ਗੀਤ ਕਿਸੇ ਵੀ ਬੋਲੀ ਜਾਂ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਹੱਥਲੀ ਪੁਸਤਕ ‘ਟੁੰਬਵੇਂ ਬੋਲ’ ਇਕ ਗੀਤ ਸੰਗ੍ਰਹਿ ਹੈ, ਜਿਸ ਦੇ ਲੇਖਕ ਧਿਆਨ ਸਿੰਘ ਕਾਹਲੋਂ ਹਨ। ਇਹ ਉਨ੍ਹਾਂ ਦਾ ਦੂਸਰਾ ਗੀਤ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ‘ਬੋਲ ਰਸੀਲੇ’ ਨਾਮ ਹੇਠ ਗੀਤ ਸੰਗ੍ਰਹਿ ਸਾਲ 2024 ਵਿਚ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ।

ਪੁਸਤਕ - ਟੁੰਬਵੇਂ ਬੋਲ
ਲੇਖਕ - ਧਿਆਨ ਸਿੰਘ ਕਾਹਲੋਂ
ਪੰਨੇ-/- 152, ਮੁੱਲ 220/- ਰੁਪਏ
ਪਬਲੀਕੇਸ਼ਨ - ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਗੀਤ ਕਿਸੇ ਵੀ ਬੋਲੀ ਜਾਂ ਕੌਮ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਹੱਥਲੀ ਪੁਸਤਕ ‘ਟੁੰਬਵੇਂ ਬੋਲ’ ਇਕ ਗੀਤ ਸੰਗ੍ਰਹਿ ਹੈ, ਜਿਸ ਦੇ ਲੇਖਕ ਧਿਆਨ ਸਿੰਘ ਕਾਹਲੋਂ ਹਨ। ਇਹ ਉਨ੍ਹਾਂ ਦਾ ਦੂਸਰਾ ਗੀਤ ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ‘ਬੋਲ ਰਸੀਲੇ’ ਨਾਮ ਹੇਠ ਗੀਤ ਸੰਗ੍ਰਹਿ ਸਾਲ 2024 ਵਿਚ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ। ਇਸ ਪੁਸਤਕ ਵਿਚ ਕੁੱਲ ਅੱਧੇ ਸੈਂਕੜੇ ਦੇ ਕਰੀਬ ਛੋਟੇ-ਵੱਡੇ ਗੀਤ ਸ਼ਾਮਿਲ ਹਨ। ਪੁਸਤਕ ਦੇ ਗੀਤਾਂ ਦੇ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਸ ਵਿਚ ਸਮਾਜਿਕ, ਸੱਭਿਆਚਾਰਕ, ਧਾਰਮਿਕ, ਰਾਜਨੀਤਕ, ਪੇਂਡੂ ਰਹਿਤਲ, ਮਚਲਦੀਆਂ ਰੀਝਾਂ, ਸੱਧਰਾਂ ਅਤੇ ਸਾਡੀ ਜ਼ਿੰਦਗੀ ਨਾਲ ਜੁੜੇ ਅਨੇਕਾਂ ਪੱਖਾਂ ਨੂੰ ਉਜਾਗਰ ਕਰਦੇ ਹਨ। ਸਾਰੇ ਗੀਤ ਹੀ ਪੜ੍ਹਨ-ਸੁਣਨ ਵਾਲੇ ਦੇ ਮਨ ਨੂੰ ਮੋਹ ਲੈਣ ਦਾ ਸ਼ਰਫ਼ ਹਾਸਿਲ ਕਰਦੇ ਹਨ। ਇਨ੍ਹਾਂ ਗੀਤਾਂ ਵਿਚ ਜਿੱਥੇ ਮਾਂ-ਬੋਲੀ ਪੰਜਾਬੀ ਦਾ ਰੰਗ ਬੜਾ ਗੂੜ੍ਹਾ ਨਜ਼ਰੀਂ ਪੈਂਦਾ ਹੈ, ਉੱਥੇ ਆਸ਼ਿਕਾਨਾ ਰੰਗ ਵੀ ਆਹਾਂ ਭਰਦਾ ਪਾਠਕ ਨੂੰ ਗੁਲਾਬੀ ਰੁੱਤ ਦਾ ਭਰਵਾਂ ਅਹਿਸਾਸ ਕਰਵਾਉਂਦਾ ਹੈ। ਜੇ ਗੀਤਾਂ ਦੇ ਧਾਰਮਿਕ ਪੱਖ ਨੂੰ ਵਿਚਾਰਿਆ ਜਾਵੇ ਤਾਂ ਲੇਖਕ ਦੇ ਧਾਰਮਿਕ ਰੰਗਤ ਵਿਚ ਰੰਗੇ ਗੀਤ ਉਸ ਦੀ ਸਿੱਖ ਧਰਮ ਵਿਚ ਆਸਥਾ ਅਤੇ ਨਿਸ਼ਚੇ ਨੂੰ ਦਰਸਾਉਂਦੇ ਹਨ। ਜਿਵੇਂ ਗੀਤ ਗੁਰੂ ਗੋਬਿੰਦ ਸਿੰਘ ਦੇ ਰਾਜ ਦੁਲਾਰੇ, ਲਾਲਾਂ ਦੀਆਂ ਘੋੜੀਆਂ, ਨੀ ਮੇਰਾ ਬਾਬਾ ਨਾਨਕ, ਪੁੱਤਰ ਬਾਜ਼ਾਂ ਵਾਲੇ ਦੇ, ਬਾਬਾ ਦੀਪ ਸਿੰਘ ਦੇ ਸਵਾਲ-ਜਵਾਬ ਆਦਿ ਨਾਂ ਸ਼ਾਮਲ ਹਨ। ਨਮੂਨੇ ਵਜੋਂ ਇਕ ਗੀਤ ਦਾ ਮੁੱਖੜਾ :
ਚਾਂਦਨੀ ਚੌਕ ਵਿਚ ਪਿਤਾ ਵਾਰਿਆ, ਠੰਡੇ ਬੁਰਜ ਵਿਚ ਮਾਤਾ,
ਚਹੁੰ ਪੁੱਤਰਾਂ ਦਾ ਦਾਨੀ ਜੱਗ ’ਤੇ ਕਲਗੀਆਂ ਵਾਲਾ ਦਾਤਾ।
ਪੇਂਡੂ ਰਹਿਤਲ ਅਤੇ ਵਿਰਾਸਤੀ ਕਦਰਾਂ-ਕੀਮਤਾਂ ਨਾਲ ਲਬਰੇਜ਼ ਇਨ੍ਹਾਂ ਗੀਤਾਂ ਵਿੱਚੋਂ ਪਾਠਕ ਜੀਵਨ ਦੇ ਸਾਰੇ ਰੰਗ ਮਾਣ ਸਕਦਾ ਹੈ। ਅੱਜ ਆਪਸੀ ਪ੍ਰੇਮ, ਪਿਆਰ ਸਮਾਜਿਕ ਭਾਈਚਾਰਾ, ਸਾਡੀ ਵਿਰਾਸਤ, ਸਾਡੇ ਵਿਰਸੇ ਪ੍ਰਤੀ ਅਜੋਕੀ ਪੀੜ੍ਹੀ ਦਾ ਰੁਝਾਨ ਕਾਫ਼ੀ ਘਟਦਾ ਜਾ ਰਿਹਾ ਹੈ। ਉਸ ਨੂੰ ਸੰਭਾਲਣ ਅਤੇ ਜਾਣਨ ਵਿਚ ਇਹ ਪੁਸਤਕ ਆਪਣਾ ਬਣਦਾ ਯੋਗਦਾਨ ਪਾ ਰਹੀ ਹੈ। ਪੁਸਤਕ ਦਾ ਨਾਂ ‘ਟੁੰਬਵੇਂ ਬੋਲ’ ਅਨੁਸਾਰ ਪੂਰਨ ਆਸ ਹੈ ਕਿ ਮਾਂ-ਬੋਲੀ ਪੰਜਾਬੀ ਦੇ ਇਹ ਮਿੱਠੇ ਅਤੇ ਰਸੀਲੇ ਗੀਤ ਪਾਠਕਾਂ ਦੇ ਦਿਲਾਂ ਨੂੰ ਜ਼ਰੂਰ ਟੁੰਬਣਗੇ ਤੇ ਰੂਹ ਨੂੰ ਸਕੂਨ ਦੇਣਗੇ।
- ਕੁਲਦੀਪ ਸਿੰਘ ਬੰਗੀ