ਵਿਗਿਆਨਕ ਤੌਰ ’ਤੇ ਤਰੱਕੀ ਕਰ ਲੈਣ ਅਤੇ ਵਿਗਿਆਨ ਨਾਲ ਸਬੰਧਿਤ ਅਨੇਕਾਂ ਪੁਸਤਕਾਂ ਉਪਲੱਬਧ ਹੋਣ ਦੇ ਬਾਅਦ ਵੀ ਪੰਜਾਬੀ ਭਾਸ਼ਾ ਵਿਚ ਵਿਗਿਆਨੀਆਂ ਦੇ ਜੀਵਨ ਅਤੇ ਖੋਜਕਾਰਜ ਨਾਲ ਸਬੰਧਿਤ ਪੁਸਤਕਾਂ ਦੀ ਘਾਟ ਰੜਕਦੀ ਹੀ ਰਹਿੰਦੀ ਹੈ। ਪੰਜਾਬੀ ਭਾਸ਼ਾ ਦੇ ਕੁਝ ਵਿਰਲੇ ਹੀ ਲੇਖਕ ਹਨ ਜਿਨ੍ਹਾਂ ਨੇ ਆਪਣੀ ਖੁਰਦਬੀਨੀ ਨਜ਼ਰ ਨਾਲ ਇਸ ਵਿਸ਼ੇ ਨਾਲ ਸਬੰਧਿਤ ਕਾਰਜ ਨੂੰ ਅੰਜ਼ਾਮ ਦੇਣ ਦਾ ਉਪਰਾਲਾ ਕੀਤਾ ਹੈ। ਜਿਨ੍ਹਾਂ ਵਿੱਚੋਂ ਇਕ ਹਨ ਸਰਗਰਮ ਲੇਖਕ ਹਰੀ ਕਿ੍ਰਸ਼ਨ ਮਾਇਰ। ਉਹ ਇਸ ਵਿਚਾਰ ਅਧੀਨ ਪੁਸਤਕ ਤੋਂ ਪਹਿਲਾਂ ਇਸੇ ਵਿਸ਼ੇ ਨਾਲ ਸਬੰਧਿਤ ਪੁਸਤਕ ‘ਮਹਾਨ ਖੋਜਕਾਰ’ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਚੁੱਕੇ ਹਨ। ਜਿਸ ਅੰਦਰ ਉਨ੍ਹਾਂ ਨੇ ਵਿਸ਼ਵ ਦੇ ਵਿਗਿਆਨੀਆਂ ਦੇ ਜੀਵਨ ਅਤੇ ਖੋਜਕਾਰਜ ਨਾਲ ਸਬੰਧਿਤ ਜਾਣਕਾਰੀ ਮੁਹੱਈਆ ਕਰਵਾਈ ਸੀ। ਲੇਕਿਨ ਹੱਥਲੀ ਪੁਸਤਕ “ਭਾਰਤੀ ਖੋਜਕਾਰ’’ ਕੇਵਲ ਭਾਰਤ ਦੇਸ਼ ਦੀ ਵੰਡ ਤੋਂ ਪਹਿਲਾਂ ਜਾਂ ਬਾਅਦ ਦੇ 27 ਵਿਗਿਆਨੀਆਂ ਨਾਲ ਹੀ ਸਬੰਧਿਤ ਹੈ। ਜਿਨ੍ਹਾਂ ਵਿਚ :- ਜਗਦੀਸ਼ ਚੰਦਰ ਬੋਸ, ਡਾ .ਪੀ. ਸੀ.ਰੇਅ, ਡਾ. ਰੁਚੀ ਰਾਮ ਸਾਹਨੀ, ਪ੍ਰਸ਼ਾਂਤ ਚੰਦਰ ਮਹਾਲਨੋਬਿਸ, ਚੰਦਰ ਸ਼ੇਖਰ ਵੈਂਕਟਰਮਨ, ਸਿਸਿਰ ਕੁਮਾਰ ਮਿਤਰਾ, ਡਾ. ਬੀਰਬਲ ਸਾਹਨੀ, ਡਾ. ਮੇਘਨਾਥ ਸਾਹਾ, ਸਤਿੰਦਰ ਨਾਥ ਬੋਸ, ਸ਼ਾਂਤੀ ਸਰੂਪ ਭਟਨਾਗਰ, ਸਲੀਮ ਅਲੀ, ਸ੍ਰੀ ਨਿਵਾਸ ਰਾਮਾਨੁਜਨ, ਸ੍ਰੀ ਨਿਵਾਸ ਕਿ੍ਰਸ਼ਨਨ, ਦੌਲਤ ਸਿੰਘ ਕੋਠਾਰੀ, ਹੋਮੀ ਜਹਾਂਗੀਰ ਭਾਭਾ, ਸੁਬਰਾਮਨੀਅਮ ਚੰਦਰ ਸ਼ੇਖਰ, ਕਮਲਾ ਸੋਹੋਨੀ, ਅੰਨਾ ਮਣੀ, ਵਿਕਰਮ ਸਾਰਾਭਾਈ, ਸਤੀਸ਼ ਚੰਦਰ ਧਵਨ, ਹਰਗੋਬਿੰਦ ਖੁਰਾਨਾ, ਰਾਜਾ ਰਮੰਨਾ, ਪ੍ਰੋ. ਯਸ਼ਪਾਲ, ਡਾ.ਏ.ਪੀ.ਜੇ ਅਬਦੁਲ ਕਲਾਮ, ਡਾ.ਸੀ.ਐੱਨ.ਆਰ ਰਾਓ, ਡਾ. ਜੈਅੰਤ ਵਿਸ਼ਨੂੰ ਨਾਰਲੀਕਰ, ਡਾ. ਸੁਰੇਸ਼ ਰਤਨ ਸ਼ਾਮਲ ਹਨ। ਜਿਨ੍ਹਾਂ ਬਾਰੇ ਪੁਸਤਕ ਅੰਦਰ ਸੰਖੇਪ ਵਿਚ ਪਰ ਬਹੁਤ ਰੋਚਕ ਅਤੇ ਲਾਹੇਵੰਦ ਜਾਣਕਾਰੀ ਮਿਲਦੀ ਹੈ।

