ਪੁਸਤਕ : ਦੀਜੈ ਬੁਧਿ ਬਿਬੇਕਾ (ਨਾਵਲ)

ਨਾਵਲਕਾਰਾ : ਕਿਰਨਦੀਪ ਕੌਰ ਭਾਈਰੂਪਾ

ਪੰਨੇ : 144 ਮੁੱਲ : 220/-

ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।

ਕਿਰਨਦੀਪ ਕੌਰ ਭਾਈਰੂਪਾ ਪੰਜਾਬੀ ਨਾਵਲ ਵਿਚ ਨਵਾਂ ਨਾਂ ਹੈ ਜੋ ਆਪਣਾ ਨਵਾਂ ਨਾਵਲ ‘ਦੀਜੈ ਬੁਧਿ ਬਿਬੇਕਾ’ ਲੈ ਕੈ ਪਾਠਕਾਂ ਦੇ ਰੂਬਰੂ ਹੋਈ ਹੈ। ਇਸ ਨਾਵਲ ਵਿਚ ਅੰਧ-ਵਿਸ਼ਵਾਸੀ ਲੋਕਾਂ ਦਾ ਅਖੌਤੀ ਬਾਬਿਆਂ ਦੀ ਸ਼ਰਨ ਵਿਚ ਜਾ ਕੇ ਆਪਣੇ ਦੁੱਖਾਂ ਅਤੇ ਮੁਸੀਬਤਾਂ ਦੇ ਹੱਲ ਲੱਭਣਾ ਅਤੇ ਬਾਬਿਆਂ ਦੁਆਰਾ ਉਨ੍ਹਾਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਣਾ ਆਦਿ ਮੂਲ ਵਿਸ਼ੇ ਦੇ ਰੂਪ ਵਿਚ ਸਾਹਮਣੇ ਆਉਂਦੇ ਪਹਿਲੂ ਹਨ। ਇਸ ਦੇ ਨਾਲ ਹੀ ਸਮਾਜ ਵਿਚ ਅਨੈਤਿਕ ਸਬੰਧਾਂ ਦੀ ਜੜ੍ਹ ਥੱਲੇ ਕਾਰਜਸ਼ੀਲ ਕਾਰਨਾਂ ਦੀ ਤਲਾਸ਼ ਵੀ ਇਸ ਨਾਵਲ ਵਿਚ ਕੀਤੀ ਗਈ ਹੈ। ਇਸ ਦੇ ਨਾਲ ਹੀ ਇਕ ਪਹਿਲੂ ਇਹ ਵੀ ਉਜਾਗਰ ਹੁੰਦਾ ਹੈ ਕਿ ਜੇਕਰ ਵਿੱਦਿਆ ਦਾ ਪ੍ਰਸਾਰ ਕਰ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਲੋਕਾਂ ਨੂੰ ਅਗਿਆਨਤਾ ਦੇ ਹਨੇਰੇ ਅਤੇ ਅੰਧ-ਵਿਸ਼ਵਾਸੀ ਹਾਲਤਾਂ ਵਿੱਚੋਂ ਕੱਢਿਆ ਜਾ ਸਕਦਾ ਹੈ।

ਨਾਵਲ ਵਿਚ ਮੁੱਖ ਪਾਤਰ ਰੇਸ਼ਮ ਸਿੰਘ ਜੋ ਬਾਅਦ ਵਿਚ ਕੁਟੀਆ ਵਿਚ ਰਹਿ ਕੇ ਰਿਸ਼ੀ ਦੇਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਉਸ ਦਾ ਤਾਇਆ ਮੱਘਰ ਸਿੰਘ ਜੋ ਮੱਧਰ ਸਿੰਘ ਤੋਂ ਮੱਘਰ ਦਾਸ ਬਣ ਕੇ ਕਿਸੇ ਪਿੰਡ ਦੀ ਕੁਟੀਆ ਵਿਚ ਰਹਿੰਦਾ ਹੈ ਉਸ ਦੇ ਸੰਪਰਕ ਵਿਚ ਆ ਕੇ ਹੀ ਰੇਸ਼ਮ ਸਿੰਘ ਰਿਸ਼ੀ ਦੇਵ ਬਣਦਾ ਹੈ ਜਿਸ ਦੇ ਪ੍ਰੇਮ ਸਬੰਧ ਪਿੰਡ ਦੀ ਕੁੜੀ ਦੀਪੋ ਨਾਲ ਵੀ ਨਾਵਲ ਵਿਚ ਉਜਾਗਰ ਹੁੰਦੇ ਹਨ।

ੜਕਾ ਪ੍ਰਾਪਤੀ ਲਈ ਦੀਪੋ ਦੇ ਪਰਿਵਾਰ ਵਾਲੇ ਉਸ ਦੀ ਭਰਜਾਈ ਨੂੰ ਲੈ ਕੇ ਕੁਟੀਆ ਵਿਚ ਆਉਂਦੇ ਹਨ ਜਿਸ ਸਦਕਾ ਦੀਪੋ ਰਿਸ਼ੀ ਦੇਵ ਦੇ ਸੰਪਰਕ ਵਿਚ ਆਉਂਦੀ ਹੈ ਪਰ ਨਾਵਲ ਦੇ ਅਖੀਰ ਤੇ ਇਹ ਪ੍ਰੇਮ ਕਹਾਣੀ ਅਧੂਰੇ ਰੂਪ ਵਿਚ ਪੇਸ਼ ਹੁੰਦੀ ਹੈ ਪਰ ਨਾਵਲ ਵਿਚ ਜਗਜੀਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਪ੍ਰਗਤੀਵਾਦੀ ਸੋਚ ਵੀ ਨਾਵਲੀ ਬਿਰਤਾਂਤ ਵਿਚ ਅਲਪ ਰੂਪ ਵਿਚ ਸਾਹਮਣੇ ਆਉਂਦੀ ਹੈ। ਸੀਤੋ ਅਤੇ ਨਾਜ਼ਰ ਦੇ ਅਨੈਤਿਕ ਸਬੰਧ ਵੀ ਰਿਸ਼ਤਿਆਂ ਦੀ ਕਸ਼ਮਕਸ਼ ਨੂੰ ਪੇਸ਼ ਕਰਦੇ ਨਾਵਲੀ ਬਿਰਤਾਂਤ ਨੂੰ ਗਤੀਸ਼ੀਲ ਕਰਦੇ ਹਨ।

ਨਾਵਲ ਵਿਚ ਪੇਂਡੂ ਸੱਭਿਆਚਾਰ ਦੀਆਂ ਝਲਕਾਂ ਵੀ ਪੇਸ਼ ਹੋਈਆਂ ਹਨ। ਪਰ ਨਾਵਲ ਅਖੀਰ ਤੇ ਹਾਂ-ਵਾਦੀ ਸੁਨੇਹਾ ਦਿੰਦਾ ਹੋਇਆ ਸਮਾਪਤ ਹੁੰਦਾ ਹੈ। ਨਾਵਲਕਾਰਾ ਨੇ ਨਾਵਲੀ ਬਿਰਤਾਂਤ ਨੂੰ ਚੌਂਤੀ ਕਾਂਡਾਂ ਵਿਚ ਵਰਗੀਿਤ ਕਰ ਕੇ ਪੇਸ਼ ਕੀਤਾ ਹੈ।

- ਡਾ. ਸਰਦੂਲ ਸਿੰਘ ਔਜਲਾ

Posted By: Harjinder Sodhi