ਪੁਸਤਕ : ਕਿਸ ਨੂੰ ਆਖਾਂ (ਕਾਵਿ- ਸੰਗ੍ਰਹਿ)

ਲੇਖਿਕਾ : ਰਮਿੰਦਰ ਰਮੀ

ਪੰਨੇ : 199, ਮੱੁਲ : 400/-

ਪ੍ਰਕਾਸ਼ਕ : ਐਵਿਸ ਪਬਲੀਕੇਸ਼ਨਜ਼, ਦਿੱਲੀ

ਸਿਰਜਣਾਕਾਰੀ ਉਮਰ ਦੀ ਮੁਥਾਜ ਨਹੀਂ ਹੁੰਦੀ। ਇਨਸਾਨ ਜ਼ਿੰਦਗੀ ਦੇ ਕਿਸੇ ਵੀ ਮੋੜ ’ਤੇ ਇਸ ਨੂੰ ਅਪਣਾ ਸਕਦਾ ਹੈ। ਰਮਿੰਦਰ ਰਮੀ ਵੀ ਪੰਜਾਬੀ ਕਵਿਤਾ ਦੇ ਖੇਤਰ ’ਚ ਅਜਿਹਾ ਹੀ ਨਾਂ ਹੈ। ਉਸ ਨੇ ਆਪਣੇ ਪਲੇਠੇ ਕਾਵਿ ਸੰਗ੍ਰਹਿ ‘ਕਿਸ ਨੂੰ ਆਖਾਂ’ ਰਾਹੀਂ ਪੰਜਾਬੀ ਕਾਵਿ ਜਗਤ ’ਚ ਦਸਤਕ ਦਿੱਤੀ ਹੈ। ਉਸ ਕੋਲ ਜ਼ਿੰਦਗੀ ਦਾ ਲੰਮੇਰਾ ਤਜਰਬਾ ਹੈ। ਵਿਦੇਸ਼ ਰਹਿੰਦੀ ਹੋਣ ਕਰਕੇ ਉਸ ਦੀ ਸੋਚ ਦਾ ਦਾਇਰਾ ਬੜਾ ਵਸੀਹ ਹੈ। ਜੰਮਣ ਭੋਇੰ ਤੋਂ ਦੂਰ ਰਹਿਣ ਦਾ ਹੇਰਵਾ ਸੰਵੇਦਨਸ਼ੀਲ ਇਨਸਾਨ ਨੂੰ ਬਹੁਤ ਜ਼ਿਆਦਾ ਝੰਜੋੜਦਾ ਹੈ ਖ਼ਾਸ ਕਰਕੇ ਔਰਤ ਨੂੰ ਤਾਂ ਹੋਰ ਵੀ ਜ਼ਿਆਦਾ। ਕਵਿੱਤਰੀ ਨੇ ਸਿਰਫ਼ ਆਪਣੇ ਦੁੱਖੜੇ ਹੀ ਨਹੀਂ ਰੋਏ ਸਗੋਂ ਸਮੁੱਚੀ ਲੋਕਾਈ ਨੂੰ ਮੁਖ਼ਾਤਿਬ ਹੋ ਕੇ ਕਲਮ ਚਲਾਈ ਹੈ। ਰਿਸ਼ਤਿਆਂ ਦੀ ਭਰਮਾਰ ਦੇ ਬਾਵਜੂਦ ਇਕੱਲਤਾ ਹੰਢਾ ਰਹੇ ਅਜੋਕੇ ਇਨਸਾਨ ਦੀ ਤਸਵੀਰਕਸ਼ੀ ਬੜੀ ਸੰਵੇਦਨਸ਼ੀਲਤਾ ਨਾਲ ਉਸ ਦੀਆਂ ਰਚਨਾਵਾਂ ’ਚ ਉੱਘੜਦੀ ਹੈ। ਕੁਝ ਕੁ ਰਚਨਾਵਾਂ ’ਚ ਮੁਹੱਬਤ ਦਾ ਰੰਗ ਬੜੀ ਕਲਾਤਮਿਕਤਾ ਨਾਲ ਗੁੰਦਿਆ ਗਿਆ ਹੈ। ਔਰਤ ਹੋਣ ਦੇ ਨਾਤੇ ਉੁਹ ਆਪਣੇ ਪਿਆਰੇ ਦੀ ਰੂਹ ਨਾਲ ਇਕਮਿਕ ਹੋਣਾ ਲੋਚਦੀ ਹੈ। ਵਿਛੋੜਾ ਝੱਲ ਰਹੀ ਔਰਤ ਦੇ ਦਰਦ ਦੀ ਪੇਸ਼ਕਾਰੀ ਉਹ ਇੰਝ ਕਰਦੀ ਹੈ :

ਜਾਂਦੇ ਹੋਏ ਮੈਂ ਕਿਹਾ

ਕੋਈ ਨਿਸ਼ਾਨੀ ਦੇਂਦੇ ਜਾਓ

ਬੜੀ ਬੇਰੁਖ਼ੀ ਨਾਲ ਉਸ ਕਿਹਾ

ਜੁਦਾਈ ਕਾਫ਼ੀ ਨਹੀਂ ਹੈ

ਔਰਤ ਦੀ ਹੋਂਦ ਤੇ ਅਜੋਕੇ ਸਮਾਜ ’ਚ ਉਸ ਦੀ ਹਾਲਤ ਬਾਰੇ ਕਵਿਤਾਵਾਂ ਖ਼ਾਸ ਤੌਰ ’ਤੇ ਵਿਚਾਰਨਯੋਗ ਹਨ। ਉਹ ਔਰਤ ਨੂੰ ਆਪਣੇੇ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਪ੍ਰੇਰਿਤ ਕਰਦੀ ਹੈ। ਉਹ ਉਸ ਨੂੰ ਹਿੰਮਤ ਕਰ ਕੇ ਅਬਲਾ ਤੋਂ ਚੰਡੀ ਬਣਨ ਲਈ ਪ੍ਰੇਰਦੀ ਹੈ। ਸਮੁੱਚੀ ਲੋਕਾਈ ਦੀਆਂ ਸਮੱਸਿਆਵਾਂ ਤੋਂ ਉਹ ਭਲੀਭਾਂਤ ਜਾਣੂ ਹੈ। ਸ਼ਬਦਾਂ ਦੀ ਖ਼ਾਮੋਸ਼ੀ ਨੂੰ ਅਨੁਵਾਦ ਕਰਦੀ ਇਸ ਕਵਿਤਾ ਦਾ ਪੰਜਾਬੀ ਰਚਨਾਕਾਰੀ ਦੇ ਵਿਹੜੇ ’ਚ ਆਉਣ ’ਤੇ ਖ਼ੁਸ਼ਆਮਦੀਦ ਹੈ।

- ਗੁਰਪ੍ਰੀਤ ਖੋਖਰ

Posted By: Harjinder Sodhi