ਪਰਮਜੀਤ ਕੌਰ ਸਰਹਿੰਦ ਪੰਜਾਬੀ ਸਾਹਿਤ ’ਚ ਅਜਿਹਾ ਨਾਂ ਹਨ, ਜਿਨ੍ਹਾਂ ਤੋਂ ਹਰ ਕੋਈ ਜਾਣੂ ਹੈ। ਇਸ ਸਰਬਾਂਗੀ ਕਲਮਕਾਰ ਨੇ ਸਾਹਿਤ ਦੀਆਂ ਕਈ ਵਿਧਾਵਾਂ ’ਤੇ ਕਲਮ ਅਜ਼ਮਾਈ ਹੈ। ਉਨ੍ਹਾਂ ਦੀ ਵਾਰਤਕ ’ਚ ਵੀ ਕਾਵਿ ਰਸ ਨੂੰ ਮਾਣਿਆ ਜਾ ਸਕਦਾ ਹੈ। ਉਨ੍ਹਾਂ ਦੀ ਵਾਰਤਕ ਅਕਸਰ ਪੰਜਾਬੀ ਦੇ ਨਾਮੀ ਅਖ਼ਬਾਰਾਂ ਰਸਾਲਿਆਂ ’ਚ ਪੜ੍ਹਨ ਨੂੰ ਮਿਲਦੀ ਰਹਿੰਦੀ ਹੈ। ਬੜੇ ਹਲਕੇ-ਫੁਲਕੇ ਵਿਸ਼ਿਆਂ ’ਤੇ ਵੀ ਉਨ੍ਹਾਂ ਦੀ ਵਾਰਤਕ ਬਾਕਮਾਲ ਹੁੰਦੀ ਹੈ, ਜਿਨ੍ਹਾਂ ਨੂੰ ਅਖ਼ਬਾਰੀ ਖੇਤਰ ’ਚ ਮਿਡਲ ਕਿਹਾ ਜਾਂਦਾ ਹੈ। ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੀ ਤਰ੍ਹਾਂ ਉਨ੍ਹਾਂ ਦੀਆਂ ਰਚਨਾਵਾਂ ’ਚ ਉਦਾਸ ਰੰਗ ਜ਼ਿਆਦਾ ਹੈ ਪਰ ਨਾਲ ਹੀ ਜ਼ਿੰਦਗੀ ਪ੍ਰਤੀ ਹਾਂ-ਪੱਖੀ ਨਜ਼ਰੀਆ ਵੀ ਹੈ, ਜੋ ਪਾਠਕ ਨੂੰ ਜਿਊਣ ਦਾ ਵੱਲ ਸਿਖਾਉਂਦਿਆਂ ਆਸ਼ਾਵਾਦੀ ਹੋਣ ਲਈ ਪ੍ਰੇਰਦਾ ਹੈ।

ਉਨ੍ਹਾਂ ਦੀ ਨਵੀਂ ਕਿਤਾਬ ‘ਮੌਲ਼ੀ ਦੀਆਂ ਤੰਦਾਂ’ ’ਚ ਭਾਈਚਾਰਕ ਸਾਂਝ ਅਤੇ ਮੋਹ-ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ। ਇਸ ਵਿਚਲੇ ਜ਼ਿਆਦਾਤਰ ਲੇਖ ਸਮਾਜਿਕ ਸਰੋਕਾਰਾਂ ਨਾਲ ਸਬੰਧਿਤ ਹਨ। ਜਿੱਥੇ ਬੀਤੇ ਦਾ ਹੇਰਵਾ ਹੈ, ਉੱਥੇ ਉਸਾਰੂ ਭਵਿੱਖ ਦੀ ਉਮੀਦ ਹੈ। ਪੰਜਾਬ ਦੇ ਮੌਜੂਦਾ ਹਾਲਾਤ ਲੇਖਿਕਾ ਦੀ ਸੰਵੇਦਨਸ਼ੀਲ ਰੂਹ ਨੂੰ ਬਹੁਤ ਝੰਜੋੜਦੇ ਹਨ।

‘ਸਰਬੱਤ ਦਾ ਭਲਾ’ ਲੋਚਣ ਵਾਲੀ ਪੰਜਾਬ ਦੀ ਧਰਤੀ ’ਤੇ ਵਹਿੰਦਾ ਆਪਣਿਆਂ ਦਾ ਖ਼ੂਨ ਉਨ੍ਹਾਂ ਦੇ ਜਜ਼ਬਾਤਾਂ ਨੂੰ ਲਹੂ-ਲੁਹਾਣ ਕਰਦਾ ਹੈ। ਔਰਤ ਹੋਣ ਦੇ ਨਾਤੇ ਧੀਆਂ-ਧਿਆਣੀਆਂ ਦੇ ਦੁੱਖੜੇ ਦਾ ਉਨ੍ਹਾਂ ਨੂੰ ਬਾਖ਼ੂਬੀ ਅਹਿਸਾਸ ਹੈ। ਉਨ੍ਹਾਂ ਨੇ ਕੁੜੀਆਂ ਨੂੰ ਚਿੜੀਆਂ ਬਣਨ ਦੀ ਬਜਾਏ ਸ਼ੇਰਨੀਆਂ ਬਣਨ ਦਾ ਸੰਦੇਸ਼ ਦਿੱਤਾ ਹੈ। ਸਮਕਾਲੀ ਸਿਆਸੀ ਤੇ ਸਮਾਜਿਕ ਹਾਲਾਤ ਉੱਤੇ ਲੇਖਿਕਾ ਨੇ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖੇ ਹਨ। ਕੋਰੋਨਾ ਦੇ ਦੌਰ ’ਚ ਸਾਹਮਣੇ ਆਈ ਅਸੰਵੇਦਨਸ਼ੀਲਤਾ ਤੇ ਤਲਖ਼ੀਆਂ ਦਾ ਜ਼ਿਕਰ ਵੀ ਇਸ ਕਿਤਾਬ ’ਚ ਸ਼ਾਮਲ ਹੈ।

ਅਜੋਕੇ ਦੌਰ ’ਚ ਮਿਲਦੇ ਸਾਹਿਤਕ ਸਨਮਾਨਾਂ ਦਾ ਯਥਾਰਥ ਵੀ ਲੇਖਿਕਾ ਨੇ ਸਾਹਮਣੇ ਲਿਆਂਦਾ ਹੈ। ਕਲਮਾਂ ਦੀ ਸਾਂਝ ਬਾਰੇ ਲੇਖ ਸਾਹਿਤਕ ਭਾਈਚਾਰੇ ਦੀ ਬਾਤ ਪਾਉਂਦਾ ਹੈ। ਲੇਖਿਕਾ ਨੇ ਸਾਹਿਤਕਾਰ ਵਜੋਂ ਆਪਣੇ ਖੱਟੇ-ਮਿੱਠੇ ਹੀ ਨਹੀਂ ਸਗੋਂ ਕੌੜੇ ਤਜਰਬਿਆਂ ਬਾਰੇ ਵੀ ਚਾਨਣਾ ਪਾਇਆ ਹੈ। ਉੱਘੇ ਕਹਾਣੀਕਾਰ ਪ੍ਰੇਮ ਗੋਰਖੀ ਬਾਰੇ ਲੇਖ ’ਚ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਬਾਰੇ ਬੜੇ ਸੋਹਣੇ ਸ਼ਬਦਾਂ ’ਚ ਜਾਣਕਾਰੀ ਮਿਲਦੀ ਹੈ।

ਪੰਜਾਬੀ ਲੋਕ ਕਾਵਿ ’ਚ ਚਿੜੀਆਂ ਬਾਰੇ ਲੇਖ ਜਾਣਕਾਰੀ ਭਰਪੂਰ ਹੋਣ ਦੇ ਨਾਲ-ਨਾਲ ਬੜਾ ਦਿਲਚਸਪ ਵੀ ਹੈ। ਉਨ੍ਹਾਂ ਨੇ ਲੋਟੂਆਂ ਤੋਂ ਸੁਚੇਤ ਰਹਿਣ ਅਤੇ ਮਜ਼ਲੂਮਾਂ ਦਾ ਸਾਥ ਦੇਣ ਦੀ ਨਸੀਹਤ ਦਿੱੱਤੀ ਹੈ। ਤਿੜਕਦੇ ਪਰਿਵਾਰਾਂ ਦੀ ਗਾਥਾ ਬਿਆਨ ਕਰ ਕੇ ਉਨ੍ਹਾਂ ਨੇ ਆਪਸੀ ਪਿਆਰ ਬਣਾਈ ਰੱਖਣ ਦਾ ਹੋਕਾ ਦਿੱਤਾ ਹੈ।

ਪੰਜਾਬ ਦੀ ਅਮੀਰ ਵਿਰਾਸਤ ਦੀਆਂ ਖ਼ੁਸ਼ਬੂਆਂ ਵੰਡਦੇ ਲੇਖਾਂ ਰਾਹੀਂ ਉਨ੍ਹਾਂ ਨੇ ਪੱਛਮੀ ਸੱਭਿਅਤਾ ਦੀ ਲਪੇਟ ਤੋਂ ਵੀ ਚੇਤੰਨ ਕੀਤਾ ਹੈ। ਕਰਵਾ ਚੌਥ ਬਾਰੇ ਲੇਖ ਵੀ ਬੜਾ ਦਿਲਚਸਪ ਹੈ। ਚੁਗਲਖੋਰਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੰਦਾ ਲੇਖ ਵੀ ਅੱਖਾਂ ਖੋਲ੍ਹਣ ਵਾਲਾ ਹੈ।

ਲੋਕ ਕਹਾਣੀਆਂ ਅਤੇ ਮੁਹਾਵਰਿਆਂ ਦੀ ਢੁੱਕਵੀਂ ਵਰਤੋਂ ਕਿਤਾਬ ਦੀ ਖ਼ੂਬਸੂਰਤੀ ’ਚ ਹੋਰ ਵਾਧਾ ਕਰਦੀ ਹੈ। ਐਵਿਸ ਪਬਲੀਕੇਸ਼ਨਜ਼ ਵੱਲੋਂ ਛਾਪੀ ਗਈ 165 ਸਫ਼ਿਆਂ ਦੀ ਇਹ ਕਿਤਾਬ ਪੰਜਾਬੀ ਵਾਰਤਕ ’ਚ ਮੀਲ ਦਾ ਪੱਥਰ ਹੈ।

- ਪਰਮਜੀਤ ਕੌਰ ਸਰਹਿੰਦ

Posted By: Harjinder Sodhi