ਮਾਂ-ਬੋਲੀ ਨਾਲ ਮੇਰਾ ਉਦੋਂ ਦਾ ਹੀ ਪਿਆਰ ਹੈ ਜਦੋਂ ਦਾ ਮੈਂ ਇਸ ਦੁਨੀਆ ਵਿਚ ਪਹਿਲਾ ਸਾਹ ਲਿਆ। ਵਿਦਿਆਰਥੀ ਕਾਲ ਵਿਚ ਹੀ ਸਾਹਿਤਕ ਰਚਨਾ ਸ਼ੁਰੂ ਹੋ ਗਈ ਸੀ। ਲਗਪਗ 1974 ਵਿਚ ਹੀ ਮੇਰੀ ਪਹਿਲੀ ਕਵਿਤਾ ਕਾਲਜ ਮੈਗਜ਼ੀਨ ਵਿਚ ਛਪ ਗਈ ਸੀ। ਮੈਂ ਲੰਬੇ ਅਰਸੇ ਤਕ ਪੰਜਾਬ ਦੀ ਨਿਆਂਪਾਲਕਾ ਵਿਚ ਬਤੌਰ ਜੱਜ ਸੇਵਾ ਨਿਭਾਉਂਦਾ ਰਿਹਾ। ਇਸ ਵਿਚ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਦਾ ਅਹੁਦਾ ਵੀ ਸ਼ਾਮਿਲ ਹੈ। ਬਤੌਰ ਮੈਂਬਰ ‘ਰੇਰਾ’ ਪੰਜਾਬ ਵਿਚ ਵੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ। ਇਹ ਪੋਸਟ ਪੰਜਾਬ ਸਰਕਾਰ ਵਿਚ ਨਿਯੁਕਤ ਵਿੱਤ ਕਮਿਸ਼ਨਰ ਦੇ ਬਰਾਬਰ ਦੀ ਹੈ। ਅਦਾਲਤੀ ਦੁਨੀਆ ਉਤੇਜਨਾ ਤੇ ਰੁਝੇਵਿਆਂ ਭਰੀ ਹੁੰਦੀ ਹੈ। ਸਾਹਿਤ ਸੰਸਾਰ ਤੋਂ ਬਿਲਕੁਲ ਵੱਖਰੀ। ਅਜਿਹੇ ਉਤੇਜਨਾ ਤੇ ਰੁਝੇਵਿਆਂ ਭਰੇ ਮਾਹੌਲ ਵਿਚ ਕਾਵਿ-ਰਚਨਾ ਦੀ ਕਲਪਨਾ ਕਰਨਾ ਵੀ ਅਸਹਿਜ ਹੋਵੇਗਾ ਪਰ ਫਿਰ ਵੀ ਮੈਂ ਆਪਣੇ ਸਾਹਿਤਕ ਗੁਰੂ ਜਨਾਬ ਐੱਚ. ਐੱਸ. ਖ਼ੁਸ਼ਦਿਲ ਸਾਹਿਬ ਦੇ ਅਸ਼ੀਰਵਾਦ ਨਾਲ ਅਤੇ ਪ੍ਰਭੂ ਕਿਰਪਾ ਸਦਕਾ ਵੱਖ-ਵੱਖ ਕਾਵਿ ਰੂਪਾਂ ਵਿਚ ਕਾਵਿ ਰਚਨਾ ਕਰਦਾ ਰਿਹਾ। ਜੱਜ ਤੇ ਕਵੀ ਦਰਮਿਆਨ ਮੈਂ ਇਕ ਪੱਕੀ ਲਕੀਰ ਖਿੱਚ ਕੇ ਰੱਖੀ ਸੀ। ਮੇਰਾ ਅਦਾਲਤੀ ਕੰਮ ਮੇਰਾ ਫ਼ਰਜ਼ ਵੀ ਸੀ ਤੇ ਮੇਰੀ ਪ੍ਰਾਥਮਿਕਤਾ ਵੀ। ਸ਼ਾਇਦ ਇਸੇ ਕਰਕੇ ਮੈਂ ਆਪਣੀਆਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਨੂੰ ਕਦੇ ਵੀ ਤਰਜੀਹ ਨਹੀਂ ਦਿੱਤੀ। ਮੇਰੀਆਂ ਸਾਹਿਤਕ ਕਿਰਤਾਂ ਸਿਰਫ਼ ਮੇਰੇ ਤਕ ਹੀ ਸੀਮਤ ਹੋ ਕੇ ਰਹਿ ਗਈਆਂ। ਆਮ ਬੋਲ ਚਾਲ ਦੀ ਬੋਲੀ, ਸਾਹਿਤਕ ਬੋਲੀ ਤੇ ਕਾਵਿ ਬੋਲੀ ਵਿਚ ਫ਼ਰਕ ਹੁੰਦਾ ਹੈ। ਕਾਵਿ ਦੀ ਖ਼ਾਸ ਤੌਰ ’ਤੇ ਗ਼ਜ਼ਲ ਦੀ ਰਚਨਾ ਕਰਦੇ ਸਮੇਂ ਸ਼ਾਇਰ ਨੂੰ ਆਪਣੇ ਵਿਚਾਰਾਂ ਦਾ ਪ੍ਰਗਟਾਉ ਕਰਨ ਲਈ ਬਹਿਰ ਦੀ ਚਾਲ ਮੁਤਾਬਿਕ ਸ਼ਬਦ ਚੋਣ ਕਰਨੀ ਪੈਂਦੀ ਹੈ। ਹੁਣ ਤੱਕ ਮੇਰੀਆਂ ਦੋ ਪੁਸਤਕਾਂ ‘ਚੁੱਪ ਦੇ ਬੋਲ’ (ਕਾਵਿ ਸੰਗ੍ਰਹਿ), my experiments with rere ਪ੍ਰਕਾਸ਼ਿਤ ਹੋਈਆਂ ਹਨ।
ਜਗਦੀਸ਼ ਸਿੰਘ ਖ਼ੁਸ਼ਦਿਲ ਦੀਆਂ ਚਾਰ ਗ਼ਜ਼ਲਾਂ
----------- (1)-----------
ਸਫ਼ਰ ਦਾ ਉਹ ਕਿਤੇ ਕਾਫ਼ਿਲਾ ਨਾ ਰਿਹਾ।
ਮੰਜ਼ਿਲਾਂ ਦੇ ਲਈ ਵਲਵਲਾ ਨਾ ਰਿਹਾ।
ਪੈਣ ਗਲ਼ ਲੋਕ ਹਰ ਗੱਲ ’ਤੇ ਕਿਉਂ ਸਦਾ,
ਵਕਤ ਪਹਿਲੇ ਜਿਹਾ ਹੁਣ ਭਲਾ ਨਾ ਰਿਹਾ।
ਰਹਿ ਗਏ ਸਿਮਟ ਕੇ ਚਾਰ ਕੰਧਾਂ ’ਚ ਹੀ,

ਜ਼ਿੰਦਗੀ ਮੌਤ ਦਾ ਫ਼ਾਸਲਾ ਨਾ ਰਿਹਾ।
ਉਮਰ ਦਾ ਹੁਣ ਕਿਹਾ ਪੜਾਅ ਹੈ ਮੇਰਾ,
ਮੋੜ ਕੇ ਕਹਿਣ ਦਾ ਹੌਸਲਾ ਨਾ ਰਿਹਾ।
ਜੰਗਲਾਂ ਦਾ ਲੱਗੇ ਰਾਜ ਹਰ ਤਰਫ਼ ਹੀ,
ਸਿਲਸਿਲਾ ਰੱਬ ‘ਖ਼ੁਸ਼ਦਿਲ’ ਚਲਾ ਨਾ ਰਿਹਾ।
----------- (2)-----------
ਕਦੇ ਬਣ ਜਾ ਸਮੁੰਦਰ ਦੀ ਤਰਾਂ ਹੀ।
ਮਿਰੇ ਪ੍ਰਭੂ ਦਿ ਮੰਦਰ ਦੀ ਤਰਾਂ ਹੀ।
