ਪੁਸਤਕ : ਮੇਰੇ ਤਰਕਸ਼ ਵਿਚਲੇ ਤੀਰ (ਕਾਵਿ-ਸੰਗ੍ਰਹਿ)

ਕਵੀ : ਹੈਪੀ ਸ਼ਾਹਕੋਟੀ (ਹਰਵਿੰਦਰ ਸਿੰਘ)

ਮੋਬਾਈਲ : 94640-15200ਪੰਨੇ : 104 ਮੁੱਲ : 130/-

ਪ੍ਰਕਾਸ਼ਕ : ਰੂਹਾਨੀ ਪ੍ਰਕਾਸ਼ਨ, ਅਹਿਮਦ ਢੰਡੀ ਗੁਰੂ ਹਰ ਸਹਾਏ।

ਚਰਚਾ ਅਧੀਨ ਕਾਵਿ ਪੁਸਤਕ ‘ਮੇਰੇ ਤਰਕਸ਼ ਵਿਚਲੇ ਤੀਰ‘ ਦਾ ਲੇਖਕ ਹੈਪੀ ਸ਼ਾਹਕੋਟੀ ਨਵੀਂ ਪੀੜ੍ਹੀ ਦਾ ਕਵੀ ਹੈ। ਪੁਸਤਕ ’ਚ 73 ਕਾਵਿ ਰਚਨਾਵਾਂ ਸ਼ੁਮਾਰ ਕੀਤੀਆਂ ਗਈਆਂ ਹਨ ਜਿਨ੍ਹਾਂ ’ਚੋਂ 2 ਗ਼ਜ਼ਲਾਂ ਹਨ। ਸਮਾਜ ਦੀਆਂ ਦੁਸ਼ਵਾਰੀਆਂ ਦੀ ਬਾਖ਼ੂਬੀ ਸਮਝ ਹੋਣ ਕਾਰਨ ਕਵੀ ਕੋਲ ਵਿਸ਼ਿਆਂ ਦੀ ਭਰਮਾਰ ਹੈ। ਕਵਿਤਾਵਾਂ ’ਚੋਂ ਉੱਛਲਦਾ ਆਮ ਲੋਕਾਂ ਦਾ ਦਰਦ ਕਵੀ ਦੇ ਹਕੀਕਤਾਂ ਦਾ ਕਵੀ ਹੋਣ ਦਾ ਸਭ ਤੋਂ ਵੱਡਾ ਪ੍ਰਮਾਣ ਹੈ। ਬੇਸ਼ੱਕ ਮੁਹੱਬਤ ਨੂੰ ਕਵਿਤਾ ਤਾਂ ਕੀ ਜ਼ਿੰਦਗੀ ’ਚੋਂ ਹੀ ਮਨਫ਼ੀ ਕਰ ਕੇ ਨਹੀਂ ਵੇਖਿਆ ਜਾ ਸਕਦਾ ਪਰ ਹੈਪੀ ਇਸ ਗੱਲੋਂ ਵੀ ਪੂਰੀ ਤਰ੍ਹਾਂ ਵਾਕਿਫ਼ ਹੈ ਕਿ ਮੁਹੱਬਤ ਦੀਆਂ ਮਹਿਜ਼ ਕਾਲਪਨਿਕ ਉਡਾਰੀਆਂ ਵੀ ਸਮਾਜ ਦੀ ਭਲਾਈ ਦੇ ਸਮਰੱਥ ਨਹੀਂ ਹੁੰਦੀਆਂ।

ਧਾਰਮਿਕ ਸੰਕੀਰਨਤਾ, ਸੰਕਟਾਂ ਭਰਿਆ ਔਰਤ ਦਾ ਜੀਵਨ, ਮਾਦਾ ਭਰੂਣ ਹੱਤਿਆ ਅਤੇ ਰੁੱਖਾਂ ’ਤੇ ਚੱਲ ਰਿਹਾ ਕੁਹਾੜਾ, ਮਰ ਰਹੀ ਜ਼ਮੀਰ, ਗ਼ੁਰਬਤ ਦੀ ਮਾਰ, ਸਮਾਜਿਕ ਪਾੜਾ, ਇਨਸਾਨੀ ਰਿਸ਼ਤਿਆਂ ’ਚੋਂ ਖ਼ਤਮ ਹੋ ਰਹੀ ਅਪਣੱਤ ਅਤੇ ਨਸ਼ਿਆਂ ਦੀ ਮਾਰ ਸਮੇਤ ਤਮਾਮ ਵਿਸ਼ੇ ਹੈਪੀ ਦੀਆਂ ਕਵਿਤਾਵਾਂ ਦਾ ਵਿਸ਼ਾ ਬਣੇ ਹਨ। ਸਮਾਜ ਦੀਆਂ ਤਲਖ਼ ਹਕੀਕਤਾਂ ਨੂੰ ਸੰਵੇਦਨਸ਼ੀਲਤਾ ਭਰਪੂਰ ਤਰੀਕੇ ਨਾਲ ਸਮਝਣ ਦੇ ਨਾਲ-ਨਾਲ ਹੈਪੀ ਸੂਖ਼ਮ ਭਾਵੀ ਤਰੀਕੇ ਨਾਲ ਬਿਰਹਾ ਅਤੇ ਮੁਹੱਬਤ ਦੀਆਂ ਬਾਤਾਂ ਵੀ ਪਾਉਂਦਾ ਹੈ:

ਬਿਰਹਾ ਝੋਲੀ ਪਾ ਗਿਆ

ਤੂੰ ਹੋ ਕੇ ਰੂਹ ਦੇ ਨੇੜ,

ਮੈਂ ਬਿਰਹਣ ਕਮਲੀ ਹੋ ਗਈ

ਬੈਠੀ ਦਰਦ ਸਹੇੜ।

ਕਵਿਤਾ ‘ਦਿਸ਼ਾਹੀਣ’ ’ਚ ਉਸ ਨੇ ਬੜੀ ਹੀ ਬੇਬਾਕੀ ਨਾਲ ਸਿਆਸੀ ਨੁਮਾਇੰਦਿਆਂ ਦੀ ਕਾਰਗੁਜ਼ਾਰੀ ’ਤੇ ਉਂਗਲ ਧਰੀ ਹੈ। ਕਵਿਤਾਵਾਂ ’ਚੋਂ ਕਿਸਾਨੀ ਦਾ ਦਰਦ ਵੀ ਆਪ ਮੁਹਾਰੇ ਉੱਛਲਦਾ ਪ੍ਰਤੀਤ ਹੁੰਦਾ ਹੈ। ਤਮਾਮ ਪ੍ਰੇਸ਼ਾਨੀਆਂ ਦੀਆਂ ਬਰੂਹਾਂ ’ਤੇ ਖੜੇ੍ਹ ਕਿਸਾਨੀ ਦੀਆਂ ਆਤਮ ਹੱਤਿਆਵਾਂ ਦਾ ਵਰਤਾਰਾ ਵੀ ਕਵੀ ਨੂੰ ਰਹਿ ਰਹਿ ਕੇ ਪ੍ਰੇਸ਼ਾਨ ਕਰ ਰਿਹਾ ਹੈ। ਕਵੀ ਦੀ ਕਾਵਿ ਰਚਨਾ ’ਚ ਨਿਖਾਰ ਦੀਆਂ ਹਾਲੇ ਹੋਰ ਬਹੁਤ ਸਾਰੀਆਂ ਸੰਭਾਵਨਾਵਾਂ ਹਨ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi