ਐਕਸਕਿਊਜ਼ਮੀ ਸਰ, ਪੁਲੀਜ਼ ਵੰਨ ਮਿੰਟ, ਪਲੀਜ਼ ਹੈਲਪ ਅੱਸ।’ਸ਼ਮੀਰਾ ਨੇ ਲਾਚਾਰ ਜਿਹੀਆਂ ਨਜ਼ਰਾਂ ਨਾਲ ਟ੍ਰੇਨੀ ਡਾਕਟਰ ਦੀ ਯੂਨੀਫਾਰਮ ਵਿਚ ਹੱਥ ਵਿਚ ਕਿਤਾਬਾਂ ਫੜੀ ਕੋਲੋਂ ਲੰਘਦੇ ਹੋਏ ਵਿਕਾਸ ਨੂੰ ਕਿਹਾ।‘ਹਾਂਜੀ-ਹਾਂਜੀ... ਬੋਲੋ ਕੀ ਹੈਲਪ ਚਾਹੀਦੀ ਹੈ?’ ਵਿਕਾਸ ਨੇ ਬੜੀ ਹਲੀਮੀ ਨਾਲ ਪੁੱਛਿਆ।

‘ਐਕਸਕਿਊਜ਼ਮੀ ਸਰ, ਪੁਲੀਜ਼ ਵੰਨ ਮਿੰਟ, ਪਲੀਜ਼ ਹੈਲਪ ਅੱਸ।’ਸ਼ਮੀਰਾ ਨੇ ਲਾਚਾਰ ਜਿਹੀਆਂ ਨਜ਼ਰਾਂ ਨਾਲ ਟ੍ਰੇਨੀ ਡਾਕਟਰ ਦੀ ਯੂਨੀਫਾਰਮ ਵਿਚ ਹੱਥ ਵਿਚ ਕਿਤਾਬਾਂ ਫੜੀ ਕੋਲੋਂ ਲੰਘਦੇ ਹੋਏ ਵਿਕਾਸ ਨੂੰ ਕਿਹਾ।‘ਹਾਂਜੀ-ਹਾਂਜੀ... ਬੋਲੋ ਕੀ ਹੈਲਪ ਚਾਹੀਦੀ ਹੈ?’ ਵਿਕਾਸ ਨੇ ਬੜੀ ਹਲੀਮੀ ਨਾਲ ਪੁੱਛਿਆ।
‘ਸਰ ਮੈਂ ਤੇ ਇਹ ਮੇਰੇ ਮੰਮੀ ਜੀ ਹਨ। ਅਸੀਂ ਜੇ. ਐਂਡ ਕੇ. ਤੋਂ ਆਏ ਹਾਂ, ਮੈਂ ਇਸੇ ਹੀ ਸਰਕਾਰੀ ਮੈਡੀਕਲ ਯੂਨੀਵਰਸਿਟੀ ਵਿਚ ਅੱਜ ਹੀ ਐੱਮ.ਬੀ.ਬੀ.ਐੱਸ. ਕੋਰਸ ਵਿਚ ਦਾਖ਼ਲਾ ਲਿਆ ਹੈ, ਕੌਂਸਲਿੰਗ ਲੇਟ ਖ਼ਤਮ ਹੋਣ ਕਰਕੇ ਸਾਨੂੰ ਹਨੇਰਾ ਹੋ ਗਿਆ। ਅਸੀਂ ਇਸ ਸ਼ਹਿਰ ਵਿਚ ਪਹਿਲੀ ਵਾਰ ਹੀ ਆਏ ਹਾਂ। ਰਾਤ ਪੈਣ ਕਰਕੇ ਸਾਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੇ ਜਾਈਏ? ਕੀ ਇੱਥੇ ਕੋਈ ਔਰਤਾਂ ਦੇ ਰਹਿਣ ਲਈ ਹੋਟਲ ਤੋਂ ਇਲਾਵਾ ਕੋਈ ਮਹਿਫੂਜ਼ ਜਗ੍ਹਾ ਮਿਲ ਸਕਦੀ ਹੈ?’
