ਮੇਰੇ ‘ਆਲ ਟਾਈਮ ਫੇਵਰਿਟ’ ਲੇਖਕ ਸਆਦਤ ਹਸਨ ਮੰਟੋ ਦਾ ਸਾਹਿਤ ਯਾਨੀ ਅਦਬ ਬਾਰੇ ਜਗਤ ਪ੍ਰਸਿੱਧ ਜੁਮਲਾ ਹੈ : ਅਦਬ ਯਾ ਤੋਂ ਅਦਬ ਹੈ ਯਾ ਬਹੁਤ ਬੜੀ ਬੇਅਦਬੀ। ਮੇਰੀ ਜਾਚੇ ਇਸ ਇਕ ਸਤਰੀ ਬਿਆਨ ਵਿਚ ਹੀ ਸਾਹਿਤ ਦਾ ਕਾਵਿ ਸ਼ਾਸਤਰ ਲੁਕਿਆ ਹੋਇਆ ਹੈ। ਭਾਰਤੀ ਪਰੰਪਰਾ ਦੀਆਂ ਰਸ, ਵਕ੍ਰੋਕਤੀ, ਔਚਿਤਯ, ਧ੍ਵਨੀ, ਅਲੰਕਾਰ, ਰੀਤੀ ਸੰਪਰਦਾਵਾਂ ਸਮੇਤ ਵਿਸ਼ਵ ਦੇ ਵਿਭਿੰਨ ਦੇਸ਼ਾਂ ਦੇ ਵਿਭਿੰਨ ਸਾਹਿਤ-ਸਿਧਾਂਤ ਅਤੇ ਅਧਿਐਨ-ਮਾਡਲ ਅਦਬ ਦੀ ਪੁਣਛਾਣ ਕਰਦੇ ਹੋਏ ਆਪਣੇ ਆਪਣੇ ਪੈਰਾਮੀਟਰਾਂ ਦੇ ਆਧਾਰ ਤੇ ਅਦਬ ਦੀ ਨਕਾਬਕੁਸ਼ਾਈ ਜਾਂ ਪੁਸ਼ਤਪਨਾਹੀ ਕਰਦੇ ਹਨ। ਲੇਕਿਨ ਸਮੁੱਚੇ ਤੌਰ ’ਤੇ ਮੰਟੋ ਦੇ ‘ਭਰਤਵਾਕ’ ਤੋਂ ਸਾਰੇ ਹੀ ਕੁਰਬਾਨ ਕੀਤੇ ਜਾ ਸਕਦੇ ਹਨ ਕਿਉਂਕਿ ਜਿਹੜੇ ਮਰਜ਼ੀ ਰਸਤੇ ਜਾ ਕੇ ਅਦਬ ਦੇ ਮਰਮ ਤਕ ਪਹੁੰਚੋ ਅੰਤ ਵਿਚ ਜਾ ਕੇ ਤੱਤ ਇਹੀ ਨਿਕਲਦਾ ਹੈ ਕਿ ਇਹ ਰਚਨਾ ਅਦਬ ਹੈ ਯਾ ਅਦਬ ਨਹੀਂ ਹੈ। ਅਸਲ ਵਿਚ ਅਦਬ ਨੇ ਇਸ ਦੇਹਧਾਰੀ ਜੀਵ ਦੀ ਮਾਨਸਿਕ, ਸਮਾਜਿਕ, ਮਨੋਵਿਗਿਆਨਕ ਪਛਾਣ ਦੀ ਲੋਅ ਵਿਚ ਪ੍ਰਸਿੱਧ ਅਰਥ ਸ਼ਾਸਤਰੀ ਅਤੇ ਚਿੰਤਕ ਐਲਫਰੈਡ ਮਾਰਸ਼ਲ ਦੇ ਤੁਸ਼ਟੀਗੁਣ ਨਾਲ ਸਬੰਧਿਤ ਸਿਧਾਂਤ ‘ਲਾਅ ਆਫ਼ ਡਿਮਿਸ਼ਨਿੰਗ ਮਾਰਜੀਨਲ ਯੂਟਿਲਿਟੀ’ (law of dimishning marginal utility) ਅਨੁਸਾਰ ਮਾਨਵ ਸਮੁਦਾਇ ਲਈ ਅਦਬ ਦੀ ਉਪਯੋਗਿਤਾ ਦਾ ਨਿਰਧਾਰਣ ਕਰਨਾ ਹੁੰਦਾ ਹੈ। ਇਹੀ ਕਾਰਨ ਹੈ ਕਿ ਮੰਟੋ ਨੇ ਕਿਸੇ ਵਾਦ/ਸਿਧਾਂਤ/ਲਹਿਰ ਦੇ ਝੰਡੇ ਥੱਲੇ ਨਹੀਂ ਲਿਖਿਆ ਬਲਕਿ ਉਸ ਦਾ ਅਦਬ ਹਰ ਵਾਦ/ਸਿਧਾਂਤ/ਲਹਿਰ ਤੋਂ ਉੱਪਰ ਉੱਠ ਕੇ ਮਾਨਵਤਾਵਾਦ ਦੇ ਹੱਕ ਵਿਚ ਭੁਗਤਦਾ ਹੈ। ਮੇਰੇ ਲਈ ਅਦਬ ਦੀ ਇਹੀਉ ਪਛਾਣ ਹੈ।

