ਪੰਜਾਬੀ ਦੇ ਸਾਹਿਤਕ ਜਗਤ ਵਿਚ, ਗਲਪਕਾਰ ਗੁਰਦੇਵ ਸਿੰਘ ਰੁਪਾਣਾ ਵੱਖਰੀ ਹੀ ਥਾਂ ਖੜ੍ਹਾ ਨਜ਼ਰ ਆਉਂਦਾ ਹੈ। ਉਹ ਚਾਲੀ ਸਾਲ ਦਿੱਲੀ ਵਿਚ ਨੌਕਰੀ ਕਰਦਾ ਰਿਹਾ। ਦਿੱਲੀ ਨੂੰ ਅਲਵਿਦਾ ਆਖਣ ਤੋਂ ਬਾਅਦ ਜਦੋਂ ਉਸ ਦੇ ਆਪਣੇ ਪਿੰਡ ਪਰਤ ਆਉਣ ਦੀ ਖ਼ਬਰ ਸਾਹਿਤਕ ਹਲਕਿਆਂ ’ਚ ਨਸ਼ਰ ਹੋਈ ਤਾਂ ਕਈਆਂ ਨੂੰ ਸੱਚ ਨਾ ਆਇਆ। ਕਦੇ ਉਹ ਆਪਣੇ ਪਿੰਡੋਂ ਜੇਬ ਵਿਚ ਕਲਮ ਅੜੁੰਗ ਕੇ ਚਾਈਂ-ਚਾਈਂ ਦਿੱਲੀ ਗਿਆ ਸੀ ਪਰ ਜਦੋਂ ਮੁੜਿਆ ਤਾਂ ਉਸ ਦੇ ਇਕ ਮੋਢੇ ਤੇ ਡਾਂਗ ਵੀ ਚੁੱਕੀ ਹੋਈ ਸੀ।

ਦਿੱਲੀ ਰਹਿੰਦਿਆਂ ਉਸ ਨੇ ਪੰਜਾਬੀ ਸਾਹਿਤ ਨੂੰ ਅਜਿਹੀਆਂ ਕਾਲਜੀਵੀ ਰਚਨਾਵਾਂ ਦਿੱਤੀਆਂ ਜਿਨ੍ਹਾਂ ’ਤੇ ਹਰ ਪੰਜਾਬੀ ਪਾਠਕ ਮਾਣ ਮਹਿਸੂਸ ਕਰ ਸਕਦਾ ਹੈ। ਉਸ ਦਾ ਨਾਂ ਉਨ੍ਹਾਂ ਚੰਦ ਲੇਖਕਾਂ ਵਿਚ ਸ਼ੁਮਾਰ ਹੈ ਜਿਨ੍ਹਾਂ ਦੇ ਜ਼ਿਕਰ ਬਿਨਾਂ ਪੰਜਾਬੀ ਗਲਪ ਅਧੂਰਾ ਸਮਝਿਆ ਜਾਂਦਾ ਹੈ। ਪਤਾ ਨਹੀਂ ਕਿਉਂ, ਦਿੱਲੀ ਉਸ ਦਾ ਦਿਲ ਨਾ ਜਿੱਤ ਸਕੀ। ਸ਼ਾਇਦ ਉਹ ਦਿੱਲੀ ਦੀ ਸਾਹਿਤਕ ਰਾਜਨੀਤੀ ਨੂੰ ਨਾ ਸਮਝ ਸਕਿਆ। ਇਸ ਰਾਜਨੀਤੀ ਨੂੰ ਸਮਝਣ ਲਈ, ਉਸ ਨੂੰ ਆਪਣੇ ‘ਮਲਵਈਪੁਣੇ’ ਦਾ ਤਿਆਗ ਕਰਨਾ ਪੈਣਾ ਸੀ, ਜਿਹੜਾ ਉਹ ਕਰ ਨਾ ਸਕਿਆ। ਕਈ ਉਸ ਦੇ ਮਲਵਈਪੁਣੇ ਨੂੰ ‘ਅੜਬਪੁਣਾ’ ਵੀ ਆਖ ਦਿੰਦੇ ਹਨ।

ਗੁਰਦੇਵ ਸਿੰਘ ਰੁਪਾਣਾ ਦਾ ਜਨਮ ਪਿੰਡ ਰੁਪਾਣਾ ਵਿਖੇ 13 ਅਪ੍ਰੈਲ,1936 ਨੂੰ ਮਾਤਾ ਪੰਜਾਬ ਕੌਰ ਦੀ ਕੁੱਖੋਂ ਪਿਤਾ ਮੱਘਰ ਸਿੰਘ ਦੇ ਘਰ, ਇਕ ਕਿਸਾਨੀ ਪਰਿਵਾਰ ਵਿਚ ਹੋਇਆ। ਚਾਰ ਭਰਾਵਾਂ ਤੇ ਦੋ ਭੈਣਾਂ ਦੇ ਪਰਿਵਾਰ ਵਿੱਚੋਂ, ਗੁਰਦੇਵ ਸਿੰਘ ਸਭ ਤੋਂ ਛੋਟਾ ਸੀ। ਇਹ ਉਹ ਸਮਾਂ ਸੀ ਜਦੋਂ ਕਿਸੇ ਵਿਰਲੇ ਕਿਸਾਨੀ ਪਰਿਵਾਰਾਂ ਵਿਚ ਹੀ ਕੋਈ ਪੜ੍ਹਿਆ ਲਿਖਿਆ ਹੁੰਦਾ ਸੀ। ਆਮ ਕਰ ਕੇ ਵੱਡੇ ਪਰਿਵਾਰਾਂ ਵਿੱਚੋਂ, ਛੋਟੇ ਮੁੰਡਿਆਂ ਦਾ ਪੜ੍ਹਾਈ ਵਿਚ ਦਾਅ ਲੱਗ ਜਾਂਦਾ ਸੀ। ਗੁਰਦੇਵ ਸਿੰਘ ਨਾਲ ਵੀ ਇਵੇਂ ਹੀ ਹੋਇਆ। ਉਹ ਚੌਥੀ ਜਮਾਤ ਤਕ ਪਿੰਡ ਦੇ ਸਕੂਲ ਵਿਚ ਪੜ੍ਹਿਆ। ਉਹ ਪੜ੍ਹਨ ਵਿਚ ਹੁਸ਼ਿਆਰ ਨਿਕਲਿਆ। ਏਸੇ ਹੁਸ਼ਿਆਰੀ ਨੇ ਉਸ ਲਈ ਵਿਦਿਆ ਦੇ ਅਗਲੇ ਰਾਹ ਖੋਲ੍ਹ ਦਿੱਤੇ। ਗਿਆਨੀ ਤੋਂ ਬਿਨਾ ਬੀ.ਏ. ਤਕ ਦੀ ਪੜ੍ਹਾਈ ਉਸ ਨੇ ਮੁਕਤਸਰ ਸਾਹਿਬ ਤੋਂ ਕੀਤੀ। ਕੁਝ ਸਮੇਂ ਲਈ ਪੰਜਾਬ ਵਿਚ ਅਧਿਆਪਨ ਦਾ ਕਾਰਜ ਕਰਦਾ ਰਿਹਾ। ਪੰਜਾਬੀ ਦੇ ਬਹੁਤੇ ਪਾਠਕਾਂ ਨੂੰ ਇਸ ਗੱਲ ਬਾਰੇ ਪਤਾ ਨਹੀਂ ਹੋਵੇਗਾ ਕਿ ਰੁਪਾਣਾ ਨੇ ‘ਕਾਦਰਯਾਰ’ ’ਤੇ ਪੀ.ਐੇੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਪਰ ਉਸ ਨੇ ਆਪਣੇ ਨਾਂ ਅੱਗੇ ਕਦੇ ਡਾਕਟਰ ਨਹੀਂ ਲਿਖਿਆ ।

