ਪੁਸਤਕ : ਆਪਣੇ ਹਿੱਸੇ ਦਾ ਅੰਬਰ

ਕਵੀ : ਜਗੀਰ ਸੱਧਰ

ਮੋਬਾਈਲ : 98770-15302

ਪੰਨੇ : 152, ਮੱੁਲ : 250/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

‘ਆਪਣੇ ਹਿੱਸੇ ਦਾ ਅੰਬਰ’ ਜਗੀਰ ਸੱਧਰ ਦੀ ਸੱਤਵੀਂ ਸਾਹਿਤਕ ਪੁਸਤਕ ਹੈ ਜਿਸ ਵਿਚ ਉਸ ਨੇ ਜਿੱਥੇ ਆਧੁਨਿਕ ਮਨੁੱਖ ਦੀਆਂ ਮਾਨਸਿਕ ਵਿਖੰਡਨੀ ਬਿਰਤੀਆਂ ਦੀ ਗੱਲ ਕੀਤੀ ਹੈ ਉੱਥੇ ਬਾਹਰੀ ਪ੍ਰਸਥਿਤੀਆਂ ਮਨੁੱਖੀ ਮਾਨਸਿਕਤਾ ਨੂੰ ਕਿਵੇਂ ਝੰਜੋੜ ਰਹੀਆਂ ਹਨ ਉਨ੍ਹਾਂ ਬਾਰੇ ਆਪਣਾ ਵਿਸਤਿ੍ਰਤ ਕਾਵਿ-ਅਨੁਭਵ ਪੇਸ਼ ਕੀਤਾ ਹੈ। ਕਵੀ ਦਾ ਜ਼ਿੰਦਗੀ ਨੂੰ ਦੇਖਣ ਦਾ ਵਿਗਿਆਨਕ ਨਜ਼ਰੀਆ ਹੈ ਇਸੇ ਕਰਕੇ ਉਹ ਸਮਾਜ ਵਿਚ ਫੈਲੇ ਪਾਖੰਡਵਾਦ ਭਾਵੇਂ ਉਹ ਕਿਸੇ ਵੀ ਖੇਤਰ ਵਿਚ ਉਸਦਾ ਪਰਦਾਫਾਸ਼ ਕਰਦਾ ਹੈ। ਜ਼ਿੰਦਗੀ ਨੂੰ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੇ ਕੇ ਇਸ ਵਿਚ ਸੁਹਣੇਰੇ ਰੰਗ ਭਰਨੇ ਕਈ ਦੀ ਜ਼ਿੰਦਗੀ ਦਾ ਆਸ਼ਾ ਹੈ ਇਸੇ ਕਰ ਕੇ ਹੀ ਉਹ ਮਨੁੱਖੀ ਮਾਨਸਿਕਤਾ ਦੀ ਲੋਭੀ ਬਿਰਤੀ ਨੂੰ ਪੇਸ਼ ਕਰਦਾ ਹੈ। ਕਵੀ ਅਜਿਹੇ ਵਾਤਾਵਰਨ ਵਿਚ ਵੀ ਆਸ ਦੇ ਦੀਵੇ ਜਗਾਉਣੇ ਚਾਹੁੰਦਾ ਹੈ ਕਿਸੇ ਲਈ ਸਮਰਪਣ ਦੀ ਭਾਵਨਾ ਰੱਖਣੀ ਉਸ ਦੀ ਕਵਿਤਾ ਦਾ ਕਾਵਿ-ਆਸ਼ਾ ਹੈ ਅਤੇ ਮਾਨਸਿਕਤਾ ਤਸੱਲੀ ਵੀ ਹੈ।

ਕਵੀ ਇਸ ਪੱਖੋਂ ਵੀ ਸੁਚੇਤ ਹੈ ਕਿ ਸਰਮਾਏਦਾਰੀ ਦੀ ਲੁੱਟ ਗ਼ਰੀਬ ਨੂੰ ਉਸ ਦੀ ਮਿਹਨਤ ਦਾ ਮੁੱਲ ਨਹੀਂ ਦਿੰਦੀ ਸਗੋਂ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਕਵੀ ਚਾਹੰੁਦਾ ਹੈ ਕਿ ਸ਼ੋਸ਼ਿਤ ਵਰਗ ਆਪਣੇ ਝਗੜੇ ਭੁਲਾ ਕੇ ਏਕਤਾ ਨਾਲ ਆਪਣੀ ਹੱਕੀ ਲੜਾਈ ਲੜੇ। ਕਵੀ ਜਾਤਾਂ, ਧਰਮਾਂ ਅਤੇ ਮਜ਼ਹਬਾਂ ਵਿਚ ਵੰਡੇ ਲੋਕਾਂ ਨੂੰ ਇਸ ਵੰਡ ਨੂੰ ਹੋਰ ਗੂੜ੍ਹੀ ਕਰਨ ਵਾਲੀਆਂ ਤਾਕਤਾਂ ਦੀ ਪਛਾਣ ਕਰਨ ਲਈ ਵੀ ਸੁਚੇਤ ਕਰਦਾ ਹੈ। ਗੁਰੂਆਂ, ਰਹਿਬਰਾਂ ਨੇ ਹੱਕ ਸੱਚ ਦਾ ਜਿਹੜਾ ਮਾਰਗ ਦਿਖਾਇਆ ਸੀ ਅੱਜ ਦੀ ਲੋਕਾਈ ਉਸ ਰਸਤੇ ਤੋਂ ਭਟਕ ਕੇ ਦੁੱਖ ਭੋਗ ਰਹੀ ਹੈ। ਅਸਲ ਵਿਚ ਕਵੀ ਦਾ ਮੱਤ ਹੈ ਕਿ ਸਾਨੂੰ ਸਵੈ-ਅਧਿਐਨ ਦੀ ਲੋੜ ਹੈ। ਜਗੀਰ ਸੱਧਰ ਇਕ ਪ੍ਰੌੜ ਕਵੀ ਹੈ ਜਿਸ ਕੋਲ ਜ਼ਿੰਦਗੀ ਦਾ ਵਿਸ਼ਾਲ ਅਨੁਭਵ ਹੈ ਜਿਸ ਨੂੰ ਉਸ ਨੇ ਆਪਣੀ ਕਵਿਤਾ ਵਿਚ ਪੇਸ਼ ਕੀਤਾ ਹੈ।

- ਸਰਦੂਲ ਸਿੰਘ ਔਜਲਾ

Posted By: Harjinder Sodhi