ਪੁਸਤਕ : ਝਾਂਜਰ ਦੀ ਚੀਸ (ਕਹਾਣੀ ਸੰਗ੍ਰਹਿ)

ਲੇਖਿਕਾ : ਸੰਦੀਪ ਕੌਰ ਸੇਖੋਂ

ਪੰਨੇ : 176, ਮੱੁਲ : 275/-

ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।

ਸੰਦੀਪ ਕੌਰ ਸੇਖੋਂ ਨੇ ਸੰਪਾਦਨਾ, ਆਲੋਚਨਾ ਅਤੇ ਕਹਾਣੀਆਂ ਰਾਹੀਂ ਪੰਜਾਬੀ ਜਗਤ ਨਾਲ ਆਪਣਾ ਚੰਗਾ ਰਾਬਤਾ ਬਣਾਇਆ ਹੋਇਆ ਹੈ। ‘ਝਾਂਜਰ ਦੀ ਚੀਸ’ ਉਸ ਦਾ ਹਾਲ ਹੀ ਵਿਚ ਪ੍ਰਕਾਸ਼ਤ ਹੋਇਆ ਨਵਾਂ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕੁਲ ਤੇਰਾਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਇਹ ਸਾਰੀਆਂ ਕਹਾਣੀਆਂ ਸੰਘਣੇ ਨਾਵਲੀ ਬਿਰਤਾਂਤ ਵਾਲੀਆਂ ਹਨ। ਸੰਦੀਪ ਕੌਰ ਸੇਖੋਂ ਕੋਲ ਸ਼ਹਿਰੀ ਅਤੇ ਪੇਂਡੂ ਦੋਵਾਂ ਤਰ੍ਹਾਂ ਦਾ ਅਨੁਭਵ ਹੈ ਜਿਸ ਨੂੰ ਉਹ ਆਪਣੀਆਂ ਕਹਾਣੀਆਂ ਦੇ ਬਿਰਤਾਂਤ ਲਈ ਵਰਤੋਂ ਵਿਚ ਲਿਆਉਂਦੀ ਹੈ। ਇਸ ਸੰਗ੍ਰਹਿ ਦੀਆਂ ਲਗਪਗ ਸਾਰੀਆਂ ਕਹਾਣੀਆਂ ਹੀ ਔਰਤ ਦੇ ਦੁਖਾਂਤ ਨਾਲ ਜੁੜੀਆਂ ਹੋਈਆਂ ਹਨ ਜੋ ਉਹ ਵੱਖ-ਵੱਖ ਸਥਿਤੀਆਂ ਵਿਚ ਸਹਿੰਦੀ ਹੈ ਪਰ ਉਸ ਦੀ ਨਾਰੀ ਆਪਣੀ ਦੀਨ-ਹੀਣ ਦਸ਼ਾ ’ਤੇ ਹੰਝੂ ਕੇਰਨ ਦੀ ਥਾਂ ਵਾਰ-ਵਾਰ ਵਿਦਰੋਹ ਕਰਦੀ ਹੈ ਤੇ ਮਰਦ-ਸ਼ਾਵਨਵਾਦ ਦੇ ਵਿਰੋਧ ਵਿਚ ਖੜ੍ਹੀ ਪ੍ਰਤੀਤ ਹੁੰਦੀ ਹੈ। ਕੁਦਰਤ ਵਲੋਂ ਦਿੱਤੇ ਦੁਖਾਂਤ ਨੂੰ ਛੱਡ ਕੇ, ਉਹ ਹਰ ਦੁਖਾਂਤ ਲਈ ਮਰਦ ਨੂੰ ਜ਼ਿੰਮੇਵਾਰ ਸਮਝਦੀ ਹੈ ਤੇ ਉਸ ਦਾ ਵਿਰੋਧ ਵੀ ਕਰਦੀ ਹੈ। ਦੁਖਾਂਤ ਨੂੰ ਉਹ ਆਪਣੀ ਹੋਣੀ ਸਮਝ ਸਬਰ ਕਰ ਕੇ ਨਹੀਂ ਬੈਠਦੀ। ਪੇਂਡੂ ਜਨ-ਜੀਵਨ ਦੀਆਂ ਕਹਾਣੀਆਂ ਵਿਚ ‘ਝਾਂਜਰ ਦੀ ਚੀਸ’, ਰਾਤਾਂ ਹੋਈਆਂ ਲੰਮੀਆਂ, ਸੰਤਾਪ, ਔਰਤ ਤੇ ਧਰਤੀ, ਪੁੱਤ ਧਨ ਬੇਗਾਨਾ, ਉਡੀਕ ਆਦਿ ਕਹਾਣੀਆਂ ਆਉਂਦੀਆਂ ਹਨ। ‘ਨਹਿਲੇ ’ਤੇ ਦਹਿਲਾ’ ਸ਼ਹਿਰੀ ਈਲੀਟ ਵਰਗ ਦੀ ਕਹਾਣੀ ਹੈ ਜਿੱਥੇ ਧਨੀ ਲੋਕ ਆਪਣੀਆਂ ਰਖੇਲਾਂ ਦੀ ਮਜਬੂਰੀ ਦਾ ਲਾਭ ਚੁੱਕਦੇ, ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ। ‘ਹੁਣ ਖ਼ੈਰ ਨਹੀਂ’ ਦੀ ਨਿਮਰਤਾ ਉਰਫ਼ ਨਿੰਮੀ ਰੇਪ ਕਰਨ ਵਾਲਿਆਂ ਵਿਰੁੱਧ ਵਿਦਰੋਹ ਕਰਕੇ, ਉਨ੍ਹਾਂ ਦਾ ਭਾਂਡਾ ਚੌਰਾਹੇ ’ਚ ਭੰਨਣ ਦਾ ਉਦਮ ਕਰਦੀ ਦਿਖਾਈ ਦਿੰਦੀ ਹੈ। ‘ਚਪੇੜ’ ਕਹਾਣੀ ਦੀ ਪਾਤਰ ਆਪਣੀ ਸ਼ਰੀਕਣ ਨੂੰ ਬਦਕਾਰ ਕੁੜੀ ਦਾ ਰਿਸ਼ਤਾ ਕਰਵਾ ਕੇ ਅਨੋਖਾ ਬਦਲਾ ਲੈਂਦੀ ਹੈ। ‘ਪੁੱਤ ਧਨ ਬੇਗਾਨਾ’ ਦਾ ਪੁੱਤ ਆਪਣੀ ਪਤਨੀ ਪਿੱਛੇ ਲੱਗ ਕੇ ਮਾਂ ਨਾਲ ਦੁਰਵਿਹਾਰ ਕਰਨ ਲੱਗਦਾ ਹੈ।

