(ਦੂਜੀ ਤੇ ਆਖਰੀ ਕਿਸ਼ਤ)

ਨੌਜਵਾਨ ਸ਼ਾਇਰ ਪਰਮਵੀਰ ਸਿੰਘ ਦੀ ਪੁਸਤਕ 'ਅੰਮ੍ਰਿਤ ਵੇਲਾ' ਦਾ ਰਿਲੀਜ਼ ਸਮਾਰੋਹ 5 ਜਨਵਰੀ 2011 ਨੂੰ ਸੈਨੇਟ ਹਾਲ, ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ। ਇਸ ਉੱਪਰ ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ। 'ਪੰਜਾਬੀ ਸੱਭਿਆਚਾਰ ਦੇ ਸੰਚਾਰ ਸਾਧਨ : ਦਸ਼ਾ ਤੇ ਦਿਸ਼ਾ' ਵਿਸ਼ੇ 'ਤੇ 12 ਫਰਵਰੀ 2011 ਨੂੰ ਸੰਤ ਦਰਬਾਰਾ ਸਿੰਘ ਕਾਲਜ ਫਾਰ ਵੂਮੈਨ, ਲੋਪੋਂ (ਮੋਗਾ) ਵਿਖੇ ਇਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਉੱਪਰ ਵੀ ਸੈਂਟਰ ਦਾ ਕੋਈ ਖ਼ਰਚਾ ਨਹੀਂ ਆਇਆ। ਜੰਮੂ-ਕਸ਼ਮੀਰ ਦੇ ਲੇਖਕ ਖ਼ਾਲਿਦ ਹੁਸੈਨ ਦੀ ਪੋਠੋਹਾਰੀ ਭਾਸ਼ਾ 'ਚ ਲਿਖੀ ਕਹਾਣੀ 'ਲਕੀਰ' 'ਤੇ ਆਧਾਰਿਤ ਫਿਲਮ ਵਰਲਡ ਪੰਜਾਬੀ ਸੈਂਟਰ ਤੇ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ 11 ਮਾਰਚ 2011 ਨੂੰ ਕਲਾ ਭਵਨ ਵਿਖੇ ਦਿਖਾਈ ਗਈ। ਇਸ ਉੱਪਰ 6500 ਰੁਪਏ ਖ਼ਾਲਿਦ ਹੁਸੈਨ ਤੇ 5100 ਰੁਪਏ ਸ਼ਿਵ ਦੱਤ ਨੂੰ ਬਤੌਰ ਟੀਏ ਦਿੱਤੇ ਗਏ। ਸਾਮਗਮ ਉੱਪਰ ਕੁੱਲ ਖ਼ਰਚਾ 11600 ਰੁਪਏ ਆਇਆ।

