ਅੱਜ ਦੇ ਇੰਟਰਨੈਟ ਯੁੱਗ ਵਿਚ ਮਿੱਤਰ ਸਨੇਹੀਆਂ ਦੇ ਸਦੀਵੀ ਵਿਛੋੜੇ ਦੀ ਮੁੱਢਲੀ ਜਾਣਕਾਰੀ ਵਧੇਰੇ ਕਰਕੇ ਫੇਸਬੁੱਕ ਜਾਂ ਵ੍ਹਟਸਐਪ ਦੇ ਮਾਧਿਅਮ ਰਾਹੀਂ ਹੀ ਮਿਲਦੀ ਹੈ। ਬੜੇ ਖੁਸ਼ ਮੂੜ ਨਾਲ ਫੇਸਬੁੱਕ ਚਲਾ ਰਿਹਾ ਸਾਂ ਕਿ ਆਪਣੇ ਪਿਆਰੇ ਮਿੱਤਰ ਤੇ ਸਾਹਿਤਕ ਸਫ਼ਰ ਦੇ ਮੁੱਢਲੇ ਹਮਰਾਹ ਪਿ੍ਰੰਸੀਪਲ ਗੁਲਵੰਤ ਮਲੌਦਵੀ ਦੇ ਇਸ ਦੁਨੀਆ ਤੋਂ ਤੁਰ ਜਾਣ ਬਾਰੇ ਪਾਈ ਗਈ ਇਕ ਪੋਸਟ ‘ਤੇ ਨਜ਼ਰ ਪਈ ਮੇਰੇ ਮਨ ਵਿਚਲੀ ਸਾਰੀ ਖ਼ੁਸ਼ੀ ਕਾਫੂਰ ਬਣ ਕੇ ਉੱਡ ਗਈ। ਯਕੀਨ ਜਿਹਾ ਨਹੀਂ ਆਇਆ ਇਕ ਵਾਰ ਤਾਂ... ਪਰ ਅਜਿਹੀਆਂ ਪੋਸਟਾਂ ਝੂਠੀਆਂ ਵੀ ਤਾਂ ਨਹੀਂ ਹੁੰਦੀਆਂ। ਅਜੇ ਦਸ-ਬਾਰ੍ਹਾਂ ਦਿਨ ਪਹਿਲਾਂ ਹੀ ਤਾਂ ਉਸ ਫੇਸਬੁੱਕ ’ਤੇ ਮੈਨੂੰ ਮੇਰੇ ਕਹਾਣੀ ਸੰਗ੍ਰਹਿ ‘ਤੀਸਰੀ ਖਿੜਕੀ’ ਦੇ ਪ੍ਰਕਾਸ਼ਿਤ ਹੋਣ ਦੀ ਬੜੀ ਗਰਮਜੋਸ਼ੀ ਨਾਲ ਵਧਾਈ ਦਿੱਤੀ ਸੀ। ਜੇ ਗੁਲਵੰਤ ਮਲੌਦਵੀ ਨਾਲ ਮੇਰੀ ਕੇਵਲ ਸਾਹਿਤਕ ਜਾਣ ਪਛਾਣ ਹੀ ਹੁੰਦੀ ਤਾਂ ਮੈਂ ਸਰਸਰੀ ਜਿਹੇ ਢੰਗ ਨਾਲ ‘ਬਹੁਤ ਅਫਸੋਸ’ ਦੀ ਇਬਾਰਤ ਟਾਈਪ ਕਰ ਕੇ ਅਗਲੀ ਪੋਸਟ ਵੇਖਣ ਲੱਗ ਪੈਂਦਾ ਪਰ ਇਸ ਮੁਹੱਬਤੀ ਬੰਦੇ ਨਾਲ ਤਾਂ ਮੇਰੇ ਜੀਵਨ ਦੀਆਂ ਕਈ ਯਾਦਾਂ ਜੁੜੀਆਂ ਹੋਈਆਂ ਨੇ। ਉਸ ਦੀ ਬੋਹਾ ਰਿਹਾਇਸ਼ ਸਮੇਂ ਸਾਡੀ ਭਰਾਵਾਂ ਵਰਗੀ ਨੇੜਤਾ ਵਾਲੀ ਦੋਸਤੀ ਸਾਹਿਤਕ ਹਲਕਿਆਂ ਵਿਚ ਇਕ ਮਿਸਾਲ ਬਣੀ ਹੋਈ ਸੀ। ਹਰ ਦੂਰ ਨੇੜੇ ਦੇ ਸਾਹਿਤਕ ਸਮਾਗਮ ਤੇ ਇਕੱਠੇ ਪਹੁੰਚਣਾ, ਸਾਹਿਤ ਸਭਾ ਬੋਹਾ ਤੇ ਲੇਖਕ ਪਾਠਕ ਮੰਚ ਗੰਢੂ ਕਲਾਂ ਦਾ ਗਠਨ ਕਰਨਾ ਤੇ ਇਨ੍ਹਾਂ ਸਭਾਵਾਂ ਵੱਲੋਂ ਕਈ ਯਾਦਗਾਰੀ ਸਮਾਗਮ ਕਰਾਉਣੇ, ਹੁਣ ਵੀ ਮੇਰੇ ਲਈ ਅਭੁੱਲ ਯਾਦਾਂ ਨੇ।

