ਪੁਸਤਕ : ਪਾਪਾ ਮੈਂ ਲੜਾਂਗੀ (ਕਹਾਣੀ ਸੰਗ੍ਰਹਿ)

ਕਹਾਣੀਕਾਰ : ਮਨਦੀਪ ਕੁੰਦੀ ਤਖਤੂਪੁਰਾ

ਪੰਨੇ : 96 ਮੁੱਲ : 160/-

ਪ੍ਰਕਾਸ਼ਕ : ਸੂਰਜਾਂ ਦੇ ਵਾਰਿਸ ਪ੍ਰਕਾਸ਼ਨ

ਮਨਦੀਪ ਕੁੰਦੀ ਤਖਤੂਪੁਰਾ ਦੇ ਚਰਚਾ ਅਧੀਨ ਕਹਾਣੀ ਸੰਗ੍ਰਹਿ ’ਚ ਕੁੱਲ 14 ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਤਖਤੂਪੁਰਾ ਦੀ ਪੁਸਤਕ ਦੀਆਂ ਬਹੁਗਿਣਤੀ ਕਹਾਣੀਆਂ ਦਿੱਲੀ ’ਚ ਲੜੇ ਗਏ ਕਿਸਾਨੀ ਸੰਘਰਸ਼ ਦੇ ਦੁਆਲੇ ਘੁੰਮਦੀਆਂ ਹਨ। ਕਿਸਾਨੀ ਸੰਘਰਸ਼ ਦੇ ਨਾਲ ਨਾਲ ਕਹਾਣੀਕਾਰ ਨੇ ਮੁਲਕ ਦੇ ਰਾਜਸੀ ਆਗੂਆਂ ਦੀਆਂ ਕੋਝੀਆਂ ਚਾਲਾਂ ਅਤੇ ਅਖੌਤੀ ਬਾਬਿਆਂ ਦੀਆਂ ਕਰਤੂਤਾਂ ’ਤੇ ਵੀ ਨਿਡਰਤਾ ਨਾਲ ੳੇਂਗਲ ਧਰੀ ਹੈ।

ਕਹਾਣੀ ਮਾਂ ’ਚ ਕਹਾਣੀਕਾਰ ਨੇ ਪੰਜਾਬੀਆਂ ਦੇ ਪਰਵਾਸ ਤੋਂ ਲੈ ਕੇ ਔਰਤ ਦੇ ਜਜ਼ਬਾਤ ਅਤੇ ਮਾਂ ਦੀ ਮਮਤਾ ਸਮੇਤ ਕਈ ਵਿਸ਼ਿਆਂ ਨੂੰ ਕਲਾਵੇ ’ਚ ਲਿਆ ਹੈ। ਸਰੀਰਕ ਹਵਸ਼ ’ਚ ਅੰਨੀਆਂ ਹੋ ਕੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਨ ਤੋਂ ਲੈ ਕੇ ਕਤਲ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੀਆਂ ਅਜੋਕੇ ਸਮੇਂ ਦੀਆਂ ਕਈ ਕਲਯੁਗੀ ਮਾਵਾਂ ਲਈ ਇਹ ਕਹਾਣੀ ਬਹੁਤ ਵੱਡਾ ਸਬਕ ਹੈ।

ਪੁਸਤਕ ਦੀ ਪਲੇਠੀ ਕਹਾਣੀ ‘ਜ਼ਿੰਦਗੀ ਜਿਊਣਾ ਮੰਗਦੀ ਹੈ’ ’ਚ ਵੀ ਕਹਾਣੀਕਾਰ ਨੇ ਨਿਵੇਕਲੇ ਵਿਸ਼ੇ ’ਤੇ ਗੱਲ ਕੀਤੀ ਹੈ। ਕਹਾਣੀਕਾਰ ਨੇ ਪਤੀ-ਪਤਨੀ ਦੇ ਸਰੀਰਕ ਸਬੰਧਾਂ ਤੋਂ ਕਿਤੇ ਉਚੇਰੇ ਸਬੰਧਾਂ ਦੀ ਗੱਲ ਕਰਦਿਆਂ ਬਹੁਤ ਵੱਡਾ ਸਬਕ ਦਿੱਤਾ ਹੈ। ਕਹਾਣੀਆਂ ‘ਸੱਪ ਤੋਂ ਖ਼ਤਰਨਾਕ’ ਤੇ ‘ਪੋਚਾ’ ’ਚ ਰਾਜਸੀ ਆਗੂਆਂ ਦੀਆਂ ਕੋਝੀਆਂ ਚਾਲਾਂ ’ਤੇ ਨਿਡਰਤਾ ਨਾਲ ਉਂਗਲ ਧਰੀ ਗਈ ਹੈ।

ਕਹਾਣੀਆਂ ‘ਧਰਤੀ ਪੁੱਤਰ, ਹੰਝੂ ਜਦੋਂ ਬੋਲਦੇ ਹਨ, ਸਰਦਾਰੀ, ਲੰਗਰ, ਮਦਰ ਇੰਡੀਆ, ਫਰਿਸ਼ਤੇ, ਦਾਨਵੀਰ ਅਤੇ ਪਾਪਾ ਮੈਂ ਲੜਾਂਗੀ’ ’ਚ ਕਿਸਾਨੀ ਸੰਘਰਸ਼ ਦੇ ਬਿਰਤਾਂਤ ਨੂੰ ਲੈ ਕੇ ਤਮਾਮ ਵਿਸ਼ੇ ਪਾਠਕਾਂ ਦੇ ਰੂਬਰੂ ਕੀਤੇ ਹਨ। ਪੁਸਤਕ ਦੀਆਂ ਸਮੁੱਚੀਆਂ ਕਹਾਣੀਆਂ ਇਨਸਾਨ ਨੂੰ ਸਕਾਰਾਤਮਕ ਵਿਵਹਾਰ ਧਾਰ ਕੇ ਜ਼ਿੰਦਗੀ ਦੀਆਂ ਮੁਸ਼ਕਿਲਾਂ ਨਾਲ ਲੜਨ ਲਈ ਪ੍ਰੇਰਿਤ ਕਰਦੀਆਂ ਹਨ। ਕਹਾਣੀਆਂ ’ਚ ਪਾਠਕ ਨੂੰ ਨਾਲ ਜੋੜੀ ਰੱਖਣ ਦੀ ਸਮਰੱਥਾ ਹੈ ਪਰ ਪਰੂਫ ਰੀਡਿੰਗ ਦੀਆਂ ਗ਼ਲਤੀਆਂ ਪਾਠਕ ਦੇ ਸਵਾਦ ਨੂੰ ਕਿਰਕਰਾ ਜ਼ਰੂਰ ਕਰਦੀਆਂ ਹਨ।

- ਬਿੰਦਰ ਸਿੰਘ ਖੁੱਡੀ ਕਲਾਂ

Posted By: Harjinder Sodhi