ਸਾਲ 2012

ਪੰਜਾਬੀ ਯੂਨੀਵਰਸਿਟੀ ਵੱਲੋਂ ਇੰਦੌਰ ਵਿਖੇ 12 ਫਰਵਰੀ 2012 ਨੂੰ ਹੋਈ ਸਰਬ-ਭਾਰਤੀ ਪੰਜਾਬੀ ਕਾਨਫਰੰਸ 'ਚ ਸੈਂਟਰ ਵੱਲੋਂ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ ਤੇ ਡਾਇਰੈਕਟਰ ਯੁਵਕ ਭਲਾਈ ਡਾ. ਸਤੀਸ਼ ਕੁਮਾਰ ਵਰਮਾ ਸ਼ਾਮਲ ਹੋਏ। ਇਸ ਵਿਚ ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ। ਪੰਜਾਬੀ ਫਿਲਮ ਫੈਸਟੀਵਲ 27, 28 ਤੇ 29 ਫਰਵਰੀ 2012 ਨੂੰ ਪੰਜਾਬੀ ਅਕਾਦਮੀ ਦਿੱਲੀ ਤੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ। ਤਿੰਨ ਰੋਜ਼ਾ ਇਸ ਫੈਸਟੀਵਲ ਨੇ ਸਿਨੇਮਾ ਚੇਤਨਾ ਜਗਾਉਣ 'ਚ ਅਹਿਮ ਕਾਰਜ ਕੀਤਾ। ਇਸ ਉੱਪਰ ਸੈਂਟਰ ਦਾ ਕੁੱਲ ਖ਼ਰਚਾ ਟੀਏ ਸਮੇਤ 46,632 ਰੁਪਏ ਹੋਇਆ। ਤਿੰਨ ਰੋਜ਼ਾ ਪੰਜਾਬੀ-ਕੋਂਕਣੀ ਕਾਵਿ-ਅਨੁਵਾਦ ਵਰਕਸ਼ਾਪ 18, 19 ਤੇ 20 ਮਾਰਚ 2012 ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋ ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਸੈਂਟਰ ਦੇ ਦਫ਼ਤਰ ਵਿਚ ਹੋਈ। ਇਸ ਵਿਚ ਚਾਹ-ਪਾਣੀ ਉੱਪਰ 10 ਹਜ਼ਾਰ ਰੁਪਏ ਖ਼ਰਚਾ ਆਇਆ। ਸਆਦਤ ਹਸਨ ਮੰਟੋ ਸ਼ਤਾਬਦੀ ਸਮਾਰੋਹ 24 ਮਈ 2012 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੈਨੇਟ ਹਾਲ ਵਿਖੇ, ਵਰਲਡ ਪੰਜਾਬੀ ਸੈਂਟਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਉੱਪਰ ਟੀਏ ਸਮੇਤ ਕੁੱਲ 25 ਹਜ਼ਾਰ ਰੁਪਏ ਖ਼ਰਚਾ ਆਇਆ। ਡਾ. ਗੁਰਮੇਲ ਕੌਰ ਜੋਸ਼ੀ ਦੀ ਪਲੇਠੀ ਪੁਸਤਕ 'ਤੀਸਰਾ ਖ਼ਤ' ਦਾ ਰਿਲੀਜ਼ ਸਮਾਰੋਹ 30 ਦਸੰਬਰ 2012 ਨੂੰ ਪ੍ਰੈੱਸ ਕਲੱਬ, ਚੰਡੀਗੜ੍ਹ•ਵਿਖੇ ਵਰਲਡ ਪੰਜਾਬੀ ਸੈਂਟਰ ਵੱਲੋਂ ਕਰਵਾਇਆ ਗਿਆ। ਸਮਾਗਮ 'ਤੇ ਸੈਂਟਰ ਦਾ ਕੋਈ ਖ਼ਰਚ ਨਹੀਂ ਹੋਇਆ।

ਸਮਾਗਮਾਂ ਦਾ ਪੱਧਰ

ਵਰਲਡ ਪੰਜਾਬੀ ਸੈਂਟਰ ਵੱਲੋਂ ਚਾਰ ਸਾਲਾਂ ਵਿਚ ਕਰੀਬ 57 ਲੱਖ ਰੁਪਏ ਖ਼ਰਚ ਕੇ ਕੇਵਲ 19 ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦਾ ਵੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ 'ਚ ਬਹੁਤਾ ਯੋਗਦਾਨ ਨਹੀਂ ਰਿਹਾ। ਇਨ੍ਹਾਂ ਵਿੱਚੋਂ ਬਹੁਤੇ ਸਮਾਗਮ ਕੇਵਲ ਕਾਰਗੁਜ਼ਾਰੀ ਦਿਖਾਉਣ ਜਾਂ ਹੋਰ ਸੰਸਥਾਵਾਂ ਨੂੰ ਸਹਾਇਤਾ ਦੇਣ ਜਾਂ ਨਿੱਜੀ ਹਿੱਤਾਂ ਨੂੰ ਪੂਰਨ ਵਾਲੇ ਸਨ। ਹੇਠ ਲਿਖੇ ਤੱਥ, ਇਨ੍ਹਾਂ ਸਿੱਟਿਆਂ ਦੀ ਪੁਸ਼ਟੀ ਕਰਦੇ ਹਨ :

