ਯਾਦਵਿੰਦਰ ਸੰਧੂ ਸਾਹਿਤ 'ਚ ਨੌਜਵਾਨ ਗਲਪਕਾਰ ਵਜੋਂ ਉਭਰਿਆ ਹੈ। ਉਸ ਦੇ ਪਲੇਠੇ ਨਾਵਲ 'ਵਕਤ ਬੀਤਿਆ ਨਹਂੀਂ '(2018) ਨੂੰ ਯੁਵਾ ਸਾਹਿਤਕ ਅਕਾਦਮੀ ਐਵਾਰਡ 2019 ਨਾਲ ਨਵਾਜਿਆ ਗਿਆ ਹੈ। ਮਾਲਵੇ ਖੇਤਰ ਨਾਲ ਸਬੰਧ ਰੱਖਦੇ ਯਾਦਵਿੰਦਰ ਨੇ ਉੱਥੋਂ ਦੇ ਕਿਸਾਨੀ ਸੰਕਟ, ਮਾਨਸਿਕਤਾ ਤੇ ਸਮਾਜਿਕ-ਧਾਰਮਿਕ ਸਰੋਕਾਰਾਂ ਨੂੰ ਆਪਣੇ ਨਾਵਲ 'ਚ ਉਭਾਰਿਆ ਹੈ। ਨੌਜਵਾਨ ਪੀੜ੍ਹੀ ਦੇ ਪਾਤਰ ਸਮਾਜ ਦੇ ਕਈ ਦਿਸ਼ਾ ਸੂਚਕਾਂ ਦਾ ਸ਼ਿਕਾਰ ਕਈ ਨਾਬਰਾਬਰੀਆਂ 'ਚੋਂ ਲੰਘਦੇ ਹਨ। ਕਈ ਐਡੀਸ਼ਨਾਂ ਤੇ ਪਬਲੀਕੇਸ਼ਨਾਂ ਨੇ ਛਾਪਿਆ ਇਹ ਨਾਵਲ ਹੱਥੋ-ਹੱਥੀ ਵਿਕ ਰਿਹਾ ਹੈ। ਉਸ ਦੀ ਸਿਰਜਣਾ ਦਾ ਆਗਾਜ਼ ਬੇਹੱਦ ਸ਼ਾਨਦਾਰ ਰਿਹਾ ਹੈ। ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਯਾਦਵਿੰਦਰ ਨਵੇਂ ਵਿਸ਼ਿਆਂ ਨੂੰ ਚਿੰਤਨ ਦੀ ਛੋਹ ਦੇ ਕੇ ਪਾਠਕਾਂ ਦੀ ਝੋਲੀ ਪਾਵੇਗਾ। ਪੇਸ਼ ਹੈ ਉਸ ਨਾਲ ਕੀਤੀ ਮੁਲਾਕਾਤ-

- ਗੱਲ ਰਸਮੀ ਸਵਾਲ ਤੋਂ ਸ਼ੁਰੂ ਕਰਦੇ ਹਾਂ, ਬਚਪਨ, ਪਰਿਵਾਰ ਤੇ ਸਿੱਖਿਆ ਬਾਰੇ ਦੱਸੋ।

ਮੇਰਾ ਜਨਮ 13 ਫਰਵਰੀ, 1993 ਨੂੰ ਇਕ ਸਧਾਰਨ ਕਿਸਾਨ ਪਰਿਵਾਰ ਵਿਚ ਪਿੰਡ ਕੋਟ ਫੱਤਾ, ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਮਾਤਾ ਦਾ ਨਾਂ ਪਰਮਜੀਤ ਕੌਰ ਤੇ ਪਿਤਾ ਦਾ ਨਾਂ ਸਰਦਾਰ ਨਰਿੰਦਰ ਸਿੰਘ ਹੈ। ਮੈਂ ਬਾਰ੍ਹਵੀਂ ਤਕ ਦੀ ਪੜ੍ਹਾਈ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਤੋਂ ਕੀਤੀ। ਅੱਜ ਕੱਲ੍ਹ ਮੈਂ ਐੱਮ. ਫਿਲ ਪੰਜਾਬੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰ ਰਿਹਾ ਹਾਂ।

- ਕਦੋਂ ਲੱਗਿਆ ਕਿ ਸਾਹਿਤਕ ਸਫ਼ਰ ਦੀ ਸ਼ੁਰੂਆਤ ਹੋ ਗਈ ਹੈ।

ਕਾਲਜ ਪੜ੍ਹਦਿਆਂ ਮੈਂ ਸਾਹਿਤ ਨਾਲ ਜੁੜਿਆ। ਸ਼ੁਰੂਆਤ ਨਾਵਲ ਪੜ੍ਹਨ ਤੋਂ ਹੋਈ। ਇਸੇ ਸਮੇਂ ਦੌਰਾਨ ਮੈਂ ਕਵਿਤਾ ਲਿਖਣ ਲੱਗਾ। ਮੈਂ ਸਾਹਿਤਕ ਪ੍ਰੋਗਰਾਮਾਂ ਵਿਚ ਵੀ ਜਾਣਾ ਸ਼ੁਰੂ ਕੀਤਾ। ਮੈਨੂੰ ਲੱਗਦਾ ਕਿ ਮੇਰੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਾਲਜ ਸਮੇਂ ਹੀ ਹੋਈ।

- ਨਾਵਲ ਲਿਖਣ ਦਾ ਪਹਿਲਾਂ ਕੋਈ ਵਿਚਾਰ ਸੀ ਜਾਂ ਹਾਦਸਿਆਂ ਵੱਸ ਹੋ ਕੇ ਨਾਵਲਕਾਰ ਵਜੋਂ ਉੱਭਰੇ।

ਜਦ ਮੈਂ ਕਵਿਤਾ ਲਿਖਣ ਲੱਗਾ ਸੀ ਤਾਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਕਦੇ ਕੋਈ ਕਿਤਾਬ ਲਿਖਾਂਗਾ। ਸ਼ੁਰੂਆਤ ਸਮੇਂ ਤੁਸੀਂ ਕੁਝ ਭਾਵਨਾਵਾਂ ਦੇ ਵਹਾਅ ਵਿਚ ਵਹਿ ਕੇ ਲਿਖਦੇ ਹੋ, ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ। ਮੈਂ ਨਾਵਲ ਲਿਖਾਂਗਾ, ਇਹ ਤਾਂ ਬਿਲਕੁਲ ਵੀ ਨਹੀਂ ਸੋਚਿਆ ਸੀ ਪਰ ਕੁਝ ਚੀਜ਼ਾਂ ਅਸੀਂ ਨਹੀਂ ਚੁਣਦੇ, ਉਹ ਸਾਨੂੰ ਚੁਣ ਲੈਂਦੀਆਂ ਹਨ। ਸੋ ਮੈਨੂੰ ਲੱਗਦਾ ਨਾਵਲ ਵਿਧਾ ਨੇ ਮੈਨੂੰ ਚੁਣਿਆ।

