ਵਿਚਾਰਾਧੀਨ ਪੁਸਤਕ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਤ 22 ਲੇਖ ਸੰਕਲਿਤ ਕੀਤੇ ਗਏ ਹਨ। ਇਹ ਲੇਖ ਸਮੇਂ ਸਮੇਂ ਪੰਜਾਬੀ ਅਖ਼ਬਾਰ ਵਿਚ ਪ੍ਰਕਾਸ਼ਤ ਹੁੰਦੇ ਰਹੇ ਹਨ। ਇਨ੍ਹਾਂ ਨਿਬੰਧਾਂ ਵਿਚ ਵਿਭਿੰਨ ਵਿਦਵਾਨਾਂ ਨੇ ਆਪੋ-ਆਪਣੀ ਦਿ੍ਰਸ਼ਟੀ ਅਨੁਸਾਰ ਯੁੱਗ ਪੁਰਸ਼ ਦੀ ਸ਼ਖ਼ਸੀਅਤ, ਰਚਿਤ ਬਾਣੀ, ਯਾਤਰਾਵਾਂ, ਸਿੱਖਿਆਵਾਂ, ਦਾਰਸ਼ਨਿਕਤਾ ਆਦਿ ਬਾਰੇ ਭਰਵੀਂ ਅਤੇ ਸਾਰਥਿਕ ਚਰਚਾ ਕੀਤੀ ਹੈ। ਉਨ੍ਹਾਂ ਦੇ ਜੀਵਨ ਬਾਰੇ ਕਈ ਜਨਮ-ਸਾਖੀਆਂ ਉਪਲੱਬਧ ਹਨ। ਇਹ ਸਾਖੀਆਂ ਜਿੱਥੇ ਉਨ੍ਹਾਂ ਬਾਰੇ ਮੱੁਲਵਾਨ ਜਾਣਕਾਰੀ ਦਿੰਦੀਆਂ ਹਨ, ਉੱਥੇ ਕਾਲਪਨਿਕ ਦਿ੍ਰਸ਼ਟਾਂਤਕ ਅਤੇ ਪ੍ਰਤੀਕਾਤਮਕ ਵੀ ਮੰਨੀਆਂ ਜਾਂਦੀਆਂ ਹਨ। ਗੁਰੂ ਨਾਨਕ ਦੇਵ ਜੀ ਦੀ ਫਿਲਾਸਫ਼ੀ ਨੂੰ ਸਮਝਣ ਲਈ ਵਿਗਿਆਨ ਅਤੇ ਧਰਮ ਦੇ ਸਰੂਪ ਨੂੰ ਸਮਝਣਾ ਬਣਦਾ ਹੈ। ਉਨ੍ਹਾਂ ਦਾ ਦਰਸ਼ਨ ਅਲੌਕਿਕ ਅਤੇ ਪਾਰਲੌਕਿਕ ਦਰਮਿਆਨ ਕੜੀ ਦਾ ਕੰਮ ਕਰਦਾ ਹੈ। ਗੁਰੂ ਜੀ ਨੇ ‘ਸਾਮੰਤਸ਼ਾਹੀ’ ਦਾ ਡਟਵਾਂ ਵਿਰੋਧ ਕੀਤਾ। ਬਾਬਰਬਣੀ ‘ਤਪੇ ਹੋਏ ਮਨ ਦੀ ਬਾਣੀ ਹੈ’ ਪੰਨਾ 43 ਮੂਲ ਮੰਤਰ ਨੂੰ ਸਹੀ ਪਰਿਪੇਖ ਵਿਚ ਸਮਝਣਾ ਬਣਦਾ ਹੈ।