‘ਉਡੀਕ’ ਪਰਵਾਸ ਦੇ ਦੁਖਾਂਤ ਦੀ ਕਹਾਣੀ ਹੈ ਜਿੱਥੇ ਨਵ-ਵਿਆਹੀ ਕੁੜੀ ਪ੍ਰਦੇਸ਼ ਗਏ ਪਤੀ ਨੂੰ ਉਡੀਕਦਿਆਂ ਬੁੱਢੀ ਹੋ ਜਾਂਦੀ ਹੈ ਪਰ ਜਦ ਉਹ ਆਉਂਦਾ ਹੈ ਤਾਂ ਉਸ ਦੀ ਲਾਸ਼ ਹੀ ਘਰ ਆਉਂਦੀ ਹੈ। ‘ਬਦਲਾ’ ਇਕ ਮਨੋਵਿਗਿਆਨਕ ਕਹਾਣੀ ਹੈ ਜਿਸ ਵਿਚ ਕਥਿਤ ਨੀਵੀਂ ਜਾਤ ਦਾ ਚਰਨ ਦਾਸ ਉੱਚ ਜਾਤੀ ਵਾਲੀ ਕੁੜੀ ਨਾਲ ਸੈਕਸ ਕਰਕੇ ਉਸ ਦੀ ਸਾਰੀ ਬਿਰਾਦਰੀ ਤੋਂ ਆਪਣੇ ਅਪਮਾਨ ਅਤੇ ਮਾਂ ਦੀ ਬੇਹੁਰਮਤੀ ਦਾ ਬਦਲਾ ਲੈਂਦਾ ਹੈ। ਕਹਾਣੀਆਂ ਵਿਚ ਅਨੇਕਾਂ ਘਟਨਾਵਾਂ ਹਨ, ਲੰਬੇ ਅੰਤਰਾਲ ਹਨ ਤੇ ਘਟਨਾਵਾਂ ਪੂਰੀ ਗਤੀ ਨਾਲ ਸਫ਼ਰ ਕਰਦੀਆਂ ਹਨ।

- ਕੇ. ਐੱਲ.ਗਰਗ

Posted By: Harjinder Sodhi