ਜਿਨ੍ਹਾਂ ਦਿਨਾਂ ਵਿਚ ਰੁਪਾਣਾ ਨੇ ਕਲਮ ਨਾਲ ਨਾਤਾ ਜੋੜਿਆ, ਉਨ੍ਹਾਂ ਦਿਨਾਂ ਵਿਚ ਪੰਜਾਬੀ ਦੇ ਨਾਮਵਰ ਲੇਖਕਾਂ ਦਾ ਵਾਸਾ ਦਿੱਲੀ ਵਿਚ ਸੀ, ਜਿਨ੍ਹਾਂ ਵਿਚ ਖ਼ੁਸ਼ਵੰਤ ਸਿੰਘ, ਕਰਤਾਰ ਸਿੰਘ ਦੁੱਗਲ, ਅੰਮਿ੍ਰਤਾ ਪ੍ਰੀਤਮ, ਡਾ. ਹਰਿਭਜਨ ਸਿੰਘ, ਬਲਵੰਤ ਗਾਰਗੀ, ਅਜੀਤ ਕੌਰ, ਗੁਲਜ਼ਾਰ ਸਿੰਘ ਸੰਧੂ ਤੇ ਤਾਰਾ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਪੰਜਾਬੀ ਦੇ ਪਾਠਕਾਂ ਤੇ ਨਵੇਂ ਲੇਖਕਾਂ ਨੂੰ ਆਕਰਸ਼ਿਤ ਕਰਦੀਆਂ ਸਨ। ਆਕਰਸ਼ਣ ਦੀ ਇਹ ਚਿਣਗ ਗੁਰਦੇਵ ਸਿੰਘ ਰੁਪਾਣਾ ਅੰਦਰ ਵੀ ਸੁਲਗਣ ਲੱਗੀ। ਇਸ ਚਿਣਗ ਨੂੰ ਚਮਕਾਉਣ ਵਿਚ ਵੀ ਉਸ ਦੀ ਕਲਮ ਹੀ ਸਹਾਈ ਹੋਈ।

ਅਚਨਚੇਤ ਇਕ ਦਿਨ ਗੁਰਦੇਵ ਸਿੰਘ ਰੁਪਾਣਾ ਨੂੰ ਕਾਮਰੇਡਾਂ ਦੇ ਇਕ ਮੁਜ਼ਾਹਰੇ ਵਿਚ ਸ਼ਾਮਲ ਹੋਣ ਲਈ ਦਿੱਲੀ ਜਾਣ ਦਾ ਮੌਕਾ ਮਿਲਿਆ। ਕਿਸੇ ਤੋਂ ਪੁੱਛ-ਪੁਛਾਕੇ ਉਹ ਸਿੱਖਿਆ ਅਫ਼ਸਰ, ਦੀਨ ਦਿਆਲ ਸ਼ਰਮਾ ਨੂੰ ਮਿਲਿਆ। ਸ਼ਰਮਾ ਦੇ ਮੇਜ਼ ’ਤੇ ‘ਪ੍ਰੀਤਲੜੀ’ ਪਰਚਾ ਪਿਆ ਦੇਖ ਕੇ ਰੁਪਾਣਾ ਨੂੰ ਚਾਅ ਚੜ੍ਹ ਗਿਆ ਕਿਉਂਕਿ ਇਸ ਪਰਚੇ ਵਿਚ ਉਸ ਦੀ ਕਹਾਣੀ ਛਪੀ ਹੋਈ ਸੀ। ਗੱਲਾਂ ਕਰਦਿਆਂ ਜਦੋਂ ਸ਼ਰਮਾ ਨੂੰ ਰੁਪਾਣਾ ਦੇ ਕਹਾਣੀਕਾਰ ਹੋਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਝੱਟ ਉਸ ਨੂੰ ਅਧਿਆਪਨ ਦੀ ਨੌਕਰੀ ਲਈ ਹਾਮੀ ਭਰ ਦਿੱਤੀ। ਅੰਨ੍ਹਾ ਕੀ ਭਾਲੇ ਦੋ ਅੱਖਾਂ : ਰੁਪਾਣਾ ਨੇ ਆਪਣਾ ਬੋਰੀ ਬਿਸਤਰ ਬੰਨ੍ਹਿਆ ਤੇ ਜਾ ਦਿੱਲੀ ਡੇਰੇ ਲਾਏ। ਉਸ ਸਮੇਂ ਪੰਜਾਬੀ ਦੇ ਸਥਾਪਤ ਲੇਖਕਾਂ ਦੀ ਕਤਾਰ ਵਿਚ ਪੈਰ ਰੱਖਣ ਬਾਰੇ, ਛੇਤੀ ਕੀਤਿਆਂ ਕਿਸੇ ਨਵੇਂ ਲੇਖਕ ਦਾ ਹੌਸਲਾ ਨਹੀਂ ਸੀ ਪੈਂਦਾ। ਸੱਚੀ ਗੱਲ ਤਾਂ ਇਹ ਹੈ ਕਿ ਮਾੜੀ-ਧੀੜੀ ਰਚਨਾ ਦੇ ਪੈਰ ਵੀ ਨਹੀਂ ਸਨ ਲੱਗਦੇ। ਪਰ ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਨੇ ਤਾਂ ਜੰਮਦਿਆਂ ਹੀ ਉਨ੍ਹਾਂ ਨਾਲ ਮੜਿਕਣਾ ਸ਼ੁਰੂ ਕਰ ਦਿੱਤਾ ਸੀ।

