ਸਾਹਿਤਕਾਰ ਡਾਕਟਰ ਹਰਨੇਕ ਸਿੰਘ ਸੰਸਾਰ ਤੋਂ ਰੁਖ਼ਸਤ ਸਿਰਲੇਖ ਹੇਠ ਖ਼ਬਰ ਪੜ੍ਹ ਕੇ ਦਿਲ ਨੂੰ ਇਕ ਝਟਕਾ ਜਿਹਾ ਲੱਗਾ। ਮੈਂ ਉਨ੍ਹਾਂ ਨੂੰ ਪਹਿਲੀ ਅਤੇ ਆਖ਼ਰੀ ਵਾਰੀ ਜਨਵਰੀ 2018 ਨੂੰ, ਵਾਟਰ ਵਰਕਸ ਰੋਡ ਮਲੋਟ ਮੰਡੀ ਉਨ੍ਹਾਂ ਦੇ ਘਰ ਇੰਟਰਵਿਊ ਕਰਨ ਦੇ ਉਦੇਸ਼ ਨਾਲ ਮਿਲਿਆ ਸੀ। ਉਨ੍ਹਾਂ ਨੇ ਇਕ ਗੱਲ ਕਹੀ ਸੀ ਸਾਹਿਤਕ ਖੇਤਰ ’ਚ ਨਾਮ ਨਾ ਬਣਨ ਸਬੰਧੀ। ਮੈਨੂੰ ਆਪਣੇ ਅਣਪੁੱਛੇ ਸਵਾਲ ਦਾ ਜਵਾਬ ਮਿਲ ਗਿਆ ਸੀ। ਉਨ੍ਹਾਂ ਕਿਹਾ ਸੀ ਕਿ ਪਹਿਲਾਂ ਚੰਗੇ ਲੇਖ਼ਕਾਂ ਕੋਲ ਪਬਲੀਕੇਸ਼ਨ ਵਾਲੇ ਆਪ ਚੱਲ ਕੇ ਜਾਂਦੇ ਸਨ ਅਤੇ ਕਿਤਾਬ ਛਾਪਣ ਬਦਲੇ ਲੇਖਕ ਨੂੰ ਸਨਮਾਨ ਵਜੋਂ ਵਿੱਤੀ ਮਿਹਨਤਾਨਾ ਵੀ ਦਿੰਦੇ ਸਨ। ਦੂਜੇ ਪਾਸੇ ਹੁਣ ਹਾਲਾਤ ਇਹ ਹਨ ਕਿ ਲੋਕ ਪਬਲੀਕੇਸ਼ਨ ਵਾਲਿਆਂ ਕੋਲ ਆਪ ਜਾਂਦੇ ਹਨ ਅਤੇ ਪਬਲੀਕੇਸ਼ਨ ਵਾਲੇ ਉਨ੍ਹਾਂ ਤੋਂ ਮੋਟੇ ਪੈਸੇ ਲੈ ਕੇ ਕਿਤਾਬ ਛਾਪਦੇ ਹਨ ਅਤੇ ਕਿਤਾਬਾਂ ਵੇਚਦੇ ਵੀ ਆਪ ਹੀ ਹਨ। ਉਹ ਵੀ ਆਪ ਹੀ ਕਮਾਈ ਕਰਦੇ ਹਨ।

ਇਸੇ ਤਰ੍ਹਾਂ ਹੀ ਜਦੋਂ ਸਾਹਿਤਕਾਰਾਂ ਦਾ ਸਨਮਾਨ ਕੀਤਾ ਜਾਂਦਾ ਸੀ ਤਾਂ ਸਾਲ-ਸਾਲ ਚਰਚਾ ਹੁੰਦੀ ਕਿ ਫਲਾਣੇ ਸਾਹਿਤਕਾਰ ਨੂੰ ਸਨਮਾਨਿਤ ਕੀਤਾ ਗਿਆ ਹੈ ਪਰ ਹੁਣ ਹਫ਼ਤਾ ਕੁ ਇਹ ਚਰਚਾ ਹੁੰਦੀ ਹੈ ਕਿ ਫ਼ਲਾਣਾ ਸਾਹਿਤਕਾਰ ਜਾਂ ਗ਼ੈਰ ਸਾਹਿਤਕਾਰ ਸਨਮਾਨ ਲੈ ਗਿਆ ਹੈ।

