ਦਲਜਿੰਦਰ ਰਹਿਲ ਦਾ ਕਾਵਿ ਸੰਗ੍ਰਹਿ ‘ਸ਼ਬਦਾਂ ਦੀ ਢਾਲ’ ਦਾ ਦੂਜਾ ਐਡੀਸ਼ਨ ਛਪਿਆ ਹੈ। ਪ੍ਰਵਾਸੀ ਪੰਜਾਬੀ ਕਵੀ ਦੀ ਅੰਦਰੂਨੀ ਆਵਾਜ਼ ਹੈ, ਜੋ ਇਟਲੀ ਵਰਗੀ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬ ਤੇ ਪੰਜਾਬੀਅਤ ਨਾਲ ਡੂੰਘਾ ਜੁੜਿਆ ਹੋਇਆ ਹੈ। ਇਹ ਕਾਵਿ-ਪੋਥੀ ਸਿਰਫ਼ 50 ਕਵਿਤਾਵਾਂ ਦਾ ਸੰਗ੍ਰਹਿ ਨਹੀਂ ਹੈ ਸਗੋਂ ਕਵੀ ਦਾ ‘ਪੰਜਾਬੀ ਹੋਣ’ ਅਤੇ ਇਸ ਨੂੰ ਸਾਬਤ ਕਰਨ ਦਾ ਪ੍ਰਮਾਣ-ਪੱਤਰ ਵੀ ਹੈ।

ਪੁਸਤਕ : ‘ਸ਼ਬਦਾਂ ਦੀ ਢਾਲ’ (ਕਾਵਿ-ਸੰਗ੍ਰਹਿ)
ਸ਼ਾਇਰ : ਦਲਜਿੰਦਰ ਰਹਿਲ
ਪੰਨੇ : 88, ਮੁੱਲ : 199 ਰੁਪਏ
ਪ੍ਰਕਾਸ਼ਨ : ਡੀਪੀ ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ।
ਦਲਜਿੰਦਰ ਰਹਿਲ ਦਾ ਕਾਵਿ ਸੰਗ੍ਰਹਿ ‘ਸ਼ਬਦਾਂ ਦੀ ਢਾਲ’ ਦਾ ਦੂਜਾ ਐਡੀਸ਼ਨ ਛਪਿਆ ਹੈ। ਪ੍ਰਵਾਸੀ ਪੰਜਾਬੀ ਕਵੀ ਦੀ ਅੰਦਰੂਨੀ ਆਵਾਜ਼ ਹੈ, ਜੋ ਇਟਲੀ ਵਰਗੀ ਵਿਦੇਸ਼ੀ ਧਰਤੀ ’ਤੇ ਰਹਿੰਦਿਆਂ ਵੀ ਪੰਜਾਬ ਤੇ ਪੰਜਾਬੀਅਤ ਨਾਲ ਡੂੰਘਾ ਜੁੜਿਆ ਹੋਇਆ ਹੈ। ਇਹ ਕਾਵਿ-ਪੋਥੀ ਸਿਰਫ਼ 50 ਕਵਿਤਾਵਾਂ ਦਾ ਸੰਗ੍ਰਹਿ ਨਹੀਂ ਹੈ ਸਗੋਂ ਕਵੀ ਦਾ ‘ਪੰਜਾਬੀ ਹੋਣ’ ਅਤੇ ਇਸ ਨੂੰ ਸਾਬਤ ਕਰਨ ਦਾ ਪ੍ਰਮਾਣ-ਪੱਤਰ ਵੀ ਹੈ। ਕਵੀ ਸੰਜੀਦਾ, ਸੰਵੇਦਨਸ਼ੀਲ ਤੇ ਭਾਵੁਕ ਚਿੰਤਕ ਹੈ, ਜਿਸ ਦੇ ਰੋਮ-ਰੋਮ ’ਚ ਕਵਿਤਾ ਸਮਾਈ ਹੋਈ ਹੈ। ਆਓ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ਜੋ ‘ਮਾਂ ਨੂੰ ਸਮਰਪਿਤ ਹੈ, ਦੇ ਕੁਝ ਅੰਸ਼ਾਂ ’ਤੇ ਨਜ਼ਰ ਮਾਰੀਏ:
ਮਾਂ ਦੇ ਰਿਸ਼ਤੇ ਨਾਲੋਂ ਵੱਡਾ ਦੂਜਾ ਰੱਬ ਨਾ ਕੋਈ।
ਭੁੱਲ ਜਾਵੇ ਜੋ ਮਾਂ ਆਪਣੀ ਨੂੰ, ਮਿਲੇ ਨਾ ਉਸ ਨੂੰ ਕਿਧਰੇ ਢੋਈ।
ਰਹਿਲ ਦੀ ਕਵਿਤਾ ਨਿਮਾਣਿਆਂ, ਨਿਤਾਣਿਆਂ ਅਤੇ ਬੇਧਿਰਿਆਂ ਦੀ ਧਿਰ ਬਣਦੀ ਹੈ। ਉਹ ਸਮਾਜਿਕ ਬੇਇਨਸਾਫ਼ੀ, ਅਨਿਆਂ ਤੇ ਕੁਦਰਤ ਨਾਲ ਹੋ ਰਹੀ ਧੱਕੇਸ਼ਾਹੀ ਪ੍ਰਤੀ ਇਕ ਬਾਗੀ ਸੁਰ ਰੱਖਦਾ ਹੈ। ਉਸ ਦੇ ਕਾਵਿ ਸਰੋਕਾਰਾਂ ਵਿਚ ਪੰਜਾਬ ਦੀ ਤ੍ਰਾਸਦੀ (ਚਾਹੇ ਉਹ ਵੰਡ ਦੀ ਹੋਵੇ ਜਾਂ ਵਰਤਮਾਨ ਦੀ), ਪੰਜਾਬੀ ਮਜ਼ਦੂਰ-ਕਿਸਾਨ ਵਰਗ ਦੇ ਦੁੱਖ, ਔਰਤਾਂ ਤੇ ਬੱਚੀਆਂ ਨਾਲ ਬੇਇਨਸਾਫ਼ੀਆਂ, ਗੰਧਲਾ ਹੋ ਰਿਹਾ ਪੌਣ-ਪਾਣੀ ਅਤੇ ਪ੍ਰਦੇਸਾਂ ’ਚ ਵੱਸਦੇ ਪੰਜਾਬੀਆਂ ਦੀ ਵਿਥਿਆ ਆਦਿ ਸ਼ਾਮਿਲ ਹਨ। ਕਵੀ ਹਕੀਕਤ ਨਾਲ ਰੂਬਰੂ ਕਰਵਾਉਂਦਾ ਹੋਇਆ ‘ਅਸਲ ਦਾਤੇ’ (ਕਿਰਤੀ ਲੋਕ) ਤੇ ‘ਨਕਲੀ ਦਾਤਿਆਂ’ (ਸਰਮਾਏਦਾਰ) ਦੇ ਫ਼ਰਕ ਨੂੰ ਬੜੇ ਕੌੜੇ ਸੱਚ ਨਾਲ ਪੇਸ਼ ਕਰਦਾ ਹੈ। ਕਾਵਿ-ਵਕਤਾ ਜੀਵਨ ਰੂਪੀ ਦੁੱਖ ਦੀ ਭੱਠੀ ਵਿਚ ਹਿੱਝਦਾ ਹੋਇਆ ਵੀ ਆਪਣੀ ਆਸ ਨੂੰ ਬੁਝਣ ਨਹੀਂ ਦਿੰਦਾ ਅਤੇ ਵਕਤ ਦੀ ਘੋਰ ਉਦਾਸੀ ਵਿਚ ਵੀ ਆਸ ਦਾ ਦੀਵਾ ਬਾਲ ਕੇ ਰੱਖਣ ਵਾਲਾ ਹੈ। ਉਸ ਦੀ ਕਵਿਤਾ ਵਿਰਸੇ ਵਿੱਚੋਂ ਸਕਾਰਾਤਮਿਕ ਊਰਜਾ ਲੈਂਦੀ ਹੈ ਤੇ ਚੜ੍ਹਦੀ ਕਲਾ ਵਿਚ ਰਹਿਣ ਦਾ ਹੋਕਾ ਦਿੰਦੀ ਹੈ। ਉਹ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ‘ਸ਼ਬਦਾਂ ਦੀ ਢਾਲ’ ਬਣਾ ਕੇ ਲੜਦਾ ਹੈ। ਇਹ ਕਵਿਤਾਵਾਂ ਬੁੱਧੀਮਤਾ ਦੀ ਪੈਦਾਇਸ਼ ਦੇ ਨਾਲ-ਨਾਲ ਭਾਵਾਂ ਦੀ ਚਮਤਕਾਰੀ ਦਾ ਸੁਮੇਲ ਹਨ, ਜੋ ਪਾਠਕ ਨੂੰ ਸਿਰਫ਼ ਮਾਣਨ ਲਈ ਹੀ ਨਹੀਂ ਸਗੋਂ ਸਾਰਥਿਕ ਅੰਤਰ-ਦ੍ਰਿਸ਼ਟੀਆਂ ਗ੍ਰਹਿਣ ਕਰਨ ਲਈ ਵੀ ਪ੍ਰੇਰਿਤ ਕਰਦੀਆਂ ਹਨ। ਸਮੁੱਚੇ ਰੂਪ ਵਿਚ ਦਲਜਿੰਦਰ ਰਹਿਲ ਦੀ ਇਹ ਪਲੇਠੀ ਰਚਨਾ ਪੰਜਾਬੀ ਕਵਿਤਾ ਦੇ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਹੈ, ਜੋ ਸਹਿਜ ਤੇ ਸੱਚੇ ਅੰਦਾਜ਼ ਵਿਚ ਜੀਵਨ ਦੇ ਸਲੀਕੇ ਨੂੰ ਬਿਆਨ ਕਰਦੀ ਹੈ।
- ਜਸਵਿੰਦਰ ਸਿੰਘ ਕਾਈਨੌਰ