1995 ਦੇ ਨੇੜ-ਤੇੜ ਉਹ ਬੋਹਾ ਤੋਂ ਬਦਲੀ ਕਰਵਾ ਕੇ ਘਨੌਲੀ (ਰੂਪ ਨਗਰ) ਦੇ ਸ਼ਾਂਤ ਜਿਹੇ ਇਲਾਕੇ ਵਿਚ ਚਲਾ ਗਿਆ ਤਾਂ ਉਦੋਂ ਸੱਚੀ ਹੀ ਮੈਂ ਆਪਣੇ ਆਪ ਨੂੰ ਇਕੱਲਿਆਂ ਪੈ ਗਏ ਮਹਿਸੂਸ ਕੀਤਾ ਸੀ। ਇਸ ਦਾ ਇਕ ਕਾਰਨ ਇਹ ਵੀ ਸੀ ਸਾਹਿਤਕ ਸੰਸਥਾਵਾਂ ਨੂੰ ਚਲਾਉਣ ਲਈ ਜਿਹੜੀ ਸਿਰਜਣਾਤਮਕ ਊਰਜਾ ਉਸ ਵਿਚ ਸੀ, ਉਹ ਮੇਰੇ ਕੋਲ ਨਹੀਂ ਸੀ। ਭਾਵੇਂ ਉਸਦੇ ਤੁਰ ਜਾਣ ਤੋਂ ਬਾਅਦ ਵੀ ਇਸ ਖੇਤਰ ਵਿਚ ਕੁਝ ਸਾਹਿਤਕ ਸਮਾਗਮ ਹੋਏ ਸਨ ਪਰ ਸਾਹਿਤਕ ਖੇਤਰ ਵਿਚ ਜਿਹੜੀ ਛਾਪ ਉਸ ਨਾਲ ਮਿਲ ਕੇ ਕਰਵਾਇਆ ਸਾਹਿਤਕ ਸਮਾਗਮ ‘ਪੰਜਾਬ ਸੰਕਟ ਦੀ ਗੱਲ ਕਰਦਾ ਕਹਾਣੀ ਦਰਬਾਰ’ ਛੱਡ ਗਿਆ ਸੀ ਉਹ ਛਾਪ ਮੈਨੂੰ ਮੁੜ ਕੇ ਵੇਖਣ ਨੂੰ ਨਹੀਂ ਮਿਲੀ। 1988 ਵਿਚ ਪ੍ਰਕਾਸ਼ਿਤ ਹੋਏ ਉਸਦੇ ਕਹਾਣੀ ਸੰਗ੍ਰਹਿ ‘ਰਿਸ਼ਤਿਆਂ ਦਾ ਇੰਤਕਾਲ’ ਵਿੱਚੋਂ ਮੁਖਬੰਦ ਵੱਜੋਂ ਲਿਖੇ ਆਪਣੇ ਹੀ ਸ਼ਬਦ ਅੱਜ ਦੁਬਾਰਾ ਪੜ੍ਹੇ ਤਾਂ ਉਸਦੀ ਕਹਾਣੀਆਂ ਦਾ ਸਾਹਿਤਕ ਮਿਆਰ ਤੇ ਉਸਦੇ ਵਿਅਕਤੀਤਵ ਦੇ ਮੀਰੀ ਗੁਣਾਂ ਨੂੰ ਮਹਿਸੂਸ ਕਰ ਕੇ ਮੇਰੀਆਂ ਅੱਖਾਂ ਵਾਰ-ਵਾਰ ਨਮ ਹੋਈਆਂ। ਮੈਨੂੰ ਲੱਗ ਰਿਹਾ ਸੀ ਕਿ ਸਾਹਿਤਕ ਦੋਸਤੀਆਂ ਜੋੜਣ ਤੇ ਨਿਭਾਉਣ ਦੇ ਵਧੇਰੇ ਗੁਰ ਮੈਂ ਉਸ ਤੋਂ ਹੀ ਸਿੱਖੇ ਨੇ। ਭਾਵੇਂ ਬਾਅਦ ਵਿਚ ਸਾਡੀਆਂ ਸਾਹਿਤਕ ਦੋਸਤੀਆਂ ਦਾ ਦਾਇਰਾ ਸਾਂਝਾ ਹੋ ਗਿਆ ਸੀ ਪਰ ਡਾ. ਐਸ. ਤਰਸੇਮ, ਹਮਦਰਦਵੀਰ ਨੌਸ਼ਹਿਰਵੀ, ਮਹਿਤਾਬ-ਉਦ ਦੀਨ, ਦਰਬਾਰਾ ਸਿੰਘ ਦਰਸ਼ਕ ਤੇ ਮੁਸਤਾਕ ਵਾਰਸੀ ਵਰਗੇ ਸੁਹਿਰਦ ਲੇਖਕਾਂ ਨਾਲ ਮੇਰੀ ਨੇੜਤਾ ਪੈਦਾ ਕਰਨ ਦਾ ਪਹਿਲਾ ਮਾਧਿਅਮ ਉਹ ਹੀ ਬਣਿਆ ਸੀ।

ਉਸਦੀ ਪਰਵਰਿਸ ਨਿਰੋਲ ਧਾਰਮਿਕ ਮਾਹੌਲ ਵਿਚ ਹੋਈ ਸੀ ਪਰ ਮੈਂ ਉਸ ਨੂੰ ਖੋਜੀ ਕਾਫਿਰ ਹੀ ਆਖਦਾ ਹੁੰਦਾ ਸਾਂ। ਪਿੰਡ ਮਲੌਦ ਦੇ ਬਾਹਰਵਾਰ ਉਸ ਦੇ ਪਰਿਵਾਰ ਦੇ ਨਿਵਾਸ ਅਸਥਾਨ ‘ਡੇਰਾ ਬਾਰਾਂਦਰੀ’ ਦੇ ਪਿਛਵਾੜੇ ਰਹਿ ਰਹੇ ਸੂਰ ਤੇ ਭੇਡਾਂ ਚਾਰਨ ਵਾਲੇ ਲੋਕਾਂ ਦੀ ਕੀੜੇ ਮਕੌੜਿਆਂ ਵਰਗੀ ਨਰਕੀ ਜ਼ਿੰਦਗੀ ਨੇ ਉਸ ਅੰਦਰਲੀ ਸੰਵੇਦਨਾ ਨੂੰ ਟੁੰਬਿਆਂ ਤਾਂ ਉਸ ਦੀ ਪਹਿਲੀ ਕਹਾਣੀ ‘ਰਾਹ ਦੀ ਤਲਾਸ਼’ ਨੇ ਜਨਮ ਲਿਆ। ਬਾਅਦ ਵਿਚ ਜਦੋਂ ਉਸ ਇਕ ਕਹਾਣੀਕਾਰ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ਬਣਾਉਣ ਲਈ ਸੁਚੇਤ ਯਤਨ ਕਰਨੇ ਸ਼ੁਰੂ ਕੀਤੇ ਤਾਂ ਇਨ੍ਹਾਂ ਝੁੱਗੀਆਂ-ਝੌਂਪੜੀਆਂ ਦੇ ਚੰਗੇਰੇ ਭਵਿੱਖ ਵੱਲ ਜਾਂਦਾ ਰਾਹ ਹੀ ਉਸ ਲਈ ਸਾਹਿਤਕ ਰਾਹ ਬਣ ਗਿਆ। ਉਸ ਇਸ ਕੰਡਿਆਲੇ ਰਾਹ ’ਤੇ ਆਪਣੀ ਸੰਵੇਦਨਾ ਨੂੰ ਨੰਗੇ ਪੈਰੀਂ ਤੋਰਿਆ ਸੀ ਤਦੇ ਹੀ ‘ਉਹ ਰਾਜ ਸੱਤਾ ਤੇ ਰਾਜ ਮਿੱਤਰ’ ਵਰਗੀ ਪਰਪੱਕ ਜਮਾਤੀ ਸੂਝ ਦੀ ਲਖਾਇਕ ਕਹਾਣੀ ਲਿਖ ਸਕਿਆ ਸੀ। ਚਾਹੇ ਆਪਣੇ ਸਾਰੇ ਜੀਵਨ ਵਿਚ ਉਹ ਇੱਕੋ ਹੀ ਕਹਾਣੀਆਂ ਦੀ ਪੁਸਤਕ ਪ੍ਰਕਾਸ਼ਿਤ ਕਰਵਾ ਸਕਿਆ ਪਰ ਉਹ ਅਖ਼ਬਾਰਾਂ ਦੇ ਸਪਤਾਹਿਕ ਅੰਕਾਂ ਲਈ ਲਗਾਤਾਰ ਲਿਖਦਾ ਰਿਹਾ। ਉਸ ਕਹਾਣੀ ਤੋਂ ਇਲਾਵਾ ਕਵਿਤਾ, ਮਿੰਨੀ ਕਹਾਣੀ ਤੇ ਵਾਰਤਕ ਵੀ ਲਿਖੀ। ਉਸ ਦੀਆਂ ਸਾਰੀਆਂ ਰਚਨਾਵਾਂ ਲੋਕ ਹਿੱਤਾਂ ਲਈ ਉੱਠਦੀਆਂ ਆਵਾਜ਼ਾਂ ਨਾਲ ਆਪਣੀ ਆਵਾਜ਼ ਮਿਲਾਉਂਦੀਆਂ ਰਹੀਆਂ।