ਸ਼ਮੀਰਾ ਨੇ ਆਪਣੀ ਮੁਸ਼ਕਿਲ ਦੱਸਦਿਆਂ ਵਿਕਾਸ ਕੋਲੋਂ ਮਦਦ ਲੈਣ ਲਈ ਤਰਲਾ ਜਿਹਾ ਕੀਤਾ।
ਵਿਕਾਸ ਨੇ ਥੋੜ੍ਹਾ ਜਿਹਾ ਸੋਚ ਕੇ ਸ਼ਮੀਰਾ ਦੀ ਮਾਂ ਦੀਆਂ ਅੱਖਾਂ ਵਿਚ ਇਕ ਖੌਫ਼ ਜਿਹਾ ਵੇਖ ਕੇ ਕਿਹਾ, ‘ਦੇਖੋ ਮੈਂ ਵੀ ਇਸੇ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ.ਐੱਸ. ਕੋਰਸ ਦੇ ਦੂਜੇ ਸਾਲ ਦਾ ਵਿਦਿਆਰਥੀ ਹਾਂ ਅਤੇ ਯੂਨੀਵਰਸਿਟੀ ਦੇ ਸਾਹਮਣੇ ਵਾਲੀ ਗਲੀ ਵਿਚ ਹੀ ਪੀ.ਜੀ. ਵਿਚ ਰਹਿੰਦਾ ਹਾਂ, ਜੇ ਚਾਹੋ ਤਾਂ ਅੱਜ ਦੀ ਰਾਤ ਤੁਸੀਂ ਮੇਰੇ ਕਮਰੇ ਦੇ ਸਾਹਮਣੇ ਵਾਲੇ ਕਮਰੇ ਵਿਚ ਰਹਿ ਸਕਦੇ ਹੋ ਕਿਉਂਕਿ ਮੇਰਾ ਦੋਸਤ ਜੋ ਉਸ ਕਮਰੇ ਵਿਚ ਰਹਿੰਦਾ ਹੈ ਉਹ ਕੁਝ ਦਿਨਾਂ ਲਈ ਆਪਣੇ ਪਿੰਡ ਗਿਆ ਹੋਇਆ ਹੈ। ਉਸਦੀ ਚਾਬੀ ਮੇਰੇ ਕੋਲ ਹੀ ਹੈ ਪਰ ਇਸ ਬਾਰੇ ਮੈਂ ਪਹਿਲਾਂ ਆਪਣੀ ਪੀ.ਜੀ. ਵਾਲੀ ਆਂਟੀ ਨੂੰ ਦੱਸਾਂਗਾ, ਅਗਰ ਉਸ ਨੇ ਹਾਂ ਕਰ ਦਿੱਤੀ ਤਾਂ ਫਿਰ ਹੀ ਫਾਈਨਲ ਹੋਵੇਗਾ।’
ਵਿਕਾਸ ਨੇ ਉਨ੍ਹਾਂ ਅੱਗੇ ਅਸਲੀਅਤ ਬਿਆਨ ਕੀਤੀ।
ਸ਼ਮੀਰਾ ਅਤੇ ਉਸ ਦੀ ਮਾਂ ਨੇ ਉਸ ਲੜਕੇ ਦਾ ਧੰਨਵਾਦ ਕਰਦਿਆਂ ਬਿਨਾਂ ਕਿਸੇ ਸੋਚ-ਵਿਚਾਰ ਦੇ ਆਪਣੇ ਸਮਾਨ ਵਾਲੇ ਬੈਗ ਉਸ ਦੇ ਨਾਲ ਜਾਣ ਲਈ ਚੁੱਕ ਲਏ। ਵਿਕਾਸ ਨੇ ਪਹਿਲਾਂ ਕਹੇ ਅਨੁਸਾਰ ਆਪਣੀ ਪੀ.ਜੀ. ਵਾਲੀ ਆਂਟੀ ਨੂੰ ਸ਼ਮੀਰਾ ਅਤੇ ਉਸ ਦੀ ਮਾਂ ਦੀ ਬੇਵਸੀ ਦੱਸੀ, ਜਿਸ ਦੇ ਹਾਂ ਕਰਨ ’ਤੇ ਵਿਕਾਸ ਨੇ ਆਪਣੇ ਦੋਸਤ ਦਾ ਕਮਰਾ ਉਨ੍ਹਾਂ ਲਈ ਖੋਲ੍ਹ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਸ਼ਮੀਰਾ ਅਤੇ ਉਸ ਦੀ ਮੰਮੀ ਦੇ ਰਾਤ ਦੇ ਖਾਣੇ ਦਾ ਪ੍ਰਬੰਧ ਵੀ ਕਰ ਦਿੱਤਾ। ਦਿਨ ਚੜ੍ਹੇ ਤੋਂ ਸ਼ਮੀਰਾ ਅਤੇ ਉਸ ਦੀ ਮਾਂ ਨੇ ਵਿਕਾਸ ਨੂੰ ਸ਼ਮੀਰਾ ਲਈ ਵੀ ਕੋਈ ਇਹੋ ਜਿਹਾ ਵਧੀਆ ਪੀ.