ਮਾਇਰ ਵੱਲੋਂ ਪੁਸਤਕ ਵਿਚ ਦਰਜ ਪਹਿਲੇ ਵਿਗਿਆਨੀ ਜਗਦੀਸ਼ ਚੰਦਰ ਬੋਸ ਨਾਲ ਸਬੰਧਿਤ ਜਾਣਕਾਰੀ ਅਨੁਸਾਰ ਉਹ ਅਜਿਹੇ ਪਹਿਲੇ ਵਿਗਿਆਨੀ ਸਨ ਜਿਨ੍ਹਾਂ ਨੇ ਇਹ ਸਿੱਧ ਕਰ ਕੇ ਵਿਖਾਇਆ ਕਿ ਪੌਦਿਆਂ ਵਿਚ ਵੀ ਸਾਡੇ ਵਾਂਗ ਭਾਵਨਾਵਾਂ ਹੁੰਦੀਆਂ ਹਨ। ਅਜਿਹੀ ਅਸਾਧਾਰਨ ਪ੍ਰਤਿਭਾ ਦੇ ਮਾਲਕ ਵਿਗਿਆਨੀ ਨੇ ਆਪਣੇ ਖੋਜਕਾਰਜ ਨਾਲ ਆਪਣੀ ਵਿਲੱਖਣ ਕਾਬਲੀਅਤ ਦਾ ਅਜਿਹਾ ਲੋਹਾ ਮਨਵਾਇਆ ਕਿ ਅੰਗਰੇਜ਼ ਹਕੂਮਤ ਨੂੰ ਜਗਦੀਸ਼ ਚੰਦਰ ਬੋਸ ਨੂੰ ‘ਨਾਈਟ’ ਦੀ ਉਪਾਧੀ ਨਾਲ ਸਨਮਾਨਿਤ ਕਰਨ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਬਿ੍ਰਟਿਸ਼ ਸਰਕਾਰ ਨੇ ਜਗਦੀਸ਼ ਚੰਦਰ ਬੋਸ ਨੂੰ ‘ਕੰਪੇਨੀਅਨ ਆਫ ਦਿ ਆਰਡਰ ਆਫ ਦਿ ਇੰਡੀਅਨ ਅੰਪਾਇਰ’ ਸਨਮਾਨ ਵੀ ਦਿੱਤਾ ਸੀ।