ਲਿਖਣਾ ਤਾਂ ਉਸ ਕਾਲਜ ਸਮੇਂ ਦੀ ਲੈਰੀ ਜਿਹੀ ਉਮਰ ਵਿਚ ਹੀ ਸ਼ੁਰੂ ਕਰ ਦਿੱਤਾ ਸੀ ਪਰ ਸਾਹਿਤਕ ਖੇਤਰ ਵਿਚ ਆਪਣੀ ਪਛਾਣ ਬਣਾਉਣ ਸਬੰਧੀ ਉਸਦੇ ਸੁਪਨਿਆ ਨੇ ਲੰਬੀ ਪਰਵਾਜ਼ ਸੰਨ 1982-83 ਦੇ ਨੇੜ-ਤੇੜ ਉਸ ਦੇ ਸਹਿਤ ਸਭਾ ਬੋਹਾ ਨਾਲ ਜੁੜਣ ਤੋਂ ਬਾਅਦ ਹੀ ਭਰੀ। ਉਸ ਮੈਨੂੰ ਇਹ ਗੱਲ ਕਈ ਵਾਰ ਸੁਣਾਈ ਸੀ ਕਿ ਇਕ ਵਾਰ ਉਸ ਆਪਣੀਆਂ ਕਵਿਤਾਵਾਂ ਦੀ ਡਾਇਰੀ ਸ਼ਾਬਸ਼ੀ ਲੈਣ ਦੇ ਮੰਤਵ ਨਾਲ ਸਾਹਿਤਕਾਰ ਹੋਣ ਦਾ ਦਮ ਵੀ ਭਰਦੇ ਆਪਣੇ ਪੰਜਾਬੀ ਦੇ ਪ੍ਰੋਫੈਸਰ ਨੂੰ ਵਿਖਾਈ ਸੀ ਤਾਂ ਉਸ ਪ੍ਰੋਫੈਸਰ ਨੇ ਬਿਨਾਂ ਡਾਇਰੀ ਦਾ ਕੋਈ ਵਰਕਾ ਪਰਤੇ “...ਹੂੰ ਤਾਂ ਬੱਚੂ ਹੁਣ ਤੂੰ ਵੀ ਸਾਹਿਤਕਾਰ ਬਣੇਗਾ।” ਕਹਿ ਕੇ ਵਾਪਸ ਕਰ ਦਿੱਤੀ ਸੀ । ਪ੍ਰੋਫੈਸਰ ਵੱਲੋਂ ਨਿਰਾਸ਼ ਕਰ ਦਿੱਤੇ ਜਾਣ ’ਤੇ ਉਹ ਕਈ ਵਰ੍ਹੇ ਚੁੱਪ ਰਿਹਾ ਸੀ ਤੇ ਫਿਰ ਆਪਣੇ ਵਿਚ ਹਿੰਮਤ ਜਿਹੀ ਪੈਦਾ ਕਰਕੇ ਗੁਲਵੰਤ ਕਮਲ ਦੇ ਨਾਂ ਹੇਠ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਗੁਲਵੰਤ ਕਮਲ ਵਿੱਚੋਂ ਫਿਰ ਮਾਸਟਰ ਗੁਲਵੰਤ ਨੇ ਜਨਮ ਲਿਆ। ਦੋ ਚਾਰ ਕਹਾਣੀਆਂ ਇਸ ਨਾਂ ਹੇਠ ਛਪਵਾਈਆਂ ਤੇ ਫਿਰ ਸਾਹਿਤ ਸਭਾ ਬੋਹਾ ਨਾਲ ਜੁੜਣ ਤੋਂ ਬਾਅਦ ਉਹ ਪੱਕੇ ਤੌਰ ’ਤੇ ਗੁਲਵੰਤ ਮਲੌਦਵੀ ਬਣ ਗਿਆ।