ਇਸੇ ਲਈ ਮੈਂ ਹਰ ‘ਅਦਬੀ ਵਰਤਾਰੇ’ ਵਿਚ ‘ਅਦਬ’ ਦੀ ਤਲਾਸ਼ ਕਰਦਾ ਹਾਂ। ਇਸ ਤਲਾਸ਼ ਦੇ ਸਿੱਟੇ ਵਜੋਂ ਉਹ ਰਚਨਾ ਜਾਂ ਤਾਂ ‘ਅਦਬ’ ਹੁੰਦੀ ਹੈ ਜਾਂ ‘ਨਹੀਂ ਹੁੰਦੀ’ ਜਿਸ ਨੂੰ ਮੰਟੋ ਆਪਣੇ ਬੇਬਾਕ ਅੰਦਾਜ਼ ਵਿਚ ‘ਬੇਅਦਬੀ’ ਦਾ ਲਕਬ ਦੇ ਦਿੰਦਾ ਹੈ। ਜੇ ਚਕਿਤਸਾ ਵਿਗਿਆਨ ਦੀ ਭਾਸ਼ਾ ਵਿਚ ਕਹਿਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਮੰਟੋ-ਧਾਰਾ ਦੇ ਲੇਖਕ ਮਾਨਵ ਸਮੁਦਾਇ ਲਈ ‘ਸਰਜਨ’ ਹੁੰਦੇ ਹਨ ਜਦਕਿ ਬਹੁਗਿਣਤੀ ਲੇਖਕ ‘ਮੈਡੀਸਨ’ ਦੇ ਡਾਕਟਰ ਹੁੰਦੇ ਹਨ। ਮੈਂ ਆਪਣੀ ਹੁਣ ਤਕ ਦੀ 66 ਵਰ੍ਹੇ ਦੀ ਉਮਰ ਤਕ ਆਉਂਦਿਆਂ ਆਪਣੇ ਉਮਰ ਦੇ ਬਾਰ੍ਹਵੇਂ ਵਰ੍ਹੇ ਤੋਂ ਬਾਕਾਇਦਗੀ ਨਾਲ ਅਦਬ ਦਾ ਪਾਠਕ ਚਲਿਆ ਆ ਰਿਹਾ ਹੈ ਜਿਸ ਦੀ ਬਦੌਲਤ ਵਸਤ ਵਰਤਾਰਿਆਂ ਨੂੰ ਨੀਝ ਨਾਲ ਵੇਖਣ ਅਤੇ ਰੀਝ ਨਾਲ ਪ੍ਰਸਤੁਤ ਕਰਨ ਦੀ ਆਦਤ ਪਈ।
ਇਸੇ ਲਈ ਪਿਛਲੀ ਅੱਧੀ ਸਦੀ ਦੇ ਜੀਵਨ ਸਫ਼ਰ ਅਤੇ ਪਾਠਕੀ ਸਫ਼ਰ ਵਿਚ ਧਾਰਾ ਤੋਂ ਉਲਟ ਚੱਲਣ ਅਤੇ ਸਟੇਟਸ-ਕੋ ਨੂੰ ਤੋੜਨ ਵਾਲੇ ਲੇਖਕ ਹੀ ਮੇਰੇ ਅਵਚੇਤਨ ਦਾ ਹਿੱਸਾ ਬਣੇ ਜਿਨ੍ਹਾਂ ਵਿੱਚੋਂ ਮੰਟੋ ਸਿਰਮੌਰ ਹੈ ਜੋ ‘ਵਿਅਕਤੀ’ ਅਤੇ ‘ਲੇਖਕ’ ਦੋਹਾਂ ਰੂਪਾਂ ਵਿਚ ਲਾਜਵਾਬ ਤੇ ਨਾਯਾਬ ਹੈ ਬਲਕਿ ਆਪਣੀ ਤਰ੍ਹਾਂ ਦਾ ਇਕੋ ਇਕ ਹੈ। ਉਸੇ ਤੋਂ ਹੀ ਮੈਂ ‘ਦਿਸਦੇ’ ਪਿੱਛੇ ਲੁਕੇ ‘ਅਣਦਿਸਦੇ’ ਨੂੰ ਪਛਾਨਣ ਦੀ ਜਾਚ ਸਿੱਖੀ।
ਮੇਰੀ ਇਸ ‘ਸਿਖਲਾਈ’ ਦੇ ਦੋ ਪਾਸਾਰ ਹਨ। ਪਹਿਲਾ ਪਾਸਾਰ ਉਮਰ ਦੇ ਚੌਥੇ ਵਰ੍ਹੇ ਤੋਂ ਵੀਹਵੇਂ ਵਰ੍ਹੇ (1960 ਤੋਂ 1976) ਤਕ ਦੇ 16 ਵਰ੍ਹਿਆਂ ਵਿਚ ਫੈਲਿਆ ਹੋਇਆ ਹੈ ਜਿਸ ਵਿਚ ਪਹਿਲੀ ਜਮਾਤ ਤੋਂ ਲੈ ਕੇ ਐਮ.ਏ. (ਆਨਰਜ਼) ਤਕ ਦੀ ਪੜ੍ਹਾਈ ਕਰਦਿਆਂ ਅਦਬ ਅਦੀਬ ਅਦਬੀਅਤ ਨੂੰ ਜਾਣਨਾ, ਮਾਣਨਾ ਤੇ ਸਮਝਣਾ ਸਿਖਿਆ। ਉਸ ਉਪਰੰਤ ਅਗਲੇ ਦੋ ਵਰ੍ਹਿਆਂ ਦੀ ਐਮ.ਫਿਲ. (1976-78) ਦੀ ਪੜ੍ਹਾਈ ਨੇ ਇਸ ਸਿੱਖਣ ਸਿਖਾਉਣ ਤੋਂ ਅੱਗੇ ਜਾ ਕੇ ਮੈਨੂੰ ਸਮੀਖਿਆ ਅਤੇ ਖੋਜ ਦੇ ਗਾਡੀ ਰਾਹ ’ਤੇ ਪਾਇਆ ਜਿਸ ਨਾਲ ਅਦਬ ਨੂੰ ਨਿਰਖਣ-ਪਰਖਣ ਦੀ ਜਾਚ ਆਈ। ਮੇਰੇ ਇਹ ਦੋ ਵਰ੍ਹੇ ‘ਖੋਜ ਅਤੇ ਆਲੋਚਨਾ’ ਦੇ ਮੁਢਲੇ ਪੈਂਡੇ ਸਨ ਜਿਨ੍ਹਾਂ ਵਿਚ ‘ਖੋਜ ਵਿਧੀ’ ਅਤੇ ‘ਆਲੋਚਨਾ ਪ੍ਰਣਾਲੀਆਂ’ ਦਾ ਤਕਨੀਕੀ ਗਿਆਨ ਹਾਸਲ ਕਰਨਾ ਅਤੇ ਫੇਰ ਵਿਹਾਰਕ ਰੂਪ ਵਿਚ ਖੋਜ-ਨਿਬੰਧ ਲਿਖਣਾ ਸ਼ਾਮਲ ਸੀ।
ਇੱਥੇ ਮੈਨੂੰ ਇਕ ਲਾਭ ਇਹ ਮਿਲ ਗਿਆ ਕਿ 1975-76 ਸੈਸ਼ਨ ਵਿਚ ਮੈਂ ਐਮ.ਏ. ਭਾਗ ਦੂਜਾ ਦੇ ਵਿਦਿਆਰਥੀ ਵਜੋਂ ‘ਵਾਰਤਕ’ ਦੇ ਚੌਥੇ ਪੇਪਰ ਦੀ ਥਾਂ ਮੈਨੂੰ ਇਕ ਖੋਜ-ਨਿਬੰਧ ਲਿਖਣ ਦਾ ਮੌਕਾ ਮਿਲਿਆ ਅਤੇ ਆਪਣੀ ਕਲਪਨਾਸ਼ੀਲਤਾ, ਵਿਹਾਰਕਤਾ ਅਤੇ ਰੰਗਮੰਚੀ ਅਨੁਭਵ ਦੇ ਪ੍ਰਮਾਣ ਵਜੋਂ ਮੈਂ ਪੰਜਾਬੀ ਵਿਚ ਪਹਿਲੀ ਵਾਰ ਨਾਟਕ ਦੀ ਅਣਗੌਲੀ ਵਿਧਾ ‘ਉਪੇਰਾ’ ਬਾਰੇ ਆਪਣੇ ਪਸੰਦੀਦਾ ਅਧਿਆਪਕ ਤੇ ਪ੍ਰਸਿੱਧ ਨਾਟਕਕਾਰ ਹਰਸਰਨ ਸਿੰਘ ਦੀ ਨਿਗਰਾਨੀ ਅਧੀਨ ‘ਪੰਜਾਬੀ ਸੰਗੀਤ ਨਾਟਕ (ਉਪੇਰਾ)’ ਵਿਸ਼ੇ ’ਤੇ ਖੋਜ-ਨਿਬੰਧ ਲਿਖਣ ਵਿਚ ਕਾਮਯਾਬ ਹੋਇਆ।
ਇਸ ਖੋਜ ਕਾਰਜ ਦੀ ਪ੍ਰਕਿਰਿਆ ਨੇ ਮੇਰੀ ਅਦਬੀ ਤਰਬੀਅਤ ਵਿਚ ਪ੍ਰਕਾਰਜੀ ਭੂਮਿਕਾ ਨਿਭਾਈ। ਮੇਰੇ ਇਸ ਪਲੇਠੇ ਖੋਜ ਅਨੁਭਵ ਦਾ ਵਿਸਤਾਰ ਹੀ ਅੱਗੋਂ ਮੇਰਾ ਐਮ.ਫਿਲ. ਖੋਜ ਨਿਬੰਧ ‘ਬਰੈਖ਼ਤ ਦਾ ਪੰਜਾਬੀ ਨਾਟਕ ਤੇ ਪ੍ਰਭਾਵ’ ਬਣਿਆ ਜਿਹੜਾ ਮੇਰੇ ਅਧਿਆਪਕ ਤੇ ਪ੍ਰਸਿੱਧ ਗਲਪਕਾਰ ਡਾ. ਦਲੀਪ ਕੌਰ ਟਿਵਾਣਾ ਦੀ ਨਿਗਰਾਨੀ ਵਿਚ ਸੰਪੰਨ ਹੋਇਆ। ਆਪਣੇ ਇਨ੍ਹਾਂ ਦੋ ਉੱਚ ਦੁਮਾਲੜੇ ਲੇਖਕ-ਅਧਿਆਪਕਾਂ ਦੀ ਅਦਬੀ ਸੰਗਤ ਮਾਣਨ ਦਾ ਮੇਰੇ ’ਤੇ ਇਹ ਅਸਰ ਹੋਇਆ ਕਿ ਖ਼ੁਸ਼ਕ ਜਾਪਦਾ ਸਮੀਖਿਆਤਮਕ ਅਤੇ ਖੋਜ ਕਾਰਜ ਮੈਂ ਆਪਣੇ ਲੇਖਕ-ਅਧਿਆਪਕਾਂ ਦੇ ਸਿਰਜਣਾਤਮਕ ਸਾਥ ਵਿੱਚੋਂ ਗੁਜ਼ਰਦਿਆਂ ਸੰਪੰਨ ਕੀਤਾ ਜਿਸ ਦੀ ਬਦੌਲਤ ਮੇਰੀ ਖੋਜ ਅਤੇ ਸਮੀਖਿਆ ਦੀਆਂ ਜੜ੍ਹਾਂ ਵਿਚ ‘ਅਦਬ ਅਦੀਬ ਅਦਬੀਅਤ ਦੀ ਤਰਬੀਅਤ’ ਵੱਸ ਗਈ। ਲਿਹਾਜ਼ਾ ਮੇਰੀ ਹੁਣ ਤਕ ਦੀ ਸਮੀਖਿਆਕਾਰੀ ਤੇ ਖੋਜਕਾਰੀ ‘ਤਕਨੀਕੀ ਅਮਲ’ ਨਾਲੋਂ ਵੱਧ ‘ਤਖਲੀਕੀ ਅਮਲ’ ਵਧੇਰੇ ਰਹੀ ਹੈ। ਇਸੇ ਲਈ ਮੇਰੇ ਸਮੀਖਿਆਤਮਕ ਅਤੇ ਖੋਜਪਰਕ ਲੇਖ ਅਤੇ ਕਿਤਾਬਾਂ ਵੀ ਸਿਰਜਣਾਤਮਕ ਸਾਹਿਤ ਵਾਲੀ ਸ਼ੈਲੀ ਨਾਲ ਸੰਪੰਨ ਹਨ ਜਿਨ੍ਹਾਂ ਨੂੰ ਪੜ੍ਹਨਾ ਤੇ ਸਮਝਣਾ ਵਿਦਿਆਰਥੀਆਂ, ਸਿਖਿਆਰਥੀਆਂ ਤੇ ਪਾਠਕਾਂ ਲਈ ਸੁਖਾਲਾ ਹੁੰਦਾ ਹੈ। ਇਸ ਗੱਲ ਨੂੰ ਦੂਜੇ ਰੂਪ ਵਿਚ ਕਹਿਣਾ ਹੋਵੇ ਤਾਂ ਮੇਰੀ ਸਮੀਖਿਆ ਤੇ ਖੋਜ ‘ਜਟਿਲਤਾ ਵਿਚ ਸਰਲਤਾ’ ਦੀ ਜੁਗਤ ਨਾਲ ਲਬਰੇਜ਼ ਹੈ। ਆਪਣੇ ਐਮ.ਏ. (ਆਨਰਜ਼) ਤੇ ਐਮ.ਫਿਲ. ਦੇ ਖੋਜ ਕਾਰਜ ਦੀ ਇਹ ਮਸ਼ਕ ਹੀ ਬਾਅਦ ਵਿਚ ਮੇਰਾ ਤਰਜ਼-ਏ-ਅਮਲ ਬਣ ਗਈ। ਲਿਹਾਜ਼ਾ ਅੱਗੇ ਜਾ ਕੇ ‘ਪ੍ਰੋ. ਪੂਰਨ ਸਿੰਘ ਦੀ ਕਵਿਤਾ ਦਾ ਸੁਹਜਾਤਮਕ ਵਿਵੇਚਨ’ ਵਿਸ਼ੇ ’ਤੇ ਪੀਅੱੈਚ.ਡੀ. (1979-86) ਕਰਦਿਆਂ ਅਤੇ ਉਸ ਉਪਰੰਤ ਮੁੱਖ ਤੌਰ ’ਤੇ ਨਾਟ-ਮੰਚ ਨਾਲ ਖਹਿੰਦਿਆਂ ਆਪਣੀ ਨੌਕਰੀ ਵਾਲੇ ਸਾਢੇ ਚਾਰ ਦਹਾਕਿਆਂ (1978-2020) ਤੋਂ ਲੈ ਕੇ ਹੁਣ ‘ਸੁਤੰਤਰ ਲੇਖਕ’ ਵਜੋਂ ਵਿਚਰਦਿਆਂ ਮੈਂ ‘ਅਦਬ ਅਦੀਬ ਅਦਬੀਅਤ’ ਦੇ ਤਿ੍ਰਕੜੀ ਰਿਸ਼ਤੇ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਮੇਰੀ ‘ਅਦਬ ਅਦੀਬ ਅਦਬੀਅਤ ਦੀ ਤਰਬੀਅਤ’ ਦਾ ਪਰਿਰਾਇ ਬਣ ਚੁੱਕਾ ਹੈ। ਉਪਰੋਕਤ ਦੀ ਲੋਅ ਵਿਚ ਅੱਜ ਦੇ ਲੇਖ ਦਾ ਆਧਾਰ ਮੇਰੀ ਇਹ 68ਵੀਂ ਪੁਸਤਕ ‘ਅਦਬ ਅਦੀਬ ਅਦਬੀਅਤ’ ਅਜਿਹੀ ਅਦਬੀ ਪਰਕਰਮਾ ਬਣੀ ਜਿਸ ਰਾਹੀਂ ਮੈਂ ਆਪਣੀ ‘ਅਦਬੀ ਤਰਬੀਅਤ’ ਦੀ ਲੋਅ ਵਿਚ ‘ਅਦਬ’ ਤੇ ‘ਅਦੀਬ’ ਦੇ ਸੁਮੇਲੀ ਰਿਸ਼ਤੇ ਵਿੱਚੋਂ ‘ਅਦਬੀਅਤ’ ਨੂੰ ਪਛਾਣਨ ਦਾ ਯਤਨ ਕੀਤਾ ਹੈ। ਇਸੇ ਲਈ ਇਹ ਪ੍ਰਾਕਰਮ ਕਿਸੇ ਆਲੋਚਨਾਤਮਕ ਜਾਂ ਖੋਜਪਰਕ ਕਾਰਜ ਦੀ ਜ਼ਦ ਆਉਣ ਦੇ ਬਾਵਜੂਦ ਮੇਰੇ ‘ਪਾਠਕੀ ਪ੍ਰਤੀਉੱਤਰ’ ਦੇ ਪਰਤੌ ਵਜੋਂ ਹੀ ਆਕਾਰ ਗ੍ਰਹਿਣ ਕਰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਕ ਕਸਬੀ ਲੇਖਕ ਵਜੋਂ ਭਾਵੇਂ ਨਾਟਕਕਾਰੀ, ਖੋਜਕਾਰੀ ਤੇ ਸਮੀਖਿਆਕਾਰੀ ਮੇਰਾ ਤਰਜ਼-ਏ-ਅਮਲ ਹਨ ਪਰ ਇਸ ਵਰਤਾਰੇ ਦੀ ਗੁਆਂਢਗਿਰੀ ਨੂੰ ਸਵੀਕਾਰਨ ਪੱਖੋਂ ਮੈਂ ਕਦੇ ਵੀ ਅਵੇਸਲਾ ਨਹੀਂ ਹੋਇਆ। ਜਿਸ ਦੀ ਬਦੌਲਤ ਇਕ ਪਾਠਕ ਵਜੋਂ ਕਵਿਤਾ, ਗਲਪ, ਵਾਰਤਕ, ਬਾਲ ਸਾਹਿਤ ਸਮੇਤ ਗਿਆਨ ਵਿਗਿਆਨ ਅਤੇ ਆਮ ਵਾਕਫ਼ੀ ਨਾਲ ਸਬੰਧਿਤ ਅਦਬੀ ਗਲੀਆਂ ਦੀ ਮੈਂ ਰੱਜ ਕੇ ਆਵਾਰਗੀ ਕੀਤੀ ਤੇ ਹੁਣ ਵੀ ਕਰ ਰਿਹਾ ਹਾਂ। ਮੈਂ ਹਰ ਪ੍ਰਕਾਰ ਦੀ ਚੰਗੀ ਤੋਂ ਚੰਗੀ ਅਤੇ ਮਾੜੀ ਤੋਂ ਮਾੜੀ ਕਿਤਾਬ ਪੜ੍ਹਦਾ ਹਾਂ ਕਿਉਂਕਿ ਮੇਰੀ ਧਾਰਨਾ ਹੈ ਕਿ ਸੌਦਾ ਖ਼ਰੀਦਣ ਵੇਲੇ ਪਹਿਲਾਂ ਹੀ ਉਸ ਦੇ ਮਿਆਰ ਦਾ ਅੰਦਾਜ਼ਾ ਲਗਾ ਕੇ ਖ਼ਰੀਦਦਾਰੀ ਕਰ ਲਉ ਤਾਂ ਕੋਈ ਪਤਾ ਨਹੀਂ ਕਿ ਤੁਹਾਡਾ ਅੰਦਾਜ਼ਾ ਠੁੱਸ ਹੋ ਜਾਵੇ। ਆਪਣੀ ਬਾਰ੍ਹਵੇਂ-ਚੌਦ੍ਹਵੇਂ ਵਰ੍ਹੇ ਵਾਲੇ ਬਾਲਪਨੀ ਦੌਰ ਵਿਚ ਹੀ ਮੈਨੂੰ ਇਕ ਕੁਟੇਸ਼ਨ ਪੜ੍ਹਨ ਦਾ ਮੌਕਾ ਮਿਲਿਆ ਸੀ ਜਿਸ ਦਾ ਲੇਖਕ ਮੇਰੀ ਯਾਦਾਸ਼ਤ ਅਨੁਸਾਰ ਬਾਇਰਨ ਲਿਟਨ (Byron Litton) ਸੀ। ਇਹ ਟੂਕ ਨਿਮਨਲਿਖਤ ਸੀ :
A good book can tell us mind of one man but a bad book can tell us the mind of many a man. .
ਇਸੇ ਲਈ ਮੇਰੇ ਯਾਦ-ਖ਼ਜ਼ਾਨੇ ਵਿਚ ਕਿਸੇ ਸਾਧਾਰਨ ਤੋਂ ਸਾਧਾਰਣ ਲੇਖਕ ਦੀ ਸਾਧਾਰਨ ਤੋਂ ਸਾਧਾਰਨ ਰਚਨਾ ਵਿੱਚੋਂ ਲੱਭਿਆ ‘ਮੋਤੀ’ ਵੀ ਸ਼ਾਮਿਲ ਰਿਹਾ ਹੈ ਤੇ ਦੂਜੇ ਪਾਸੇ ਬਹੁਤੀ ਵਾਰ ਚੰਗੇ ਤੋਂ ਚੰਗੇ ਸਾਹਿਤ ਵਿੱਚੋਂ ਵੀ ਕੇਵਲ ‘ਸਿੱਪੀ’ ਦੀ ਖ਼ੂਬਸੂਰਤੀ ਲੱਭੀ ਹੈ ਅੰਦਰੋਂ ਮੋਤੀ ਨਹੀਂ ਮਿਲਿਆ। ਮਸਲਨ ਪੰਜਾਬੀ ਸਾਹਿਤ ਸਮੇਤ ਦੁਨੀਆ ਭਰ ਦੇ ਜਾਣੇ ਪਛਾਣੇ ਕਵੀਆਂ ਦੀਆਂ ਸੈਂਕੜੇ ਕਾਵਿ-ਟੁਕੜੀਆਂ ਦੇ ਸਮਾਨਾਂਤਰ ਕਈ ਅਸਲੋਂ ਨਵੇਂ ਜਾਂ ਅਨਜਾਣੇ ਕਵੀਆਂ ਦੀਆਂ ਟੂਕਾਂ ਨੇ ਵੀ ਮੇਰੀ ਯਾਦ ਦਾ ਵਿਹੜਾ ਮੱਲਿਆ ਹੋਇਆ ਹੈ। ਜਿਵੇਂ :
ਮੈਂ ਆਪਣੇ ਮੋਤੀਆਂ ਵਰਗੇ ਵਰ੍ਹੇ
ਆਦਰਸ਼ਾਂ ਦੀ ਗਿੱਲੀ ਕੰਧ ’ਤੇ
ਚਿਪਕਾ ਆਇਆ ਹਾਂ
----0----
ਜ਼ਿੰਦਗੀ ਸੰਗਰਾਮ ਵਿਚ ਵੀ
ਠਹਿਰਾਅ ਮੰਗਦੀ ਹੈ
----0----
ਪਰਬਤਾਂ ਨੂੰ ਕੱਟਣਾ