ਧਰਮ ਨੂੰ ਧੰਦਾ ਬਣਾ ਕੇ, ਨੇਕ ਅਮਲਾਂ ਤੋਂ ਟੁਟ ਕੇ, ਝੂਠੇ ਆਡੰਬਰਾਂ ਨੂੰ ਸਹੇੜ ਕੇ ਅਜੋਕੇ ਲੋਕ ਨਾਨਕ ਜੀ ਦੇ ਸੰਦੇਸ਼ ਤੋਂ ਦੂਰ ਹੋ ਰਹੇ ਹਨ। ਗੁਰੂ ਸਾਹਿਬ ਨੇ ਦੱਸਿਆ ਕਿਰਤ ਕਰਨਾ, ਨਾਮ ਜੱਪਣਾ, ਵੰਡ ਛਕਣਾ ਆਦਿ ਮਨੁੱਖੀ ਜੀਵਨ ਦਾ ਅਜਿਹਾ ਗਾਡੀਰਾਹ ਹੈ ਜਿਸ ’ਤੇ ਚੱਲ ਕੇ ਅਸੀਂ ਵਿਸ਼ਾਲ ਸਮਾਜਿਕ ਸਫ਼ਬੰਦੀ ਦਾ ਮੁੱਢ ਬੰਨ੍ਹ ਸਕਦੇ ਹਾਂ। ਅਜੇ ਵੀ ਧਰਮ ਆਪਣੇ ਅਸਲੀ ਮਕਸਦ ਤੋਂ ਹਟ ਕੇ ਸੰਸਥਾਗਤ ਰੂਪ ਧਾਰਨ ਕਰਦਾ ਜਾਪਦਾ ਹੈ। ਨਾਨਕ ਬਾਣੀ ਵਿਚ ਜਿੱਥੇ ਸ਼ਬਦ, ਰਾਗ, ਰਬਾਬ ਇਕ ਰੂਪ ਹੋਏ ਵਿਖਾਈ ਦਿੰਦੇ ਹਨ ਉੱਥੇ ‘ਰੰਗ ਅਤੇ ਰੰਗਣ’ ਸ਼ਬਦਾਵਲੀ ਵਿਚ ਗਹਿਰੇ ਅਰਥ ਸਮੋਏ ਹੋਏ ਹਨ। ਬਾਬੇ ਦਾ ਸੰਦੇਸ਼, ਵਿਚਾਰ, ਗੋਸ਼ਟੀ ਕਰਨ ਦੀ ਤਾਕਤ ਸੀ’. ਪੰਨਾ 96

ਉਨ੍ਹਾਂ ਨੇ ਸੰਸਕਿ੍ਰਤ ਅਤੇ ਅਰਬੀ ਦੀ ਥਾਂ ਮਾਤ-ਭਾਸ਼ਾ ਪੰਜਾਬੀ ਵਿਚ ਆਪਣੀ ਰਚਨਾ ਕੀਤੀ। ਹਜ਼ਰਤ ਮੁਹੰਮਦ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਵਿਚ ਅਨੇਕਾਂ ਸਮਾਨਤਾਵਾਂ ਜਾਪਦੀਆਂ ਹਨ। ਨਾਨਕ ਜੀ ਦੀ ਘਰ ਵਾਪਸੀ ਮਨੋਵਿਗਿਆਨ ਛੋਹਾਂ ਨਾਲ ਭਰਪੂਰ ਹੈ। ਜਾਤ-ਪਾਤ, ਊਚ-ਨੀਚ ਦੇ ਖਾਤਮੇ ਤੇ ਇਸਤਰੀ ਜਾਤੀ ਦਾ ਸਨਮਾਨ ਹੋਣਾ ਚਾਹੀਦਾ ਹੈ। ਜੰਗਲਾਂ ’ਚੋਂ ਰੱਬ ਲੱਭਣ ਦੀ ਥਾਂ ਉਨ੍ਹਾਂ ਨੇ ਗ੍ਰਹਿਸਥ ਜੀਵਨ ’ਚ ਰਹਿ ਕੇ ‘ਸਚਿਆਰਾ’ ਬਣਨ ਦੀ ਪ੍ਰੇਰਨਾ ਕੀਤੀ। ਪੰਜ ਵਿਕਾਰਾਂ ਤੋਂ ਬਚਣਾ ਚਾਹੀਦਾ ਹੈ। ਪਾਕਿਸਤਾਨ ਦੇ ਜਨ-ਸਾਧਾਰਨ ਲੋਕ ਨਾਨਕ ਨਾਮ ਲੇਵਿਆਂ ਦੀ, ਜੋ ਧਾਰਮਿਕ ਸਥਾਨਾਂ ਦੀ ਯਾਤਰਾ ’ਤੇ ਜਾਂਦੇ ਹਨ, ਤਹਿ ਦਿਲੋਂ ਇੱਜ਼ਤ ਕਰਦੇ ਹਨ। ਅਸੀਂ ਗੁਰੂ ਨਾਨਕ ਜੀ ਨੂੰ ਤਾਂ ਮੰਨਦੇ ਹਾਂ ‘ਪਰ ਗੁਰੂ ਦੀ ਕਦੀ ਵੀ ਨਹੀਂ ਮੰਨਦੇ’ ਪੰਨਾ 143। ਸਾਡੇ ਪਾਸ ਉਨ੍ਹਾਂ ਦੀ ਬਾਣੀ ਦੁਆਰਾ ਪ੍ਰਾਪਤ ਮਹਾਨ ਫਲਸਫ਼ਾ ਤਾਂ ਹੈ ਪਰ ਇਸ ਫਲਸਫ਼ੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਬਹੁਤ ਲੋੜ ਹੈ। ਇਸ ਕਿਤਾਬ ਨੂੰ ਸਾਹਿਬਦੀਪ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।

- ਡਾ. ਧਰਮ ਚੰਦ ਵਾਤਿਸ਼

Posted By: Harjinder Sodhi