ਹਰੀ ਕਿ੍ਰਸ਼ਨ ਮਾਇਰ ਨੇ ਵਿਗਿਆਨੀ ਪ੍ਰਸ਼ਾਂਤ ਚੰਦਰ ਮਹਾਲਨੋਬਿਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਇਕ ਅਜਿਹਾ ਵਿਹਾਰਕ ਅੰਕੜਾ ਵਿਗਿਆਨੀ ਹੈ ਜਿਸ ਨੇ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ ਹੈ। ਜਿਸ ਦੀ ਖੋਜੀ ਹੋਈ ‘ਮਹਾਲਨੋਬਿਸ ਦੂਰੀ’ ਅੰਕੜਿਆਂ ਦਾ ਇਕ ਪੈਮਾਨਾ ਬਣ ਗਈ। ਉਸ ਦੇ ਸਾਂਖਿਅਕੀ ਦੇ ਸਿਧਾਂਤ, ਵਿਧੀਆਂ, ਪ੍ਰਯੋਗ ਤੇ ਸੰਕਲਪ ਅੱਜ ਦੁਨੀਆਂ ਭਰ ’ਚ ਵਰਤੇ ਜਾਂਦੇ ਹਨ। ਮਾਨਵ ਵਿਗਿਆਨ, ਹੜ੍ਹ ’ਤੇ ਕਾਬੂ, ਮੌਸਮ ਵਿਗਿਆਨ, ਫ਼ਸਲਾਂ ਦਾ ਪੂਰਵ ਅਨੁਮਾਨ, ਜਨਸੰਖਿਆ ਸਬੰਧੀ ਉਸ ਦੀ ਕੀਤੀ ਸਮੀਖਿਆ ਨਾ ਕੇਵਲ ਪਥ ਪਰਦਰਸ਼ਕ ਹੀ ਬਣੀ ਸਗੋਂ ਉਨ੍ਹਾਂ ਤੋਂ ਕੁਝ ਬੁਨਿਆਦੀ ਸਾਂਖਿਅਕੀ ਸਿਧਾਂਤ ਵੀ ਵਿਕਸਿਤ ਹੋਏ। ਸ਼੍ਰੇਣੀਬੱਧ ਅੰਕੜਿਆਂ ਦੇ ਗੁਣਾਂ ਮੁਤਾਬਿਕ ਵਰਗੀਕਰਨ ਨਾਲ ਜੁੜਿਆ ‘ਮਹਾਲਨੋਬਿਸ ਡਿਸਟੈਂਸ’ ਸੰਕਲਪ ਉਸ ਦੀ ਚਰਚਿਤ ਲੱਭਤ ਹੈ। ਆਜ਼ਾਦੀ ਪਿੱਛੋਂ ਸਾਂਖਿਅਕੀ ਦਾ ਤੇਜ਼ੀ ਨਾਲ ਵਿਕਾਸ ਹੋਇਆ ਜਿਸ ਵਿਚ ਪ੍ਰਸ਼ਾਂਤ ਚੰਦਰ ਨੇ

ਮੋਹਰੀ ਬਣਕੇ ਭੁਮਿਕਾ ਨਿਭਾਈ। ਉਹ ਪਹਿਲੇ ਯੋਜਨਾ ਬੋਰਡ ਦਾ ਮੈਂਬਰ ਬਣਿਆ ਅਤੇ ਭਾਰਤ ਸਰਕਾਰ ਦਾ ਸਾਂਖਿਅਕੀ ਸਲਾਹਕਾਰ ਬਣਿਆ।