ਸੰਸਥਾਵਾਂ ਨੂੰ ਵਿੱਤੀ ਸਹਿਯੋਗ ਦੇਣ ਵਾਲੇ ਸਮਾਗਮ

ਬਾਕੀ ਬਚਦੇ 10 ਸਮਾਗਮਾਂ ਵਿੱਚੋਂ ਚਾਰ ਸਮਾਗਮ ਅਜਿਹੇ ਹਨ ਜੋ ਵਰਲਡ ਪੰਜਾਬੀ ਸੈਂਟਰ ਦੀ ਥਾਂ ਹੋਰਨਾਂ ਸੰਸਥਾਵਾਂ ਵੱਲੋਂ ਕਰਵਾਏ ਗਏ, ਜਿਵੇਂ ਕਿ Secularism & Non-violence : A Mandate for Peace ਵਿਸ਼ੇ 'ਤੇ ਸਮਾਗਮ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ, ਖ਼ਾਲਿਦ ਹੁਸੈਨ ਦੀ ਕਹਾਣੀ 'ਤੇ ਬਣੀ ਫਿਲਮ 'ਲਕੀਰ' ਵਾਲਾ ਸਮਾਗਮ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ, ਸਮਾਗਮ ਨੰਬਰ-16 ਪੰਜਾਬੀ ਅਕਾਦਮੀ ਦਿੱਲੀ ਅਤੇ ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਤਿੰਨ ਰੋਜ਼ਾ ਫਿਲਮ ਫੈਸਟੀਵਲ ਸਾਹਿਤ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਗਏ।

ਇਹ ਚਾਰ ਸਮਾਗਮ ਵੀ ਵਰਲਡ ਪੰਜਾਬੀ ਸੈਂਟਰ ਵੱਲੋਂ ਨਹੀਂ ਕਰਵਾਏ ਗਏ। ਸੈਂਟਰ ਵੱਲੋਂ ਇਨ੍ਹਾਂ ਸੰਸਥਾਵਾਂ ਨੂੰ ਕੇਵਲ ਵਿੱਤੀ ਸਹਾਇਤਾ ਦਿੱਤੀ ਗਈ। ਬਾਕੀ ਬਚਦੇ 6 ਸਮਾਗਮ ਹੀ ਵਰਲਡ ਪੰਜਾਬੀ ਸੈਂਟਰ ਵੱਲੋਂ ਆਪਣੇ ਤੌਰ 'ਤੇ ਕੀਤੇ ਗਏ।

ਸਮਾਗਮਾਂ 'ਤੇ ਹੋਏ

ਖ਼ਰਚ ਦਾ ਵੇਰਵਾ

ਇਨ੍ਹਾਂ ਸਮਾਗਮਾਂ ਦਾ ਜੋ ਖ਼ਰਚਾ ਦੱਸਿਆ ਗਿਆ ਹੈ, ਉਸ ਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾ ਸਕਦਾ ਹੈ :

ਚਾਹ-ਪਾਣੀ 'ਤੇ ਖ਼ਰਚਾ

ਤਿੰਨ ਰੋਜ਼ਾ ਪੰਜਾਬੀ-ਕੋਂਕਣੀ ਅਨੁਵਾਦ ਸਮਾਗਮ ਉੱਪਰ ਕੁਲ 10 ਹਜ਼ਾਰ ਰੁਪਏ ਖ਼ਰਚਾ ਆਇਆ।

ਟੀਏ/ਡੀਏ 'ਤੇ ਹੋਇਆ ਖ਼ਰਚਾ

'ਸੈਕੁਲਰਿਜ਼ਮ ਐਂਡ ਨਾਨ ਵਾਇਲੈਂਸ' ਸਮਾਗਮ 'ਤੇ 14,883 ਰੁਪਏ, ਫਿਲਮ 'ਲਕੀਰ' ਵਾਲੇ ਸਮਾਗਮ 'ਤੇ 11,600 ਰੁਪਏ ਅਤੇ 'ਸਆਦਤ ਹਸਨ ਮੰਟੋ ਸ਼ਤਾਬਦੀ ਸਮਾਰੋਹ' 'ਤੇ 25 ਹਜ਼ਾਰ ਰੁਪਏ ਖ਼ਰਚਾ ਆਇਆ। ਇਹ ਕੁੱਲ ਖ਼ਰਚਾ 51,483 ਰੁਪਏ ਬਣਦਾ ਹੈ।

