ਪੁਸਤਕ : ਗ਼ਜ਼ਲ ਦਾ ਗਣਿਤ

ਲੇਖਕ : ਅਨੁਪਿੰਦਰ ਸਿੰਘ ਅਨੂਪ

ਪੰਨੇ :132 ਮੁੱਲ : 250/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਮੇਰੀ ਗ਼ਜ਼ਲ ਦਾ ਇਕ ਸ਼ਿਅਰ ਹੈ ਕਿ :

ਵਿਸ਼ਾ ਨਾ ਕੋਈ ਵੀ ਬਾਹਰ ਇਦ੍ਹੇ ਤੋਂ,

ਹਰਿੱਕ ਪਾਸੇ ਤਾਂ ਹੀ ਤਾਂ ਛਾਈ ਗ਼ਜ਼ਲ ਹੈ।

ਅਜੋਕੇ ਸਮੇਂ ਦੀ ਸਭ ਤੋਂ ਹਰਮਨ ਪਿਆਰੀ ਕਾਵਿ ਸਿਨਫ਼ ਹੈ ਗ਼ਜ਼ਲ। ਹਰੇਕ ਨਵਾਂ ਲੇਖਕ ਗ਼ਜ਼ਲ ਲਿਖਣ ਲਈ ਕਾਹਲਾ ਹੈ ਕਿਉਕਿ ਸ਼ਾਇਰੀ ਦੇ ਪਾਠਕਾਂ ਦੀ ਗਿਣਤੀ ਦਿਨ ਪ੍ਰਤਿ ਦਿਨ ਵਧਦੀ ਜਾ ਰਹੀ ਹੈ। ਗ਼ਜ਼ਲ ਸਿਰਜਣ ਲਈ ਜਿਸ ਵਿਧਾਨ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਉਸ ਨੂੰ ਅਰੂਜ਼ ਕਹਿੰਦੇ ਹਨ। ਗ਼ਜ਼ਲ ਬਾਰੇ ਕਿਹਾ ਜਾਂਦਾ ਹੈ ਕਿ ਇਹ ਅਰਬ ਤੋਂ ਤੁਰੀ ਤੇ ਈਰਾਨ ਤੋਂ ਹੁੰਦੇ ਹੋਏ ਪੰਜਾਬ ਵਿਚ ਆਈ ਹੈ। ਗ਼ਜ਼ਲ ਕਹਿਣ ਲਈ ਅਰੂਜ਼ ਦੇ ਨਿਯਮਾਂ ਦੀ ਜਾਣਕਾਰੀ ਹੋਣਾ ਬੇਹੱਦ ਜ਼ਰੂਰੀ ਹੈ। ਸਮੇਂ-ਸਮੇਂ ’ਤੇ ਵੱਖ-ਵੱਖ ਉਸਤਾਦ ਸ਼ਾਇਰਾਂ ਵਲੋਂ ਅਰੂਜ਼ ਨਾਲ ਸੰਬੰਧਿਤ ਪੁਸਤਕਾਂ ਦੀ ਸਿਰਜਣਾ ਕੀਤੀ ਹੈ ਜੋ ਕਿ ਗ਼ਜ਼ਲ ਸਿੱਖਿਆਰਥੀਆਂ ਲਈ ਰਾਹ ਦਸੇਰੇ ਦਾ ਕੰਮ ਕਰਦੀਆਂ ਆ ਰਹੀਆਂ ਹਨ। ਹਥਲੀ ਪੁਸਤਕ ‘ਗ਼ਜ਼ਲ ਦਾ ਗਣਿਤ’ ਇਸੇ ਲੜੀ ’ਚ ਸ਼ਾਮਿਲ ਹੈ। ਅਨੁਪਿੰਦਰ ਸਿੰਘ ਅਨੂਪ ਦੀ ਇਹ ਪੁਸਤਕ ਗ਼ਜ਼ਲ ਦੇ ਮੁੱਢਲੇ ਨਿਯਮਾਂ ਦੀ ਬੇਹੱਦ ਤਰਤੀਬਵਾਰ ਤੇ ਸਰਲ ਸ਼ਬਦਾਂ ਵਿਚ ਜਾਣਕਾਰੀ ਦਿੰਦੀ ਹੈ। ਪੁਸਤਕ ਦੇ ਪਹਿਲੇ ਅਧਿਆਏ ਵਿਚ ਲਘੂ ਅਤੇ ਗੁਰੂ ਸ਼ਬਦਾਂ ਦੀ ਪਹਿਚਾਣ ਅਤੇ ਸੰਬੰਧਿਤ ਜਾਣਕਾਰੀ ਦਿੱਤੀ ਗਈ ਹੈ। ਦੂਜੇ ਅਧਿਆਏ ਗ਼ਜ਼ਲਾਂ ਦੀਆਂ ਬਹਿਰਾਂ ਨਾਲ ਸੰਬੰਧਿਤ ਹੈ। ਪੁਸਤਕ ਵਿਚ ਕੁੱਲ 32 ਬਹਿਰਾਂ (ਸਾਲਿਮ ਅਤੇ ਜਿਹਾਫ਼ੀ) ਬਾਰੇ ਵਿਸਥਾਰ ਨਾਲ ਸਮਝਾਇਆ ਗਿਆ ਹੈ। ਬਹਿਰ ਦੇ ਰੁਕਨ ਅਤੇ ਉਨ੍ਹਾਂ ਦੀ ਤਕਤੀਹ ਦੇ ਨਾਲ ਨਾਲ ਉਸ ਬਹਿਰ ਵਿਚ ਸਿਰਜੇ ਗਏ ਹਿੰਦੀ ਗੀਤ ਅਤੇ ਪੰਜਾਬੀ ਦੇ ਮਕਬੂਲ ਸ਼ਾਇਰਾਂ ਦੇ ਸ਼ਿਅਰ ਵੀ ਦਿੱਤੇ ਗਏ ਹਨ। ਕੁਝ ਪ੍ਰਚਲਿਤ ਰਦੀਫ਼ ਅਤੇ ਕਾਫੀਏ ਵੀ ਦਿੱਤੇ ਗਏ ਹਨ ਜਿਨ੍ਹ੍ਹਾਂ ਨੂੰ ਵਰਤ ਕੇ ਸਿਖਿਆਰਥੀ ਗ਼ਜ਼ਲਾਂ ਦੀ ਸਿਰਜਣਾ ਕਰ ਸਕਦੇ ਹਨ। ਅਖੀਰ ਵਿਚ ਮਕਬੂਲ ਸ਼ਾਇਰਾਂ ਵਲੋਂ ਇੱਕੋ ਬਹਿਰ ਤੇ ਘੜੇ ਗਏ ਵੱਖਰੇ ਵੱਖਰੇ ਸ਼ਿਅਰ ਦਿੱਤੇ ਗਏ ਹਨ।ਯਕੀਨਨ ਇਹ ਪੁਸਤਕ ਗ਼ਜ਼ਲ ਸਿਖਿਆਰਥੀਆਂ ਲਈ ਬੇਹੱਦ ਲਾਭਦਾਇਕ ਸਿੱਧ ਹੋਵੇਗੀ। ਪੁਸਤਕ ਵਿਚ ਗ਼ਜ਼ਲ ਸੰਬੰਧੀ ਮੁਢਲੀ ਜਾਣਕਾਰੀ ਦੀ ਰਤਾ ਕੁ ਘਾਟ ਰੜ੍ਹਕਦੀ ਹੈ।‘ਮਤਲਾ’, ‘ਮਕਤਾ’, ਸ਼ਿਅਰ , ਸ਼ਿਅਰ ਦੀਆਂ ਖੂਬੀਆਂ ਤੇ ਐਬਾਂ ਬਾਰੇ ਜਾਣਕਾਰੀ ਦੇਣੀ ਬਣਦੀ ਸੀ। ਇਹ ਪੁਸਤਕ ਗ਼ਜ਼ਲ ਖੇਤਰ ’ਚ ਚੋਖਾ ਮਾਣ ਹਾਸਿਲ ਕਰੇਗੀ।

- ਫੈਸਲ ਖ਼ਾਨ

Posted By: Harjinder Sodhi