ਜੀ. ਵੇਖਣ ਨੂੰ ਕਿਹਾ ਕਿਉਂਕਿ ਸਰਕਾਰੀ ਰਿਹਾਇਸ਼ ਦੇ ਤੌਰ ’ਤੇ ਟ੍ਰੇਨੀਆਂ ਲਈ ਮਿਲਦੇ ਹੋਸਟਲ ਬਾਰੇ ਸ਼ਮੀਰਾ ਦੀਆਂ ਸਹੇਲੀਆਂ ਨੇ ਉਸ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਸਰਕਾਰੀ ਹੋਸਟਲਾਂ ਦੇ ਵਿਚ ਰਹਿਣ ਦੇ ਪ੍ਰਬੰਧ ਅਤੇ ਖਾਣੇ ਏਨੇ ਵਧੀਆ ਨਹੀਂ ਹਨ। ਵਿਕਾਸ ਨੇ ਸ਼ਮੀਰਾ ਅਤੇ ਉਸ ਦੀ ਮਾਂ ਨੂੰ ਨਾਲ ਲੈ ਕੇ ਜਲਦੀ ਹੀ ਆਪਣੇ ਨੇੜੇ ਇਕ ਵਧੀਆ ਪੀ.ਜੀ. ਲੱਭ ਦਿੱਤਾ।
ਸ਼ਮੀਰਾ ਦੀ ਮਾਂ, ਸ਼ਮੀਰਾ ਦੀ ਰਿਹਾਇਸ਼ ਦੀ ਚਿੰਤਾ ਤੋਂ ਮੁਕਤ ਹੋ ਕੇ ਜਾਣ ਲੱਗਿਆਂ ਇਕ ਵਾਰ ਫੇਰ ਵਿਕਾਸ ਦਾ ਧੰਨਵਾਦ ਕਰਦਿਆਂ ਬੋਲੀ, ‘ਪੁੱਤਰ ਪਤਾ ਨਹੀਂ ਤੂੰ ਮੈਨੂੰ ਕਿਉਂ ਆਪਣਾ-ਆਪਣਾ ਜਿਹਾ ਲੱਗਾ ਏਂ, ਰੱਬ ਤੇਰੀਆਂ ਲੰਮੀਆਂ ਉਮਰਾਂ ਕਰੇ ਤੂੰ ਖ਼ੂਬ ਤਰੱਕੀਆਂ ਕਰੇਂ, ਕਿਸੇ ਧਰਮੀ ਮਾਪਿਆਂ ਦਿਆ ਜਾਇਆ।’ ਸ਼ਮੀਰਾ ਦੀ ਮਾਂ ਏਨੇ ਸ਼ਬਦ ਕਹਿ ਕੇ ਵਾਪਸੀ ਲਈ ਬੱਸੇ ਬੈਠ ਗਈ। ਰਸਤੇ ਵਿਚ ਆਉਂਦਿਆਂ ਸ਼ਮੀਰਾ ਦੀ ਮਾਂ ਵਿਕਾਸ ਨੂੰ ਲੈ ਕੇ ਪਤਾ ਨਹੀਂ ਕੀ ਕੁਝ ਬੁਣਦੀ ਤੇ ਢਾਹੁੰਦੀ ਆਈ। ਫਿਰ ਮਨਬਚਨੀ ਕਰਦੀ ਬੋਲੀ ਰੱਬ ਕਰੇ ਮੇਰੀ ਧੀ ਨੂੰ ਵਿਕਾਸ ਵਰਗੇ ਨੇਕ ਇਨਸਾਨ ਦਾ ਸਾਥ ਉਮਰਾਂ ਤੱਕ ਮਿਲਦਾ ਰਹੇ।
ਸਮਾਂ ਅਗਾਂਹ ਨੂੰ ਤੁਰ ਪਿਆ। ਸ਼ਮੀਰਾ ਤੇ ਵਿਕਾਸ ਯੂਨੀਵਰਸਿਟੀ ਆਉਂਦੇ ਜਾਂਦਿਆਂ ਅਕਸਰ ਹੀ ਮਿਲਦੇ ਇਕ ਦੂਜੇ ਅਤੇ ਘਰ ਦਿਆਂ ਦਾ ਹਾਲ ਪੁੱਛਦੇ, ਖ਼ਾਸ ਕਰ ਕੇ ਵਿਕਾਸ ਸ਼ਮੀਰਾ ਦੀ ਮਾਂ ਦਾ ਹਾਲ ਪੁੱਛਣਾ ਕਦੇ ਨਾ ਭੁੱਲਦਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਵਿਕਾਸ ਦਾ ਕੋਰਸ ਮੁਕੰਮਲ ਹੋ ਗਿਆ। ਅੱਜ ਵਿਕਾਸ ਨੇ ਆਪਣੇ ਘਰ ਵਾਪਸ ਜਾਣਾ ਸੀ। ਸ਼ਮੀਰਾ ਦੇ ਬੇਸ਼ੱਕ ਹੁਣ ਤਕ ਹੋਰ ਕਈ ਮੁੰਡੇ-ਕੁੜੀਆਂ ਦੋਸਤ ਬਣ ਚੁੱਕੇ ਸਨ ਪਰ ਸ਼ਮੀਰਾ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਅੱਜ ਵਿਕਾਸ ਦੇ ਜਾਣ ਨਾਲ ਇਸ ਸ਼ਹਿਰ ਵਿਚ ਇੱਕਲੀ ਰਹਿ ਜਾਵੇਗੀ।
