‘ਉਲਝੇ-ਸੁਲਝੇ ਅੱਖਰ’ ਗੁਰਿੰਦਰ ਗਿੱਲ ਦਾ ਨਵਾਂ ਕਾਵਿ ਸੰਗ੍ਰਹਿ ਹੈ। ਇਸ ਨੂੰ ਪੜ੍ਹਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਸ਼ਾਇਰਾ ਪੰਜਾਬ ਅਤੇ ਪੰਜਾਬੀ ਭਾਸ਼ਾ ਨੂੰ ਬਹੁਤ ਪਿਆਰ ਕਰਦੀ ਹੈ। ਉਸ ਦੀਆਂ ਇਸ ਸੰਗ੍ਰਹਿ ਵਿਚਲੀਆਂ ਬਹੁਤ ਸਾਰੀਆਂ ਕਵਿਤਾਵਾਂ ਇਸੇ ਹੀ ਵਿਸ਼ੇ ਨੂੰ ਪੇਸ਼ ਕਰਦੀਆਂ ਹਨ। ਉਹ ਸਾਡੀਆਂ ਪਰੰਪਰਕ ਅਤੇ ਗੌਰਵਮਈ ਕਦਰਾਂ ਕੀਮਤਾਂ ਨੂੰ ਪੁਨਰ-ਸੁਰਜੀਤ ਕਰਨ ਦੇ ਆਹਰ ਵਿਚ ਹੈ ਤਾਂ ਕਿ ਆਉਣ ਵਾਲੀ ਪੀੜ੍ਹੀ ਆਪਣੇ ਮੂਲ ਨਾਲ ਜੁੜ ਸਕੇ। ਉਹ ਉਨ੍ਹਾਂ ਕਾਵਿ-ਰੂਪਾਂ ਦੀ ਸਿਰਜਣਾ ਦੇ ਯਤਨ ਦੀ ਪ੍ਰੋੜਤਾ ਕਰਦੀ ਹੈ ਜਿਹੜੇ ਪ੍ਰੰਪਰਕ ਸਨ ਪਰ ਲੋਕਾਂ ਦੀ ਰੂਹ ਵਿਚ ਵਸੇ ਹੋਏ ਸਨ। ਇਸੇ ਕਰਕੇ ਹੀ ਉਹ ਕਿੱਸਾ ਕਾਵਿ ਰੂਪ ਵੀ ਸੁਣਨ-ਸੁਣਾਉਣ ਦੀ ਪ੍ਰੰਪਰਾ ਬਾਰੇ ਵੀ ਕਾਵਿ-ਅਨੁਭਵ ਪੇਸ਼ ਕਰਦੀ ਹੈ। ਅਸਲ ਵਿਚ ਗੁਰਿੰਦਰ ਗਿੱਲ ਦਾ ਸ਼ਬਦਾਂ ਨਾਲ ਏਨਾ ਮੋਹ ਹੈ ਕਿ ਇਹ ਸ਼ਬਦ ਜਿੱਥੇ ਉਸ ਦੀ ਸਿਰਜਣਾ ਦਾ ਆਧਾਰ ਹਨ ਉੱਥੇ ਉਸ ਦਾ ਓਟ ਆਸਰਾ ਵੀ ਬਣਦੇ ਹਨ ਅਤੇ ਕਦੇ ਵੀ ਢਹਿੰਦੀਆਂ ਕਲਾਂ ਵਿਚ ਚੜ੍ਹਦੀ ਕਲਾ ਦੀ ਸਥਿਤੀ ਮੁਹੱਈਆ ਕਰਾਉਣ ਲਈ ਉਸ ਦਾ ਮਸਤਕ ਰੌਸ਼ਨ ਕਰਦੇ ਹਨ ਜਿਵੇਂ ਕਿ ਇਸ ਸੰਗ੍ਰਹਿ ਦਾ ਨਾਮ ‘ਉਲਝੇ-ਸੁਲਝੇ ਅੱਖਰ’ ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ ਜਿਵੇਂ :