ਜੇ ਸਾਹਿਤ ਸਭਾ ਬੋਹਾ ਦੇ ਗਠਨ ਵਿਚ ਸਭ ਤੋਂ ਵੱਧ ਯੋਗਦਾਨ ਗੁਲਵੰਤ ਮਲੌਦਵੀ ਨੇ ਹੀ ਪਾਇਆ ਸੀ ਤਾਂ ਇਸ ਸਭਾ ਨੂੰ ਦੋ ਗੁੱਟਾਂ ਵਿਚ ਵੰਡਣ ਦਾ ਕੰਮ ਵੀ ਉਸਦੀ ‘ਜਗਬਾਣੀ’ ਵਿਚ ਛਪੀ ਕਹਾਣੀ ‘ਤੀਸਰਾ ਨੇਤਰ ਵਿਕਾਊ ਹੈ’ ਨੇ ਹੀ ਕੀਤਾ ਸੀ। ਅਧਿਆਪਕ ਵਰਗ ਦੀਆਂ ਖਾਮੀਆਂ ਨੂੰ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਕਰਦੀ ਇਸ ਕਹਾਣੀ ਦੇ ਹਿਮਾਇਤੀਆਂ ਨੇ ਜਿੱਥੇ ਮਲੌਦਵੀ ਦੇ ਖ਼ੁਦ ਅਧਿਆਪਕ ਹੋ ਕੇ ਕੌੜਾ ਸੱਚ ਲਿਖਣ ਦੀ ਜੁਰਅਤ ਨੂੰ ਰੱਜਵੀਂ ਦਾਤ ਦਿੱਤੀ ਉੱਥੇ ਇਸ ਕਹਾਣੀ ਨੂੰ ਅਧਿਆਪਕ ਵਰਗ ਨੂੰ ਜਾਣ ਬੁਝ ਕੇ ਬਦਨਾਮ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਕੁਝ ਅਧਿਆਪਕਾਂ ਵੱਲੋਂ ਇਸਦਾ ਡੱਟਵਾਂ ਵਿਰੋਧ ਵੀ ਕੀਤਾ ਗਿਆ। ਗੱਲ ਅਖਬਾਰਾਂ ਰਾਹੀਂ ਕਹਾਣੀ ਦੇ ਵਿਰੋਧ ਜਾਂ ਹੱਕ ਵਿਚ ਟਿੱਪਣੀਆਂ ਭੇਜਣ ਤੋਂ ਸ਼ੁਰੂ ਹੋ ਕੇ ਵੱਖਰੀ ਸਾਹਿਤ ਸਭਾ ਖੜ੍ਹੀ ਕਰਨ ਦੀ ਕੋਸ਼ਿਸ਼ ਤਕ ਜਾ ਪਹੁੰਚੀ ਸੀ।

ਸਾਹਿਤ ਸਭਾ ਦੇ ਜਨਰਲ ਸਕੱਤਰ ਹੁੰਦਿਆਂ ਮੈਂ ਉਸ ਸਮੇਂ ਗੁਲਵੰਤ ਮਲੌਦਵੀ ਦਾ ਡੱਟਵਾਂ ਪੱਖ ਪੂਰਿਆ ਸੀ ਤੇ ਉਸ ਤੋਂ ਬਾਅਦ ਵੀ ਸਮਾਜਿਕ ਜੀਵਨ ਵਿਚ ਕੋਈ ਔਕੜ ਆ ਜਾਣ ’ਤੇ ਇਕ ਦੂਜੇ ਦਾ ਪੱਖ ਹੀ ਪੂਰਦੇ ਰਹੇ ਸਾਂ।