ਮੁਸ਼ਕਿਲ ਨਹੀਂ ਹੁੰਦਾ
ਫਰਹਾਦ ਦੇ ਤੇਸੇ ਦੀ
ਲੋੜ ਹੁੰਦੀ ਹੈ।
ਇਨ੍ਹਾਂ ਸਤਰਾਂ ਦੇ ਲੇਖਕ ਕ੍ਰਮਵਾਰ ਨਸੀਬ ਚੇਤਨ, ਭਗਵੰਤ ਸਿੰਘ ਅਤੇ ਸਰਵਣ ਰਾਹੀ ਹਨ। ਇਸੇ ਕੜੀ ਵਿਚ ਜਾਣੇ ਪਛਾਣੇ ਤੇ ਅਣਜਾਣੇ ਅਨੇਕ ਕਵੀਆਂ ਦੇ ਹਜ਼ਾਰਾਂ ਸ਼ਿਅਰ ਤੇ ਕਾਵਿ ਟੁਕੜੀਆਂ ਮੈਨੂੰ ਹਿਫ਼ਜ਼ ਹਨ। ਇਥੋਂ ਮੇਰੀ ਇਸ ਧਾਰਨਾ ਦੀ ਵੀ ਪੁਸ਼ਟੀ ਹੁੰਦੀ ਹੈ ਕਿ ‘ਅਦਬ’ ਆਪਣੀ ਪਛਾਣ ਖ਼ੁਦ ਬਣਾ ਕੇ ‘ਅਦੀਬ’ ਤੋਂ ਵੀ ਮੁਕਤ ਹੋ ਜਾਂਦਾ ਹੈ ਕਿਉਂਕਿ ਉਸ ਵਿਚਲੀ ‘ਅਦਬੀਅਤ’ ਲੋਕ ਮਨ ਦਾ ਵਿਹੜਾ ਮੱਲ ਲੈਂਦੀ ਹੈ। ਜਿਵੇਂ ਮੇਰੀ ਨਿਮਨਲਿਖਤ ਦੋ ਸਤਰੀ ਕਵਿਤਾ ਮੇਰੇ ਨਾਂ ਤੋਂ ਮੁਕਤ ਹੋ ਕੇ ‘ਸੋਸ਼ਲ ਮੀਡੀਆ’ ਅਤੇ ‘ਟਰੱਕ ਸਾਹਿਤ’ ਦਾ ਹਿੱਸਾ ਬਣ ਚੁੱਕੀ ਹੈ :
ਬੱਚੇ ਸਾਂ ਤਾਂ ਲੜਦੇ ਸਾਂ,
ਮਾਂ ਮੇਰੀ ਹੈ ਮਾਂ ਮੇਰੀ ਹੈ
ਵੱਡੇ ਹੋਏ ਤਾਂ ਲੜਦੇ ਹਾਂ,
ਮਾਂ ਤੇਰੀ ਹੈ ਮਾਂ ਤੇਰੀ ਹੈ
ਮੇਰੀਆਂ ਇਹ ਧਾਰਨਾਵਾਂ, ਜਿਨ੍ਹਾਂ ਨੂੰ ਮੇਰੇ ਗੰਭੀਰ ਚਿੰਤਕ ਦੋਸਤ ਦਰਕਿਨਾਰ ਵੀ ਕਰ ਸਕਦੇ ਹਨ, ਦੀ ਲੋਅ ਵਿਚ ਹੀ ਮੇਰਾ ਹਥਲਾ ਲੇਖ ‘ਅਦਬ ਅਦੀਬ ਅਦਬੀਅਤ ਦੀ ਤਰਬੀਅਤ’ ਆਕਾਰ ਅਤੇ ਅਰਥ ਗ੍ਰਹਿਣ ਕਰਦਾ ਹੈ। ਜਦੋਂ ਵੀ ਗਾਹੇ ਬਗਾਹੇ ਮੈਂ ਕਿਸੇ ‘ਅਦਬੀ ਵਰਤਾਰੇ’ ਨਾਲ ‘ਖਹਿ’ ਕੇ ਲੰਘਿਆ ਤਾਂ ਕੁਝ ‘ਕਹਿ’ ਕੇ ਲੰਘਣ ਦਾ ਸਬੱਬ ਬਣਿਆ। ਭਾਵੇਂ ਇਹ ਸਬੱਬ ਕਿਸੇ ਸੈਮੀਨਾਰ ਵਿਚ ਕੁੰਜੀਵਤ ਭਾਸ਼ਣ ਦਾ ਹੋਵੇ, ਕਿਸੇ ਅਖ਼ਬਾਰ ਲਈ ਟਿੱਪਣੀ ਲਿਖਣ ਦਾ ਹੋਵੇ, ਕਿਸੇ ਲੇਖਕ ਬਾਰੇ ਲਿਖਣ ਦਾ ਕੋਈ ਤਤਕਾਲੀ ਮੌਕਾ ਹੋਵੇ ਜਾਂ ਆਲੇ ਦੁਆਲੇ ਵਿਚਰਦੇ ਅਦਬੀ ਮੰਡਲ ਵਿੱਚੋਂ ਪ੍ਰਕਾਸ਼ਮਾਨ ਹੋਈ ਕੋਈ ਵਿਲੱਖਣ ਰਚਨਾਕਾਰੀ ਦੇ ਰੂਬਰੂ ਹੋਣ ਦਾ ਹੋਵੇ। ਇਸੇ ਪ੍ਰਸੰਗ ਵਿਚ ਮੇਰੇ ਸਿਆਣੇ ਮਿੱਤਰ ਅਤੇ ਵੱਡੇ ਭਰਾ ਦਾ ਦਰਜਾ ਰੱਖਣ ਵਾਲੇ ਕਾਬਿਲ ਗਲਪਕਾਰ ਤੇ ਲੋਕਧਾਰਾ ਖੋਜੀ ਕਿਰਪਾਲ ਕਜ਼ਾਕ ਵਲੋਂ ਮੇਰੀ ਪੁਸਤਕ ‘ਅਦਬ ਅਦੀਬ ਅਦਬੀਅਤ’ ਦਾ ‘ਮੰਗਲਾਚਰਣ’ ਸਿਰਲੇਖ ਅਧੀਨ ‘ਦੀਬਾਚਾ’ ਲਿਖਦਿਆਂ ਨਿਮਨਲਿਖਤ ਸਤਰਾਂ ਨਾਲ ਮੇਰਾ ਮਾਣ ਵਧਾਇਆ ਗਿਆ :
