ਪੁਸਤਕ : ਸ਼ਬਦਾਂ ਤੋਂ ਪਾਰ (ਕਾਵਿ ਸੰਗ੍ਰਹਿ)

ਕਵੀ : ਧਿਆਨ ਸਿੰਘ ਰਾਏ

ਪੰਨੇ : 69, ਮੱੁਲ : 150/-

ਪ੍ਰਕਾਸ਼ਕ : ਦਰਜ ਨਹੀਂ।

ਨੌਜਵਾਨ ਕਵੀ ਧਿਆਨ ਸਿੰਘ ਰਾਏ ਦੇ ਪਹਿਲੇ ਕਾਵਿ ਸੰਗ੍ਰਹਿ ‘ਚਾਵਾਂ ਦੀ ਖ਼ੁਸ਼ਬੋ’ ਮਗਰੋਂ ਦੂਸਰਾ ਕਾਵਿ ਸੰਗ੍ਰਹਿ ‘ਸ਼ਬਦਾਂ ਤੋਂ ਪਾਰ’ ਉਸ ਦੀ ਫਾਨੀ ਸੰਸਾਰ ਤੋਂ ਵਿਦਾਈ ਮਗਰੋਂ ਪ੍ਰਕਾਸ਼ਤ ਹੋਇਆ ਹੈ। ਇਸ ਸੰਗ੍ਰਹਿ ਵਿਚ ਉਸ ਦੀਆਂ ਗ਼ਜ਼ਲਾਂ, ਕਵਿਤਾਵਾਂ, ਗੀਤ ਅਤੇ ਸ਼ੇਅਰ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਕਵਿਤਾਵਾਂ ਵਿਚ ਨੈਤਿਕ ਕਦਰਾਂ ਕੀਮਤਾਂ, ਸਦਾਚਾਰਕ ਰਹੁ-ਰੀਤੀਆਂ ’ਤੇ ਪਹਿਰਾ ਦਿੱਤਾ ਗਿਆ ਹੈ। ਬਜ਼ੁਰਗਾਂ ਦੀ ਤਰਾਸਦੀ ਵੱਲ ਧਿਆਨ ਦੁਆਇਆ ਹੈ। ‘ਕਰਮਕਾਡਾਂ ਤੋਂ ਨਿਜਾਤ ਪ੍ਰਾਪਤ ਕਰਨ ਲਈ ਹੋਕਾ ਦਿੱਤਾ ਹੈ। ਕਵੀ ਨੇ ਧਾਰਮਿਕਤਾ ਉਢਣ ਨਾਲੋਂ ਉਸ ਦੇ ਅਮਲੀ ਰੂਪ ਨੂੰ ਅਮਲੀ ਜਾਮਾ ਪਹਿਨਾਉਣ ਦੀ ਅਪੀਲ ਕੀਤੀ ਹੈ। ਸਮਾਜਕ, ਆਰਥਿਕ, ਧਾਰਮਿਕ ਅਤੇ ਰਾਜਨੀਤਕ ਵਿਵਸਥਾ ਦਾ ਚਿੱਤਰਣ ਕੀਤਾ ਹੈ। ਰਾਜਨੀਤਕ ਲੋਕਾਂ ਦੇ ਸਵਾਰਥੀ ਕਿਰਦਾਰ, ਵੰਡ ਪਾਊ ਨੀਤੀ, ਲੋਕ ਹਿੱਤਾਂ ਦੀ ਅਣਦੇਖੀ, ਆਮ ਜਨ ਦਾ ਸੰਘਰਸ਼ ਆਦਿ ਨੂੰ ਸੂਖਮ ਸੰਵੇਦਨਾ ਰਾਹੀਂ ਪੇਸ਼ ਕਰਨ ਦਾ ਉਪਰਾਲਾ ਕੀਤਾ ਹੈ। ਕਿਰਤੀ ਅਤੇ ਕਿਸਾਨ ਦੀ ਹੋਣੀ ਨੂੰ ਉਜਾਗਰ ਕਰਦੀਆਂ ਕਵਿਤਾਵਾਂ ਵੀ ਦਰਜ ਹਨ-ਡੁਬਦਾ ਜਾਂਦਾ ਅੰਨਦਾਤਾ- ਇਸ ਦੀ ਪ੍ਰਮੁੱਖ ਉਦਾਹਰਣ ਹੈ। ਵੰਨਗੀ ਪੇਸ਼ ਹੈ-

ਘਟਣ ਜ਼ਮੀਨਾਂ ਵਧਦੇ ਕਰਜ਼ੇ, ਜਾਣ ਹਾਲਾਤਾਂ ਕੋਲੋਂ ਹਰਦੇ,

ਲੈ ਲੈ ਫਾਹੇ ਜਾਂਦੇ ਮਰਦੇ,

ਕੋਈ ਦਰਦ ਵੰਡਾਵੇ ਨਾ।

ਡੁੱਬਦਾ ਜਾਂਦਾ ਹੈ ਅੰਨਦਾਤਾ,

ਕੋਈ ਆਣ ਬਚਾਵੇ ਨਾ।’’

ਕਵੀ ਧਿਆਨ ਸਿੰਘ ਰਾਏ ਦਾ ਅਕੀਦਾ ਸੀ-

ਇਕ ਸ਼ਬਦ ਹੀ ਕਾਫੀ ਹੁੰਦਾ,

ਸੁੱਤੀ ਕੌਮ ਜਗਾਉਣ ਲਈ.

ਜਾਗ ਪਏ ਜੇ ਇਕ ਵਾਰੀ ਤਾਂ

ਹੁੰਦੀ ਫਿਰ ਕੋਈ ਸ਼ਾਮ ਨਹੀਂ।

ਕਲਮ ਦੀ ਤਾਕਤ ਨੂੰ ਪਛਾਣਨ ਅਤੇ ਸਭ ਤੋਂ ਉੱਪਰ ਸਮਝਣ ਵਾਲੇ ਕਵੀ ਧਿਆਨ ਸਿੰਘ ਨੇ ਸਮੇਂ ਦੀ ਨਬਜ਼ ’ਤੇ ਉਂਗਲ ਧਰੀ ਹੈ। ਸਾਦੀ, ਸਰਲ ਤੇ ਕਾਵਿਕ ਮੁਹਾਵਰੇ ਵਿਚ ਮਨ ਦੇ ਸਰੋਕਾਰਾਂ ਨੂੰ ਪਾਠਕਾਂ ਅੱਗੇ ਕੁਸ਼ਲਤਾ ਨਾਲ ਪੇਸ਼ ਕਰਨ ਵਿਚ ਸਰਲ ਜਾਪਦਾ ਹੈ।

- ਡਾ. ਧਰਮ ਪਾਲ ਸਾਹਿਲ

Posted By: Harjinder Sodhi