‘ਵਿਕਾਸ ਸਰ, ਮੈਂ ਤੁਹਾਨੂੰ ਸਦਾ ਮਿਸ ਕਰਦੀ ਰਹਾਂਗੀ, ਪਲੀਜ਼ ਮੇਰਾ ਫੋਨ ਨੰਬਰ ਕਦੇ ਡਿਲੀਟ ਨਾ ਕਰਿਓ ਤੇ ਮੈਂ ਜਦੋਂ ਵੀ ਤੁਹਾਨੂੰ ਫੋਨ ਕਰਾਂ, ਪਲੀਜ਼ ਜ਼ਰੂਰ ਅਟੈਂਡ ਵੀ ਕਰ ਲਿਓ, ਮੇਰੀ ਜ਼ਿੰਦਗੀ ਵਿਚ ਤੁਹਾਡਾ ਸਦਾ ਇਕ ਵਿਸ਼ੇਸ਼ ਸਥਾਨ ਰਹੇਗਾ।’ ਸ਼ਮੀਰਾ ਨੇ ਝਕਦਿਆਂ-ਝਕਦਿਆਂ ਆਪਣੇ ਦਿਲ ਦੀ ਗੱਲ ਵਿਕਾਸ ਨੂੰ ਕਹਿ ਦਿੱਤੀ।
‘ਅਰੇ ਸ਼ੋਅਰ, ਸ਼ਮੀਰਾ ਆਪ ਜੇਹ ਕੈਸੀ ਬਾਤੇਂ ਕਰ ਰਹੀ ਹੋ। ਓ.ਕੇ. ਬਾਏ. ਟੇਕ ਕੇਅਰ, ਸੀ ਯੂ ਨੈਕਸ ਟਾਈਮ।’ ਵਿਕਾਸ ਸ਼ਮੀਰਾ ਨੂੰ ਇਹ ਸ਼ਬਦ ਕਹਿ ਕੇ ਉਸ ਨੂੰ ਲੈਣ ਆਏ ਆਪਣੇ ਦੋਸਤ ਦੀ ਗੱਡੀ ਵਿਚ ਬਹਿ ਗਿਆ। ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਗਿਆ। ਕੁਝ ਸਮੇਂ ਬਾਅਦ ਸ਼ਮੀਰਾ ਦਾ ਵਿਕਾਸ ਨੂੰ ਫੋਨ ਆਉਣੋਂ ਘੱਟਦਾ-ਘੱਟਦਾ ਬੰਦ ਹੀ ਹੋ ਗਿਆ।
ਵਿਕਾਸ ਨੇ ਵੀ ਸੋਚਿਆ ਕਿ ਕਈ ਵਾਰ ਕੁਝ ਲੋਕ ਜੀਵਨ ਵਿਚ ਥੋੜ੍ਹੇ ਸਮੇਂ ਲਈ ਆਉਂਦੇ ਨੇ ਤੇ ਚਲੇ ਜਾਂਦੇ ਨੇ। ਇਹ ਦੁਨੀਆ ਦਾ ਆਮ ਜਿਹਾ ਵਰਤਾਰਾ ਹੈ। ਇਸ ਵਿਚ ਕੋਈ ਬਹੁਤੀ ਵੱਡੀ ਗੱਲ ਨਾ ਸਮਝ ਕੇ ਉਹ ਵੀ ਸਰਕਾਰੀ ਨੌਕਰੀ ਮਿਲਣ ਕਰ ਕੇ ਬਿਜ਼ੀ ਹੋ ਗਿਆ। ਕਰੀਬ ਸਾਲ ਕੁ ਬਾਅਦ ਵਿਕਾਸ ਦੇ ਫੋਨ ’ਤੇ ਕਿਸੇ ਅਨਨੌਂਨ ਨੰਬਰ ਤੋਂ ਫ਼ੋਨ ਆਇਆ, ਕੰਬਦੀ ਜਿਹੀ ਆਵਾਜ਼ ਵਿਚ।
‘ਵਿਕਾਸ ਸਰ, ਸਰ, ਮੈਂ ਸ਼ਮੀਰਾ, ਸਰ, ਸਰ।’
‘ਹਾਂ-ਹਾਂ ਸ਼ਮੀਰਾ ਕੀ ਗੱਲ? ਤੂੰ ਏਨੀ ਘਬਰਾਈ ਹੋਈ ਕਿਉਂ ਬੋਲ ਰਹੀ ਏਂ ?’
ਵਿਕਾਸ ਨੇ ਕਾਫ਼ੀ ਸਮੇਂ ਬਾਅਦ ਸ਼ਮੀਰਾ ਦੇ ਇਸ ਤਰ੍ਹਾਂ ਆਏ ਫੋਨ ’ਤੇ ਹੈਰਾਨੀ ਜਿਹੀ ਜ਼ਾਹਿਰ ਕਰਦਿਆਂ ਪੁੱਛਿਆ?