ਉਸ ਸਮੇਂ ਅੰਮਿ੍ਰਤਾ ਪ੍ਰੀਤਮ ਦੀ ਸੰਪਾਦਨਾ ਹੇਠ ‘ਨਾਗਮਣੀ’ ਪਰਚੇ ਨੂੰ ਛਪਦਿਆਂ ਪੰਜ-ਛੇ ਸਾਲ ਹੋ ਚੁੱਕੇ ਸਨ। ਅੰਮਿ੍ਰਤਾ ਪ੍ਰੀਤਮ ਨਾਗਮਣੀ ਨੂੰ ਪੱਕੇ ਪੈਰੀਂ ਕਰਨ ਲਈ ਨਵੇਂ-ਨਵੇਂ ਤਜਰਬੇ ਕਰਦੀ ਰਹਿੰਦੀ ਸੀ। ਉਸ ਨੇ ਆਪਣੇ ਘਰ ‘ਨਾਗਮਣੀ ਸ਼ਾਮਾਂ’ ਦੀ ਲੜੀ ਸ਼ੁਰੂ ਕਰ ਰੱਖੀ ਸੀ। ਦਿੱਲੀ ਰਹਿੰਦੇ ਲੇਖਕ, ਇਨ੍ਹਾਂ ਸ਼ਾਮਾਂ ਵਿਚ ਹਾਜ਼ਰੀ ਭਰਨ ਲਈ ਉਤਾਵਲੇ ਰਹਿੰਦੇ ਸਨ। ਗੁਰਦੇਵ ਸਿੰਘ ਰੁਪਾਣਾ ਦੀ ਕਹਾਣੀ ‘ਇਕ ਟੋਟਾ ਔਰਤ’ ਨਾਗਮਣੀ ਵਿਚ ਛਪਣ ਤੋਂ ਬਾਅਦ ਉਸ ਨੂੰ ਇਸ ਮਹਿਫਲ ਦਾ ਪੱਕਾ ਮੈਂਬਰ ਬਣਾ ਲਿਆ ਗਿਆ। ਇਹ ਮਹਿਫਲ, ਰੁਪਾਣਾ ਦੀ ਹਾਜ਼ਰੀ ਬਿਨਾਂ ਬੁਝੀ-ਬੁਝੀ ਰਹਿੰਦੀ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਰੁਪਾਣਾ ਨੂੰ ਗੱਲ ਬੜੀ ਔੜਦੀ ਸੀ। ਇਸੇ ਕਰਕੇ ਹੀ ਤਾਂ ਲੇਖਕਾਂ ਵਿਚ ਉਹ ‘ਰੌਣਕੀ’ ਕਰਕੇ ਜਾਣਿਆ ਜਾਂਦਾ ਸੀ।