ਹਰੀ ਕਿ੍ਰਸ਼ਨ ਮਾਇਰ ਲਿਖਦੇ ਹਨ ਡਾ. ਏ.ਪੀ .ਜੇ.ਅਬਦੁਲ ਕਲਾਮ ਉਹ ਪਹਿਲੇ ਅਜਿਹੇ ਵਿਗਿਆਨੀ ਸਨ ਜੋ ਭਾਰਤ ਦੇ ਗਿਆਰਵੇਂ ਰਾਸ਼ਟਰਪਤੀ ਬਣੇ। ਉਨ੍ਹਾਂ ਦੀ ਇੱਛਾ ਫਾਈਟਰ ਪਾਇਲਟ ਬਣਨ ਦੀ ਸੀ ਪਰ ਉਨ੍ਹਾਂ ਦੀ ਪਛਾਣ ‘ਮਿਸਾਈਲਮੈਨ’ ਵਜੋਂ ਬਣੀ। ਉਨ੍ਹਾਂ ਨੇ ਭਾਰਤ ਦੇ ਪੋਖਰਣ ’ਚ ਦੂਜੇ ਨਿਉਕਲੀਅਰ ਟੈਸਟ ਵੇਲੇ ਮੋਹਰੀ ਦੀ ਭੂਮਿਕਾ ਨਿਭਾਈ ਸੀ। ਕਲਾਮ ਇਨਕੋਸਪਾਰ ’ਚ ਰਾਕਟ ਇੰਜੀਨੀਅਰ ਨਿਯੁਕਤ ਹੋ ਗਏ। ਸੰਨ 1962 ਵਿਚ ਥੰਬਾ ਪਿੰਡ ਵਿਚ ਇਕੋਟੋਰੀਅਲ ਲਾਂਚ ਸਟੇਸ਼ਨ ਸਥਾਪਿਤ ਹੋਇਆ। ਥੋੜ੍ਹੀ ਦੇਰ ਪਿੱਛੋਂ ਕਲਾਮ ਸਾਉਡਿੰਗ ਰਾਕਟ ਛੱਡਣ ਦੀਆਂ ਤਕਨੀਕਾਂ ਦੀ ਟ੍ਰੇਨਿੰਗ ਲੈਣ ਲਈ ‘ਅਮਰੀਕਾ ’ਚ ਨਾਸਾ’ ਚਲੇ ਗਏ। ਉੱਥੇ ਉਨ੍ਹਾਂ ਨੇ ਲੰਗਲੇ ਖੋਜ ਕੇਂਦਰ, ਹੰਪਟਨ ਵਰਜੀਨੀਆਂ ’ਚ ਖੋਜ ਕਾਰਜ ਕੀਤੇ। ਸੰਨ 1963 ’ਚ ਡਾ. ਕਲਾਮ ਨਾਸਾ ਤੋਂ ਵਾਪਸ ਆ ਗਏ। ਸੰਨ 1969 ’ਚ ਆਈ.ਸੀ.ਐੱਸ.ਆਰ.ਦੀ ਥਾਂ ਇਸਰੋ ਬਣ ਗਈ। ਡਾ. ਕਲਾਮ ਇੱਥੇ ਨਵੇਂ ਪ੍ਰੋਜੈਕਟਾਂ ਦੇ ਨਿਰਦੇਸ਼ਕ ਬਣਾ ਦਿੱਤੇ ਗਏ।

ਇਸੇ ਤਰ੍ਹਾਂ ਲੇਖਕ ਨੇ ਬਾਕੀ ਦੇ ਭਾਰਤੀ ਵਿਗਿਆਨੀ ਖੋਜਕਾਰਾਂ ਦੇ ਜੀਵਨ ਦੇ ਕਈ ਅਜਿਹੇ ਅਣਛੂਹੇ ਪਹਿਲੂਆਂ ਬਾਰੇ ਮੁੱਲਵਾਨ ਸਾਂਝ ਪਵਾਈ ਹੈ ਜਿਸ ਬਾਰੇ ਘੱਟ ਹੀ ਪੜ੍ਹਨ ਸੁਣਨ ਨੂੰ ਮਿਲਿਆ ਹੈ। ਜਿਸ ਤਰ੍ਹਾਂ ਇਨ੍ਹਾਂ ਮਹਾਨ ਸ਼ਖਸ਼ੀਅਤਾਂ ਨੇ ਘੱਟ ਸਾਧਨ ਹੋਣ ਦੇ ਬਾਵਜੂਦ ਸੀਮਤ ਸਿੱਖਿਆ ਸਰੋਤਾਂ ਨਾਲ ਕਾਮਯਾਬੀ ਦੀਆਂ ਸਿਖ਼ਰਾਂ ਨੂੰ ਛੋਹਿਆ, ਸਾਡੀ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਣਾ ਸ੍ਰੋਤ ਹਨ। ਨਿਰਸੰਦੇਹ ਵਿਦਿਆਰਥੀ ਇਸ ਪੁਸਤਕ ਨੂੰ ਪੜ੍ਹ ਕੇ ਕਾਮਯਾਬੀ ਦੀਆਂ ਮੰਜ਼ਿਲਾਂ ਸਰ ਕਰਨ ਲਈ ਉਤਸ਼ਾਹਿਤ ਹੋਣਗੇ। ‘ਭਾਰਤੀ ਖੋਜਕਾਰ’ ਪੁਸਤਕ ਦੇ ਪੰਨੇ 188 ਅਤੇ ਮੁੱਲ 200 ਰੁਪਏ ਹੈ ਜਿਸ ਨੂੰ ਗੋਰਕੀ ਪ੍ਰਕਾਸ਼ਨ, ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ। ਇਹ ਪੁਸਤਕ ਵਿਦਿਆਰਥੀਆਂ ਅਤੇ ਵਿਗਿਆਨੀਆਂ ਬਾਰੇ ਜਾਣਨ ਵਾਲਿਆਂ ਲਈ ਬਹੁਤ ਲਾਹੇਵੰਦ ਹੋਵੇਗੀ।

- ਪਰਮਜੀਤ ਸਿੰਘ ਸੰਸੋਆ

Posted By: Harjinder Sodhi