ਚਾਹ-ਪਾਣੀ ਤੇ ਟੀਏ/ਡੀਏ 'ਤੇ ਕੁੱਲ ਖ਼ਰਚਾ

'ਪੰਜਾਬ ਦੀ ਸੱਭਿਆਚਾਰਕ ਨੀਤੀ' ਵਾਲੇ ਸਮਾਗਮ ਉੱਪਰ 55 ਹਜ਼ਾਰ ਰੁਪਏ, 'ਸੰਸਾਰ ਅਮਨ ਨੂੰ ਦਰਪੇਸ਼ ਚੁਣੌਤੀਆਂ' ਵਾਲੇ ਸਮਾਗਮ ਉੱਪਰ 30 ਹਜ਼ਾਰ ਰੁਪਏ, 'ਕੈਨੇਡਾ ਦੇ 57 ਪੰਜਾਬੀ ਕਵੀਆਂ ਦੀ ਸਮੀਖਿਆ ਪੁਸਤਕ' 'ਤੇ ਕਰਵਾਏ ਸਮਾਗਮ ਉੱਪਰ 20 ਹਜ਼ਾਰ ਰੁਪਏ, 'ਪੇਂਡੂ ਪੰਜਾਬ ਦਾ ਗਿਆਨ ਆਰਥਿਕਤਾ ਵਿਚ ਰੂਪਾਂਤਰਣ' ਵਾਲੇ ਸਮਾਗਮ ਉੱਪਰ 60 ਹਜ਼ਾਰ ਰੁਪਏ, 'ਪਾਰਰਾਸ਼ਟਰੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ' ਸਮਾਗਮ ਉੱਪਰ 97 ਹਜ਼ਾਰ ਰੁਪਏ ਅਤੇ 'ਪੰਜਾਬੀ ਫਿਲਮ ਫੈਸਟੀਵਲ' ਉੱਪਰ 46,632 ਰੁਪਏ ਖ਼ਰਚਾ ਆਇਆ। ਇਹ ਕੁੱਲ ਖ਼ਰਚਾ 3,08,632 ਰੁਪਏ ਬਣਦਾ ਹੈ।

ਰਚੇ ਗਏ ਸਮਾਗਮਾਂ ਦਾ ਸਥਾਨ

ਵਰਲਡ ਪੰਜਾਬੀ ਸੈਂਟਰ ਦਾ ਉਦੇਸ਼ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਸੰਸਾਰ ਪੱਧਰ 'ਤੇ ਪ੍ਰਫੁੱਲਤ ਕਰਨਾ ਹੈ ਪਰ ਪ੍ਰਾਪਤ ਵੇਰਵੇ ਸਿੱਧ ਕਰਦੇ ਹਨ ਕਿ ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ 'ਚੋਂ ਬਾਹਰ ਨਹੀਂ ਨਿਕਲ ਸਕਿਆ। ਇਸ ਦਾ ਥਹੁ ਇਨ੍ਹਾਂ ਤੱਥਾਂ ਤੋਂ ਆਸਾਨੀ ਨਾਲ ਮਿਲ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ ਵਿਚ ਇਨ੍ਹਾਂ ਚਾਰ ਸਾਲਾਂ ਦੌਰਾਨ ਕੁੱਲ 12 ਸਮਾਗਮ ਰਚੇ ਗਏ। ਚੰਡੀਗੜ੍ਹ 'ਚ 2 ਸਮਾਗਮ ਕਰਵਾਏ ਗਏ। ਇਸ ਤੋਂ ਇਲਾਵਾ ਬਠਿੰਡਾ, ਬਾਦਲ ਪਿੰਡ, ਪਿੰਡ ਨਾਰੰਗਵਾਲ ਅਤੇ ਪਿੰਡ ਲੋਪੋਂ ਵਿਚ 1-1 ਸਮਾਗਮ ਕਰਵਾਏ ਗਏ ਜਦਕਿ ਸੈਂਟਰ ਦੇ ਡਾਇਰੈਕਟਰ ਵੱਲੋਂ ਇੰਦੌਰ (ਮੱਧ ਪ੍ਰਦੇਸ਼) ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਇਕ ਸਮਾਗਮ 'ਚ ਸ਼ਿਰਕਤ ਕੀਤੀ ਗਈ।