- ਨਾਵਲ ਮੁਕੰਮਲ ਕਰਨ ਮਗਰੋਂ ਕਿਹੋ ਜਿਹੇ ਅਹਿਸਾਸ ਨੇ ਦਸਤਕ ਦਿੱਤੀ।

ਮੈਨੂੰ ਯਾਦ ਹੈ ਕਿ ਮੈਂ ਨਾਵਲ 'ਵਕਤ ਬੀਤਿਆ ਨਹੀਂ' ਮਈ 2015 ਵਿਚ ਲਿਖਣਾ ਆਰੰਭ ਕੀਤਾ ਸੀ। ਮਗਰੋਂ ਇਹ ਜੁਲਾਈ 2018 ਵਿਚ ਪ੍ਰਕਾਸ਼ਿਤ ਹੁੰਦਾ ਹੈ। ਇਸ ਸਮੇਂ ਦੌਰਾਨ ਮੈਂ ਨਾਵਲ ਨੂੰ ਛੇ ਵਾਰ ਹੱਥੀਂ ਮੁੜ-ਮੁੜ ਲਿਖਿਆ। ਪਾਤਰ ਜਿੰਨੇ ਕਲਮ ਨਾਲ ਵਿਚਰੇ ਓਨੇ ਹੀ ਮੇਰੇ ਸਾਹ ਲੈਂਦੇ ਰਹੇ। ਤਿੰਨ ਸਾਲ ਇਸ ਦੀ ਲਗਾਤਾਰ ਸਿਰਜਣਾ ਕਰਦਿਆਂ, ਨਾਵਲ ਪੂਰਾ ਹੋਣ ਤੇ ਜੋ ਅਹਿਸਾਸ ਉੱਭਰਿਆ ਸੀ, ਉਹ ਇਹ ਸੀ ਕਿ ਪਾਠਕ ਨਿਰਾਸ਼ ਨਹੀਂ ਹੋਣਗੇ। ਨਾਵਲ ਛਪਣ ਮਗਰੋਂ ਹੋਇਆ ਵੀ ਇੰਝ ਹੀ। ਪਾਠਕਾਂ ਨੇ ਨਾਵਲ ਨੂੰ ਬੇਹੱਦ ਸਲਾਹਿਆ। ਕਈ ਦੋਸਤ ਦੱਸਦੇ ਨੇ ਕਿ ਨਾਵਲ ਨੇ ਉਨ੍ਹਾਂ ਦੀ ਜ਼ਿੰਦਗੀ ਵਿਚ ਟਰਨਿੰਗ ਪੁਆਇੰਟ ਦਾ ਕੰਮ ਕੀਤਾ। ਸੱਚਮੁੱਚ ਇਸ ਤੋਂ ਵੱਡਾ ਮੈਂ ਸਮਝਦਾ ਕੋਈ ਪੁਰਸਕਾਰ ਨਹੀਂ ਹੋ ਸਕਦਾ।ਇਸ ਦੇ ਨਾਲ ਹੀ ਇਹ ਵੀ ਹੋ ਸਕਦਾ ਹੈ, ਆਉਣ ਵਾਲੇ ਸਮੇਂ ਵਿਚ ਮੇਰੇ ਮਨ ਵਿਚ ਇਸ ਨਾਵਲ ਲਈ ਕੋਈ ਹੋਰ ਅਹਿਸਾਸ ਜਨਮ ਲੈ ਲਵੇ। ਸਿਰਜਣਾ ਦਾ ਕੋਈ ਆਦਿ ਅੰਤ ਨਹੀਂ।

- ਨਾਵਲ ਦੇ ਲੇਖਕ ਹੋਣ ਦੇ ਨਾਤੇ ਨਾਵਲ ਦੇ ਅੰਤ ਬਾਰੇ ਕੀ ਸੋਚਦੇ ਹੋ। ਕਿਸੇ ਰੜਕ ਨੂੰ ਮਹਿਸੂਸ ਤਾਂ ਨਹੀਂ ਕੀਤਾ?

ਨਾਵਲ ਦਾ ਅੰਤ ਬਹੁਤ ਹੀ ਮਾਅਨੇ ਰੱਖਦਾ ਹੈ। ਮੇਰੇ ਮੁਤਾਬਕ ਨਾਵਲ ਦਾ ਅੰਤ ਪਾਠਕਾਂ ਨੂੰ ਊਰਜਾ ਦੇਣ ਵਾਲਾ, ਸੇਧ ਦੇਣ ਵਾਲਾ, ਸੋਚਣ ਲਈ ਮਜਬੂਰ ਕਰ ਦੇਣ ਵਾਲਾ ਹੋਣਾ ਚਾਹੀਦਾ ਹੈ। ਜੇ ਮੈਨੂੰ ਮੇਰੇ ਨਾਵਲ ਵਿੱਚੋਂ ਪਸੰਦੀਦਾ ਭਾਗ ਚੁਣਨ ਨੂੰ ਆਖਿਆ ਜਾਵੇ ਤਾਂ ਮੈਂ ਅੰਤ ਹੀ ਚੁਣਾਂਗਾ। ਪਾਠਕਾਂ ਵੱਲੋਂ ਵੀ ਨਾਵਲ ਦੇ ਅੰਤ ਨੂੰ ਕਾਫ਼ੀ ਪਸੰਦ ਕੀਤਾ ਗਿਆ।

