ਪੁਸਤਕ : ਮੇਰੀਆਂ ਜ਼ਖ਼ਮੀ ਮੁਹੱਬਤਾਂ ਅਤੇ ਮੇਰੇ ਜ਼ਖ਼ਮੀ ਪ੍ਰਦੇਸਨਾਮੇ

ਲੇਖਕ : ਅਮਰਜੀਤ ਸਿੰਘ ਚੀਮਾ

ਪੰਨੇ : 167 ਮੁੱਲ : 300/-

ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ।

ਨਿਊਯਾਰਕ ਵਸਦੇ ਦੁਆਬੇ ਦੇ ਜੰਮਪਲ ਅਮਰਜੀਤ ਸਿੰਘ ਚੀਮਾ ਦੀ ਇਹ ਪਹਿਲੀ ਕਿਰਤ ਹੈ। ਇਸ ਨੂੰ ਨਾਵਲ ਕਹੀਏ, ਸਫ਼ਰਨਾਮਾ ਜਾਂ ਸਵੈ-ਜੀਵਨੀ ਸਾਰਾ ਕੁੱਝ ਹੀ ਹੈ। ਅੱਜਕੱਲ੍ਹ ਪਰਵਾਸ ਦੀ ਬੜੀ ਦੌੜ ਲੱਗੀ ਹੈ, ਹਰ ਹੀਲੇ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ। ਏਜੰਟਾਂ, ਦੋਸਤਾਂ, ਸਕਿਆਂ ਤੇ ਨੇੜਲਿਆਂ ਤੋਂ ਹਰ ਥਾਂ ਧੋਖਾ ਖਾਂਦੇ ਹਨ। ਸਾਰੇ ਲੁੱਟਦੇ ਹਨ। ਜੋ ਕਾਮਯਾਬ ਹੰੁਦੇ ਹਨ ਉਨ੍ਹਾਂ ਨੂੰ ਹੋਰ ਵਧੇਰੇ ਮਾਰ ਖਾਣੀ ਪੈਂਦੀ ਹੈ, ਮਾਪਿਆਂ ਤੋਂ ਸਦਾ ਲਈ ਜੁਦਾਈ ਦਾ ਅਸਹਿ ਕਸ਼ਟ ਝੱਲਣਾ ਪੈਂਦਾ ਹੈ। ਔਰਤ ਇਸ ਕਹਾਣੀ ਵਿੱਚ ਵਧੇਰੇ ਕਰਕੇ ਧੋਖੇਬਾਜ਼, ਸੁਆਰਥੀ ਤੇ ਕਪਟੀ ਰੂਪ ਵਿੱਚ ਆਉਦੀ ਹੈ। ਉਹ ਪਿਆਰ ਵਿੱਚ ਵੀ ਤੇ ਵਿਆਹ ਵਿੱਚ ਵੀ ਦਗ਼ਾ ਦਿੰਦੀ ਹੈ। ਮਾਪੇ ਬਿਨਾਂ ਇੱਜ਼ਤ ਦੇਖੇ ਹਰ ਹਰਬਾ ਵਰਤ ਕੇ ਉਨ੍ਹਾਂ ਦੀ ਪਿੱਠ ਠੋਕਦੇ ਹਨ। ਜਿੱਥੇ ਸੀਰੀਆ, ਲਿਬਨਾਨ ਵਰਗੇ ਦੇਸ਼ ਦਾ ਹਾਲ ਹੈ ਉੱਥੇ ਅਮਰੀਕਾ, ਸਮੰੁਦਰੀ ਸ਼ਿੱਪ, ਐਰੋ-ਪਲੇਨ ਦਾ ਤੇ ਇੰਮੀਗ੍ਰੇਸ਼ਨ ਦਾ ਲੁਟੇਰਾ ਅਮਲਾ, ਲੰਬੜ, ਪਟਵਾਰੀ,ਚੌਕੀਦਾਰ ਗੱਲ ਕੀ ਕੁੱਲ ਭਾਰਤੀ ਪੰਜਾਬ ਤੇ ਦਿੱਲੀ ਵਿੱਚ ਭਿ੍ਰਸ਼ਟ ਹੋ ਚੁੱਕੇ ਹਨ। ਉਪਰੋਕਤ ਸਭ ਕੁੱਝ ਇਸ ਪੁਸਤਕ ਵਿੱਚ ਹੈ। ਬੜੀ ਪ੍ਰੇਰਣਾ ਵਾਲੀ ਵਿਸ਼ੇਸ਼ ਕਰਕੇ ਬਾਹਰ ਜਾਣ ਵਾਲਿਆਂ ਲਈ ਸਬਕ ਦਿੰਦੀ ਪੁਸਤਕ ਹੈ। ਪੁਸਤਕ ਦੇ ਦਸ ਮੁੱਖ ਭਾਗ ਹਨ ਤੇ ਇੱਕ ਐੱਡ ਦੇ ਕਿਰਦਾਰ ’ਤੇ ਪਿੱਛਲ ਝਾਤ-ਵਿਸ਼ੇਸ਼ ਹੈ। ਬਿਰਤਾਂਤ ਰੋਚਕ ਜਾਣਕਾਰੀ ਭਰਪੂਰ ਤੇ ਅੱਗੇ ਤੁਰਦਾ ਹੈ। ਨਾਵਲਕਾਰ, ਜੀਵਨੀਕਾਰ ਜਾਂ ਸਫ਼ਰਨਾਮਾ ਲੇਖਕ ਦੀ ਜ਼ਿੰਦਗੀ ਦਾ ਦੁੱਖਾਂ ਭਰਪੂਰ, ਸੁਖੀ ਹੋ ਨਿੱਬੜਿਆ ਹੈ। ਇਹ ਲੇਖਕ ਦਾ ਆਸ਼ਾਵਾਦੀ ਨਜ਼ਰੀਆ ਹੈ ਭਾਵੇਂ ਅਨੇਕ ਥਾਂ ਉਹ ਨਿਰਾਸ਼ਾ ਦੇ ਪ੍ਰਗਟਾਵੇ ਕਰਦਾ ਹੈ। ਡੰੁਮਣਾ ਮਨ ਕਦੇ ਰੱਬ ਨੂੰ ਮੰਨਦਾ ਹੈ ਤੇ ਕਦੇ ਮੁਨਕਰ ਹੰੁਦਾ ਹੈ। ਪੁਸਤਕ ਦਾ ਨਾਮ ਲੰਮਾ ਹੈ।

