ਖੋਜ ਕਰਨਾ ਉਤਮ ਕਾਰਜ ਹੈ। ਪ੍ਰੰਤੂ ਆਮ ਤੌਰ ’ਤੇ ਵੇਖਣ ਵਿਚ ਆਇਆ ਹੈ ਕਿ ਖੋਜੀਆਂ ਵਿਦਵਾਨਾਂ ਵਿੱਚੋਂ ਕੁਝ ਖੋਜ ਕਰਨ ਤੋਂ ਬਾਅਦ ਹਉਮੈ ਵਿਚ ਗ੍ਰਸ ਜਾਂਦੇ ਹਨ। ਉਹ ਹਉਮੈ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਦੀ ਉਲਝਣ ਵਿਚ ਫਸ ਜਾਂਦੇ ਹਨ ਕਿਉਂਕਿ ਉਹ ਆਪਣੇ ਆਪ ਨੂੰ ਸਰਵੋਤਮ ਖੋਜਕਾਰ ਸਮਝਦੇ ਹਨ। ਫਿਰ ਉਹ ਆਪਣੀਆਂ ਸਵੈ-ਜੀਵਨੀਆਂ ਲਿਖਣ ਨੂੰ ਤਰਜੀਹ ਦਿੰਦੇ ਹਨ। ਸਵੈ-ਜੀਵਨੀਆਂ ਲਿਖਣੀਆਂ ਚਾਹੀਦੀਆਂ ਹਨ ਪ੍ਰੰਤੂ ਆਪਣੀ ਵਿਦਵਤਾ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ। ਕੁਝ ਸਾਹਿਤਕਾਰਾਂ ਵਿਚ ਇਹ ਪਰੰਪਰਾ ਬਹੁਤ ਜ਼ਿਆਦਾ ਵੱਧ ਗਈ ਹੈ। ਹਰ ਇਕ ਉਭਰਦਾ ਸਾਹਿਤਕਾਰ ਵੀ ਆਪੋ ਆਪਣੀਆਂ ਸਵੈ-ਜੀਵਨੀਆਂ ਨੂੰ ਸਭ ਤੋਂ ਸਰਵੋਤਮ ਸਮਝਦਾ ਹੈ। ਉਨ੍ਹਾਂ ਦੀਆਂ ਸਵੈ-ਜੀਵਨੀਆਂ ਵਿਚ ਸਾਹਿਤਕ ਜਦੋਜਹਿਦ ਦੀ ਥਾਂ ਨਿੱਜੀ ਮੁਸ਼ਕਲਾਂ ਅਤੇ ਪ੍ਰਾਪਤੀਆਂ ਦੇ ਸੋਹਲੇ ਗਾਏ ਹੁੰਦੇ ਹਨ, ਜਦੋਂ ਕਿ ਉਨ੍ਹਾਂ ਨੂੰ ਸਿਰਫ਼ ਸਾਹਿਤਕ ਸਫ਼ਰ ਦੀਆਂ ਪ੍ਰਾਪਤੀਆਂ ਅਤੇ ਰਸਤੇ ਵਿਚ ਆਈਆਂ ਕਠਿਨਾਈਆਂ ਦਾ ਜ਼ਿਕਰ ਕਰਨਾ ਚਾਹੀਦਾ।

ਅਜਿਹੇ ਵਾਤਵਰਨ ਵਿਚ ਇਕ ਨਿਵੇਕਲੀ ਸੋਚ ਦਾ ਮਾਲਕ ਜ਼ਮੀਨ ਨਾਲ ਜੁੜਿਆ ਵਿਦਵਾਨ ਡਾ. ਰਤਨ ਸਿੰਘ ਜੱਗੀ ਹੈ, ਜਿਨ੍ਹਾਂ ਦੀ ‘ਸਾਹਿਤ-ਸਾਧਨਾ ਦੀ ਆਤਮ-ਕਥਾ’ ਇਕ ਵਿਲੱਖਣ ਕਿਸਮ ਦੀ ਸਵੈ ਜੀਵਨੀ ਹੈ, ਜਿਹੜੀ ਸਮੁੱਚੇ ਸਾਹਿਤਕਾਰਾਂ ਅਤੇ ਖ਼ਾਸ ਤੌਰ ’ਤੇ ਨੌਜਵਾਨ ਖੋਜੀ ਵਿਦਵਾਨਾਂ ਲਈ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਸਾਬਤ ਹੋਵੇਗੀ। ਉਨ੍ਹਾਂ ਦੀ ਸਵੈ-ਜੀਵਨੀ ਵਿੱਚੋਂ ਨਿਮਰਤਾ ਦੀ ਪ੍ਰਵਿਰਤੀ ਝਲਕਦੀ ਹੈ। ਨਿਵੇ ਸੋ ਗਉਰਾ ਹੋਏ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ।

ਡਾ. ਰਤਨ ਸਿੰਘ ਜੱਗੀ ਨੇ ਆਪਣੀ ਖੋਜ ਦੀ ਰੁਚੀ ਦਾ ਆਧਾਰ ਆਪਣੀ ਪੁਲਿਸ ਦੀ ਨੌਕਰੀ ਸਮੇਂ ਰਾਜਨੀਤਕ ਲੋਕਾਂ ਦੀਆਂ ਸਰਗਰਮੀਆਂ ਦੀਆਂ ਰਿਪੋਰਟਾਂ ਤਿਆਰ ਕਰਦੇ ਸਮੇਂ ਪੈਦਾ ਹੋਈ ਦੱਸੀ ਹੈ। ਆਮ ਤੌਰ ’ਤੇ ਪੁਲਿਸ ਵਾਲੇ ਟੋਭੇ ਦੇ ਡੱਡੂ ਬਣਕੇ ਹੀ ਰਹਿ ਜਾਂਦੇ ਹਨ ਪਰ ਕੁਝ ਤਰੱਕੀ ਕਰਨ ਦੀ ਚਾਹਤ ਤੇ ਹਿੰਮਤ ਹੋਵੇ ਤਾਂ ਪਹਾੜ ਦੀ ਟੀਸੀ ਵੀ ਸਰ ਕੀਤੀ ਜਾ ਸਕਦੀ ਹੈ ਜਿਵੇਂ ਡਾ. ਜੱਗੀ ਨੇ ਕੀਤੀ ਹੈ। ਪੁਲਿਸ ਦੀ ਨੌਕਰੀ ਵਿੱਚੋਂ ਸਾਹਿਤਕ ਪ੍ਰਵਿਰਤੀ ਦਾ ਵਿਕਸਤ ਹੋਣਾ ਵਿਲੱਖਣ ਗੱਲ ਹੈ। ਉਨ੍ਹਾਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਪੀ ਐੱਚ ਡੀ ਭਾਵ ਖੋਜ ਦਾ ਕੰਮ ਭਾਵੇਂ ਮਿਹਨਤ, ਲਗਨ ਅਤੇ ਦਿ੍ਰੜ੍ਹਤਾ ’ਤੇ ਨਿਰਭਰ ਕਰਦਾ ਹੈ ਪ੍ਰੰਤੂ ਖੋਜ ਦੇ ਰਸਤੇ ਵਿਚ ਅਨੇਕਾਂ ਕਠਿਨਾਈਆਂ ਆਉਂਦੀਆਂ ਹਨ। ਕਠਿਨ ਤਜਰਬੇ ਹੁੰਦੇ ਹਨ। ਖੋਜੀਆਂ ਨੂੰ ਘਬਰਾਉਣਾ ਨਹੀਂ ਚਾਹੀਦਾ। ਕਈ ਦਰਵਾਜ਼ੇ ਖੜਕਾਉਣੇ ਪੈਂਦੇ ਹਨ। ਭਾਵ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ। ਠੋਕਰਾਂ ਮਜ਼ਬੂਤੀ ਪ੍ਰਦਾਨ ਕਰਦੀਆਂ ਹਨ। ਸੀਨੀਅਰ ਵਿਦਵਾਨ ਬੌਸ ਦੇ ਰੂਪ ਵਿਚ ਜੂਨੀਅਰ ਵਿਦਵਾਨਾਂ ਦੀਆਂ ਮਜਬੂਰੀਆਂ ਦਾ ਲਾਭ ਉਠਾ ਕੇ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਦੇ ਹਨ। ਪ੍ਰੰਤੂ ਇਸਦਾ ਭਾਵ ਇਹ ਨਹੀਂ ਮੁਸ਼ਕਲਾਂ ਨੂੰ ਸਰ ਨਹੀਂ ਕੀਤਾ ਜਾ ਸਕਦਾ। ਅਖ਼ੀਰ ਮਿਹਨਤ ਰਾਸ ਆਉਂਦੀ ਹੈ।