ਉਨ੍ਹਾਂ ਨੂੰ ਮਿਲਣ ਦੀ ਜਗਿਆਸਾ ਮੈਨੂੰ ਇਸ ਲਈ ਹੋਈ ਸੀ ਕਿਉਂਕਿ ਉਨ੍ਹਾਂ ਨੇ ਬਠਿੰਡਾ ਤੋਂ ਪੰਜਾਬੀ ਟਿ੍ਰਬਿਊਨ ਲਈ 1981 ਤੋਂ 1988 ਤਕ ਪੱਤਰਕਾਰੀ ਕੀਤੀ ਸੀ ਅਤੇ ਮੈਨੂੰ ਪਤਾ ਲੱਗਾ ਸੀ ਕਿ ਉਹ ਬਠਿੰਡਾ ਵਿਚ ਪੰਜਾਬੀ ਅਖ਼ਬਾਰ ਦੇ ਪਹਿਲੇ ਪੱਤਰਕਾਰ ਸਨ। ਉਨ੍ਹਾਂ ਤੋਂ ਪਹਿਲਾਂ ਅੰਗਰੇਜ਼ੀ ਵਿਚ ਛਪਦੇ ਅਖ਼ਬਾਰ ਦੇ ਬਠਿੰਡਾ ਤੋਂ ਕੰਮ ਕਰਦੇ ਪੱਤਰਕਾਰਾਂ ਦੀਆਂ ਖ਼ਬਰਾਂ ਹੀ ਪੰਜਾਬੀ ਵਿਚ ਉਲੱਥਾ ਕਰ ਕੇ ਲੱਗਦੀਆਂ ਰਹੀਆਂ ਸਨ।

ਹਰਨੇਕ ਸਿੰਘ ਕੋਮਲ ਨੇ ਸ੍ਰੀ ਮੁਕਤਸਰ ਸਾਹਿਬ ਦੇ ਫਾਜ਼ਿਲਕਾ ਰੋਡ ਉਪਰ ਸਥਿਤ ਆਲਮਵਾਲਾ ਪਿੰੰਡ ਵਿਚ 1942 ਵਿਚ ਜਨਮ ਲਿਆ ਸੀ ਅਤੇ ਮਲੋਟ ਮੰਡੀ ਦੇ ਸਰਕਾਰੀ ਹਾਈ ਸਕੂਲ ਤੋਂ 1959 ਵਿਚ ਦਸਵੀਂ ਪਾਸ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਪਟਿਆਲਾ ਦੇ ਨੀਲੋਖੇੜੀ ਸਥਿਤ ਪੌਲੀਟੈਕਨਿਕ ਕਾਲਜ ਤੋਂ ਡਰਾਫ਼ਟਸਮੈਨ ਸਿਵਲ ਦੀ ਡਿਗਰੀ ਕੀਤੀ ਸੀ। ਉਸ ਤੋਂ ਬਾਅਦ ਉਹ ਸਿੰਚਾਈ ਵਿਭਾਗ ਵਿਚ ਜੇ.ਈ.ਵਜੋਂ ਨਿਯੁਕਤ ਹੋਏ ਸਨ। ਤਿੰਨ ਸਾਲ ਦੀ ਨੌਕਰੀ ਕਰਨ ਬਾਅਦ ਉਨ੍ਹਾਂ ਅਸਤੀਫ਼ਾ ਦੇ ਕੇ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਵਿਚ ਪੰਜਾਬੀ ਦੇ ਕੱਚੇ ਲੈਕਚਰਾਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਉਸ ਤੋਂ ਬਾਅਦ ਉਹ ਬਠਿੰਡਾ ਦੇ ਡੀ.ਏ.ਵੀ.ਕਾਲਜ ਵਿਚ ਪੰਜਾਬੀ ਲੈਕਚਰਾਰ ਵਜੋਂ ਕੰਮ ਕਰਨ ਲੱਗੇ। ਇੱਥੋਂ ਉਨ੍ਹਾਂ ਦੀ ਸੇਵਾ ਮੁਕਤੀ ਨਵੰਬਰ 2013 ਵਿਚ ਹੋਈ।

ਉਨ੍ਹਾਂ ਕਾਵਿਤਾ ਅਤੇ ਅਲੋਚਨਾ ਦੀਆਂ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ। ਉਨ੍ਹਾਂ ਦੀ ਪਹਿਲੀ ਬਾਲ ਪੁਸਤਕ ‘ਪੰਮੀ ਦਾ ਮੋਤੀ’ ਸੰਨ 1968 ਵਿਚ ਬਾਲ ਨਾਵਲ ਦੇ ਰੂਪ ਵਿਚ ਛਪੀ ਸੀ। ਉਸ ਤੋਂ ਬਾਅਦ ‘ਸੂਹੇ ਫੁੱਲਾਂ ਦੀ ਸੁਗੰਧ, ਗਾਉਂਦਾ ਹੈ ਬਚਪਨ, ਕੁਦਰਤ ਦੀ ਚੰਗੇਰ, ਕੁਦਰਤ ਦੇ ਅੰਗ ਸੰਗ, ਕਾਵਿ ਸੰਗ੍ਰਹਿ ਪੁਸਤਕਾਂ ਅਤੇ ਬਚਪਨ ਦੀਆਂ ਬਾਤਾਂ ਸਵੈ ਜੀਵਨੀ ਲਿਖੀ। ਕਵਿਤਾ ਵਾਲੇ ਪਾਸੇ ਉਨ੍ਹਾਂ ਦੀਆਂ ਪੁਸਤਕਾਂ ਖ਼ਾਲੀ ਘਰ, ਪੱਥਰਾਂ ਦੀ ਬਾਰਿਸ਼ ਟੁੱਟੇ ਖੰਭਾਂ ਦੀ ਪਰਵਾਜ਼, ਫੁੱਲ ਹਨ ਇਹ ਕਾਗ਼ਜ਼ੀ, ਦਰਦ ਸੁਪਨੇ, ਗ਼ਜ਼ਲ ਦੋਹਾ ਦਰਪਨ ਆਦਿ ਪੁਸਤਕਾਂ ਛਪੀਆਂ। ਉਨ੍ਹਾਂ ਨੇ ਆਲੋਚਨਾ ਦੇ ਖੇੇੇਤਰ ਵਿਚ ਸੁਨੇਹੜੇ : ਇਕ ਅਧਿਐਨ ਭਾਈ ਗੁਰਦਾਸ ਦੀ ਪਹਿਲੀ ਵਾਰ, ਸਾਹਿਤਕ ਪਰਿਪੇਖ ਭਾਈ ਗੁਰਦਾਸ ਪਾਠ ਤੇ ਪ੍ਰਵਚਨ ਕਿਤਾਬਾਂ ਸਾਹਿਤ ਦੀ ਝੋਲੀ ਪਾਈਆਂ। ਇਕ ਹਿੰਦੀ ਵਿਚ ਸ਼ੋਰ ਔਰ ਸੰਗੀਤ ਨਾਮ ਦੀ ਕਿਤਾਬ ਵੀ ਲਿਖੀ ਹੈ। ਉਨ੍ਹਾਂ ਦਾ ਸੰਸਾਰ ਤੋਂ ਚਲੇ ਜਾਣਾ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਪਾਠਕਾਂ ਅਤੇ ਸਾਹਿਤਕ ਖੇਤਰ ਲਈ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨਮਿਤ ਭੋਗ ਅਤੇ ਅੰਤਿਮ ਅਰਦਾਸ 20 ਜੂਨ ਨੂੰ ਮਲੋਟ ਦੇ ਜੀ.ਟੀ. ਰੋਡ ਸਥਿਤ ਗੁਰਦੁਆਰਾ ਸਿੰਘ ਸਭਾ ਵਿਚ ਹੋਵੇਗੀ।

- ਮਾਲਵਿੰਦਰ ਤਿਉਣਾ ਪੁਜਾਰੀਆਂ

Posted By: Harjinder Sodhi