- 'ਵਕਤ ਬੀਤਿਆ ਨਹੀਂ' ਟਾਈਟਲ ਕਿਉਂ, ਜਦਕਿ ਨਾਵਲ 'ਚ ਬਹੁਤੀ ਥਾਈਂ 'ਵਕਤ ਬੀਤ ਗਿਆ' ਲਗਦਾ ਹੈ।

ਕਿਤਾਬ ਦੇ ਟਾਈਟਲ ਦੀ ਬੜੀ ਮਹੱਤਤਾ ਹੁੰਦੀ ਹੈ। ਮੈਂ ਇਸ ਮਹੱਤਤਾ ਨੂੰ ਸਮਝਦਿਆਂ ਹੀ ਟਾਈਟਲ

ਚੁਣਿਆ ਸੀ। ਅੱਜ ਕੱਲ੍ਹ ਹਰ ਕੋਈ ਇਹ ਦੁਹਾਈ ਪਾ ਰਿਹਾ ਕਿ ਚੰਗੇ ਸਮੇਂ ਦਾ ਤਾਂ ਵਕਤ ਹੀ ਬੀਤ ਗਿਆ ਹੈ, ਸਮਾਜ ਗਰਕਦਾ ਜਾ ਰਿਹਾ। ਮੈਂ ਨਾਵਲੀ ਪਾਤਰ ਜਸ, ਨਵਜੋਤ, ਚਰਨ ਰਾਹੀਂ ਇਹ ਹੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ 'ਵਕਤ ਬੀਤਿਆ ਨਹੀਂ।' ਸਾਡਾ ਹੀ ਉਸ ਪਾਸੇ

ਵੱਲ ਧਿਆਨ ਨਹੀਂ ਹੈ। ਗ਼ਲਤ ਦਿਸ਼ਾ ਵੱਲ ਮੂੰਹ ਕਰ ਕੇ ਖਲੋਤੇ ਨੂੰ ਜਾਂ ਉਸ ਵੱਲ ਵਧਦੇ ਨੂੰ ਗ਼ਲਤ ਹੀ ਨਜ਼ਰ ਆਵੇਗਾ। ਲੋੜ ਹੈ ਦਿਸ਼ਾ ਵਲ ਗੌਰ ਕਰਨ ਦੀ। ਸਮਾਜ ਵਿਚ ਬਹੁਤ ਕੁਝ ਚੰਗਾ ਵੀ ਵਾਪਰ ਰਿਹਾ। ਮੈਂ ਇਨ੍ਹਾਂ ਪਾਤਰਾਂ ਨੂੰ ਹਨੇਰੇ ਵਿਚ ਮਸ਼ਾਲ ਦੇ ਰੂਪ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

- ਨਾਵਲ ਵਿਚਲੇ ਸੰਕਟਾਂ ਦਾ ਯਾਦਵਿੰਦਰ ਨੇ ਕਿੰਝ ਸਾਹਮਣਾ ਕੀਤਾ, ਕੀ ਇਹ ਆਸਾਨ ਰਿਹਾ?

ਨਾਵਲ ਲਿਖਣਾ ਔਖਾ ਕਾਰਜ ਹੈ। ਪਰ ਜੇ ਤੁਹਾਡੇ ਅੰਦਰ ਲਿਖਣ ਦਾ ਜਜ਼ਬਾ, ਜਨੂੰਨ ਹੈ ਤਾਂ ਇਹ ਏਨਾ ਵੀ ਔਖਾ ਨਹੀਂ। ਸਮੇਂ, ਧਿਆਨ ਦੀ ਮੰਗ ਨਾਵਲ ਜ਼ਿਆਦਾ ਕਰਦਾ ਹੈ। ਤਿੰਨ ਸਾਲ ਮੈਂ ਇਸ ਨਾਵਲ ਨੂੰ ਜਿਉਂਦਾ ਰਿਹਾ ਹਾਂ। ਸਭ ਪਾਤਰ ਮੇਰੇ ਅੰਗ-ਸੰਗ ਰਹੇ। ਨਾਵਲ ਲਿਖਣ ਤੋਂ ਪਬਲਿਸ਼ ਹੋਣ ਤਕ ਕਈ ਮੁਸੀਬਤਾਂ ਆਈਆਂ ਪਰ ਮੇਰੇ ਜਨੂੰਨ ਨੇ ਮੈਨੂੰ ਰੁਕਣ ਨਹੀਂ ਦਿੱਤਾ। ਆਸਾਨ ਕੁਝ ਵੀ ਨਹੀਂ ਹੁੰਦਾ, ਮਿਹਨਤ ਲੁਕ ਜਾਂਦੀ ਹੈ ਤੇ ਦੇਖਣ ਵਿਚ ਸਭ ਕੁਝ ਆਸਾਨ ਲਗਦਾ ਹੈ।

- ਯੁਵਾ ਸਾਹਿਤ ਪੁਰਸਕਾਰ ਨੇ ਕਿਹੋ ਜਿਹਾ ਪ੍ਰਭਾਵ ਪਾਇਆ, ਮਨ ਹਲਕਾ ਹੋਇਆ ਜਾਂ ਦਬਾਅ ਪਿਆ?