‘ਵਿਕਾਸ ਸਰ ਮੈਂ ਇਸ ਜਹਾਨ ਤੋਂ ਸਦਾ ਲਈ ਜਾ ਰਹੀ ਹਾਂ, ਮੈਂ ਜਾਣ ਤੋਂ ਪਹਿਲਾਂ ਸਿਰਫ਼ ਤੁਹਾਡੇ ਨਾਲ ਹੀ ਗੱਲ ਕਰਨੀ ਚਾਹੁੰਦੀ ਸੀ ਕਿਉਂਕਿ ਮੇਰਾ ਇਸ ਦੁਨੀਆ ਵਿਚ ਤੁਹਾਡੇ ਤੋਂ ਇਲਾਵਾ ਹੋਰ ਕੋਈ ਨਹੀਂ ਰਿਹਾ। ਮੈਂ ਚਾਹੁੰਦੀ ਸੀ ਕਿ ਮੈਂ ਤੁਹਾਨੂੰ ਦੱਸ ਜਾਵਾਂ ਕਿ ਮੈਂ ਅੱਜ ਮੌਤ ਨੂੰ ਗਲੇ ਲਗਾ ਰਹੀ ਹਾਂ। ਤੁਸੀਂ ਮੈਨੂੰ ਮਾਫ਼ ਕਰ ਦਿਓ ਕਿਉਂਕਿ ਮੈਂ ਕਾਫ਼ੀ ਦੇਰ ਤੋਂ ਤੁਹਾਨੂੰ ਫੋਨ ਵੀ ਨਹੀਂ ਕੀਤਾ। ਤੁਸੀਂ ਮੇਰੇ ਬਾਰੇ ਇਹੋ ਹੀ ਸੋਚਦੇ ਹੋਵੋਗੇ ਕਿ ਲੋਕ ਮਤਲਬ ਨਿਕਲਣ ਤੋਂ ਬਾਅਦ ਅਕਸਰ ਭੁੱਲ ਹੀ ਜਾਂਦੇ ਨੇ, ਸਰ ਮੈਂ ਭੁੱਲੀ ਤਾਂ ਨਹੀਂ ਸੀ ਪਰ ਭਟਕ ਜ਼ਰੂਰ ਗਈ ਸੀ।’ ਸ਼ਮੀਰਾ ਜਾਂਦੀ ਵਾਰੀ ਆਪਣਾ ਸਾਰਾ ਦੁੱਖ ਵਿਕਾਸ ਨੂੰ ਦੱਸਣਾ ਚਾਹ ਰਹੀ ਸੀ।
‘ਅਰੇ ਸ਼ਮੀਰਾ ਹੂਆ ਕਿਆ ਹੈ, ਯੇਹ ਤੋਂ ਬਤਾਅ?’ ਵਿਕਾਸ ਨੇ ਹੋਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ।
‘ਸਰ, ਵਿਕਾਸ ਸਰ ਮੇਰੇ ਸਾਥ, ਮੇਰਾ ਰੇਪ ਹੂਆ ਹੈ, ਇਸ ਲੀਏ ਮੈਂ ਅਬ ਜੀਨਾ ਨਹੀਂ ਚਾਹਤੀ।’ ਸ਼ਮੀਰਾ ਫੋਨ ’ਤੇ ਹੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗ ਪਈ।
‘ਤੁਮ ਇਸ ਵਕਤ ਕਹਾਂ ਹੋ?’ ਵਿਕਾਸ ਨੇ ਉੱਚੀ ਆਵਾਜ਼ ਵਿਚ ਸ਼ਮੀਰਾ ਨੂੰ ਪੁੱਛਿਆ।
‘ਸਰ ਮੈਂ ਇਸ ਵਕਤ ਆਪਣੀ ਯੂਨੀਵਰਸਿਟੀ ਕੇ ਸਾਥ ਸੇ ਗੁਜ਼ਰਤੇ ਰੇਲਵੇ ਟ੍ਰੈਕ ਪਰ ਹੂੰ ਔਰ ਗਾੜੀ ਕਾ ਹੀ ਇੰਤਜ਼ਾਰ ਕਰ ਰਹੀ ਹੂੰ।’ ਆਖਦਿਆਂ ਸ਼ਮੀਰਾ ਦਾ ਫਿਰ ਗਲਾ ਭਰ ਆਇਆ।
‘ਦੇਖ ਸ਼ਮੀਰਾ ਅਗਰ ਤੂੰ ਮੇਰੀ ਦਿਲ ਸੇ ਰਸਪੈੱਕਟ ਕਰਤੀ ਹੋ ਤੋ ਮੇਰਾ ਇੰਤਜ਼ਾਰ ਕਰ, ਮੈਂ ਸ਼ਾਮ ਤੱਕ ਤੇਰੇ ਪਾਸ ਪਹੁੰਚ ਜਾਊਂਗਾ, ਮੇਰੇ ਸਾਥ ਵਾਅਦਾ ਕਰ ਕੇ ਤੂੰ ਖ਼ੁਦਕੁਸ਼ੀ ਨਹੀਂ ਕਰੇਗੀ, ਹਮ ਤੇਰੇ ਸਾਥ ਮਿਲ ਕਰ ਇਸ ਜ਼ੁਲਮ ਦੇ ਖ਼ਿਲਾਫ਼ ਜੰਗ ਲੜੇਂਗੇ, ਚਲੋ ਅਬ ਘਰ ਵਾਪਸ ਚਲੋ, ਤੁਜੇ ਮੇਰੀ ਕਸਮ ਹੈ, ਮੈਂ ਅਭੀ ਤੇਰੇ ਪਾਸ ਆਨੇ ਕੇ ਲੀਏ ਨਿਕਲ ਰਹਾ ਹੂੰ।’ ਵਿਕਾਸ ਨੇ ਸ਼ਮੀਰਾ ਨੂੰ ਹੌਸਲਾ ਦਿੰਦੇ ਹੋਏ ਕਿਹਾ।