ਰੁਪਾਣਾ ਦੀ ਹਾਜ਼ਰ-ਜਵਾਬੀ ਵੀ ਕਮਾਲ ਦੀ ਹੈ। ਇਕ ਵਾਰ ਕੁਲਵੰਤ ਸਿੰਘ ਵਿਰਕ ਨੇ ਉਸ ਨੂੰ ਕਿਹਾ-ਗੁਰਦੇਵ ਸਿੰਘ ਤੂੰ ਆਪਣੇ ਨਾਂ ਨਾਲ ਆਪਣਾ ਗੋਤ ‘ਵਿਰਕ’ ਕਿਉਂ ਨਹੀਂ ਲਗਾਉਂਦਾ? ਰੁਪਾਣਾ ਬੋਲਿਆ-ਤੇਰਾ ਕੀ ਐ ...ਜਿਹੜੀ ਕਹਾਣੀ ਚੰਗੀ ਹੋਇਆ ਕਰੇਗੀ, ਕਹਿ ਦਿਆ ਕਰੇਂਗਾ, ਇਹ ਕੁਲਵੰਤ ਸਿੰਘ ਵਿਰਕ ਦੀ ਹੈ ਤੇ ਜਿਹੜੀ ਮਾੜੀ ਹੋਇਆ ਕਰੇਗੀ, ਕਹਿ ਦਿਆ ਕਰੇਂਗਾ, ਇਹ ਗੁਰਦੇਵ ਸਿੰਘ ਵਿਰਕ ਦੀ ਹੈ।

ਜਦੋਂ ਗੁਰਦੇਵ ਸਿੰਘ ਰੁਪਾਣਾ ਦਾ ਨਾਵਲ ‘ਗੋਰੀ’ ਪੰਜਾਬੀ ਦੇ ਇਕ ਪਰਚੇ ਵਿਚ ਛਪਿਆ ਤਾਂ ਸਾਹਿਤਕ ਹਲਕਿਆਂ ਵਿਚ ਰੁਪਾਣਾ-ਰੁਪਾਣਾ ਹੋ ਗਈ। ਇਸ ਨਾਵਲ ਦੀ ਚੜ੍ਹਤ ਅਜੇ ਵੀ ਉਸੇ ਤਰ੍ਹਾਂ ਬਣੀ ਹੋਈ ਹੈ। ਪਾਠਕ ਅੱਜ ਵੀ ਇਸ ਨੂੰ ਲੱਭ-ਲੱਭ ਕੇ ਪੜ੍ਹਦੇ ਹਨ। ਹੁਣ ਤਕ ਇਸ ਦੇ ਪੰਝੀ ਐਡੀਸ਼ਨ ਛਪ ਚੁੱਕੇ ਹਨ। ਇਸ ਨਾਵਲ ਬਾਰੇ ਟਿੱਪਣੀ ਕਰਦਿਆਂ ਇਕ ਵਿਦਵਾਨ ਨੇ ਕਿਹਾ ਸੀ ਕਿ ਜੇ ਇਹ ਨਾਵਲ ਕਿਸੇ ਹੋਰ ਭਾਸ਼ਾ ਵਿਚ ਛਪਿਆ ਹੁੰਦਾ ਤਾਂ ਰੁਪਾਣਾ ਅੱਜ ਜਹਾਜ਼ਾਂ ਦੇ ਝੂਟੇ ਲੈਂਦਾ।

ਗੁਰਦੇਵ ਸਿੰਘ ਰੁਪਾਣਾ ਦੀਆਂ ਕਹਾਣੀਆਂ ਭਾਵੇਂ ਇਕਹਿਰੀ ਪਰਤ ਦੀਆਂ ਹਨ ਪਰ ਤੁਸੀਂ ਇਨ੍ਹਾਂ ਵਿਚਦੀ ਛੜੱਪੇ ਮਾਰਕੇ ਨਹੀਂ ਲੰਘ ਸਕਦੇ। ਇਹ ਅਤਿ ਗੰਭੀਰਤਾ ਦੀ ਮੰਗ ਕਰਦੀਆਂ ਹਨ। ਇਹ ਕਹਾਣੀਆਂ ਸਾਰਾ ਕੁੱਝ ਹੀ ਪਾਠਕ ਅੱਗੇ ਉਗਲਕੇ ਨਹੀਂ ਰੱਖਦੀਆਂ। ਇਨ੍ਹਾਂ ਵਿਚ ਬਹੁਤ ਕੁਝ ਅਣਕਿਹਾ ਹੁੰਦਾ ਹੈ। ਕਹਾਣੀ ਦੇ ਪਾਠ ਤੋਂ ਬਾਅਦ ਹਰ ਪਾਠਕ ਦੇ ਨਿਰਣੇ ਵੱਖੋ-ਵੱਖਰੇ ਹੁੰਦੇ ਹਨ। ਪ੍ਰੇਮ ਪ੍ਰਕਾਸ਼ ਉਸ ਨੂੰ ‘ਗੁੱਝੀਆਂ ਰਮਜ਼ਾਂ ਵਾਲਾ ਕਹਾਣੀਕਾਰ’ ਕਹਿੰਦਾ ਹੈ। ਉਦਾਹਰਣ ਵੱਜੋਂ ਉਸ ਦੀਆਂ ਕਹਾਣੀਆਂ ‘ਸ਼ੀਸ਼ਾ’ ਤੇ ‘ਹਵਾ’ ਦੇ ਪਾਠ ਤੋਂ ਬਾਅਦ ਪਾਠਕ ਦੀ ਹਾਲਤ ਪਹਿਲਾਂ ਜਿਹੀ ਨਹੀਂ ਰਹਿੰਦੀ ।