ਉਨ੍ਹਾਂ ਲਿਖਿਆ ਹੈ ਕਿ ਖੋਜੀ ਦੇ ਰਾਹ ਵਿਚ ਸੀਨੀਅਰ ਵਿਦਵਾਨ ਅੜਿਕੇ ਵੀ ਪਾਉਂਦੇ ਹਨ। ਉਹ ਖੋਜਕਾਰੀਆਂ ਨੂੰ ਆਪਣੇ ਤੋਂ ਉੱਚਾ ਉੱਠਣ ਤੋਂ ਰੋਕਣ ਦੀ ਅਜਾਈਂ ਕੋਸ਼ਿਸ਼ ਕਰਦੇ ਰਹਿੰਦੇ ਹਨ। ਕੁਝ ਕੁ ਵੱਡੇ ਵਿਦਵਾਨਾਂ ਬਾਰੇ ਉਨ੍ਹਾਂ ਬੇਬਾਕੀ ਨਾਲ ਲਿਖਿਆ ਹੈ, ਜਿਹੜੇ ਆਪਣੇ ਅਧੀਨ ਕੰਮ ਕਰਨ ਵਾਲੇ ਵਿਦਵਾਨ ਖੋਜੀਆਂ ਦੀਆਂ ਪ੍ਰਾਪਤੀਆਂ ਦਾ ਸਿਹਰਾ ਆਪਣੇ ਸਿਰਾਂ ’ਤੇ ਬੰਨ੍ਹਣ ਦੀਆਂ ਕੋਸ਼ਿਸ਼ਾਂ ਕਰਦੇ ਹੀ ਨਹੀਂ ਸਗੋਂ ਕਈ ਵਾਰ ਸਫ਼ਲ ਵੀ ਹੋ ਜਾਂਦੇ ਹਨ। ਪ੍ਰੰਤੂ ਰਤਨ ਸਿੰਘ ਜੱਗੀ ਉਨ੍ਹਾਂ ਦੇ ਵਿਛਾਏ ਜਾਲ ਵਿਚ ਫਸੇ ਨਹੀਂ। ਯੂਨੀਵਰਸਿਟੀਆਂ ਦੇ ਸੀਨੀਅਰ ਵਿਦਵਾਨ ਜੂਨੀਅਰਾਂ ਨਾਲ ਵਿਦਵਤਾ ਦੇ ਅਨੁਭਵ ’ਤੇ ਖੁੰਦਕ ਖਾਣ ਲੱਗ ਜਾਂਦੇ ਹਨ। ਉਹ ਸਮਝਦੇ ਹਨ ਕਿ ਉਨ੍ਹਾਂ ਵਰਗਾ ਕੋਈ ਵਿਦਵਾਨ ਪੈਦਾ ਹੀ ਨਹੀਂ ਹੋਇਆ ਨਾ ਹੀ ਹੋ ਸਕਣਾ ਹੈ। ਭਾਵ ਉਹ ਜੂਨੀਅਰਜ਼ ਦੇ ਉਭਰਨ ਦੇ ਰਸਤੇ ਵਿਚ ਹਰ ਕਦਮ ’ਤੇ ਅੜਿਚਣਾ ਪਾਉਣ ਦੀ ਕਸਰ ਬਾਕੀ ਨਹੀਂ ਛੱਡਦੇ। ਇਥੋਂ ਤਕ ਕਿ ਯੂਨੀਵਰਸਿਟੀਆਂ ਵਿਚ ਜਿਹੜੇ ਅਖੌਤੀ ਵਿਦਵਾਨ ਅਕਾਦਮਿਕ ਨਾ ਹੋਣ ਦੇ ਬਾਵਜੂਦ ਸਿਫ਼ਾਰਸ਼ਾਂ ਨਾਲ ਉਪ ਕੁਲਪਤੀ ਲੱਗ ਜਾਂਦੇ ਹਨ, ਉਹ ਖੋਜ ਦੇ ਕੰਮ ਦੀ ਥਾਂ ਹੋਰ ਬੇਅਰਥ ਕੰਮਾਂ ’ਤੇ ਵਿਦਿਆ ’ਤੇ ਖ਼ਰਚਣ ਵਾਲਾ ਪੈਸਾ ਅਜਾਈਂ ਗੁਆਈ ਜਾਂਦੇ ਹਨ।