ਅਗਲੀ ਪੁਸਤਕ ਲਿਖਣ ਸਮੇਂ ਉਹ ਸ਼ਰਾਬ, ਸਿਗਰਟ ਦੇ ਬੇਲੋੜੇ ਤੇ ਬਹੁਤੇ ਵੇਰਵੇ ਦੇਣ ਤੋਂ ਗੁਰੇਜ਼ ਕਰੇ। ਦੁਹਰਾਉ ਨਾ ਕਰੇ। ਉਸ ਦੇ ਆਰੰਭ ਤੇ ਅੰਤ ਵਿੱਚ ਲਿਖੇ ਗੀਤ ਬੜੇ ਵਧੀਆ ਹਨ। ਉਹ ਆਪਣੀ ਗੱਲ ਕਹਿਣ ਲਈ ਤਿੰਨਾਂ ’ਚੋਂ ਇੱਕ ਵਿਧਾ ਚੁਣੇ। ਉਸ ਨੇ ਪ੍ਰਕਿਰਤੀ ਚਿਤ੍ਰਣ, ਇਤਿਹਾਸ ਤੇ ਰਾਜਸੀ ਹਾਲਾਤ ਕਈ ਦੇਸਾਂ ਦੇ ਵਰਣਨ ਕੀਤੇ ਹਨ। ਪੁਸਤਕ ਬੇਅੰਤ ਜਾਣਕਾਰੀ ਭਰਪੂਰ ਗਾਗਰ ਵਿੱਚ ਸਾਗਰ ਹੈ। ਹਰ ਇੱਕ ਦੇ ਪੜ੍ਹਨ ਵਾਲੀ ਹੈ।

- ਤੇਜਾ ਸਿੰਘ ਤਿਲਕ

Posted By: Harjinder Sodhi