ਪੁਸਤਕ : ਜ਼ਿੰਦਗੀ ਦੀ ਕਿਣਮਿਣਕਾਣੀ

ਲੇਖਕ : ਨਿਰੰਜਨ ਸਿੰਘ ਸੈਲਾਨੀ

ਪੰਨੇ :111 ਮੁੱਲ : 200/-

ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।

ਨਿਰੰਜਨ ਸਿੰਘ ਸੈਲਾਨੀ ਦਾ ਪੰਜਾਬੀ ਸਾਹਿਤ ਜਗਤ ’ਚ ਵਿਸ਼ੇਸ਼ ਸਥਾਨ ਹੈ। ਹੱਥਲੀ ਪੁਸਤਕ ਲੇਖਕ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਰੰਗ ਪੇਸ਼ ਕਰਦੀ ਹੈ। ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ’ਚ ਲੇਖਕ ਨੇ ਆਪਣੇ ਬਾਰੇ, ਆਪਣੇ ਖ਼ਾਨਦਾਨ, ਘਰ, ਸ਼ਹਿਰ, ਸਕੂਲ ਬਾਰੇ ਜ਼ਿਕਰ ਕੀਤਾ ਹੈ। ਸੈਲਾਨੀ ਨੇ ਉਨ੍ਹਾਂ ਸਾਰੀਆਂ ਥਾਵਾਂ ਦਾ ਜ਼ਿਕਰ ਕੀਤਾ ਹੈ ਜਿੱਥੇ-ਜਿੱਥੇ ਉਸ ਨੇ ਆਪਣਾ ਸਫ਼ਰ ਤੈਅ ਕੀਤਾ ਜਿਵੇਂ ਉਦੈਪੁਰ, ਪਾਕਿਸਤਾਨ, ਮਸੂਰੀ, ਲਖਨਊ, ਰਾਜਸਥਾਨ ਆਦਿ। ਲੇਖਕ ਨੇ ਇਨ੍ਹਾਂ ਸਾਰੀਆਂ ਥਾਵਾਂ ਦਾ ਬਹੁਤ ਹੀ ਖ਼ੂਬਸੂਰਤੀ ਨਾਲ ਜ਼ਿਕਰ ਕੀਤਾ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਾਠਕਾਂ ਦੀ ਜਾਣਕਾਰੀ ’ਚ ਵਾਧਾ ਹੁੰਦਾ ਹੈ। ਪੁਸਤਕ ਦੇ ਤੀਜੇ ਭਾਗ ’ਚ ਲੇਖਕ ਨੇ ਆਪਣੀ ਸਵੈ-ਜੀਵਨੀ ਸ਼ਾਮਲ ਕੀਤੀ ਹੈ। ਲੇਖਕ ਨੇ ਇਸ ਵਿਚ ਆਪਣੀ ਨੌਕਰੀਪੇਸ਼ਾ ਜ਼ਿੰਦਗੀ ਬਾਰੇ ਚੰਗੀ ਤਰ੍ਹਾਂ ਵਰਣਨ ਕੀਤਾ ਹੈ। ਤੀਜੇ ਭਾਗ ਵਿਚ ਲੇਖਕ ਨੇ ਪਹਾੜਾਂ ਦੀ ਆਪਣੀ ਹੱਡ ਬੀਤੀ ਦਾ ਵਰਣਨ ਕੀਤਾ ਹੈ।

ਇਹ ਪੁਸਤਕ ਲੇਖਕ ਦੇ ਜੀਵਨ ’ਤੇ ਅਧਾਰਿਤ ਹੈ ਜਿਸ ਨੂੰ ਉਸ ਨੇ ਪਾਠਕਾਂ ਨਾਲ ਸਾਂਝਾ ਕੀਤਾ ਹੈ ਅਤੇ ਆਪਣੇ ਸੰਘਰਸ਼ ਦੇ ਦਿਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹੈ। ਲੇਖਕ ਦੀ ਇਹ ਪੁਸਤਕ ਸਫ਼ਰਨਾਮਾ ਅਤੇ ਸਵੈ-ਜੀਵਨੀ ਦੋਨੋਂ ਹੀ ਪ੍ਰਤੀਤ ਹੁੰਦੀਆਂ ਹਨ। ਪੁਸਤਕ ਵਿਚਲੀ ਭਾਸ਼ਾ ਬਹੁਤ ਸਰਲ ਅਤੇ ਦਿਲਚਸਪ ਹੈ ਜੋ ਪਾਠਕ ਨੂੰ ਕਹਾਣੀ ਨਾਲ ਜੋੜੀ ਰੱਖਦੀ ਹੈ। ਲੇਖਕ ਨੇ ਆਪਣੀ ਜ਼ਿੰਦਗੀ ਦੇ ਖੱਟੇ-ਮਿੱਠੇ ਪਲਾਂ ਨੂੰ ਬਹੁਤ ਹੀ ਵਧੀਆ ਤੇ ਰੌਚਕ ਢੰਗ ਨਾਲ ਲੇਖਾਂ ਵਿੱਚ ਪਰੋਇਆ ਹੈ। ਲੇਖਕ ਦੀ ਇੱਕ-ਇੱਕ ਯਾਦ ਬਹੁਤ ਹੀ ਮਿੱਠੀ ਤੇ ਮਨ ਅੰਦਰ ਪੈਦਾ ਹੋਣ ਵਾਲੇ ਵਲਵਲਿਆਂ ਨੂੰ ਤਾਜ਼ਾ ਕਰਦੀ ਹੈ। ਸਵੈ-ਜੀਵਨੀ ਵਿਚ ਸ਼ੇਅਰ, ਕਵਿਤਾਵਾਂ ਅਤੇ ਗੀਤ ਪੁਸਤਕ ਦੀ ਪੜ੍ਹਨ ਦਿਲਚਸਪੀ ਨੂੰ ਵਧਾਉਂਦੇ ਹਨ। ਲੇਖਕ ਵਲੋਂ ਦੇਖੀਆਂ ਥਾਵਾਂ ਬਾਰੇ ਪੜ੍ਹ ਕੇ ਪਾਠਕ ਉਨ੍ਹਾਂ ਥਾਵਾਂ ਦਾ ਸ਼ਬਦੀ ਅਨੰਦ ਤਾਂ ਮਾਣੇਗਾ ਹੀ ਆਪਣੇ ਗਿਆਨ ’ਚ ਵੀ ਵਾਧਾ ਕਰ ਸਕੇਗਾ। ਕਵੀ, ਅਧਿਆਪਕ ਅਤੇ ਸੈਲਾਨੀ ਦਾ ਅਨੁਭਵ ਇਸ ਪੁਸਤਕ ਨੂੰ ਅਮੀਰੀ ਬਖ਼ਸ਼ਦਾ ਹੈ ਜਿਸ ਤੋਂ ਘੁੰਮਣ ਫਿਰਨ ਦੇ ਸ਼ੌਕੀਨ ਲਾਹਾ ਲੈ ਸਕਣਗੇ। ਇਹ ਪੁਸਤਕ ਸੱਚਮੁੱਚ ਹੀ ਇਕ ਅਜਿਹਾ ਗੁਲਦਸਤਾ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਹਨ। ਪੁਸਤਕ ਦੀ ਦਿੱਖ ਵੀ ਪਾਠਕ ਨੂੰ ਖਿੱਚਦੀ ਹੈ।

- ਇੰਦਰਪ੍ਰੀਤ ਕੌਰ

Posted By: Harjinder Sodhi