80ਵਿਆਂ ਦੇ ਪੰਜਾਬ ਸੰਕਟ ਨਾਲ ਸਬੰਧਤ ਮੇਰੀ ਕਹਾਣੀ ‘ਦੂਹਰਾ ਖ਼ਤਰਾ’ ਦਾ ਮੁੱਖ ਪਾਤਰ ਵੀ ਉਹ ਹੀ ਸੀ। ਮੈਂ ਜਦੋਂ ਕਦੇ ਵੀ ਇਸ ਕਹਾਣੀ ਨੂੰ ਦੁਬਾਰਾ ਪੜ੍ਹਿਐ ਤਾਂ ਇਸ ਮੁੱਖ ਪਾਤਰ ਵਿੱਚੋਂ ਮੈਨੂੰ ਪ੍ਰਸਿੱਧ ਉਰਦੂ ਲੇਖਕ ਖਵਾਜ਼ਾ ਅਹਿਮਦ ਅੱਬਾਸ ਦੀ ਕਹਾਣੀ ‘ਸਰਦਾਰ ਜੀ’ ਦੇ ਨਾਇਕ ਦਾ ਮੁਹਾਂਦਰਾਂ ਉਘੜਦਾ ਵਿਖਾਈ ਦਿੱਤਾ ਹੈ। ਸੰਨ 84 ਦੇ ਨੇੜ-ਤੇੜ ਕਿਸੇ ਦੋਸਤ ਦੇ ਘਰੋਂ ਵਾਪਸੀ ਸਮੇਂ ਉਸਦਾ ਮੋਟਰ ਸਾਇਕਲ ਪੈਂਚਰ ਹੋ ਗਿਆ ਤੇ ਉਪਰੋਂ ਡੂੰਘੀ ਸ਼ਾਮ ਉਤਰ ਆਈ। ਸੁੰਨਸਾਨ ਰਸਤੇ ’ਤੋਂ ਗੁਜ਼ਰਦਿਆਂ ਜਿਹੋ ਜਿਹੇ ਮਾਨਸਿਕ ਸਹਿਮ ਵਿੱਚੋਂ ਅਸੀਂ ਦੋਵੇਂ ਲੰਘੇ ਸਾਂ, ਉਸ ਨੂੰ ਯਾਦ ਕਰਦਿਆਂ ਹੁਣ ਵੀ ਮਨ ਕੰਬ ਉਠਦਾ ਹੈ। ਸੰਤ ਸਿੰਘ ਸੇਖੋ ਦੀ ਕਹਾਣੀ ‘ਪ੍ਰੇਮੀ ਦੇ ਨਿਆਣੇ’ ਵਿਚਲੇ ਬਾਲ ਪਾਤਰਾਂ ਵਾਂਗ ਅਸੀਂ ਕਿਵੇਂ ਇਕ ਦੂਜੇ ਨੂੰ ਹੌਸਲਾ ਦਿੰਦੇ ਰਹੇ, ਉਨ੍ਹਾਂ ਪਲਾਂ ਦੀ ਹੀ ਪੁਨਰ ਸੁਰਜੀਤੀ ਕਰਦੀ ਹੈ ਇਹ ਕਹਾਣੀ।

ਮਲੌਦਵੀ ਦੀ ਬੋਹਾ ਰਿਹਾਇਸ਼ ਸਮੇਂ ਸਾਰੇ ਲੇਖਕ ਦੋਸਤ ਜਾਣਦੇ ਸਨ ਕਿ ਉਹ ਮੇਰੇ ਮੁਕਾਬਲੇ ਕਿਤੇ ਚੰਗਾ ਮੇਜ਼ਬਾਨ ਹੈ। ਇਸ ਲਈ ਬੋਹਾ ਆਉਣ ’ਤੇ ਉਹ ਮੇਰੀ ਬਜਾਏ ਉਸਦੇ ਘਰ ਹੀ ਠਹਿਰਦੇ ਸਨ। ਉਸਦੀ ਇਹ ਮਹਿਮਾਨ ਨਿਵਾਜ਼ੀ ਦੀ ਆਦਤ ਰੋਪੜ ਜਾ ਕੇ ਵੀ ਉਸੇ ਤਰ੍ਹਾਂ ਬਰਕਰਾਰ ਰਹੀ। ਉਹ ਏਧਰਲੇ ਸਾਰੇ ਜਾਣਕਾਰਾਂ ਨੂੰ ਸੱਦਾ ਦਿੰਦਾ ਕਿ ਉਹ ਪਹਾੜਾਂ ਦੀ ਸੈਰ ਕਰਨ ਬਹਾਨੇ ਉਸ ਨੂੰ ਮਹਿਮਾਨ ਨਿਵਾਜ਼ੀ ਦਾ ਮੌਕਾ ਜ਼ਰੂਰ ਦੇਣ। ਇਸ ਖੇਤਰ ਦਾ ਜਿਹੜਾ ਵੀ ਉਸਦਾ ਜਾਣਕਾਰ ਉਸ ਨੂੰ ਮਿਲ ਕੇ ਆਉਂਦਾ ਵਾਪਸੀ ’ਤੇ ਉਸਦੀ ਨਿੱਘੀ ਮਹਿਮਾਨ -ਨਿਵਾਜ਼ੀ ਦੀ ਤਾਰੀਫ਼ ਮੇਰੇ ਕੋਲ ਜ਼ਰੂਰ ਕਰਦਾ। ਕਈ ਵਾਰ ਮੈਂ ਵੀ ਮਨ ਬਣਾਇਆ ਸੀ ਕਿ ਬੇਟੇ ਕੋਲ ਮੁਹਾਲੀ ਜਾਂਦਿਆਂ ਉਸ ਦੇ ਪਿੰਡ ਪਹੁੰਚ ਕੇ ਉਸਦਾ ਮੇਰੇ ਸਿਰ ਚੜ੍ਹਿਆ ਉਲਾਂਭਾ ਲਾਹ ਹੀ ਦਿਆਂ ਪਰ ਹਰ ਵਾਰ ਘੌਲ ਹੋ ਜਾਂਦੀ ਰਹੀ। ਜਿਸ ਦਾ ਅਫਸੋਸ ਹੁਣ ਮੈਨੂੰ ਉਸਦੇ ਤੁਰ ਜਾਣ ਤੋਂ ਬਾਅਦ ਹੋ ਰਿਹਾ ਹੈ। ਮੈਂ ਇਹ ਗੱਲ ਬੜੀ ਸ਼ਿੱਦਤ ਨਾਲ ਮਹਿਸੂਸ ਕਰ ਰਿਹਾ ਹਾਂ ਕਿ ਹੁਣ ਮੈਂ ਕਦੇ ਵੀ ਉਸਦੀ ਮਿੱਠੀ ਆਵਾਜ਼ ਵਿਚ ਹਰਮੋਨੀਅਮ ’ਤੇ ਗਾਏ ਸ਼ਬਦ ‘ਜੋ ਮਾਂਗੇ ਠਾਕੁਰ ਆਪਣੇ ਤੇ’ ਸੁਣਨ ਦਾ ਉਹ ਸੁਭਾਗ ਪ੍ਰਾਪਤ ਨਹੀਂ ਕਰ ਸਕਾਂਗਾ, ਜਿਹੜਾ ਮੈਂ ਉਸ ਦੀ ਬੋਹਾ ਰਿਹਾਇਸ਼ ਸਮੇਂ ਹਾਸਿਲ ਕਰਦਾ ਰਿਹਾ ਹਾਂ।

ਗੁਲਵੰਤ ਮਲੌਦਵੀ ਪੰਜਾਬੀ ਸਾਹਿਤ ਦਾ ਸਾਊ ਤੇ ਸੁਹਰਦ ਪਾਠਕ ਸੀ। ਸਾਊ ਲਫਜ਼ ਦੀ ਵਰਤੋਂ ਮੈਂ ਇਸ ਲਈ ਕਰ ਰਿਹਾ ਹਾਂ ਕਿ ਜੇ ਉਹ ਮੇਰੇ ਕੋਲ ਕੋਈ ਕਿਤਾਬ ਪੜ੍ਹਨ ਲਈ ਲੈ ਜਾਂਦਾ ਤਾਂ ਉਸਨੂੰ ਬਾ-ਇੱਜ਼ਤ ਤੇ ਜ਼ਿੰਮੇਵਾਰੀ ਨਾਲ ਵਾਪਸ ਵੀ ਕਰ ਦਿੰਦਾ ਸੀ। ਉਸ ਆਪਣੀ ਨਿੱਜੀ ਲਾਇਬਰੇਰੀ ਵੀ ਆਪਣੇ ਪੈਸੇ ਖ਼ਰਚ ਕੇ ਹੀ ਬਣਾਈ ਹੋਈ ਸੀ। ਹਰ ਮਹੀਨੇ ਉਹ ਇਕ ਦੋ ਕਿਤਾਬਾਂ ਜ਼ਰੂਰ ਖ਼ਰੀਦਦਾ। ਉਹ ਪੁਸਤਕ ਨੂੰ ਪੜ੍ਹਨ ਉਪਰਤ ਉਸ ਨੂੰ ਸਾਂਭ ਕੇ ਰੱਖਣਾ ਵੀ ਜਾਣਦਾ ਸੀ।

ਕਈ ਵਾਰ ਮੈਨੂੰ ਉਸਦੇ ਇਕ ਸਰੀਰ ਵਿਚ ਦੋ ਗੁਲਵੰਤ ਨਿਵਾਸ ਕਰਦੇ ਵੀ ਵਿਖਾਈ ਦਿੰਦੇ ਰਹੇ ਨੇ। ਇਕ ਅਤਿ ਗਰਮ ਗੁਲਵੰਤ ਤੇ ਦੂਸਰਾ ਅਤਿ ਨਰਮ। ਨਰਮ ਤੇ ਮਿੱਠੇ ਗੁਲਵੰਤ ਦੀ ਜਾਣ ਪਛਾਣ ਦਾ ਦਾਇਰਾ ਬਹੁਤ ਲੰਬਾ-ਚੌੜਾ ਸੀ ਤੇ ਉਸਦੀ ਸਾਹਬ ਸਲਾਮ ਹਰ ਛੋਟੇ ਵੱਡੇ ਨਾਲ ਸੀ। ‘ਆਓ ਜੀ’, ‘ਜੀ ਆਇਆ ਨੂੰ’, ‘ਆਹ ਤਾਂ ਕੀੜੀ ਦੇ ਘਰ ਨਰਾਇਣ ਆਗੇ, ‘ਧੰਨ ਭਾਗ ਮੇਰੇ’ ‘ਅਨਾਇਤ ਹੈ ਤੁਹਾਡੀ’,‘ਧੰਨਵਾਦ ਤੁਹਾਡਾ’ ਜਿਹੇ ਸ਼ਬਦ ਉਹ ਦਿਨ ਵਿਚ ਕਈ- ਕਈ ਵਾਰ ਵਰਤਦਾ ਤੇ ਇਹ ਮਾਖਿਓਂ ਮਿੱਠੇ ਸ਼ਬਦ ਉਸਦੇ ਸੰਪਰਕ ਵਿਚ ਆਉਣ ਵਾਲੇ ਸਾਰੇ ਲੋਕਾਂ ਦੇ ਮਨਾਂ ਵਿਚ ਉਸ ਲਈ ਪਿਆਰ ਤੇ ਸਤਿਕਾਰ ਦੀ ਭਾਵਨਾ ਪੈਦਾ ਕਰ ਦਿੰਦੇ। ਜਦੋਂ ਮਹੀਨੇ ਵੀਹੀਂ ਦਿਨੀਂ ਗਰਮ ਗੁਲਵੰਤ ਦੀ ਵਾਰੀ ਆ ਜਾਂਦੀ ਤਾਂ ਉਹ ਨਰਮ ਗੁਲਵੰਤ ਦੀ ਇਕ ਨਹੀਂ ਸੀ ਚੱਲਣ ਦਿੰਦਾ। ਉਹ ਆਪਣੇ ਦਾਇਰੇ ਦੇ ਸਾਰੇ ਲੋਕਾਂ ਪ੍ਰਤੀ ਆਪਣੇ ਨੂੰ ਸੁਹਿਰਦ ਸਮਝਦਾ ਸੀ ਤੇ ਉਨ੍ਹਾਂ ਦੇ ਵਿਗੜੇ ਕੰਮ ਸੁਆਰਨ ਦਾ ਯਤਨ ਕਰਦਾ ਰਹਿੰਦਾ ਸੀ। ਬਦਲੇ ਵਿਚ ਉਹ ਹੋਰਨਾਂ ਕੋਲੋਂ ਵੀ ਅਜਿਹੀ ਹੀ ਸੁਹਿਰਦਤਾ ਦੀ ਆਸ ਰੱਖਦਾ ਸੀ। ਆਪਣੇ ਪ੍ਰਤੀ ਵਿਖਾਈ ਜ਼ਰਾ ਜਿੰਨੀ ਲਾਪਰਵਾਹੀ ਵੀ ਉਸ ਤੋਂ ਸਹਾਰ ਨਹੀਂ ਸੀ ਹੁੰਦੀ। ਸਰੀਰਕ ਰੂਪ ਵਿਚ ਆਪਣੇ ਅੰਤਲੇ ਸਮੇਂ ਵਿਚ ਤਾਂ ਉਹ ਆਪਣੇ ਆਪ ਨਾਲ ਹੀ ਨਰਾਜ਼ ਤੇ ਗੁੱਸੇ ਹੋ ਗਿਆ ਤੇ ਆਪਣੇ ਦੋਸਤਾਂ ਨੂੰ ਆਪਣੇ ਅੰਦਰਲੀ ਨਰਾਜ਼ਗੀ ਤੋਂ ਜਾਣੂ ਕਰਵਾਏ ਬਿਨਾਂ ਹੀ ਅਖ਼ਬਾਰ ਦੀ ਖ਼ਬਰ ਬਣ ਗਿਆ।

ਗੁਲਵੰਤ ਯਾਰ ਤੈਨੂੰ ਅਲਵਿਦਾ ਕਹਿਣ ਦਾ ਮੇਰੇ ਵਿਚ ਹੌਸਲਾ ਨਹੀਂ ਹੈ ਤੇ ਮੈਂ ਕਹਾਂਗਾ ਵੀ ਨਹੀ...ਕਿਉ ਕਿ ਮੇਰੀ ਰਹਿੰਦੀ ਉਮਰ ਤਕ ਤੂੰ ਮੈਨੂੰ ਯਾਦ ਆਉਂਦਾ ਹੀ ਰਹੇਂਗਾ।

- ਨਿਰੰਜਣ ਬੋਹਾ

Posted By: Harjinder Sodhi