ਗੁਰਦੇਵ ਸਿੰਘ ਰੁਪਾਣਾ ਨੇ ਹੁਣ ਤਕ ਛੇ ਕਹਾਣੀ ਸੰਗ੍ਰਹਿ : ‘ਇਕ ਟੋਟਾ ਔਰਤ’, ‘ਆਪਣੀ ਅੱਖ ਦਾ ਜਾਦੂ’, ‘ਡਿਫੈਂਸ ਲਾਈਨ’, ‘ਰਾਂਝਾ ਵਾਰਿਸ ਹੋਇਆ’, ‘ਆਮ ਖ਼ਾਸ’, ‘ਸ਼ੀਸ਼ਾ ਤੇ ਹੋਰ ਕਹਾਣੀਆਂ’ ਚਾਰ ਨਾਵਲ : ‘ਜਲਦੇਵ’, ‘ਆਸੋ ਦਾ ਟੱਬਰ’, ‘ਗੋਰੀ’ ਅਤੇ ‘ਸ਼੍ਰੀ ਪਾਰਵਾ’ ਦੀ ਸਿਰਜਣਾ ਕੀਤੀ ਹੈ। ਇਸ ਤੋਂ ਬਿਨਾਂ ਉਸਨੇ ਅਨੁਵਾਦ ਦੇ ਖੇਤਰ ਵਿਚ ਵੀ ਕੰਮ ਕੀਤਾ ਹੈ। ਅੱਜ-ਕੱਲ੍ਹ ਉਹ ਆਪਣੇ ਨਵੇਂ ਨਾਵਲ ‘ਮੂਰਤੀ’ ਨੂੰ ਪੂਰਾ ਕਰਨ ਲੱਗਿਆ ਹੋਇਆ ਹੈ।

ਗੁਰਦੇਵ ਸਿੰਘ ਰੁਪਾਣਾ, ਆਪਣੀ ਸਿਰਜਣ ਪ੍ਰਕਿਰਿਆ ਵਿਚ ਪਤਨੀ ਗੁਰਮੇਲ ਕੌਰ ਅਤੇ ਦੋਵੇਂ ਬੇਟੇ ਨੇਮਪਾਲ ਸਿੰਘ ਤੇ ਪ੍ਰੀਤਪਾਲ ਸਿੰਘ ਦਾ ਵੱਡਾ ਸਹਿਯੋਗ ਮੰਨਦਾ ਹੈ। ਪ੍ਰੀਤਪਾਲ ਸਿੰਘ ਰੰਗ-ਮੰਚ ਨਾਲ ਜੁੜਿਆ ਹੋਇਆ ਹੈ। ਗੁਰਦੇਵ ਸਿੰਘ ਰੁਪਾਣਾ ਉਸ ਦੌਰ ਦਾ ਲੇਖਕ ਹੈ ਜਦੋਂ ਪੰਜਾਬੀ ਆਲੋਚਨਾ ਦੀ ਸਥਿਤੀ ਅੱਜ ਨਾਲੋਂ ਕਿਤੇ ਬਿਹਤਰ ਹੁੰਦੀ ਸੀ। ਓਦੋਂ ਲੇਖਕ ਦੀ ਮੌਜੂਦਗੀ ਵਿਚ ਉਸ ਦੀ ਰਚਨਾ ਬਾਰੇ ਖੁੱਲ੍ਹ ਕੇ ਵਿਚਾਰ-ਚਰਚਾ ਹੋ ਜਾਇਆ ਕਰਦੀ ਸੀ। ਲੇਖਕ ਬਹੁਤਾ ਗੁੱਸਾ ਗਿਲਾ ਵੀ ਨਹੀਂ ਸਨ ਕਰਦੇ। ਉਸ ਦੇ ਚੇਤਿਆਂ ਵਿਚ ਗੁਰਬਚਨ ਸਿੰਘ ਭੁੱਲਰ, ਕੇਵਲ ਸੂਦ, ਨਛੱਤਰ, ਨਵਤੇਜ ਪੁਆਧੀ, ਦਵਿੰਦਰ ਸਤਿਆਰਥੀ, ਬਾਵਾ ਬਲਵੰਤ ਵਰਗੇ ਮਿੱਤਰ ਅੱਜ ਵੀ ਵਸੇ ਹੋਏ ਹਨ।