ਸੈਂਟਰ ਦੇ ਕੰਮ-ਕਾਜ 'ਤੇ ਉੱਠਦੇ ਸਵਾਲ

ਇਨ੍ਹਾਂ ਸਮਾਗਮਾਂ ਵਿੱਚੋਂ 12 ਸਮਾਗਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਹਾਲ 'ਚ ਕੀਤੇ ਗਏ। ਯੂਨੀਵਰਸਿਟੀ ਕੈਂਪਸ ਸ਼ਹਿਰ ਦੀ ਆਬਾਦੀ ਤੋਂ 10-12 ਕਿਲੋਮੀਟਰ ਦੂਰ ਹੈ। ਬਾਕੀ ਸਮਾਗਮ ਮਾਲਵੇ ਦੇ ਕਸਬਿਆਂ ਜਾਂ ਪਿੰਡਾਂ 'ਚ ਕੀਤੇ ਗਏ। ਕੀ ਪੰਜਾਬ ਦੇ ਮਾਲਵਾ ਖੇਤਰ ਵਿਚ ਸਮਾਗਮ ਰਚਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਭਰ ਵਿਚ ਫੈਲਾਉਣ ਦਾ ਉਦੇਸ਼ ਪ੍ਰਾਪਤ ਕਰ ਰਿਹਾ ਹੈ? ਵਰਲਡ ਪੰਜਾਬੀ ਸੈਂਟਰ ਨੂੰ ਪੰਜਾਬ ਸਰਕਾਰ ਵੱਲੋਂ 5 ਸਾਲਾਂ ਦੌਰਾਨ ਕਰੀਬ 65 ਲੱਖ ਰੁਪਏ ਦਿੱਤੇ ਗਏ, ਉਨ੍ਹਾਂ ਵਿੱਚੋਂ ਕੇਵਲ 3.70 ਲੱਖ ਰੁਪਏ ਸਮਾਗਮਾਂ ਉੱਪਰ ਖ਼ਰਚ ਕੀਤੇ ਗਏ, ਬਾਕੀ ਭਾਰੀ ਰਕਮ ਤਨਖ਼ਾਹਾਂ, ਕਾਰ, ਪੈਟਰੋਲ ਤੇ ਹੋਰ ਨਿੱਜੀ ਲਾਭਾਂ ਲਈ ਖ਼ਰਚੀ ਗਈ। ਕੀ ਵਰਲਡ ਪੰਜਾਬੀ ਸੈਂਟਰ ਦਾ ਗਠਨ ਕੁਝ ਵਿਅਕਤੀਆਂ ਦੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਕੀਤਾ ਗਿਆ ਸੀ? ਵਰਲਡ ਪੰਜਾਬੀ ਸੈਂਟਰ ਵੱਲੋਂ ਇਕ ਸਮਾਗਮ ਦੌਰਾਨ ਪੋਠੋਹਾਰੀ ਭਾਸ਼ਾ 'ਚ ਲਿਖੀ ਇਕ ਕਹਾਣੀ ਉੱਪਰ ਬਣੀ ਫਿਲਮ ਦਿਖਾਉਣ ਲਈ 11,600 ਰੁਪਏ ਖ਼ਰਚ ਕੀਤੇ ਗਏ। ਇਨ੍ਹਾਂ ਰੁਪਿਆਂ ਵਿੱਚੋਂ 6500 ਰੁਪਏ ਕਹਾਣੀ ਦੇ ਲੇਖਕ ਤੇ 5100 ਰੁਪਏ ਕਿਸੇ ਸ਼ਿਵ ਦੱਤ ਨਾਂ ਦੇ ਵਿਅਕਤੀ ਨੂੰ ਦਿੱਤੇ ਗਏ। ਇਹ ਫਿਲਮ ਕਿੰਨੇ ਵਿਅਕਤੀਆਂ ਨੇ ਦੇਖੀ ਤੇ ਇਸ ਨਾਲ ਵਰਲਡ ਪੰਜਾਬੀ ਸੈਂਟਰ ਦੇ ਕਿਹੜੇ ਉਦੇਸ਼ ਦੀ ਪੂਰਤੀ ਹੋਈ? ਜੇ ਇੰਨੇ ਪੈਸੇ ਖ਼ਰਚ ਕੇ ਫਿਲਮ ਦੀਆਂ 500 ਸੀਡੀਜ਼ ਬਣਵਾ ਲਈਆਂ ਜਾਂਦੀਆਂ ਤਾਂ ਪੰਜਾਬ ਦੇ ਲੱਖਾਂ ਲੋਕਾਂ ਨੂੰ ਇਹ ਫਿਲਮ ਦਿਖਾਈ ਜਾ ਸਕਦੀ ਸੀ। ਸੈਂਟਰ ਵੱਲੋਂ 'ਪੰਜਾਬੀ-ਕੋਂਕਣੀ ਕਾਵਿ ਅਨੁਵਾਦ ਵਰਕਸ਼ਾਪ' ਕਰਵਾਈ ਗਈ ਅਤੇ ਇਸ ਉੱਪਰ 10 ਹਜ਼ਾਰ ਰੁਪਏ ਖ਼ਰਚ ਕੀਤੇ ਗਏ। ਕੋਂਕਣੀ ਭਾਸ਼ਾ ਦੇ ਪੰਜਾਬ ਵਿਚ ਇਕ ਹਜ਼ਾਰ ਤੋਂ ਵੱਧ ਜਾਣਕਾਰ ਨਹੀਂ ਹੋਣਗੇ। ਇਕ ਅਨਜਾਣ ਭਾਸ਼ਾ ਦੇ ਅਨੁਵਾਦ 'ਤੇ ਵਰਕਸ਼ਾਪ ਕਰਵਾ ਕੇ ਵਰਲਡ ਪੰਜਾਬੀ ਸੈਂਟਰ ਆਪਣੇ ਕਿਸ ਉਦੇਸ਼ ਦੀ ਪ੍ਰਾਪਤੀ ਕਰ ਰਿਹਾ ਸੀ?