ਯਾਰੀ ਅੱਖਰਾਂ ਨਾਲ ਜਦ ਲਾਈ

ਵੱਜਣ ਲੱਗੇ ਝਾਂਜਰ ਵਾਂਗ

ਗਲਵੱਕੜੀ ਜਦ ਪਾਈ ਚੱਲਣ

ਲੱਗੇ ਨਾਲ ਮੇਰੇ ਟੱਬਰ ਵਾਂਗ।

- ਅੱਖਰ ਮੇਰੀ ਰੂਹ ਹੈ

ਸ਼ਬਦ ਬਣ ਬੈਠੇ ਨੇ ਜਜ਼ਬਾਤ ਮੇਰੇ

ਸੁਣਦੇ ਪੜ੍ਹਦੇ ਨੇ ਲੋਕੀਂ ਜੋ ਕੀਤੀ

ਮੈਂ ਵਾਕਾਂ ਦੀ ਹਾਲੀ ਏ।

ਗੁਰਿੰਦਰ ਗਿੱਲ ਦੀ ਕਵਿਤਾ ਵਿਚ ਜਿੱਥੇ ਪੰਜਾਬੀ ਭਾਸ਼ਾ ਪ੍ਰਤੀ ਮੋਹ ਡੁੱਲ੍ਹ-ਡੱਲ੍ਹ ਪੈਂਦਾ ਹੈ ਉੱਥੇ ਉਹ ਉਸ ਦੀ ਕਵਿਤਾ ਵਿਚ ਪੰਜਾਬੀ ਤੋਂ ਮੂੰਹ ਮੋੜ ਲੈਣ ਵਾਲੇ ਵਿਅਕਤੀਆਂ ਲਈ ਸੁਨੇਹਾ ਵੀ ਬਣਦੀ ਹੈ ਕਿ ਪੰਜਾਬੀ ਭਾਸ਼ਾ ਦਾ ਮੁਕਾਬਲਾ ਕੋਈ ਹੋਰ ਭਾਸ਼ਾ ਨਹੀਂ ਕਰ ਸਕਦੀ।

ਗੁਰਿੰਦਰ ਗਿੱਲ ਦੀ ਕਵਿਤਾ ਵਿਚ ਸੂਫ਼ੀਆਨਾ ਰੰਗ ਵੀ ਪਾਠਕ ਨੂੰ ਮਾਣਨ ਨੂੰ ਮਿਲਦਾ ਹੈ ਅਤੇ ਉਹ ਆਧੁਨਿਕ ਅਰਥਾਂ ਵਿੱਚੋਂ ਜ਼ਿੰਦਗੀ ਦੇ ਅਸਲ ਮਾਅਨਿਆਂ ਦੇ ਰੂਬਰੂ ਵੀ ਹੁੰਦਾ ਹੈ। ਉਸ ਦੀ ਕਵਿਤਾ ਵਿਚਲਾ ਪਿਆਰ ਅਨੁਭਵ ਇਸ਼ਕ ਮਿਜ਼ਾਜ਼ੀ ਨਹੀਂ ਸਗੋਂ ਹਕੀਕੀ ਰੰਗ ਵਾਲਾ ਹੈ। ਉਸ ਦੀ ਕਵਿਤਾ ਵਿਚ ਸਾਦਗੀ ਦਾ ਰੰਗ ਗੂੜ੍ਹਾ ਹੈ ਪਰ ਇਸ ਸਾਦਗੀ ਦਾ ਭਾਵ ਇਹ ਨਹੀਂ ਕਵਿਤਾ ਅਸਰਦਾਰ ਨਹੀਂ ਇਸ ਕਵਿਤਾ ਦੇ ਸਾਦੇ ਸ਼ਬਦ ਗਹਿਰ-ਗੰਭੀਰ ਅਰਥਾਂ ਦੀ ਥਹੁ ਦਿੰਦੇ ਹਨ।

ਇਨ੍ਹਾਂ ਵਿਚਲੀ ਸੰਬਾਦੀ ਸੁਰ ਪਾਠਕ ਨੂੰ ਪ੍ਰਭਾਵਿਤ ਵੀ ਕਰਦੀ ਹੈ ਅਤੇ ਪਰੰਪਰਕ ਸਟੇਜੀ ਕਵਿਤਾ ਵਰਗਾ ਮੁਹਾਂਦਰਾ ਵੀ ਅਖਤਿਆਰ ਕਰਦੀ ਹੈ। ਕਿਤੇ-ਕਿਤੇ ਕਾਵਿ-ਸ਼ਿਲਪ ਦੀ ਲੋੜ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਕਵਿਤਾ ਵਿਚ ਪੇਸ਼ ਅਨੁਭਵ ਸ਼ਾਇਰਾ ਦੇ ਕਵਿਤਾ ਪ੍ਰਤੀ ਮੋਹ ਦੀ ਨਿਸ਼ਾਨਦੇਹੀ ਕਰਦਾ ਹੈ। ਅਭੀ ਬੁਕਸ ਐਂਡ ਪਿ੍ਰੰਟਰਜ਼, ਜਲੰਧਰ ਵੱਲੋਂ ਪ੍ਰਕਾਸ਼ਤ ਇਸ ਪੁਸਤਕ ਦੇ ਪੰਨੇ 180 ਅਤੇ ਮੁੱਲ 300 ਰੁਪਏ ਹੈ।

- ਡਾ. ਸਰਦੂਲ ਸਿੰਘ ਔਜਲਾ

Posted By: Harjinder Sodhi