Book Review : ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕਰਦੀ ਕਿਤਾਬ ‘ਅਦਬ ਦੇ ਅੰਗ-ਸੰਗ’
ਅਦਬ ਦੇ ਅੰਗ-ਸੰਗ ਲੇਖਕ ਵਿਨੋਦ ਕੁਮਾਰ ਫ਼ਕੀਰਾ ਦੀ ਪਲੇਠੀ ਵਾਰਤਕ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਮੇਰਾ ਦਰਦ ਮੇਰਾ ਸਰਮਾਇਆ (ਕਾਵਿ ਸੰਗ੍ਰਹਿ) ਛਪਵਾ ਚੁੱਕਿਆ ਹੈ। ਲੇਖਕ ਨੇ ਪੁਸਤਕ ’ਚ ਛੋਟੇ-ਵੱਡੇ 76 ਲੇਖ ਸ਼ਾਮਿਲ ਕੀਤੇ ਹਨ। ਆਕਾਰ ਪੱਖੋਂ ਕਈ ਲੇਖ ਤਾਂ ਇਕ ਪਹਿਰੇ ਤਕ ਹੀ ਸੀਮਤ ਹਨ।
Publish Date: Sat, 06 Dec 2025 11:17 AM (IST)
Updated Date: Sun, 07 Dec 2025 11:19 AM (IST)
ਲੇਖਕ : ਵਿਨੋਦ ਕੁਮਾਰ ਫ਼ਕੀਰਾ
ਪ੍ਰਕਾਸ਼ਨ : ਐਵਿਸ਼ ਪਬਲੀਕੇਸ਼ਨਜ਼, ਦਿੱਲੀ-ਪੰਜਾਬ।
ਅਦਬ ਦੇ ਅੰਗ-ਸੰਗ ਲੇਖਕ ਵਿਨੋਦ ਕੁਮਾਰ ਫ਼ਕੀਰਾ ਦੀ ਪਲੇਠੀ ਵਾਰਤਕ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ਮੇਰਾ ਦਰਦ ਮੇਰਾ ਸਰਮਾਇਆ (ਕਾਵਿ ਸੰਗ੍ਰਹਿ) ਛਪਵਾ ਚੁੱਕਿਆ ਹੈ। ਲੇਖਕ ਨੇ ਪੁਸਤਕ ’ਚ ਛੋਟੇ-ਵੱਡੇ 76 ਲੇਖ ਸ਼ਾਮਿਲ ਕੀਤੇ ਹਨ। ਆਕਾਰ ਪੱਖੋਂ ਕਈ ਲੇਖ ਤਾਂ ਇਕ ਪਹਿਰੇ ਤਕ ਹੀ ਸੀਮਤ ਹਨ। ਪੁਸਤਕ ’ਚ ਸ਼ਾਮਿਲ ਕਈ ਰਚਨਾਵਾਂ ਕਥਾ ਕਹਾਣੀ ਦਾ ਪ੍ਰਭਾਵ ਸਿਰਜਦੀਆਂ ਹਨ ਤੇ ਕਈ ਰਚਨਾਵਾਂ ਮਿੰਨੀ ਕਹਾਣੀਆਂ ਜਾਪਦੀਆਂ ਹਨ। ਲੇਖਕ ਨੇ ਵੰਨ-ਸੁਵੰਨੇ ਵਿਸ਼ਿਆਂ ਨੂੰ ਆਪਣੀਆਂ ਰਚਨਾਵਾਂ ਵਿਚ ਲਿਆ ਹੈ। ਉਸ ਨੇ ਆਪਣੇ ਲੇਖਾਂ ’ਚ ਰਾਜਨੀਤੀਵਾਨਾਂ ਦੀ ਖ਼ੁਦਗਰਜ਼ੀ ਪਹੁੰਚ, ਪਾਣੀ ਤੇ ਰੁੱਖਾਂ ਦੇ ਮਹੱਤਵ, ਰਿਸ਼ਤਿਆਂ ਦੀ ਹੋ ਰਹੀ ਟੁੱਟ-ਭੱਜ, ਨੈਤਿਕ ਕਦਰਾਂ-ਕੀਮਤਾਂ ਦੇ ਹੋ ਰਹੇ ਘਾਣ, ਨਵੀ ਤੇ ਪੁਰਾਣੀ ਪੀੜ੍ਹੀ ਦੀ ਸੋਚ ਅੰਦਰਲੇ ਅੰਤਰ, ਨਸ਼ਿਆਂ ਦੀ ਵਧ ਰਹੀ ਲੱਤ ਸਮੇਤ ਅਣਗਿਣਤ ਵਿਸ਼ਿਆਂ ਉੱਪਰ ਕਲਮ ਚਲਾਈ ਹੈ। ਤਿਲਕ ਜੰਞੂ ਰਾਖਾ ਸ੍ਰੀ ਗੁਰੂ ਤੇਗ ਬਹਾਦਰ ਜੀ, ਵਾਰਿਸ ਸ਼ਾਹ ਅਤੇ ਸ਼ਿਵ ਕੁਮਾਰ ਬਟਾਲਵੀ ਬਾਰੇ ਲੇਖ ਲਿਖ ਕੇ ਸਤਿਕਾਰ ਨਾਲ ਯਾਦ ਕੀਤਾ ਹੈ। ਲੇਖਕ ਨੇ ਹਾਸ਼ੀਆਗ੍ਰਸਤ ਲੋਕਾਂ ਦੀ ਦੁਰਦਸ਼ਾ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਿਕਰ ਕੀਤਾ ਹੈ। ਅਜੋਕੇ ਸਮਾਜ ਦੀ ਸਹੀ ਤਸਵੀਰ ਇਕ ਹੀ ਸਤਰ ਵਿਚ ਬਾਕਮਾਲ ਢੰਗ ਨਾਲ ਇਸ ਤਰ੍ਹਾਂ ਪੇਸ਼ ਕੀਤੀ ਹੈ, ‘ਬਚਪਨ ਮੋਬਾਈਲ ਵਿਚ, ਜਵਾਨੀ ਨਸ਼ਿਆਂ ਵਿਚ ਅਤੇ ਬਜ਼ੁਰਗ ਬਿਰਧ ਆਸ਼ਰਮਾਂ ਵਿਚ ਰੁਲ ਰਿਹਾ ਹੈ।’
ਲੇਖਕ ਨੇ ਆਪਣੇ ਲੇਖਾਂ ਵਿਚ ਸਮਾਜ ’ਚੋਂ ਲੋਪ ਹੋ ਰਹੇ ਅਖਾਣਾਂ, ਮੁਹਾਵਰਿਆਂ ਅਤੇ ਕਹਾਵਤਾਂ ਦੀ ਵਰਤੋਂ ਕਰ ਕੇ ਲੇਖਣੀ ਨੂੰ ਰਸ ਭਰਪੂਰ ਬਣਾਇਆ ਹੈ ਪਰ ਪੁਸਤਕ ਵਿਚ ਸ਼ਬਦ ਜੋੜਾਂ ਦੀਆਂ ਵਧੇਰੇ ਗ਼ਲਤੀਆਂ ਰੜਕਦੀਆਂ ਹਨ। ਲੇਖਕ ਤੇ ਪ੍ਰਕਾਸ਼ਕ ਨੂੰ ਪੁਸਤਕ ਪਾਠਕਾਂ ਦੇ ਹੱਥਾਂ ਵਿਚ ਜਾਣ ਤੋਂ ਪਹਿਲਾਂ ਗ਼ਲਤੀਆਂ ਨੂੰ ਸੁਧਾਰ ਲੈਣਾ ਚਾਹੀਦਾ ਸੀ। ਕੁਝ ਲੇਖ ਜਿਵੇਂ ਪੱਕੀ ਜ਼ਿੱਦ, ਜਲਤੇ ਹੋਏ ਅਰਮਾਂ ਤੇ ਨਿਵਾਲਾ ਹਿੰਦੀ ਲੇਖਣੀ ਦਾ ਭੁਲੇਖਾ ਪਾਉਂਦੇ ਹਨ। ਉਸ ਨੂੰ ਭਵਿੱਖ ’ਚ ਇਸ ਪਾਸੇ ਵਧੇਰੇ ਧਿਆਨ ਦੇਣ ਦੀ ਲੋੜ ਹੈ।
- ਦਲਜੀਤ ਰਾਏ ਕਾਲੀਆ