ਕੋਈ ਵੀ ਕਿਤਾਬ, ਅਵਾਰਡ ਬਾਰੇ ਸੋਚ ਕੇ ਨਹੀਂ ਲਿਖੀ ਜਾਂਦੀ। ਹਾਂ ਜੇ ਅਵਾਰਡ ਮਿਲਦਾ ਹੈ ਤਾਂ ਖ਼ੁਸ਼ੀ ਹੁੰਦੀ ਹੀ ਹੈ। ਮੈਂ ਵੀ ਅਵਾਰਡ ਮਿਲਣ 'ਤੇ ਖ਼ੁਸ਼ੀ ਮਹਿਸੂਸ ਕੀਤੀ ਪਰ ਜਲਦੀ ਹੀ ਭਾਰੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਮਹਿਸੂਸ ਕੀਤਾ। ਹੁਣ ਪਾਠਕ ਮੇਰੇ ਤੋਂ ਹੋਰ ਵਧੀਆ ਸਾਹਿਤ ਦੀ ਉਮੀਦ ਕਰਦੇ ਹਨ ਤੇ ਮੈਂ ਉਮੀਦਾਂ 'ਤੇ ਪੂਰਾ ਉਤਰਨ ਲਈ ਮਿਹਨਤ ਕਰ ਰਿਹਾ ਹਾਂ।

- ਅੱਜ ਦੇ ਜੋ ਸਮਾਜਿਕ, ਰਾਜਸੀ, ਆਰਥਿਕ ਤੇ ਧਾਰਮਿਕ ਹਾਲਾਤ ਨੇ ਉਹ ਯਾਦਵਿੰਦਰ ਨਾਲ ਕੀ ਸੰਵਾਦ ਕਰਦੇ ਨੇ?

ਕੋਈ ਵੀ ਲੇਖਕ ਆਪਣੇ ਸਮਕਾਲੀ ਸਮਾਜਿਕ, ਰਾਜਸੀ, ਆਰਥਿਕ ਤੇ ਧਾਰਮਿਕ ਹਾਲਾਤ ਤੋਂ ਬਚ ਨਹੀਂ ਸਕਦਾ। ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਅਜਿਹੇ ਵਰਤਾਰੇ ਨਾਲ ਨਜਿੱਠਣ ਹੀ ਰਿਹਾ ਹੁੰਦਾ ਹੈ। ਸੰਵੇਦਨਸ਼ੀਲ ਬੰਦੇ ਅਜਿਹੇ ਵਰਤਾਰਿਆਂ ਨੂੰ ਮਾਨਸਿਕ ਤੌਰ 'ਤੇ ਵਧੇਰੇ ਹੰਢਾਉਂਦੇ ਨੇ। ਕੋਈ ਵੀ ਲਿਖਤ ਆਪਣੇ ਸਮੇਂ ਦੀ ਤਸਵੀਰ ਪੇਸ਼ ਕਰ ਰਹੀ ਹੁੰਦੀ ਹੈ। ਸੋ ਲੇਖਕ ਦਾ ਫ਼ਰਜ਼ ਬਣਦਾ ਹੈ ਕਿ ਉਹ ਨਿਰਪੱਖਤਾ ਰੱਖਦਿਆਂ ਇਨਸਾਨੀਅਤ ਲਈ ਇਨ੍ਹਾਂ ਮੁੱਦਿਆਂ ਨੂੰ ਵਿਚਾਰੇ ਤੇ ਲਿਖੇ। ਮੇਰੀ ਇਹੀ ਕੋਸ਼ਿਸ਼ ਰਹਿੰਦੀ ਹੈ।

- ਤੁਸੀਂ ਕਵਿਤਾਵਾਂ ਵੀ ਲਿਖਦੇ ਹੋ, ਕਵਿਤਾ ਤੋਂ ਨਾਵਲ ਲਿਖਣ ਦਾ ਅਨੁਭਵ ਕਿਹੋ ਜਿਹਾ ਰਿਹਾ?