ਸ਼ਾਮ ਢਲਦਿਆਂ ਵਿਕਾਸ ਸ਼ਮੀਰਾ ਦੇ ਕੋਲ ਸੀ।
‘ਵਿਕਾਸ ਸਰ, ਤੁਹਾਡੇ ਜਾਣ ਤੋਂ ਬਾਅਦ ਮੇਰੀ ਦੋਸਤੀ ਮੇਰੇ ਕਲਾਸਮੇਟ ਅਭਿਨਵ ਨਾਲ ਹੋ ਗਈ। ਉਹ ਵੇਖਣ ਨੂੰ ਇਕ ਵਧੀਆ ਇਨਸਾਨ ਲੱਗਦਾ ਸੀ ਪਰ ਇਹ ਉਸ ਨੇ ਮੈਨੂੰ ਫਸਾਉਣ ਲਈ ਆਪਣੇ ਚਿਹਰੇ ’ਤੇ ਇਕ ਮਖੌਟਾ ਪਹਿਨਿਆ ਹੋਇਆ ਸੀ। ਵਿਕਾਸ ਸਰ ਉਸ ਨੇ ਮੈਨੂੰ ਬਹਾਨੇ ਨਾਲ ਇਕ ਹੋਟਲ ਵਿਚ ਬੁਲਾਇਆ ਅਤੇ ਫੇਰ ਮੇਰੇ ਨਾਲ ਉਸ ਨੇ ਜਬਰਦਸਤੀ...।’ ਸ਼ਮੀਰਾ ਨੇ ਵਿਕਾਸ ਨੂੰ ਆਪਣਾ ਸਾਰਾ ਦਰਦ ਬਿਆਨ ਕਰ ਦਿੱਤਾ। ਵਿਕਾਸ ਨੇ ਸ਼ਮੀਰਾ ਨੂੰ ਹੌਸਲਾ ਦਿੱਤਾ ਅਤੇ ਉਸ ਕਮੀਨੇ ਸ਼ਖ਼ਸ ਖ਼ਿਲਾਫ਼ ਡੱਟ ਕੇ ਲੜਾਈ ਲੜਨ ਲਈ ਪੂਰੀ ਤਰ੍ਹਾਂ ਪਰਪੇਅਰ ਅਤੇ ਗਾਈਡ ਕਰ ਕੇ ਉਸ ਨੂੰ ਨਾਲ ਲੈ ਕੇ ਸਬੰਧਤ ਥਾਣੇ ਵਿਚ ਐੱਫ,ਆਈ.ਆਰ. ਦਰਜ ਕਰਵਾ ਦਿੱਤੀ ।
ਸ਼ਮੀਰਾ ਦਾ ਮੈਡੀਕਲ ਹੋਇਆ ਜਿਸ ਵਿਚ ਜਬਰ-ਜਨਾਹ ਹੋਣ ਦੀ ਪੁਸ਼ਟੀ ਹੋ ਗਈ। ਵਿਕਾਸ ਨੇ ਆਪਣੇ ਕੁਝ ਪੁਰਾਣੇ ਸਾਥੀ ਡਾਕਟਰਾਂ ਅਤੇ ਨਵੇਂ ਸਟੂਡੈਂਟਸ ਨੂੰ ਨਾਲ ਲੈ ਕੇ ਪ੍ਰਸ਼ਾਸ਼ਨ ’ਤੇ ਦਬਾਅ ਬਣਾ ਕੇ ਦੋਸ਼ੀ ਦੀ ਗ੍ਰਿਫ਼ਤਾਰੀ ਵੀ ਜਲਦੀ ਹੀ ਕਰਵਾ ਦਿੱਤੀ। ਚੱਲਦੇ ਮੁਕੱਦਮੇ ਦੌਰਾਨ ਸ਼ਮੀਰਾ ਅਤੇ ਵਿਕਾਸ ਨੂੰ ਸਮਝੌਤੇ ਲਈ ਆਏ ਦਿਨ ਕਈ ਔਫਰਾਂ ਆਉਂਦੀਆਂ ਰਹੀਆਂ। ਜਦੋਂ ਉਹ ਨਾ ਮੰਨੇ ਤਾਂ ਫਿਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਆਈਆਂ ਪਰ ਵਿਕਾਸ ਦੇ ਸਹਾਰੇ ਕਰਕੇ ਸ਼ਮੀਰਾ ਟੱਸ ਤੋਂ ਮੱਸ ਨਾ ਹੋਈ। ਵਿਕਾਸ ਅਤੇ ਸ਼ਮੀਰਾ ਨੇ ਆਖ਼ਰ ਦੋਸ਼ੀ ਨੂੰ ਸਜ਼ਾ ਕਰਵਾ ਕੇ ਹੀ ਦਮ ਲਿਆ। ਜਿਸ ਦੇ ਚਰਚੇ ਅਖ਼ਬਾਰਾਂ ਵਿਚ ਵੀ ਬਹੁਤ ਪੜ੍ਹੇ-ਸੁਣੇ ਗਏ।