ਬਿਨਾਂ ਖ਼ਰਚੇ ਤੋਂ ਕੀਤੇ ਗਏ ਸਮਾਗਮ

ਇਨ੍ਹਾਂ 19 ਸਮਾਗਮਾਂ ਵਿੱਚੋਂ 9 ਸਮਾਗਮਾਂ ਉੱਪਰ ਵਰਲਡ ਪੰਜਾਬੀ ਸੈਂਟਰ ਦਾ ਕੋਈ ਖ਼ਰਚਾ ਨਹੀਂ ਹੋਇਆ। ਅਸਲ ਵਿਚ ਇਹ ਸਮਾਗਮ ਹੋਰਨਾਂ ਸੰਸਥਾਵਾਂ, ਜਿਵੇਂ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ (ਲੁਧਿਆਣਾ), ਸੰਤ ਦਰਬਾਰਾ ਸਿੰਘ ਕਾਲਜ ਫਾਰ ਵੂਮੈਨ, ਲੋਪੋਂ (ਜਗਰਾਓਂ), ਪੰਜਾਬੀ ਯੂਨੀਵਰਸਿਟੀ ਪਟਿਆਲਾ ਆਦਿ ਵੱਲੋਂ ਰਚੇ ਗਏ ਸਨ। ਵਰਲਡ ਪੰਜਾਬੀ ਸੈਂਟਰ ਦੇ ਅਧਿਕਾਰੀਆਂ ਵੱਲੋਂ ਆਪਣੀ ਕਾਰਗੁਜ਼ਾਰੀ ਦਿਖਾਉਣ ਲਈ ਇਨ੍ਹਾਂ ਸਮਾਗਮਾਂ ਨੂੰ ਆਪਣੇ ਵੱਲੋਂ ਕਰਵਾਏ ਗਏ ਸਮਾਗਮਾਂ ਦੀ ਸੂਚੀ 'ਚ ਸ਼ਾਮਲ ਕਰ ਲਿਆ ਗਿਆ। ਇਨ੍ਹਾਂ ਸਮਾਗਮਾਂ ਵਿਚ ਵਰਲਡ ਪੰਜਾਬੀ ਸੈਂਟਰ ਦਾ ਕੋਈ ਜ਼ਿਕਰਯੋਗ ਯੋਗਦਾਨ ਨਹੀਂ ਸੀ।

