ਪੁਸਤਕ : ਸਿੱਲੇ ਕੋਇਆਂ ਦੇ ਆਬਸ਼ਾਰ (ਗ਼ਜ਼ਲ ਸੰਗ੍ਰਹਿ)

ਲੇਖਕ : ਮਲਕੀਤ ਸੈਣੀ

ਮੋਬਾਈਲ : 96461-41243

ਪੰਨੇ : 96 , ਮੱੁਲ : 225/-

ਪ੍ਰਕਾਸ਼ਕ : ਐਵਿਸ ਪਬਲੀਕੇਸ਼ਨ, ਦਿੱਲੀ।

ਸੂਝਵਾਨ ਸ਼ਾਇਰ ਮਲਕੀਤ ਸੈਣੀ ਦੇ ਵਿਚਾਰਅਧੀਨ ਪਲੇਠੇ ਗ਼ਜ਼ਲ ਸੰਗ੍ਰਹਿ ਰੂਪੀ ਗੁਲਦਸਤੇ ਵਿਚ ਪੈਂਹਠ ਗ਼ਜ਼ਲਾਂ, ਤਿੰਨ ਕਵਿਤਾਵਾਂ ਅਤੇ ਦੋ ਕੱਵਾਲੀਆਂ ਸ਼ਾਮਲ ਹਨ। ਇਨ੍ਹਾਂ ਰਚਨਾਵਾਂ ਅੰਦਰ ਲੇਖਕ ਨੇ ਆਪਣੇ ਜੀਵਨ ਦੀਆਂ ਸਭ ਇੱਛਾਵਾਂ, ਤਮੰਨਾ, ਉਤਰਾਅ ਅਤੇ ਚੜ੍ਹਾਅ ਗਾਗਰ ਦੇ ਵਿਚ ਸਾਗਰ ਦੀ ਤਰ੍ਹਾਂ ਭਰ ਦਿੱਤੇ ਹਨ ਜਾਂ ਇਹ ਕਹਿ ਲਉ ਕਿ ਸ਼ਾਇਰ ਨੇ ਆਪਣੀਆਂ ਗ਼ਜ਼ਲਾਂ ਨੂੰ ਸ਼ਬਦਾਂ ਰਾਹੀਂ ਅਜਿਹੀ ਜ਼ੁਬਾਨ ਦਿੱਤੀ ਹੈ ਕਿ ਉਨ੍ਹਾਂ ਦੀ ਪਾਠਕ ਨਾਲ ਸੁਖਾਲੇ ਹੀ ਸਾਂਝ ਪੈ ਸਕੇ।

ਉਨ੍ਹਾਂ ਦਾ ਦਰਦ ਵੰਡਾ ਸਕੇ, ਉਨ੍ਹਾਂ ਦੀ ਕੁਝ ਕਰਨ ਦੀ ਇੱਛਾਸ਼ਕਤੀ ਨੂੰ ਬਲ ਦੇ ਸਕੇ, ਉਨ੍ਹਾਂ ਨੂੰ ਉਤਸ਼ਾਹ ਅਤੇ ਵਕਤ ਨੂੰ ਹਾਂ-ਪੱਖੀ ਸੋਚ ਨਾਲ ਜੀਣ ਦੀ ਸੇਧ ਮਿਲ ਸਕੇ, ਅਸਲ ਵਿਚ ਆਸ਼ਾਵਾਦੀ ਸੋਚ ਬੰਦੇ ਨੂੰ ਜ਼ਿੰਦਗੀ ਜੀਣ ਦਾ ਢੰਗ ਸਿਖਾਉਂਦੀ ਹੈ ਇਹੀ ਕਾਬਲੀਅਤ ਲੇਖਕ ਦੀ ਰਚਨਾਕਾਰੀ ਦਾ ਆਤਮਬਲ ਹੁੰਦੀ ਹੈ। ਉਮਰ ਦੇ ਅੱਠਵੇਂ ਦਹਾਕੇ ਦਾ ਆਨੰਦ ਮਾਣ ਰਹੇ ਸ਼ਾਇਰ ਦੇ ਇਸ ਗ਼ਜ਼ਲ ਸੰਗ੍ਰਹਿ ਦੀਆਂ ਤਕਰੀਬਨ ਸਾਰੀਆਂ ਹੀ ਗ਼ਜ਼ਲਾਂ ਆਮ ਪਾਠਕ ਨੂੰ ਪ੍ਰਭਾਵਿਤ ਕਰ ਕੇ ਦਿਲ ਨੂੰ ਟੁੰਬਣ ਦਾ ਦਮ ਰੱਖਦੀਆਂ ਹਨ।

ਸੈਣੀ ਇਸ ਗ਼ਜ਼ਲ ਸੰਗ੍ਰਹਿ ਨੂੰ ‘ਉਮੀਦ ਦੀ ਚਾਦਰ ਉੱਤੇ ਆਪਣੀਆਂ ਸੋਚਾਂ ਦੀ ਖੱਟ ਵਿਛਾਈ’ ਆਖਦਾ ਹੈ ਤੇ ਇਸ ਆਸ ਵਿਚ ਹੈ ਕਿ ਸ਼ਾਇਦ ਪਾਠਕ ਦੇ ਦਿਲਾਸਿਆਂ ਭਰੇ ਹੁੰਗਾਰੇ ਸੁਣ ਕੇ ਮੇਰੀਆਂ ਰਚਨਾਵਾਂ ਦੇ ਗੂੰਗੇ ਹਰਫ ਵੀ ਬੋਲ ਪੈਣ।

ਸ਼ਾਇਰ ਆਪਣੀਆਂ ਗ਼ਜ਼ਲਾਂ ਅੰਦਰ ਆਸ ਦਾ ਪੱਲਾ ਨਹੀਂ ਛੱਡਦਾ। ਸੈਣੀ ਨੇ ਅੱਗੇ ਚੱਲ ਕੇ ਪੁਸਤਕ ਅੰਦਰ ਵਰਤਮਾਨ ਸਮੇਂ ਆਵਾਮ ਦੀਆਂ ਮੁਸ਼ਕਲਾਤ, ਆਰਥਿਕ ਅਸਮਾਨਤਾ,ਮੁਹੱਬਤ ਤੇ ਭਰੂਣ ਹੱਤਿਆ ਆਦਿ ਅਤਿ ਸੰਵੇਦਨਸ਼ੀਲ ਮੁੱਦਿਆਂ ਨੂੰ ਆਪਣੀਆਂ ਗਜਲਾਂ ਦਾ ਮੂਲ ਆਧਾਰ ਬਣਾ ਕੇ ਪੇਸ਼ ਕੀਤਾ ਹੈ। ਇਸ ਸੰਗ੍ਰਹਿ ਨੂੰ ਉਸ ਦੀ ਜਿੰਦਗੀ ਦੀ ਮਿਹਨਤ ਦਾ ਫਲ ਕਿਹਾ ਜਾ ਸਕਦਾ ਹੈ।

- ਪਰਮਜੀਤ ਸਿੰਘ ਸੰਸੋਆ

Posted By: Harjinder Sodhi