ਪੁਸਤਕ : ਖ਼ੁਸ਼-ਆਮਦੀਦ

ਸ਼ਾਇਰਾ : ਅਮਰਜੀਤ ਕੌਰ ਅਮਰ

ਪੰਨੇ : 149 ਮੁੱਲ : 180/-

ਪ੍ਰਕਾਸ਼ਕ : ਬੁਕਬਾਰ ਪਬਲਿਸ਼ਿੰਗ ਹਾਊਸ ਜਲੰਧਰ।

ਅਮਰਜੀਤ ਕੌਰ ਅਮਰ ਨਿਰੰਤਰ ਕਵਿਤਾ ਸਿਰਜਣ ਵਾਲੀ ਸ਼ਾਇਰਾ ਹੈ। ਉਸ ਦੀ ਕਵਿਤਾ ਵਿਚ ਮੁਹੱਬਤੀ ਅਹਿਸਾਸਾਂ ਦੇ ਵਿਸ਼ਾਗਤ ਪਹਿਲੂ ਉਭਰਵੇਂ ਰੂਪ ਵਿਚ ਸਾਹਮਣੇ ਆਉਂਦੇ ਹਨ। ਕਦੇ-ਕਦੇ ਤਾਂ ਉਸ ਦੀ ਕਵਿਤਾ ’ਚ ਪੇਸ਼ ਹੋਏ ਸਬਰ, ਸਿਦਕ, ਦਿ੍ਰੜਤਾ ਵਰਗੇ ਅਹਿਸਾਸ ਉਸ ਦੀ ਕਵਿਤਾ ਨੂੰ ਦਾਰਸ਼ਨਿਕ ਲਹਿਜ਼ਾ ਵੀ ਪ੍ਰਦਾਨ ਕਰ ਦਿੰਦੇ ਹਨ ਪਰ ਉਸ ਦੀ ਕਵਿਤਾ ਸਾਡੀ ਸਧਾਰਨ ਜ਼ਿੰਦਗੀ ਵਿਚ ਵੀ ਇਨ੍ਹਾਂ ਅਹਿਸਾਸਾਂ ਦੀ ਨਿਸ਼ਾਨਦੇਹੀ ਸਹਿਜ ਰੂਪ ਵਿਚ ਹੀ ਕਰ ਜਾਂਦੀ ਹੈ। ਉਹ ਕਵਿਤਾ ਨੂੰ ਵੀ ਮੁਹੱਬਤੀ ਪਲਾਂ ਦੀ ਸਿਰਜਣਾ ਹੀ ਸਮਝਦੀ ਹੈ ਇਸੇ ਕਰਕੇ ਉਹ ਇਸ ਨੂੰ ਮਨੁੱਖੀ ਅੰਤਰ ਆਤਮਾ ਦੀ ਆਵਾਜ਼ ਵੀ ਖਿਆਲ ਕਰਦੀ ਹੈ। ਆਪਣੇ ਪਿਆਰੇ ਦੀ ਆਹਟ ਅਤੇ ਆਮਦ ਇਨ੍ਹਾਂ ਮੁਹੱਬਤੀ ਪਲਾਂ ਨੂੰ ਹੋਰ ਵੀ ਸੰਜੀਦਗੀ ਅਤੇ ਗਹਿਰਾਈ ਭਰੇ ਅਹਿਸਾਸਾਂ ਪ੍ਰਦਾਨ ਕਰਦੀ ਹੈ। ਕਈ ਵਾਰੀ ਤਾਂ ਉਹ ਇਨ੍ਹਾਂ ਮੁਹੱਬਤੀ ਪਲਾਂ ਨੂੰ ਖ਼ਾਮੋਸ਼ ਰਹਿ ਕੇ ਵੀ ਮਹਿਸੂਸਦੀ ਹੈ। ਕਵਿਤਾ ਦੇ ਤੁਕਾਂਤ ਤੇ ਸਿਧਾਂਤ ਵੀ ਇੱਥੇ ਆਪਣੀ ਅਹਿਮੀਅਤ ਨਹੀਂ ਰੱਖਦੇ ਸਿਰਫ਼ ਚੁੱਪ ਹੀ ਪਿਆਰ ਦੀਆਂ ਗੰਢਾਂ ਖੋਲ੍ਹਦੀ ਹੈ :

ਭੁੱਲ ਜਾਂਦੀ ਹਾਂ/ ਤੋਲ ਤੁਕਾਂਤ ਸਾਰੇ

ਦਿਲ ਦੇ/ਖਿਆਲ ਮੂਹਰੇ।

ਸ਼ਾਇਰਾ ਕੋਲ ਸਬਰ, ਸੰਤੋਖ, ਮੁਹੱਬਤੀ ਪਲਾਂ ਨੂੰ ਪੇਸ਼ ਕਰਦਿਆਂ ਕਦੇ ਵੀ ਤਲਖ਼ੀ ਭਰੇ ਸ਼ਬਦ ਉਸ ਦੀ ਸਿਰਜਣਾ ਦਾ ਆਧਾਰ ਨਹੀਂ ਬਣਦੇ ਸਗੋਂ ਸਬਰ ਨੂੰ ਹੀ ਉਹ ਅਸਲੀ ਪੂੰਜੀ ਸਮਝਦੀ ਹੈ :

ਕੋਲ ਜਿਨ੍ਹਾਂ ਦੇ/ਸਬਰ ਦੀ ਪੂੰਜੀ

ਉਸ ਵਰਗਾ/ ਧਨਵਾਨ/ਨਾ ਕੋਈ।

ਅਮਰਜੀਤ ਕੌਰ ਅਮਰ ਦੀ ਕਵਿਤਾ ਨੂੰ ਪੜ੍ਹਦਿਆਂ ਪਾਠਕ ਇਹ ਮਹਿਸੂਸ ਕਰਦਾ ਹੈ ਕਿ ਇਹ ਕਵਿਤਾ ਕੋਈ ਉਚੇਚ ਜਾਂ ਕਿਸੇ ਪ੍ਰਕਾਰ ਦੀ ਵਿਸ਼ੇਸ਼ ਸਥਿਤੀ ਨੂੰ ਸਨਮੁੱਖ ਰੱਖ ਕੇ ਨਹੀਂ ਲਿਖੀ ਗਈ ਸਗੋਂ ਕਵਿਤਾ ਦਾ ਵੇਗ ਹੀ ਕਾਗਜ਼ ਦੀ ਹਿੱਕ ਉੱਤੇ ਉਕਰਿਆ ਹੋਇਆ ਜਾਪਦਾ ਹੈ। ਇਸ ‘ਖ਼ੁਸ਼-ਆਮਦੀਦ’ ਪੁਸਤਕ ਵਿਚਲੀ ਕਵਿਤਾ ਮੁੱਖ ਰੂਪ ਵਿਚ ਸ਼ੁਭ ਇੱਛਾ ਦੀ ਕਵਿਤਾ ਹੈ ਜਿਸ ਵਿਚ ਪਿਆਰੇ ਦੀ ਮੁਹੱਬਤ ਅਤੇ ਖ਼ੈਰ ਸੁੱਖ ਦੇ ਅਹਿਸਾਸ ਪੇਸ਼ ਹੋਏ ਹਨ।

- ਸਰਦੂਲ ਸਿੰਘ ਔਜਲਾ

Posted By: Harjinder Sodhi