ਉਨ੍ਹਾਂ ਨੇ ਖ਼ਾਸ ਤੌਰ ’ਤੇ ਡਾ. ਭਗਤ ਸਿੰਘ, ਡਾ ਸੋਚ ਅਤੇ ਡਾ ਜੋਗਿੰਦਰ ਸਿੰਘ ਪੁਆਰ ਦੀ ਖੁੱਲ੍ਹਦਿਲੀ ਦੀ ਤਾਰੀਫ਼ ਅਤੇ ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਸੌੜੀ ਸੋਚ ਦੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਉਪ ਕੁਲਪਤੀ ਫੈਲੋਸ਼ਿਪ ਦੇਣ ਲੱਗੇ ਦੋਸਤੀਆਂ ਪੁਗਾਉਂਦੇ ਹਨ, ਵਿਦਵਾਨਾਂ ਦੀ ਕਾਬਲੀਅਤ ਨੂੰ ਆਧਾਰ ਨਹੀਂ ਬਣਾਉਂਦੇ। ਕਈ ਵਾਰ ਦੋਸਤ ਵੀ ਦੁਸ਼ਮਣ ਬਣ ਜਾਂਦੇ ਹਨ ਪ੍ਰੰਤੂ ਸਾਰੇ ਇਕੋ ਰੱਸੇ ਨਾਲ ਬੰਨ੍ਹੇ ਨਹੀਂ ਜਾ ਸਕਦੇ, ਉਨ੍ਹਾਂ ਵਿਚ ਕੁਝ ਸੁਹਿਰਦ ਅਤੇ ਕਦਰਦਾਨ ਸਾਹਿਤਕਾਰ ਵੀ ਮੌਜੂਦ ਹੁੰਦੇ ਹਨ। ਖ਼ੁਸ਼ਕ ਬੋਲਚਾਲ ਅਤੇ ਵਿਵਹਾਰ ਵਾਲੇ ਵਿਦਵਾਨ ਦਿਲ ਦੇ ਮਾੜੇ ਨਹੀਂ ਹੁੰਦੇ। ਇਨਸਾਨ ਨੂੰ ਆਤਮ ਨਿਰਭਰ ਬਣਕੇ ਖ਼ੁਦਮੁਖ਼ਤਾਰੀ ਹਾਸਲ ਕਰਨੀ ਜ਼ਰੂਰੀ ਹੈ। ਹੌਸਲਾ ਨਹੀਂ ਛੱਡਣਾ ਚਾਹੀਦਾ। ਘਬਰਾਉਣ ਦੀ ਲੋੜ ਨਹੀਂ ਆਪਣੇ ਖੋਜ ਦੇ ਕਾਰਜ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ। ਖੋਜ ਦੇ ਕੰਮ ਲਈ ਸਾਧਨਾ ਜ਼ਰੂਰੀ ਹੁੰਦੀ ਹੈ। ਖੋਜ ਕਰਦਿਆਂ ਅਵੇਸਲਾ ਨਹੀਂ ਹੋਣਾ ਚਾਹੀਦਾ ਕਿਉਂਕਿ ਖੋਜ ਸੰਜੀਦਾ ਕਾਰਜ ਹੁੰਦਾ ਹੈ। ਜਿਹੜੇ ਪ੍ਰਾਜੈਕਟ ਨੂੰ ਸ਼ੁਰੂ ਕੀਤਾ ਜਾਵੇ ਉਸਨੂੰ ਮੁਕੰਮਲ ਕਰਨ ਦਾ ਹਰ ਹੀਲਾ ਵਰਤਿਆ ਜਾਵੇ। ਗੱਲਾਂ ਬਾਤਾਂ ਨਾਲ ਸਰਦਾ ਨਹੀਂ। ਘਰ ਪਰਿਵਾਰ ਤੋਂ ਵੀ ਖੋਜ ਲਈ ਦੂਰ ਦੁਰਾਡੇ ਸਫ਼ਰ ਕਰਨਾ ਪੈਂਦਾ ਹੈ। ਪਰਿਵਾਰ ਦਾ ਸਾਥ ਅਤੇ ਸਹਿਯੋਗ ਮਿਲਣਾ ਵੀ ਚਾਹੀਦਾ। ਉਨ੍ਹਾਂ ਆਪਣੀ ਸਫਲਤਾ ਦਾ ਰਾਜ ਪਤਨੀ ਗੁਰਸ਼ਰਨ ਕੌਰ ਨੂੰ ਕਿਹਾ ਹੈ। ਕੋਈ ਕੰਮ ਅਸੰਭਵ ਅਤੇ ਮੁਸ਼ਕਲ ਨਹੀਂ ਹੁੰਦਾ ਪ੍ਰੰਤੂ ਕੰਮ ਕਰਨ ਦੀ ਵਚਨਬੱਧਤਾ ਹੋਣੀ ਲਾਜ਼ਮੀ ਹੈ। ਖੋਜ ਦੇ ਕੰਮ ਵਿਚ ਲਗਾਤਾਰਤਾ ਵੀ ਹੋਣੀ ਚਾਹੀਦੀ ਹੈ, ਉਸ ਨਾਲ ਤਜਰਬਾ ਵਿਸ਼ਾਲ ਹੁੰਦਾ ਹੈ, ਜਿਸਦਾ ਲਾਭ ਭਵਿੱਖ ਦੇ ਖੋਜੀ ਉਠਾ ਸਕਦੇ ਹਨ।

ਡਾ. ਰਤਨ ਸਿੰਘ ਜੱਗੀ ਨੇ ਖੋਜ ਦੇ ਕਾਰਜ ਵਿਚ ਕੀਤੇ ਪ੍ਰਾਜੈਕਟਾਂ ਬਾਰੇ ਤਫ਼ਸੀਲ ਨਾਲ ਲਿਖਿਆ ਹੈ ਕਿ ਉਨ੍ਹਾਂ ਕਿਉਂ ਅਤੇ ਕਿਨ੍ਹਾਂ ਹਾਲਾਤਾਂ ਦਾ ਟਾਕਰਾ ਕਰਦਿਆਂ ਨਿਸ਼ਾਨੇ ਦੀ ਪ੍ਰਾਪਤੀ ਕਿਵੇਂ ਕੀਤੀ ਹੈ? ਉਨ੍ਹਾਂ ਆਪਣੇ ਹਰ ਪ੍ਰਾਜੈਕਟ ਨੂੰ ਤਿਆਰ ਕਰਨ, ਨੇਪਰੇ ਚਾੜ੍ਹਨ ਅਤੇ ਪ੍ਰਕਾਸ਼ਨਾ ਤਕ ਆਪਣੀ ਖੋਜ ਦੀ ਤਰਤੀਬ ਨੂੰ ਵਿਸਤਾਰ ਨਾਲ ਦੱਸਿਆ ਹੈ ਤਾਂ ਜੋ ਉਭਰਦੇ ਵਿਦਵਾਨ ਔਕੜਾਂ ਆਉਣ ’ਤੇ ਆਪਣੇ ਪ੍ਰਾਜੈਕਟਾਂ ਨੂੰ ਬੰਦ ਨਾ ਕਰ ਸਕਣ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਵਰਗੇ ਵੱਡੇ ਵਿਦਵਾਨਾਂ ਨੂੰ ਵੀ ਔਖੇ ਪੈਂਡਿਆਂ ’ਤੇ ਸਫ਼ਰ ਕਰਨਾ ਪੈਂਦਾ ਹੈ। ਉਨ੍ਹਾਂ ਇਹ ਵੀ ਲਿਖਿਆ ਹੈ ਕਿ ਖੋਜ ਦਾ ਕੰਮ ਕਰਨ ਲਈ ਇਕ ਭਾਸ਼ਾ ਦੇ ਗਿਆਨ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਸਗੋਂ ਜੇ ਹੋ ਸਕੇ ਤਾਂ ਇਕ ਤੋਂ ਵੱਧ ਭਾਸ਼ਾਵਾਂ ਵਿਚ ਮੁਹਾਰਤ ਹਾਸਲ ਕੀਤੀ ਜਾਵੇ ਤਾਂ ਜੋ ਵਿਸ਼ੇ ਬਾਰੇ ਪੂਰੀ ਜਾਣਕਾਰੀ ਇਕੱਤਰ ਕੀਤੀ ਜਾ ਸਕੇ।

- ਉਜਾਗਰ ਸਿੰਘ

Posted By: Harjinder Sodhi