ਅੱਜ ਸ਼ਮੀਰਾ ਉਸੇ ਹੀ ਥਾਂ ’ਤੇ ਖੜ੍ਹੀ ਜਿੱਥੇ ਕਦੇ ਵਿਕਾਸ ਨੂੰ ਪਹਿਲੀ ਵਾਰ ਮਿਲੀ ਸੀ ਪਰ ਅੱਜ ਉਸ ਨੂੰ ਵਿਕਾਸ ਦਾ ਉਸ ਕੋਲੋਂ ਦੂਰ ਜਾਣਾ ਉਸ ਦੀ ਜਾਨ ਜਾਣ ਵਾਂਗ ਲੱਗ ਰਿਹਾ ਸੀ। ਉਹ ਵਿਕਾਸ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦੇਣਾ ਚਾਹੁੰਦੀ ਸੀ ਪਰ ਉਹ ਉਸ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਕਿਉਂਕਿ ਉਹ ਆਪਣੇ ਆਪ ਵਿਚ ਹੀਣ ਭਾਵਨਾ ਮਹਿਸੂਸ ਕਰ ਰਹੀ ਸੀ ।
‘ਸ਼ਮੀਰਾ ਕੋਰਸ ਤਾਂ ਤੇਰਾ ਹੁਣ ਖ਼ਤਮ ਹੋ ਚੁੱਕਾ ਹੈ। ਹੁਣ ਤੇਰਾ ਇਸ ਸ਼ਹਿਰ ਵਿਚ ਰਹਿਣਾ ਠੀਕ ਨਹੀਂ ਹੈ। ਤੇਰੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਦੋਸ਼ੀ ਨੂੰ ਤਾਂ ਜੇਲ੍ਹ ਅੰਦਰ ਕਰਵਾ ਦਿੱਤਾ ਹੈ ਪਰ ਉਹ ਆਪਣੇ ਸਾਥੀਆਂ ਕੋਲੋਂ ਕੁਝ ਵੀ ਕਰਵਾ ਸਕਦਾ ਹੈ।’ ਵਿਕਾਸ ਨੇ ਸ਼ਮੀਰਾ ਨੂੰ ਆਉਣ ਵਾਲੇ ਖ਼ਤਰੇ ਤੋਂ ਸਾਵਧਾਨ ਕੀਤਾ।
‘ਪਰ, ਸਰ ਮੈਂ ਹੁਣ ਜਾਵਾਂਗੀ ਵੀ ਕਿੱਥੇ? ਕਿਉਂਕਿ ਮੇਰੀ ਮੰਮੀ ਦੀ ਵੀ ਡੈਥ ਹੋ ਚੁੱਕੀ ਹੈ, ਜਿਸ ਬਾਰੇ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਸੀ। ਜੋ ਮੇਰੀ ਬਹੁਤ ਭਾਰੀ ਗ਼ਲਤੀ ਸੀ ਕਿਉਂਕਿ ਮੈਂ ਉਸ ਵਕਤ ਕਿਸੇ ਹੋਰ ਹੀ ਦੁਨੀਆ ਵਿਚ ਵੱਸ ਰਹੀ ਸੀ।’ ਸ਼ਮੀਰਾ ਦੀਆਂ ਸ਼ਰਮਿੰਦਗੀ ਨਾਲ ਅੱਖਾਂ ਨੀਵੀਆਂ ਹੋ ਗਈਆਂ।
ਆਂਟੀ ਜੀ ਦਾ ਤੇਰਾ ਇਸ ਤਰ੍ਹਾਂ ਸਾਥ ਛੱਡ ਕੇ ਜਾਣ ਦਾ ਮੈਨੂੰ ਬਹੁਤ ਦੁੱਖ ਲੱਗਾ ਹੈ ਪਰ ਇਹ ਉਸ ਭਗਵਾਨ ਦਾ ਹੁਕਮ ਹੁੰਦਾ ਹੈ। ਇਸ ਨੂੰ ਕੋਈ ਵੀ ਨਹੀਂ ਟਾਲ ਸਕਦਾ, ਬਾਕੀ ਸ਼ਮੀਰਾ ਤੂੰ ਹੁਣ ਮੇਰੇ ਨਾਲ ਮੇਰੇ ਘਰ ਜਾਵੇਂਗੀ ਤੇ ਉੱਥੇ ਹੀ ਰਹੇਂਗੀ ਕਿਉਂਕਿ ਪਹਿਲਾਂ ਮੈਂ ਇਕ ਭੈਣ ਦਾ ਭਰਾ ਸੀ। ਹੁਣ ਮੈਂ ਦੋ ਭੈਣਾਂ ਦਾ ਭਰਾ ਬਣ ਕੇ ਆਪਣੇ ਆਪ ਨੂੰ ਹੋਰ ਵੱਡਾ ਮਹਿਸੂਸ ਕਰਾਂਗਾ।’ ਵਿਕਾਸ ਨੇ ਆਪਣਾ ਫ਼ਰਜ਼ ਨਿਭਾਉਂਦਿਆਂ ਇਕ ਮੂੰਹ ਬੋਲੇ ਰਿਸ਼ਤੇ ਦੀ ਬੁਨਿਆਦ ਰੱਖ ਦਿੱਤੀ। ਸ਼ਮੀਰਾ ਦੀਆਂ ਅੱਖਾਂ ਵਿੱਚੋਂ ਵਹਿੰਦੇ ਹੰਝੂਆਂ ਨੇ ਚਿਰਾਂ ਤੋਂ ਬਣੇ ਕੱਚੇ ਰਿਸ਼ਤਿਆਂ ਦੇ ਸਾਰੇ ਮਹਿਲ ਢਾਹ ਦਿੱਤੇ ਅਤੇ ਉਸ ਦੀਆਂ ਅੱਖਾਂ ਵਿੱਚੋਂ ਵਿਕਾਸ ਦੇ ਹੱਥਾਂ ’ਤੇ ਡਿੱਗੇ ਕੁਝ ਹੰਝੂਆਂ ਦੇ ਤੁਪਕਿਆਂ ਨੇ ਇਕ ਪਾਕੀਜ਼ਗੀ ਭਰੇ ਪਵਿੱਤਰ ਰਿਸ਼ਤੇ ਦੀ ਤਸਵੀਰ ਬਣਾ ਦਿੱਤੀ।
ਯਾਦਾਂ ਦੇ ਸਾਗਰ ਵਿਚ ਗੋਤੇ ਖਾਦਿਆਂ ਸ਼ਮੀਰਾ ਨੂੰ ਪਤਾ ਹੀ ਨਾ ਲੱਗਾ ਕਦੋਂ ਘਰਦੇ ਸਾਰੇ ਜੀਅ ਤਿਆਰ ਹੋ ਕੇ ਬਾਹਰ ਖੜ੍ਹੇ ਉਸ ਨੂੰ ਉਡੀਕ ਰਹੇ ਸਨ। ਉਹ ਓਦੋਂ ਇਕ ਦਮ ਤ੍ਰਬਕ ਕੇ ਉੱਠੀ ਜਦੋਂ ਵਿਕਾਸ ਦੇ ਵੱਡੇ ਬੇਟੇ ਬਬਲੂ ਨੇ ਕੋਲ ਆ ਕੇ ਕਿਹਾ, ‘ਭੂਆ ਜੀ, ਕੀ ਕਰ ਰਹੇ ਹੋ? ਆਓ ਚੱਲੀਏ ਹੁਣ, ਬਾਹਰ
ਮੰਮਾ ਤੇ ਸ਼ੈਂਪੀ ਗੱਡੀ ਵਿਚ ਬੈਠੇ ਤੁਹਾਡੀ ਹੀ ਉਡੀਕ ਕਰ ਰਹੇ ਨੇ, ਅਸੀਂ ਕਾਫ਼ੀ ਲੇਟ ਹੋ ਗਏ ਹਾਂ। ਅਸੀਂ ਸ਼ੈਪੀ ਨੂੰ ਛੱਡ ਕੇ ਵਾਪਸ ਵੀ ਮੁੜਨਾ ਏ।’
ਸ਼ਮੀਰਾ ਵਕਤੋਂ ਪਹਿਲਾਂ ਭਰੇ ਪਰਿਵਾਰ ਨੂੰ ਸਦਾ ਲਈ ਛੱਡ ਕੇ ਤੁਰ ਗਏ ਆਪਣੇ ਮੂੰਹ ਬੋਲੇ ਵੀਰ ਵਿਕਾਸ ਦੀ ਛੋਟੀ ਬੇਟੀ ਸ਼ੈਪੀ ਨੂੰ ਪਰਿਵਾਰ ਸਮੇਤ ਅੱਜ ਉਸੇ ਮੈਡੀਕਲ ਯੂਨੀਵਰਸਿਟੀ ਵਿਚ ਐੱਮ.ਬੀ.ਬੀ.ਐੱਸ. ਦਾ ਕੋਰਸ ਕਰਨ ਲਈ ਛੱਡਣ ਜਾਣ ਲੱਗਿਆਂ ਉਸ ਯੂਨੀਵਰਸਿਟੀ ਨਾਲ ਜੁੜੀਆਂ ਆਪਣੇ ਅਤੇ ਵਿਕਾਸ ਦੀਆਂ ਯਾਦਾਂ ਵਿਚ ਵਹਿੰਦਿਆਂ ਰੁਮਾਲ ਨਾਲ ਆਪਣੀਆਂ ਅੱਖਾਂ ਪੂੰਝਦੀ ਗੱਡੀ ਵਿਚ ਬਹਿੰਦਿਆਂ, ਹਾਉਕਾ ਭਰਦਿਆਂ ਬੋਲੀ, ‘ਵੀਰਾ ਕਿੰਨਾ ਚੰਗਾ ਲੱਗਦਾ ਜੇ ਅੱਜ ਤੂੰ ਵੀ ਸਾਰੇ ਪਰਿਵਾਰ ਨਾਲ ਹੁੰਦਾ।’
• ਪ੍ਰਤਾਪ ‘ਪਾਰਸ’ ਗੁਰਦਾਸਪੁਰੀ