ਪੁਸਤਕ : ਸੀਤੋ ਫ਼ੌਜਣ (ਕਹਾਣੀ ਸੰਗ੍ਰਹਿ)

ਲੇਖਿਕਾ : ਅਮਰ ਗਰਗ ਕਲਮਦਾਨ

ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।

ਪੰਨੇ : 120, ਮੁੱਲ : 150/-

ਪੁਸਤਕ 'ਸੀਤੋ ਫ਼ੌਜਣ' ਵਿਚ ਕੁੱਲ 36 ਵੱਡੀਆਂ ਤੇ ਛੋਟੀਆਂ ਕਹਾਣੀਆਂ ਸ਼ਾਮਲ ਹਨ। ਲੇਖਕ ਅਧਿਆਪਨ ਕਿੱਤੇ ਵਿਚ ਹੋਣ ਕਰਕੇ ਸਾਰੀਆਂ ਕਹਾਣੀਆਂ ਵਿਚ ਵਿਦਿਅਕ ਅਦਾਰੇ ਅਤੇ ਵਿਦਿਆਰਥੀਆਂ ਨਾਲ ਸਬੰਧਤ ਵਿਸ਼ਿਆਂ ਨੂੰ ਪੇਸ਼ ਕੀਤਾ ਗਿਆ ਹੈ। ਪਹਿਲੀ ਕਹਾਣੀ 'ਸੀਤੋ ਫ਼ੌਜਣ' ਦੀ ਸੁਰਜੀਤ ਕੌਰ ਉਰਫ਼ ਸੀਤੋ ਦੀ ਤਰਾਸਦੀ ਇਹ ਰਹੀ ਕਿ ਉਸ ਦਾ ਪਹਿਲਾ ਪਤੀ ਕਰਨੈਲ ਸਿੰਘ ਦੇਸ਼ ਦੀ ਸੇਵਾ ਕਰਦਿਆਂ ਸ਼ਹੀਦ ਹੋ ਜਾਂਦਾ ਹੈ ਤੇ ਦੂਜਾ ਹੋਣ ਵਾਲਾ ਪਤੀ ਪ੍ਰੋਫੈਸਰ ਮਦਨਜੀਤ ਅੱਤਵਾਦੀਆਂ ਵਲੋਂ ਮਾਰ ਦਿੱਤਾ ਜਾਂਦਾ ਹੈ। ਉਸ ਦਾ ਲੜਕਾ ਬਿੰਦਰ ਰਿਸ਼ਤੇ ਵਿਚੋਂ ਲਗਦੇ ਚਾਚੇ ਦੀ ਮਾੜੀ ਸੰਗਤ ਵਿਚ ਪੈਣ ਕਰਕੇ ਖਾੜਕੂ ਬਣ ਜਾਂਦਾ ਹੈ ਅਤੇ ਫਿਰ ਉਨ੍ਹਾਂ ਦਾ ਹੀ ਸ਼ਿਕਾਰ ਹੋ ਜਾਂਦਾ ਹੈ। ਉਸ ਦੇ ਪਿਤਾ ਫੁੰਮਣ ਸਿੰਘ ਨੂੰ ਵੀ ਦਹਿਸ਼ਤਵਾਦ ਨੇ ਮੁਕਾ ਦਿੱਤਾ ਹੈ। ਫਿਰ ਵੀ ਉਸਨੇ ਆਪਣੇ ਮਨ ਨੂੰ ਸਮਝਾ ਕੇ ਜਿਉਣ ਦਾ ਜਿਗਰਾ ਕੀਤਾ। ਕਿਤੇ-ਕਿਤੇ ਕਹਾਣੀਆਂ ਵਿਚ ਨਿਬੰਧਾਂ ਵਰਗੀ ਲੇਖਣੀ ਮਿਲਦੀ ਹੈ। 