ਪੁਸਤਕ : ਰੰਗਲੇ ਸੱਜਣ (ਮਿੰਨੀ ਕਹਾਣੀ ਸੰਗ੍ਰਹਿ)

ਲੇਖਕ : ਬਾਜ ਸਿੰਘ ਮਹਿਲੀਆ

ਪੰਨੇ : 104 ਮੁੱਲ : 200/-

ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ।

ਮਿੰਨੀ ਕਹਾਣੀ ਇਕ ਅਜਿਹਾ ਸਾਹਿਤ ਰੂਪ ਹੈ ਜੋ ਸੰਖੇਪ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਵੱਡੇ ਅਰਥਾਂ ਨੂੰ ਕਥਾ ਸ਼ੈਲੀ ਰਾਹੀਂ ਸਾਕਾਰ ਕਰ ਜਾਂਦਾ ਹੈ। ਇਸ ਦਮ ਅਚੰਭਿਤ ਵੀ ਕਰਦਾ ਹੈ ਅਤੇ ਸੋਚਣ ਲਈ ਮਜਬੂਰ ਵੀ ਕਰਦਾ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿਚ ਮਿੰਨੀ ਕਹਾਣੀ ਰਚਨਾ ਕਰਨ ਵਾਲੇ ਬਹੁਤ ਸਾਰੇ ਕਹਾਣੀਕਾਰ ਆਪਣਾ ਸਮਰੱਥਾਯੋਗ ਯੋਗਦਾਨ ਪਾ ਰਹੇ ਹਨ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਬਾਜ ਸਿੰਘ ਮਹਿਲੀਆ ਵੀ ਗੌਲਣਯੋਗ ਮਿੰਨੀ ਕਹਾਣੀਕਾਰ ਹੈ ਜੋ ਆਪਣੀ ਮਿੰਨੀ ਕਹਾਣੀਆਂ ਦੀ ਨਵੀਂ ਪੁਸਤਕ ‘ਰੰਗਲੇ ਸੱਜਣ’ ਲੈ ਕੇ ਪਾਠਕਾਂ ਦੇ ਰੂਬਰੂ ਹੋਇਆ ਹੈ। ਇਸ ਮਿੰਨੀ ਕਹਾਣੀ-ਸੰਗ੍ਰਹਿ ਵਿਚ ਬਾਜ ਸਿੰਘ ਮਹਿਲੀਆ ਦੀਆਂ ਲਗਪਗ 70 ਮਿੰਨੀ ਕਹਾਣੀਆਂ ਸ਼ਾਮਿਲ ਹਨ। ਭਾਵੇਂ ਕਿ ਇਕੱਲੀ-ਇਕੱਲੀ ਮਿੰਨੀ ਕਹਾਣੀ ਬਾਰੇ ਸੰਵਾਦ ਰਚਾਇਆ ਜਾਣਾ ਰੀਵਿਊ ਦੀ ਸਿਰਜਣਾ ਮੁਤਾਬਕ ਸੰਭਵ ਨਹੀਂ ਪਰ ਜਦੋਂ ਅਸੀਂ ਉਸ ਦੀਆਂ ਕਹਾਣੀਆਂ ਦੀ ਸਮੁੱਚੇ ਤੌਰ ’ਤੇ ਪਰਖ ਪੜਚੋਲ ਕਰਦੇ ਹਾਂ ਤਾਂ ਇਸ ਵਿਚ ਸਾਡੇ ਅਜੋਕੇ ਜੀਵਨ ਯਥਾਰਥ ਦੇ ਬਹੁਤ ਸਾਰੇ ਕਥਾ ਚਿੱਤਰ ਵੇਖਣ ਨੂੰ ਮਿਲਦੇ ਹਨ। ਸਮਾਜ ਵਿਚ ਫੈਲੇ ਅਵਿਸ਼ਵਾਸ, ਰਿਸ਼ਤਿਆਂ ਵਿਚ ਆ ਰਹੀ ਕਸੀਦਗੀ ਸਿਆਸਤ ਅਤੇ ਕਾਨੂੰਨ ਪ੍ਰਬੰਧ ਵਿਚ ਫੈਲਿਆ ਭਿ੍ਰਸ਼ਟਾਚਾਰ, ਨਿੱਜੀ ਸੋਚ, ਰੀਝਾਂ ਦਾ ਹੁੰਦਾ ਘਾਣ ਆਦਿ ਬਹੁਤ ਸਾਰੇ ਵਿਸ਼ਿਆਂ ਬਾਰੇ ਇਹ ਮਿੰਨੀ ਕਹਾਣੀਆਂ ਵਿਆਪਕ ਰੂਪ ਵਿਚ ਪ੍ਰਤੀਕਰਮ ਪੇਸ਼ ਕਰਦੀਆਂ। ਬਿਰਧ ਘਰਾਂ ਦੀ ਹੋਂਦ ਅਤੇ ਬਜ਼ੁਰਗਾਂ ਦੀਆਂ ਭਾਵੁਕ ਭਾਵਨਾਵਾਂ ਦਾ ਮਰ ਜਾਣਾ ਵੀ ਅਜੋਕੇ ਸਮਿਆਂ ਦਾ ਸੱਚ ਹੈ ਜਿਸ ਨੂੰ ਬਾਜ ਸਿੰਘ ਮਹਿਲੀਆ ਨੇ ਬਾਖੂਬੀ ਫੜਨ ਦਾ ਯਤਨ ਕੀਤਾ ਹੈ। ਇਨ੍ਹਾਂ ਮਿੰਨੀ ਕਹਾਣੀਆਂ ਵਿਚ ਵਰਤੀ ਗਈ ਵਿਅੰਗ ਦੀ ਜੁਗਤ ਵੀ ਪਾਠਕ ਨੂੰ ਪ੍ਰਭਾਵਿਤ ਕਰਦੀ ਹੈ ਜਿੱਥੇ ਆਪਣਿਆਂ ਦੇ ਪਰਾਏ ਹੋਣ ਦੇ ਅਹਿਸਾਸਾਂ ਤੇ ਗੁੱਝੀ ਤਨਜ਼ ਕੀਤੀ ਗਈ ਹੈ। ਇਨ੍ਹਾਂ ਮਿੰਨੀ ਕਹਾਣੀਆਂ ਵਿਚਲੇ ਪਾਤਰ ਹੱਡ ਮਾਸ ਦੇ ਪੁਤਲੇ ਹਨ ਜੋ ਸਾਡੇ ਆਲ਼ੇ-ਦੁਆਲੇ ਵਿਚ ਹੀ ਵਿਚਰਦੇ ਸਧਾਰਨ ਮਨੁੱਖ ਹਨ। ਮਿੰਨੀ ਕਹਾਣੀਆਂ ਵਿਚਲੀ ਨਾਟਕੀ ਸ਼ੈਲੀ ਵੀ ਪ੍ਰਭਾਵਿਤ ਕਰਦੀ ਹੈ।

Posted By: Harjinder Sodhi