ਕਵਿਤਾ ਤੇ ਨਾਵਲੀ ਵਿਧਾ ਵਿਚ ਕਾਫ਼ੀ ਵਖਰੇਵਾਂ ਹੈ। ਕਵਿਤਾ ਦੀ ਰਚਨਾ ਪ੍ਰਕਿਰਿਆ ਦਾ ਸਮਾਂ ਨਾਵਲ ਦੇ ਮੁਕਾਬਲੇ ਬੇਹੱਦ ਘੱਟ ਹੈ, ਬੇਸ਼ੱਕ ਕਵਿਤਾ ਵੀ ਕਈ ਵਾਰ ਲੰਮੇ ਚਿੰਤਨ ਦੀ ਮੰਗ ਕਰਦੀ ਹੈ ਪਰ ਮੈਨੂੰ ਨਾਵਲ ਲਿਖਣਾ ਹੀ ਅਸਾਨ ਲੱਗਦਾ ਹੈ। ਇੰਝ ਵੀ ਹੁੰਦਾ ਹੈ ਕਿ ਨਾਵਲ ਲਿਖਦੇ ਤੁਸੀਂ ਕਵਿਤਾ ਦਾ ਰੰਗ ਮਾਣ ਰਹੇ ਹੁੰਦੇ ਹੋ।

- ਕੀ ਕਿਸੇ ਵਿਚਾਰਧਾਰਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ।

ਮੈਂ ਵਿਸ਼ੇਸ਼ ਰੂਪ ਵਿਚ ਕਿਸੇ ਵੀ ਖ਼ਾਸ ਵਿਚਾਰਧਾਰਾ ਨਾਲ ਨਹੀਂ ਜੁੜਿਆ ਹੋਇਆ। ਇਹ ਗੱਲ ਵੀ ਹੈ ਕਿ ਚੰਗੇ ਤੇ ਡੂੰਘੇ ਵਿਚਾਰ, ਸਿਧਾਂਤ ਤੁਹਾਨੂੰ ਪਭਾਵਿਤ ਕਰਦੇ ਨੇ। ਜੋ ਵਿਚਾਰ ਇਨਸਾਨੀਅਤ ਦਾ ਪੱਖ ਪੂਰਦਾ, ਮੁਹੱਬਤ ਦੀ ਗੱਲ ਕਰਦਾ। ਮੈਂ ਉਸ ਦਾ ਹਾਮੀ ਹਾਂ।

- ਭਵਿੱਖ ਵਿੱਚ ਯਾਦਵਿੰਦਰ ਪਾਠਕਾਂ ਦੇ ਕੀ ਰੂਬਰੂ ਕਰੇਗਾ?

ਮੇਰਾ ਅੱਜ ਕੱਲ੍ਹ ਪੂਰਾ ਧਿਆਨ ਨਾਵਲ ਲਿਖਣ 'ਤੇ ਲੱਗਿਆ ਹੋਇਆ। ਮੈਂ ਜਲਦ ਹੀ ਨਵਾਂ ਨਾਵਲ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਾਂਗਾ।

- ਕਿਹੜੀ ਵਿਧਾ ਤੇ ਲੇਖਕ ਨੂੰ ਪੜ੍ਹਨਾ ਵਧੇਰੇ ਪਸੰਦ ਕਰਦੇ ਹੋ।

ਸਭ ਕਿਤਾਬਾਂ ਹੀ ਵਧੀਆ ਹੁੰਦੀਆਂ ਹਨ ਕਿਉਂਕਿ ਅਸੀਂ ਹਰ ਕਿਤਾਬ ਤੋਂ ਕੁਝ ਨਾ ਕੁਝ ਸਿੱਖਦੇ ਜ਼ਰੂਰ ਹਾਂ ਪਰ ਸਾਰੀਆਂ ਕਿਤਾਬਾਂ ਪੜ੍ਹ ਸਕਣਾ ਮੁਮਕਿਨ ਵੀ ਨਹੀਂ। ਜਿਸ ਵੀ ਵਿਧਾ ਤੇ ਲੇਖਕ ਦੀ ਵਧੀਆ ਕਿਤਾਬ ਦਾ ਮੈਨੂੰ ਪਤਾ ਲੱਗਦਾ, ਮੈਂ ਜ਼ਰੂਰ ਪੜ੍ਹਦਾ ਹਾਂ। ਗੁਰਦਿਆਲ ਸਿੰਘ ਤੇ ਕਰਮਜੀਤ ਕੁੱਸਾ ਜੀ ਮੇਰੇ ਪਸੰਦੀਦਾ ਲੇਖਕ ਹਨ।

- ਅਕਾਸ਼ ਦੀਪ

76964-70344

Posted By: Harjinder Sodhi