ਅਦਬ ਅਤੇ ਅਦਬੀਅਤ ਦਾ ਮੁੱਦਈ ਡਾ. ਸਤੀਸ਼ ਕੁਮਾਰ ਵਰਮਾ, ਗੰਭੀਰ ਚਿੰਤਕ, ਮੰਚ ਮਰਿਆਦਾ ਦਾ ਧਨੀ, ਸ਼ਬਦ ਸਭਿਆਚਾਰ ਦਾ ਮਹਾਂ ਪੰਡਿਤ, ਨਾਟਕਕਾਰ, ਨਿਰਦੇਸ਼ਕ, ਕੁਸ਼ਲ ਪ੍ਰਬੰਧਕ, ਮੋਹ ਦਾ ਮੁਜਸਮਾ ਅਤੇ ਵਿਦਿਆਰਥੀਆਂ ਦੇ ਚਹੇਤੇ ਅਧਿਆਪਕ ਵਜੋਂ ਪ੍ਰਸਿੱਧ ਹੈ। ਉਸ ਦੀ ਯਾਦ ਸ਼ਕਤੀ ਅਤੇ ਤੱਥਾਂ ਦੀ ਤਫ਼ਸੀਲ ਦਾ ਕੋਈ ਸਾਨੀ ਨਹੀਂ। ਪੰਜਾਬੀ ਨਾਟਕ ਅਤੇ ਰੰਗਮੰਚੀ ਅਧਿਐਨ ਅਤੇ ਅਧਿਆਪਨ ਨੂੰ ਪ੍ਰਣਾਇਆ ਉਹ ਕੁਲ-ਵਕਤੀ ਚਿੰਤਕ ਹੈ। ਵਿਦਵਤਾ ਅਤੇ ਸੰਵਦੇਨਸ਼ੀਲਤਾ ਉਸ ਦੀ ਵਿਲੱਖਣ ਪ੍ਰਤਿਭਾ ਦੇ ਹਾਸਿਲ ਹਨ। ਉਸ ਦੀਆਂ ਪੁਸਤਕਾਂ ਦੀ ਤਫ਼ਸੀਲ ਵਿਸਤਿ੍ਰਤ ਹੈ; ਪ੍ਰੰਤੂ ਪੰਜਾਬੀ ਨਾਟਕ ਦੀ ਇਤਿਹਾਸਕਾਰੀ ਅਤੇ ਸੰਪਾਦਨਾ ਦੇ ਵਡਮੁੱਲੇ ਕਾਰਜ ਹੈਰਾਨ ਕਰਦੇ ਹਨ।
ਇਸ ਹਵਾਲੇ ਨਾਲ ਤੁਰਦੇ-ਫਿਰਦੇ ਇਨਸਾਈਕਲੋਪੀਡੀਏ ਵਜੋਂ ਜਾਣੇ ਜਾਂਦੇ ਡਾ. ਸਤੀਸ਼ ਵਰਮਾ ਜੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਈ ਮਾਣ-ਮੱਤੇ ਅਹੁਦਿਆਂ ਦੀ ਸਰਦਾਰੀ ਤੋਂ ਸੇਵਾ-ਮੁਕਤ ਹੋਏ ਹਨ। ਅਦਬ ਅਦੀਬ ਅਦਬੀਅਤ ਮਹਿਜ਼ ਸਧਾਰਨਤਾ ਪੁਸਤਕ ਨਾ ਹੋ ਕੇ ਅਦਬੀਅਤ ਅਤੇ ਪੰਜਾਬੀਅਤ ਦਾ ਉਹ ਦਸਤਾਵੇਜ਼ ਹੈ ਜਿਸ ਤੇ ਕੋਈ ਵੀ ਅਦੀਬ ਅਤੇ ਤਾਲਿਬੇਇਲਮ ਫ਼ਖ਼ਰ ਕਰ ਸਕਦਾ ਹੈ ਕਿਉਂਕਿ ਇਕੋ ਸਮੇਂ ਗਿਆਨ ਮੀਮਾਂਸਾ ਦਾ ਮੁਜੱਸਮਾ, ਗਹਿਗੱਚ ਵਾਰਤਕ ਦਾ ਗਲਪੀ ਮੁਹਾਵਰਾ ਅਤੇ ਬਹੁ-ਪਾਸਾਰੀ, ਬਹੁ-ਦਿਸ਼ਾਵੀ ਅਦਬੀ ਅੰਬਰ ਦੀਆਂ ਤਹਿ ਦਰ ਤਹਿ ਖੁੱਲ੍ਹਦੀਆਂ ਉਹ ਉਚਾਈਆਂ ਹਨ ਜਿੱਥੋਂ ਕੋਈ ਵੀ ਜਗਿਆਸੂ ਮਨ ਚਾਹੀ ਉਡਾਰੀ ਭਰ ਸਕਦਾ ਹੈ। ਵਾਰਤਕ ਦਾ ਜਾਦੂ ਕਿਵੇਂ ਸਿਰ ਚੜ੍ਹ ਕੇ ਬੋਲਦਾ ਹੈ। ਸ਼ਬਦ ਕਿਵੇਂ ਖਿੜਦੇ ਹਨ। ਲਿਖ਼ਤ ਕਿਵੇਂ ਗਰਿਫ਼ਤ ਵਿਚ ਲੈਂਦੀ ਹੈ। ਵਿਦਵਤਾ ਦੀ ਪਰਿਭਾਸ਼ਾ ਕੀ ਹੋਵੇ। ਇਸ ਪੁਸਤਕ ਦੇ ਪਾਠ ਅਤੇ ਅੰਤਰ-ਪਾਠ ਵਿਚ ਨਿਹਤ ਹੈ। ਅਦਬ ਅਤੇ ਅਦਬੀਅਤ ਦਾ ਸਲੀਕਾ ਕੀ ਹੋਵੇ ; ਇਸ ਪੁਸਤਕ ਦੇ ਹਵਾਲੇ ਨਾਲ ਡਾ. ਸਤੀਸ਼ ਕੁਮਾਰ ਵਰਮਾ ਤੋਂ ਸਿਖਿਆ ਜਾ ਸਕਦਾ ਹੈ। ਹਾਲਾਂ ਕਿ ਡਾ. ਸਤੀਸ਼ ਜੀ ਨੇ ਖੋਜ-ਕਾਰਜਾਂ ਤੋਂ ਇਲਾਵਾ ਅਨੁਵਾਦ ਦਾ ਵੀ ਮੁੱਲਵਾਨ ਕਾਰਜ ਕੀਤਾ ਹੈ; ਪ੍ਰੰਤੂ ਵਾਰਤਕ ਦੀ ਇਸ ਹਥਲੀ ਪੁਸਤਕ ਵਿਚ ਲੇਖਕ ਦਾ ਵਿਸ਼ਾਲ ਅਨੁਭਵ ਸਮੱਗਰ ਰੂਪ ਵਿਚ ਦਿ੍ਰਸ਼ਟੀਗੋਚਰ ਹੁੰਦਾ ਹੈ। ਇਸ ਪੁਸਤਕ ਦੀ ਸਮੁੱਚੀ ਸੁਰ ਅਤੇ ਨਾਦ ਇਕ ਨਫ਼ੀਸ ਅਦੀਬ ਵੱਲੋਂ ਅਦਬ ਅਤੇ ਅਦਬੀਅਤ ਦੀ ਕਸ਼ੀਦਗੀ ਚੋਂ ਨਿਕਲਿਆ ਤੱਤ-ਨਿਚੋੜ ਹੈ। ਜਿਸ ਵਿਚੋਂ ਅਦਬ ਦੇ ਵਿਭਿੰਨ ਦਿ੍ਰਸ਼ ਦਿ੍ਰਸ਼ਟੀਗੋਚਰ ਹੁੰਦੇ ਹਨ। ਐਸੀ ਵੇਗ ਮੱਤੀ, ਗਿਆਨ ਵਰਧਕ, ਪੜ੍ਹਨ ਅਤੇ ਚੇਤਿਆਂ ਵਿਚ ਵਿਚ ਸਾਂਭ ਕੇ ਰੱਖਣ ਵਾਲੀ ਸਿਰਜਣਾਤਮਿਕ ਪੁਸਤਕ ਲਈ ਮੁਬਾਰਕ! ਇਹ ਵਿਸ਼ਵਾਸ਼ ਹੈ ਪੰਜਾਬੀ ਵਾਰਤਕ ਵਿਚ ਇਹ ਪੁਸਤਕ ਮਿਆਰੀ ਅਤੇ ਵੱਖਰਾ ਮੁਕਾਮ ਹਾਸਲ ਕਰੇਗੀ।
ਕਜ਼ਾਕ ਸਾਹਿਬ ਦੇ ਇਸ ਪ੍ਰਮਾਣ ਪੱਤਰ ਦੀ ਲੱਜ ਪਾਲਦਿਆਂ ਇਸ ਪੁਸਤਕ ਦੇ 25 ਲੇਖਾਂ ਰਾਹੀਂ ਮੈਂ ‘ਅਦਬ ਅਦੀਬ ਅਦਬੀਅਤ’ ਦੇ ਪਛਾਣ-ਚਿੰਨ੍ਹਾਂ ਦੀ ਤਲਾਸ਼ ਕਰਨ ਦੀ ‘ਬਕਾਇਦਾ’ ਕੋਸ਼ਿਸ਼ ਕੀਤੀ ਹੈ ਜਿਹੜੇ ਹਥਲੇ ਲੇਖ ‘ਅਦਬ ਅਦੀਬ ਅਦਬੀਅਤ ਦੀ ਤਰਬੀਅਤ’ ਦਾ ਰੂਪ ਧਾਰ ਗਏ ਹਨ। ਮੈਨੂੰ ਉਮੀਦ ਹੈ ਕਿ ‘ਜੀਣਾ ਥੀਣਾ’ ਅਤੇ ‘ਸਾਹਿਤ ਦੀ ਸਰਗਮ’ ਤੋਂ ਬਾਅਦ ਇਹ ਤੀਜੀ ਕਿਤਾਬ ਮੇਰੀ ਨਸਰਨਿਗਾਰੀ ਦਾ ਪਛਾਣ-ਪੱਤਰ ਬਣਦੀ ਹੋਈ ਮੇਰੇ ਵਲੋਂ ਲਿਖੀ ਉਪਰੋਕਤ ਪੁਸਤਕ ਦੀ ‘ਆਦਿਕਾ’ ਦੀ ਲੋਅ ਵਿਚ ‘ਅਦਬ ਯਾ ਤੋਂ ਅਦਬ ਹੈ ਯਾ ਬਹੁਤ ਬੜੀ ਬੇਅਦਬੀ’ ਦੇ ਝੰਡੇ ਦੀ ਛਾਂ ਵਿਚ ਵਿਚਰਨ ਦਾ ਸੁਭਾਗ ਪ੍ਰਾਪਤ ਕਰੇਗੀ। ਹਥਲਾ ਲੇਖ ‘ਅਦਬ ਅਦੀਬ ਅਦਬੀਅਤ ਦੀ ਤਰਬੀਅਤ’ ਮੇਰੀ ਇਸ ਉਮੀਦ ਦੀ ਤਾਈਦ ਕਰਦਾ ਹੈ। ਆਮੀਨ !
- ਸਤੀਸ਼ ਕੁਮਾਰ ਵਰਮਾ
Posted By: Harjinder Sodhi