਗਈ ਤੇ ਉਹ ਬਲਬਨ ਦੇ ਪੁੱਤਰ ਬੁਗਰਾ ਖ਼ਾਨ, ਜੋ ਉਸ ਵੇਲੇ ਬੰਗਾਲ ਦਾ ਗਵਰਨਰ ਸੀ, ਦਾ ਦਰਬਾਰੀ ਕਵੀ ਬਣ ਗਿਆ। ਬੁਗਰਾ ਖ਼ਾਨ ਦੇ ਦਰਬਾਰ ਵਿਚ ਰਹਿੰਦਿਆਂ ਹੋਇਆਂ ਉਸ ਨੇ ਆਪਣਾ ਦੂਸਰਾ ਦੀਵਾਨ ਵਸਤ ਉਲ ਹਯਾਤ (ਜ਼ਿੰਦਗੀ ਦਾ ਮੱਧ) ਲਿਖਿਆ। 1287 ਈਸਵੀ ਵਿਚ ਬਲਬਨ ਦੀ ਮੌਤ ਹੋ ਗਈ ਤੇ ਉਸ ਦੇ ਪੁੱਤਰ ਬੁਗਰਾ ਖ਼ਾਨ ਦੇ ਤਖ਼ਤ ’ਤੇ ਬੈਠਣ ਤੋਂ ਇਨਕਾਰ ਕਰ ਦੇਣ ’ਤੇ ਉਸ ਦਾ ਪੋਤਰਾ ਮੂਈਉਦੀਨ ਕੈਕਾਬਾਦ ਦਿੱਲੀ ਦਾ ਬਾਦਸ਼ਾਹ ਬਣ ਗਿਆ। ਉਸ ਨੇ ਖੁਸਰੋ ਨੂੰ ਆਪਣੇ ਦਰਬਾਰ ਵਿਚ ਬੁਲਾ ਲਿਆ ਇਥੇ ਰਹਿੰਦੇ ਹੋਏ ਖੁਸਰੋ ਨੇ ਬਲਬਨ ਦੇ ਰਾਜ ਅਤੇ ਸਮੇਂ ਦੇ ਰਾਜਨੀਤਕ ਹਾਲਾਤ ਬਾਰੇ ਕਵਿਤਾਵਾਂ ਦਾ ਤੀਸਰਾ ਦੀਵਾਨ, ਕਿਰਨ ਅਸ ਸਦਾਇਨ ਲਿਖਿਆ।

ਸੰਨ 1290 ਈਸਵੀ ਵਿਚ ਜਲਾਲੁਦੀਨ ਖਿਲਜ਼ੀ ਨੇ ਕੈਕਾਬਾਦ ਦਾ ਕਤਲ ਕਰ ਦਿੱਤਾ ਤੇ ਖਿਲਜ਼ੀ ਵੰਸ਼ ਦੀ ਸ਼ਰੂਆਤ ਕੀਤਾ। ਜਲਾਲੁਦੀਨ ਅਮੀਰ ਖੁਸਰੋ ਦਾ ਬਹੁਤ ਵੱਡਾ ਪ੍ਰਸੰਸਕ ਸੀ ਤੇ ਉਸ ਨੇ ਵੀ ਅਮੀਰ ਖੁਸਰੋ ਨੂੰ ਆਪਣਾ ਦਰਬਾਰੀ ਕਵੀ ਥਾਪ ਦਿੱਤਾ। ਦਰਬਾਰ ਦਾ ਆਸਰਾ ਮਿਲਣ ਕਾਰਨ ਖੁਸਰੋ ਨੇ ਆਪਣਾ ਸਾਰਾ ਧਿਆਨ ਸਾਹਿਤ ਰਚਨਾ ਵੱਲ ਲਗਾ ਦਿੱਤਾ ਤੇ ਅਨੇਕਾਂ ਗ਼ਜ਼ਲਾਂ ਲਿਖੀਆਂ ਜੋ ਸ਼ਾਮ ਦੀ ਮਹਿਫਿਲ ਵਿਚ ਗਵਾਈਆਂ ਵੱਲੋਂ ਬਾਦਸ਼ਾਹ ਸਾਹਮਣੇ ਪੇਸ਼ ਕੀਤੀਆਂ ਜਾਂਦੀਆਂ ਸਨ। ਸੰਨ 1290 ਵਿਚ ਖੁਸਰੋ ਨੇ ਸੁਲਤਾਨ ਦੀ ਉਸਤਤ ਵਿਚ ਲਿਖਿਆ ਆਪਣਾ ਚੌਥਾ ਦੀਵਾਨ, ਗੁੱਰਤ ਉਲ ਕਮਾਲ ਦਰਬਾਰ ਵਿਚ ਪੇਸ਼ ਕੀਤਾ। ਸੰਨ 1296 ਈਸਵੀ ਵਿਚ ਜਲਾਉਦੀਨ ਖਿਲਜ਼ੀ ਦਾ ਕਤਲ ਕਰ ਕੇ ਉਸ ਦਾ ਜਵਾਈ ਅਲਾਉਦੀਨ ਖਿਲਜ਼ੀ ਬਾਦਸ਼ਾਹ ਬਣ ਗਿਆ। ਉਹ ਇਕ ਮਹਾਨ ਬਾਦਸ਼ਾਹ ਸਾਬਤ ਹੋਇਆ ਜਿਸ ਨੇ ਭਾਰਤ ਵਿਚ ਇਸਲਾਮੀ ਰਾਜ ਨੂੰ ਸਿਖ਼ਰ ’ਤੇ ਪਹੁੰਚਾ ਦਿੱਤਾ। ਅਲਾਉਦੀਨ ਖਿਲਜ਼ੀ ਦੇ ਦਰਬਾਰ ਵਿਚ ਰਹਿੰਦੇ ਹੋਏ ਅਮੀਰ ਖੁਸਰੋ ਨੇ ਉਸ ਦੇ ਰਾਜ ਪ੍ਰਬੰਧ, ਜਿੱਤਾਂ, ਪ੍ਰਸ਼ਾਸਕੀ ਸੁਧਾਰ ਅਤੇ ਨਿਆਂ ਪਸੰਦਗੀ ਸਬੰਧੀ ਇਤਿਹਾਸਨਾਮਾ ਖ਼ਜ਼ਾਨਾ ਉਲ ਫਤਹਿ (ਜਿੱਤਾਂ ਦਾ ਖ਼ਜ਼ਾਨਾ) ਲਿਖਿਆ। ਅਮੀਰ ਖੁਸਰੋ ਕੈਕਾਬਾਦ, ਜਲਾਲੁਦੀਨ ਖਿਲਜ਼ੀ, ਅਲਾਉਦੀਨ ਖਿਲਜ਼ੀ, ਮੁਬਾਰਕ ਸ਼ਾਹ ਖਿਲਜ਼ੀ, ਖੁਸਰੋ ਖਾਨ, ਗਿਆਸੁਦੀਨ ਤੁਗਲਕ ਅਤੇ ਮੁਹੰਮਦ ਤੁਗਲਕ, ਕੁੱਲ 7 ਬਾਦਸ਼ਾਹਾਂ ਦਾ ਦਰਬਾਰੀ ਕਵੀ ਰਿਹਾ ਸੀ। ਇਹ ਮਾਣ ਸੰਸਾਰ ਦੇ ਕਿਸੇ ਹੋਰ ਸਾਹਿਤਕਾਰ ਦੇ ਹਿੱਸੇ ਨਹੀਂ ਆਇਆ। ਉਸ ਦੀਆਂ ਲਿਖਤਾਂ ਵਿਚ ਉਸ ਸਮੇਂ ਦੇ ਰਾਜਨੀਤਕ, ਸਮਾਜਿਕ ਅਤੇ ਧਾਰਮਿਕ ਹਾਲਾਤ ਅਤੇ ਦਰਬਾਰੀ ਸਾਜ਼ਿਸ਼ਾਂ ਦਾ ਬਿਲਕੁਲ ਸਟੀਕ ਵਰਨਣ ਮਿਲਦਾ ਹੈ।