'ਰੱਬ ਦੀਆਂ ਅੱਖਾਂ ਵਿਚ ਹੰਝੂ' ਇਕ ਵਿਅੰਗਾਤਮਿਕ ਕਹਾਣੀ ਹੈ ਜਿਸ ਵਿਚ ਸਮਾਜ ਅਤੇ ਸਰਕਾਰ 'ਤੇ ਤਨਜ ਕੱਸੀ ਗਈ ਹੈ। 'ਧਰਤੀ ਹੇਠਲਾ ਝੋਟਾ' ਨਾਮੀ ਕਹਾਣੀ ਵਿਚ ਪੂਰਨ ਸਿੰਘ ਸਰਦਾਰ ਕੁੜੀ-ਮੁੰਡੇ ਦੀ ਬਰਾਬਰੀ ਦੀ ਗੱਲ ਕਰਦਾ ਹੈ ਅਤੇ ਦੋਹਾਂ ਵਿਚ ਕੋਈ ਅੰਤਰ ਨਾ ਸਮਝਦਾ ਹੋਇਆ ਆਪਣੀ ਜਾਇਦਾਦ ਦਾ ਵਾਰਸ ਦੋਹਾਂ ਨੂੰ ਬਣਾਉਂਦਾ ਹੈ। ਉਹ ਆਪਣੇ ਪੁੱਤਰ ਸੰਦੀਪ ਨੂੰ ਨੇਕ ਕਮਾਈ ਕਰਨ ਲਈ ਕਹਿੰਦਾ ਹੈ ਕਿਉਂ ਕਿ ਗ਼ੈਰ-ਕਨੂੰਨੀ ਕਮਾਈ ਹਜ਼ਮ ਨਹੀਂ ਹੁੰਦੀ ਅਤੇ ਉਸ ਦਾ ਨਤੀਜਾ ਵੀ ਸੰਦੀਪ ਭੁਗਤਦਾ ਹੈ। ਪੂਰਨ ਸਿੰਘ ਆਪਣੇ ਆਪ ਨੂੰ ਦੇਸ਼ ਦਾ ਦੋਸ਼ੀ ਮੰਨਦਾ ਹੈ ਅਤੇ ਵਰਦੀ ਪਾ ਸੈਂਟਰਲ ਜੇਲ੍ਹ ਵਿਚ ਸਫ਼ਾਈ ਕਰਕੇ ਸਜ਼ਾ ਪੂਰੀ ਕਰਨਾ ਚਾਹੁੰਦਾ ਹੈ। ਪਰ ਬਿਨਾਂ ਕਿਸੇ ਕਾਨੂੰਨੀ ਦੋਸ਼/ਸਜ਼ਾ ਦੇ ਕੋਈ ਵਿਅਕਤੀ ਜੇਲ੍ਹ ਵਿਚ ਕਿਵੇਂ ਸਜ਼ਾ ਭੁਗਤਣ ਜਾ ਸਕਦਾ ਹੈ? ਇਹ ਇਕ ਨਵਾਂ ਸਵਾਲ ਖੜ੍ਹਾ ਕਰਦਾ ਹੈ।

ਪੁਸਤਕ ਵਿਚ ਕੁਝ ਸ਼ਬਦਾਂ ਦੀ ਸਹੀ ਵਰਤੋਂ ਨਹੀਂ ਕੀਤੀ ਗਈ ਜਿਵੇਂ ਰਸਤਾ ਦੀ ਥਾਂ ਰਾਸਤਾ, ਖਾੜਕੂਵਾਦ ਦੀ ਥਾਂ ਖਾੜਕੂਬਾਦ, ਗ਼ਜ਼ਬ ਦੀ ਥਾਂ ਗ਼ਜ਼ਵ, ਅਵਧੀ ਅਤੇ ਵਿਨੈ-ਪੱਤਰ ਆਦਿ।

- ਤੇਜਿੰਦਰ ਚੰਡਿਹੋਕ

Posted By: Harjinder Sodhi