ਹਵਾ ਕੈਸੀ ਚਲੀ, ਬਦਲੀ ਦੁਨੀਆ,
ਵਸੇ ਘਰ ਦਿਸਣ ਖੰਡਰ ਦੀ ਤਰਾਂ ਹੀ।
ਨ ਜਾਣਾਂ ਮੈਂ ਕਿਵੇਂ ਪਾਵਾਂ ਮਖੌਟੇ,
ਹੁਵਾਂ ਬਾਹਰ ਮ ਅੰਦਰ ਦੀ ਤਰਾਂ ਹੀ।
ਦੁਨੀਆ ਵਿਚ ਭਰਾਂ ਇੰਨੀ ਮੁਹੱਬਤ।
ਬੜਾ ਜੇਤੂ ਸਿਕੰਦਰ ਦੀ ਤਰਾਂ ਹੀ।
ਨਹੀਂ ਰਹਿਣਾ ਸਲਾਖਾਂ ਵਿਚ ਕਦੇ ਮੈਂ।
ਬਣਾ ‘ਖ਼ੁਸ਼ਦਿਲ’ ਕਲੰਦਰ ਦੀ ਤਰਾਂ ਹੀ।
----------- (3)-----------
ਦੁਨੀਆ ਅਜਬ ਬਹੁਰੰਗੀ।
ਕਿਤੇ ਮੰਦੀ ਕਿਤੇ ਚੰਗੀ।
ਅਮਾਨਤ ਜ਼ਿੰਦਗੀ ਦੀ ਇਹ,
ਕਿਤੇ ਨਾਗਾਂ ਨੇ ਹੈ ਡੰਗੀ।
ਰਿਹਾ ਰੋਟੀ ਦਾ ਮਸਲਾ ਹੀ,
ਇਵੇਂ ਮੁਸ਼ਕਿਲ ਡਗਰ ਲੰਘੀ।
ਕਦੀ ਧਰਤੀ ਵਿਛੌਣਾ ਸੀ,
ਕਦੀ ਘਰ ਛੱਤ ਸੀ ਨੰਗੀ।
ਨ ਬਣਨੇ ਉਹ ਤਿਰੇ ‘ਖ਼ੁਸ਼ਦਿਲ’,
ਤਿ ਸੂਲੀ ਜਾਨ ਕਿਉਂ ਟੰਗੀ।
----------- (4)-----------
ਜਦ ਘਟਾ ਸਉਣ ਦੀ ਛਾਈ ਹੋਣੀ।
ਯਾਦ ਮੇਰੀ ਫਿਰਿ ਆਈ ਹੋਣੀ।
ਮਰ ਲਿਆ ਬਹੁਤ ਮ ਸਭ ਦੀ ਖ਼ਾਤਿਰ,
ਖ਼ੁਸ਼ ਕਦੀ ਇਹ ਨ ਲੁਕਾਈ ਹੋਣੀ।
ਖ਼ੁਸ਼ ਬੜਾ ਕਿਉਂ ਉਹ ਅੱਜ ਫਿਰ ਬੰਦਾ,
ਪੀੜ ਅੰਦਰ ਹੀ ਛੁਪਾਈ ਹੋਣੀ।
ਮਰ ਗਿਆ ਤੜਪ ਕਿ ਉਹ ਕਿਉਂ ਮਾਨਵ।
ਉਂਗਲ ਉਸ ਤਰਫ਼ ਉਠਾਈ ਹੋਣੀ।
ਰੁਲ਼ ਰਹੀ ਸੜਕ ਤਿ ਪਰਜਾ ‘ਖ਼ੁਸ਼ਦਿਲ’।
ਇਹ ਸਿਆਸਤ ਨ ਸਤਾਈ ਹੋਣੀ।
- ਜਗਦੀਸ਼ ਸਿੰਘ ਖ਼ੁਸ਼ਦਿਲ
(ਸਾਬਕਾ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਤੇ ਮੈਂਬਰ ‘ਰੇਰਾ’ ਪੰਜਾਬ।)
Posted By: Harjinder Sodhi