2019 ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ ‘ਆਮ-ਖ਼ਾਸ’ ਨੂੰ ‘ਢਾਹਾਂ ਐਵਾਰਡ’ ਜਿਹੇ ਵਕਾਰੀ ਸਨਮਾਨ ਲਈ ਚੁਣਿਆ ਗਿਆ। 1983 ਵਿਚ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਉਨ੍ਹਾਂ ਦੇ ਨਾਵਲ ਗੋਰੀ ਨੂੰ ‘ਕੁਲਵੰਤ ਸਿੰਘ ਵਿਰਕ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਿਨਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵੱਲੋਂ ‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ’, ਮਨਜੀਤ ਕੌਰ ਟਰੱਸਟ, ਕੈਨੇਡਾ ਅਤੇ ਪੰਜਾਬੀ ਅਕਾਦਮੀ ਅਮਰੀਕਾ ਵੱਲੋਂ ‘ਵਿਸ਼ੇਸ਼ ਪੁਰਸਕਾਰ’, ‘ਸੰਤ ਅਤਰ ਸਿੰਘ ਪੁਰਸਕਾਰ’ ਤੋਂ ਬਿਨਾਂ ‘ਮਾਤਾ ਤੇਜ ਕੌਰ ਯਾਦਗਾਰੀ ਐਵਾਰਡ’ ਉਸ ਦੀ ਝੋਲੀ ਪਏ ਹਨ। ਪੰਜਾਬੀ ਪਾਠਕ ਆਪਣੇ ਮਹਿਬੂਬ ਲੇਖਕ ਗੁਰਦੇਵ ਸਿੰਘ ਰੁਪਾਣਾ ਦੀ ਸਿਹਤਯਾਬੀ ਲਈ ਕਾਮਨਾ ਕਰਦੇ ਰਹਿੰਦੇ ਹਨ।

ਮਾਣ-ਸਨਮਾਨ

2019 ਵਿਚ ਉਨ੍ਹਾਂ ਨੂੰ ‘ਢਾਹਾਂ ਐਵਾਰਡ’ ਜਿਹੇ ਵਕਾਰੀ ਸਨਮਾਨ ਲਈ ਚੁਣਿਆ ਗਿਆ। 1983 ਵਿਚ ਪੰਜਾਬੀ ਸਾਹਿਤ ਅਕਾਦਮੀ, ਦਿੱਲੀ ਨੇ ਉਨ੍ਹਾਂ ਦੇ ਨਾਵਲ ਗੋਰੀ ਨੂੰ ‘ਕੁਲਵੰਤ ਸਿੰਘ ਵਿਰਕ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਬਿਨਾਂ ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੋਮਣੀ ਸਾਹਿਤਕਾਰ’ ਪੁਰਸਕਾਰ ਝੋਲੀ ਪਾਇਆ ਗਿਆ...

- ਭੋਲਾ ਸਿੰਘ ਸੰਘੇੜਾ

Posted By: Harjinder Sodhi