1310 ਈਸਵੀ ਵਿਚ ਉਹ ਮਹਾਨ ਸੂਫੀ ਸੰਤ ਸ਼ੇਖ ਨਿਜ਼ਾਮੁਦੀਨ ਔਲੀਆ ਦਾ ਮੁਰੀਦ ਬਣ ਗਿਆ ਤੇ ਇਸ ਤੋਂ ਬਾਅਦ ਉਸ ਦੀ ਸ਼ਾਇਰੀ ਪੂਰੀ ਤਰ੍ਹਾਂ ਨਾਲ ਸੂਫੀ ਰੰਗ ਵਿਚ ਰੰਗੀ ਗਈ। 1325 ਈਸਵੀ ਵਿਚ ਸ਼ੇਖ ਨਿਜ਼ਾਮੁਦੀਨ ਔਲੀਆ ਦੀ ਮੌਤ ਹੋ ਗਈ ਤੇ ਇਸੇ ਗ਼ਮ ਵਿਚ ਸਿਰਫ਼ ਛੇ ਮਹੀਨੇ ਬਾਅਦ 72 ਸਾਲ ਦੀ ਉਮਰ ਵਿਚ ਅਮੀਰ ਖੁਸਰੋ ਦੀ ਵੀ ਮੌਤ ਹੋ ਗਈ। ਅਮੀਰ ਖੁਸਰੋ ਦੀ ਭਾਰਤ ਦੇ ਸਾਹਿਤਕ ਖ਼ਜ਼ਾਨੇ ਨੂੰ ਹੋਰ ਕਿਸੇ ਵੀ ਸਾਹਿਤਾਕਾਰ ਨਾਲੋਂ ਵੱਡੀ ਦੇਣ ਹੈ। ਉਸ ਦਾ ਮਜ਼ਾਰ ਸੇਖ ਨਿਜ਼ਾਮੁਦੀਨ ਦੀ ਦਰਗਾਹ (ਦਿੱਲੀ) ਵਿਚ ਸ਼ੇਖ ਨਿਜ਼ਾਮੁਦੀਨ ਔਲੀਆ ਦੀ ਕਬਰ ਦੇ ਨਜ਼ਦੀਕ ਬਣਿਆ ਹੋਇਆ ਹੈ। ਉਹ ਪੱਕਾ ਭਾਰਤੀ ਦੇਸ਼ ਭਗਤ ਸੀ ਤੇ ਸਮੇਂ ਦੇ ਬਾਕੀ ਹੰਕਾਰੀ ਤੁਰਕਾਂ ਵਾਂਗ ਭਾਰਤੀਆਂ ਨੂੰ ਨੀਚ ਸਮਝਣ ਅਤੇ ਆਪਣੀ ਜ਼ਾਤ ਦਾ ਹੰਕਾਰ ਕਰਨ ਦੀ ਬਜਾਏ ਆਪਣੀ ਸ਼ਾਇਰੀ ਵਿਚ ਵਾਰ-ਵਾਰ ਲਿਖਦਾ ਹੈ ਕਿ ਉਹ ਸਿਰਫ਼ ਅਤੇ ਸਿਰਫ ਹਿੰਦੋਸਤਾਨੀ ਹੈ। ਉਸ ਦਾ ਉਰਸ ਹਰ ਸਾਲ ਜੂਨ ਦੇ ਮਹੀਨੇ ਵਿਚ ਸ਼ੇਖ ਨਿਜ਼ਾਮੁਦੀਨ ਔਲੀਆ ਦਰਗਾਹ ਵਿਖੇ ਮਨਾਇਆ ਜਾਂਦਾ ਹੈ ਜਿੱਥੇ ਭਾਰਤ ਦੇ ਸਾਰੇ ਪ੍ਰਸਿੱਧ ਕੱਵਾਲ ਹਾਜ਼ਰੀ ਭਰਨੀ ਮਾਣ ਵਾਲੀ ਗੱਲ ਸਮਝਦੇ ਹਨ।

- ਬਲਰਾਜ ਸਿੰਘ ਸਿੱਧੂ

Posted By: Harjinder Sodhi