ਸਮਾਗਮਾਂ ਨੂੰ ਰਚਣ ਦਾ ਉਦੇਸ਼

ਵਰਲਡ ਪੰਜਾਬੀ ਸੈਂਟਰ ਵੱਲੋਂ ਰਚੇ ਗਏ 19 ਸਮਾਗਮਾਂ ਵਿੱਚੋਂ ਘੱਟੋ-ਘੱਟ ਪੰਜ ਪ੍ਰੋਗਰਾਮ ਅਜਿਹੇ ਵਿਅਕਤੀਆਂ ਦੀਆਂ ਕਈ ਅਜਿਹੀਆਂ ਰਚਨਾਵਾਂ ਨੂੰ ਪ੍ਰਮੋਟ ਕਰਨ ਲਈ ਰਚੇ ਗਏ, ਜਿਨ੍ਹਾਂ ਦਾ ਪੰਜਾਬੀ ਸਾਹਿਤ ਵਿਚ ਹਾਲੇ ਤਕ ਵੀ ਉੱਚਾ ਕੱਦ-ਕਾਠ ਨਹੀਂ ਬਣ ਸਕਿਆ। ਜਿਵੇਂ ਕਿ ਜਨਾਬ ਖ਼ਾਲਿਦ ਹੁਸੈਨ ਦੀ ਪੋਠੋਹਾਰੀ ਕਹਾਣੀ ਉੱਪਰ ਬਣੀ ਫਿਲਮ ਨੂੰ ਪ੍ਰਦਰਸ਼ਿਤ ਕਰਨ ਲਈ ਕੀਤੇ ਗਏ ਸਮਾਗਮ ਉੱਪਰ ਦੋ ਵਿਅਕਤੀਆਂ ਨੂੰ ਟੀਏ/ਡੀਏ ਦੇਣ ਲਈ 11,600 ਰੁਪਏ ਖ਼ਰਚ ਕੀਤੇ ਗਏ। ਇਕ ਸਮਾਗਮ ਵਿਚ ਡਾ. ਗੁਰਮੇਲ ਕੌਰ ਜੋਸ਼ੀ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ। ਇਕ ਹੋਰ ਸਮਾਗਮ 'ਚ ਜਗਤਾਰ ਸਿੰਘ ਦੀ ਨਿੱਜੀ ਪੁਸਤਕ ਲੋਕ ਅਰਪਣ ਕੀਤੀ ਗਈ। ਇਸੇ ਤਰ੍ਹਾਂ ਇਕ ਸਮਾਗਮ ਵਿਚ ਮਨੋਜ ਸਿੰਘ ਦੇ ਨਾਵਲ 'ਬੰਧਨ' ਦਾ ਪੰਜਾਬੀ ਰੂਪਾਂਤਰਣ ਲੋਕ ਅਰਪਣ ਕੀਤਾ ਗਿਆ ਅਤੇ ਇਕ ਹੋਰ ਸਮਾਗਮ ਵਿਚ ਪਰਮਵੀਰ ਸਿੰਘ ਦੀ ਪੁਸਤਕ 'ਅੰਮ੍ਰਿਤ ਵੇਲਾ' ਰਿਲੀਜ਼ ਕੀਤੀ ਗਈ।

ਇਨ੍ਹਾਂ ਪ੍ਰਸ਼ਨਾਂ ਸਮੇਤ ਤੱਥ ਪਾਠਕਾਂ ਸਾਹਮਣੇ ਹਨ। ਫ਼ੈਸਲਾ ਤੁਸੀਂ ਕਰਨਾ ਹੈ ਕਿ ਕੀ ਇਨ੍ਹਾਂ ਚਾਰ ਸਾਲਾਂ ਦੌਰਾਨ ਸੈਂਟਰ ਨੇ ਮਿੱਥੇ ਹੋਏ ਉਦੇਸ਼ਾਂ ਦੀ ਪ੍ਰਾਪਤੀ ਕੀਤੀ? ਕੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿਕਾਸ 'ਚ ਉਸਾਰੂ ਯੋਗਦਾਨ ਪਾਇਆ? ਕੀ ਦੋਵਾਂ ਮੁੱਖ ਮੰਤਰੀਆਂ ਦੇ ਸੁਪਨੇ ਸਾਕਾਰ ਹੋਏ?

- ਮਿੱਤਰ ਸੈਨ ਮੀਤ

98556-31777

Posted By: Harjinder Sodhi