ਪੁਸਤਕ : ਦਿਆਰਾਂ ’ਚੋਂ ਲੰਘਦੀ ਹਵਾ

ਕਹਾਣੀਕਾਰ : ਕੰਵਲ ਕਸ਼ਮੀਰੀ

ਪੰਨੇ : 135 ਮੁੱਲ : 250/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

‘ਦਿਆਰਾਂ ’ਚੋਂ ਲੰਘਦੀ ਹਵਾ’ ਕੰਵਲ ਕਸ਼ਮੀਰੀ ਦਾ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ’ਚ ਉਸਦੀਆਂ 17 ਕਹਾਣੀਆਂ ਸ਼ਾਮਿਲ ਹਨ। ਇਨ੍ਹਾਂ ਕਹਾਣੀਆਂ ’ਚ ਕੁਝ ਇਕ ਲੰਮੀਆਂ ਕਹਾਣੀਆਂ ਹਨ ਅਤੇ ਕੁਝ ਆਕਾਰ ਪੱਖੋਂ ਛੋਟੀਆਂ। ਜਦੋਂ ਅਸੀਂ ਇਨ੍ਹਾਂ ਕਹਾਣੀਆਂ ਦੇ ਵਿਸ਼ਾਗਤ ਪਹਿਲੂਆਂ ਨੂੰ ਵਿਚਾਰਦੇ ਹਾਂ ਤਾਂ ਇਨ੍ਹਾਂ ਵਿਚ ਵੰਨ-ਸੁਵੰਨਤਾ ਨਜ਼ਰ ਆਉਂਦੀ ਹੈ।

ਇਸ ਸੰਗ੍ਰਹਿ ਵਿਚ ਕੁਝ ਇਕ ਕਹਾਣੀਆਂ ਅਜਿਹੀਆਂ ਹਨ ਜਿਨ੍ਹਾਂ ’ਚ 1947 ਦੀ ਦੇਸ਼ ਵੰਡ ਦਾ ਜ਼ਿਕਰ ਆਇਆ ਹੈ ਜਿਸ ਦਾ ਦੁਖਾਂਤ ਕਸ਼ਮੀਰੀ ਲੋਕਾਂ ਨੇ ਆਪਣੇ ਪਿੰਡੇ ’ਤੇ ਹੰਢਾਇਆ ਹੈ। ਲੇਖਕ ਇਸ ਦੁਖਾਂਤ ਦਾ ਜ਼ਿਕਰ ਬੜੇ ਵਿਵੇਕ ਨਾਲ ਕਰਦਾ ਹੈ। ਮਿਸਾਲ ਵਜੋਂ ਸੇਬਾਂ ਦੇ ਬਾਗ਼ਾਂ ਅਤੇ ਹੋਰ ਫਸਲਾਂ ਜਿਨ੍ਹਾਂ ਨੂੰ ਇਨ੍ਹਾਂ ਲੋਕਾਂ ਨੇ ਰੀਝਾਂ ਨਾਲ ਪਾਲ਼ਿਆ ਹੰੁਦਾ ਹੈ ਤੇ ਜਿਨ੍ਹਾਂ ਨਾਲ ਉਨ੍ਹਾਂ ਦੇ ਅਰਮਾਨ ਜੁੜੇ ਹੁੰਦੇ ਹਨ ਉਨ੍ਹਾਂ ਦੀ ਤਬਾਹੀ ਵੀ ਦੁਖਦਾਇਕ ਸਥਿਤੀ ਪੈਦਾ ਕਰਦੀ ਹੈ।

ਕੁਝ ਇਹ ਕਹਾਣੀਆਂ ਰਿਸ਼ਤਿਆਂ ਦੀ ਕਸ਼ਮਕਸ਼ ਅਤੇ ਪਰਸਪਰ ਨਿੱਘ ਤੇ ਕੁੜੱਤਣ ਨੂੰ ਪੇਸ਼ ਕਰਦੀਆਂ ਹਨ। ਇਨ੍ਹਾਂ ਕਹਾਣੀਆਂ ਦੇ ਕੇਂਦਰ ਵਿਚ ਔਰਤ ਦਾ ਅਕਸ ਵੀ ਆਉਂਦਾ ਹੈ ਜਿਸ ਨੂੰ ਹਮੇਸ਼ਾ ਹੀ ਅਗਨੀ ਪ੍ਰੀਖਿਆ ’ਚੋਂ ਗੁਜ਼ਰਨਾ ਪਿਆ ਜਦਕਿ ਮਰਦ ਪ੍ਰਧਾਨ ਸਮਾਜ ਉਸ ਦੀ ਆਬਰੂ ਦਾ ਤਮਾਸ਼ਾ ਦੇਖਦਾ ਰਿਹਾ। ਇਹ ਕਹਾਣੀਆਂ ਬੇਸ਼ੱਕ ਆਧੁੁਨਿਕ ਸਮੇਂ ਵਿਚ ਲਿਖੀਆਂ ਗਈਆਂ ਹਨ ਪਰ ਇਨ੍ਹਾਂ ਵਿਚ ਲੋਕ ਕਹਾਣੀਆਂ ਵਾਲੀ ਸ਼ੈਲੀ ਮੌਜੂਦ ਹੈ। ਕੁਝ ਕਹਾਣੀਆਂ ਵਿਚ ਰਾਜੇ ਰਾਣੀਆਂ, ਦਿਉਆਂ ਆਦਿ ਦਾ ਵੀ ਜ਼ਿਕਰ ਆਉਂਦਾ ਹੈ।

ਕਹਾਣੀਆਂ ਨੂੰ ਪੜ੍ਹਦਿਆਂ ਜਿੱਥੇ ਕਸ਼ਮੀਰ ਵਾਲੀ ਦੇ ਖ਼ੂਬਸੂਰਤ ਚਿੱਤਰ ਅੱਖਾਂ ਸਾਹਮਣੇ ਆਉਂਦੇ ਹਨ ਉੱਥੇ ਇਨ੍ਹਾਂ ਵਿਚ ਲੋਕ ਤੱਤਾਂ ਵਾਲੇ ਅੰਸ਼ ਹੋਣ ਕਰਕੇ ਪਾਠਕ ਦੀ ਰੌਚਕਤਾ ਨਿਰੰਤਰ ਬਣੀ ਰਹਿੰਦੀ ਹੈ। ਕਹਾਣੀਆਂ ਜਿੱਥੇ ਹਿੰਦੁਸਤਾਨ ਦੀ ਰਾਜਨੀਤਕ ਵਿਵਸਥਾ ਬਾਰੇ ਬਿਰਤਾਂਤ ਸਿਰਜਦੀਆਂ ਹਨ ਉੱਥੇ ਸੰਸਾਰ ਪੱਧਰ ’ਤੇ ਹੋਈਆਂ ਘਟਨਾਵਾਂ ਦਾ ਜ਼ਿਕਰ ਵੀ ਕਹਾਣੀਆਂ ਵਿਚ ਆਇਆ ਹੈ।

- ਸਰਦੂਲ ਸਿੰਘ ਔਜਲਾ

Posted By: Harjinder Sodhi